Welcome to Canadian Punjabi Post
Follow us on

19

March 2024
 
ਨਜਰਰੀਆ

ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ

May 28, 2020 10:26 AM

-ਜਗਦੀਸ਼ ਕੌਰ ਮਾਨ
ਮੇਰੇ ਸਹੁਰੇ ਘਰ ਐਰੋ-ਐਰ ਮਿਲਦਿਆਂ ਇੱਕ ਨਵਾਂ ਵਿਆਹਿਆਂ ਜੋੜਾ ਮਿਲਣ ਆ ਗਿਆ। ਘਰ ਵਿੱਚ ਉਨ੍ਹਾਂ ਦੋਹਾਂ ਜੀਆਂ ਨੂੰ ਕੋਈ ਨਹੀਂ ਸੀ ਜਾਣਦਾ, ਇਸ ਲਈ ਸਾਰੇ ਉਨ੍ਹਾਂ ਦੇ ਚਿਹਰਿਆਂ ਵੱਲ ਬਿੱਟ ਬਿੱਟ ਤੱਕ ਰਹੇ ਸਨ। ਮੇਰੇ ਜੇਠ ਦੀਆਂ ਨਿੱਕੀਆਂ ਕੁੜੀਆਂ ਸਜ-ਵਿਆਹੀ ਵਹੁਟੀ ਦੇ ਲਾਲ ਚੂੜੇ ਅਤੇ ਸੋਹਣੇ ਕੱਪੜੇ ਤੇ ਗਹਿਣਿਆਂ ਵੱਲ ਤੱਕ ਕੇ ਖੁਸ਼ ਹੋ ਰਹੀਆਂ ਸਨ। ਉਨ੍ਹਾਂ ਨੂੰ ਪਾਣੀ-ਧਾਣੀ ਫੜਾ ਕੇ ਮੇਰੀ ਜੇਠਾਣੀ ਨੇ ਪੁੱਛਿਆ, ‘‘ਮੈਂ ਤਾਂ ਭਾਈ ਕੁੜੀਏ ਤੈਨੂੰ ਸਿਆਣਿਆ ਨ੍ਹੀਂਂ! ਕੀਹਦੀ ਕੁੜੀ ਏਂ ਤੂੰ?''
‘‘ਬੀਬੀ ਜੀ, ਮੈਂ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿੱਚੋ ਤੁਹਾਡੀ ਰਿਸ਼ਤੇਦਾਰ ਹਾਂ।'' ਉਸ ਕੁੜੀ ਨੇ ਮੁਸਕਰਾਹਟ ਬਿਖੇਰਦੀ ਨੇ ਉੱਤਰ ਦਿੱਤਾ।
‘‘ਫੇਰ ਵੀ ਰਿਸ਼ਤੇਦਾਰੀ ਸਮਝਾਉਣ ਦੀ ਜ਼ਰਾ ਖੇਚਲ ਕਰੋਗੇ?'' ਮੇਰੀ ਜਠਾਣੀ ਦੀ ਅਜੇ ਤਸੱਲੀ ਨਹੀਂ ਸੀ ਹੋਈ। ਇਸ ਵਾਰੀ ਕੁੜੀ ਦੀ ਜਗ੍ਹਾ ਸੰਧੂਰੀ ਪੱਗ ਵਾਲਾ ਮੁੰਡਾ ਉਹ ਨੂੰ ਵਲੇਵੇਂਦਾਰ ਰਿਸ਼ਤੇਦਾਰੀ ਸਮਝਾਉਣ ਲੱਗ ਪਿਆ ਅਤੇ ਉਲਝੇ ਧਾਗੇ ਸੁਲਝਾਉਣ ਵਾਂਗ ਗੋਲ-ਗਲੂੰਡੀਆਂ ਕੱਢਣ ਪਿੱਛੋਂ ਮਸਾਂ ਵਿਚਾਰੀ ਨੂੰ ਰਿਸ਼ਤੇਦਾਰੀ ਦੀ ਸਮਝ ਲੱਗੀ। ਜੇਠਾਣੀ ਦੇ ਪੇਕਿਆਂ ਨਾਲ ਉਨ੍ਹਾਂ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਸੀ।
ਵਧੀਆ ਰੋਟੀ ਪਾਣੀ ਖਵਾਇਆ ਅਤੇ ਉਨ੍ਹਾਂ ਦੇ ਸੌਣ ਕਮਰੇ ਦਾ ਪ੍ਰਬੰਧ ਕੀਤਾ। ਸੌਣ ਤੋਂ ਪਹਿਲਾਂ ਪਹਿਲਾਂ ਸਾਰਾ ਪਰਵਾਰ ਉਸ ਜੋੜੇ ਨਾਲ ਘੁਲ ਮਿਲ ਗਿਆ ਸੀ। ਕੰਮ ਧੰਦਾ ਨਿਬੇੜ ਕੇ ਘਰ ਦੀਆਂ ਸੁਆਣੀਆਂ ਅਤੇ ਨਿੱਕੀਆਂ ਕੁੜੀਆਂ ਵਹੁਟੀ ਦੁਆਲੇ ਬੈਠ ਕੇ ਗੱਲਾਂ ਮਾਰਨ- ‘ਵਿਆਹ ਦੇ ਦਿਨ ਧਰੇ ਹੋਏ ਸਨ। ਮਸਾਂ ਵੀਹ ਦਿਨ ਰਹਿੰਦੇ ਸਨ। ਗੱਲਾਂ ਕਰਦਿਆਂ ਵਿਚੇ ਹੀ ਸਾਡੇ ਵਿਆਹ ਦੀ ਗੱਲ ਚੱਲ ਪਈ।’ ਮੇਰੀ ਜਠਾਣੀ ਨੇ ਉਸ ਕੁੜੀ ਨੂੰ ਚਾਅ ਨਾਲ ਦੱਸਿਆ। ‘‘ਅੱਛਾ! ਕਿਹੜੇ ਪਿੰਡ ਢੁੱਕਣੈ?'' ਕੁੜੀ ਚਹਿਕਦੀ ਹੋਈ ਬੋਲੀ।
‘‘ਪਿੰਡ ਨਹੀਂ ਸ਼ਹਿਰ ਢੁੱਕਣੈ, ਜਗਰਾਵੀ।'' ਮੇਰੀ ਨਣਦ ਨੇ ਦੱਸਿਆ।
‘‘ਤੁਸੀਂ ਕੁੜੀ ਦਾ ਨਾਮ ਤੇ ਉਸ ਦਾ ਪਿਤਾ ਦਾ ਨਾਮ ਦੱਸੋ, ਮੈਂ ਜਗਰਾਉਂ ਕਾਲਜ ਵਿੱਚ ਪੜ੍ਹਦੀ ਰਹੀ ਆ, ਮੈਂ ਤਾਂ ਜਗਰਾਉਂ ਦੀਆਂ ਸਾਰੀਆਂ ਕੁੜੀਆਂ ਨੂੰ ਜਾਣਦੀ ਆਂ।''
‘‘ਕੁੜੀ ਦਾ ਨਾਮ ਜਗਦੀਸ਼ ਐ ਤੇ ਉਸ ਦੇ ਡੈਡੀ ਦਾ ਨਾਮ ਹਰੀ ਸਿੰਘ ਏ।'' ਮੇਰੀ ਛੋਟੀ ਜਠਾਣੀ ਨੇ ਨਾਮ ਦੱਸਣ ਦੇ ਨਾਲ ਹੀ ਸਾਡਾ ਗੱਲੀ ਮੁਹੱਲਾ ਵੀ ਦੱਸ ਦਿੱਤਾ।
‘‘ਲੈ.. ਵਾਹ ਬਈ ਵਾਹ! ਆਪਣੀ ਇੱਕ ਸਕੀਰੀ ਹੋਰ ਨਿਕਲ ਆਈ, ਉਹ ਤਾਂ ਸਾਡੇ ਖਾਸ ਬੰਦੇ ਨੇ। ਉਸ ਪਰਵਾਰ ਨਾਲ ਤਾਂ ਸਾਡੇ ਘਰੇਲੂ ਸਬੰਧ ਨੇ।'' ਉਹ ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਖਿੜ ਗਈ ਸੀ।
‘‘ਫੇਰ ਤਾਂ ਕੁਲਵੰਤ, ਤੈਨੂੰ ਸਾਰਾ ਪਤਾ ਹੋਊ, ਬਈ ਕੁੜੀ ਦਾ ਸੁਭਾਅ ਕਿਹੋ ਜਿਹਾ ਏ? ਸਾਡੇ ਘਰ ਵਿੱਚ ਪਹਿਲਾਂ ਏਨੀ ਪੜ੍ਹੀ ਲਿਖੀ ਬਹੂ ਨ੍ਹੀਂ ਆਈ। ਅਸੀਂ ਭਾਈ ਡਰਦੇ ਆਂ।'' ਜਠਾਣੀ ਮੇਰੇ ਬਾਰੇ ਵਿਸਥਾਰ ਨਾਲ ਜਾਣਨਾ ਚਾਹੁੰਦੀ ਸੀ।
‘‘ਨਹੀਂ ਬੀਬੀ ਜੀ, ਡਰਨ ਵਾਲੀ ਕੋਈ ਗੱਲ ਨ੍ਹੀਂ, ਸੁਭਾਅ ਦੀ ਵਧੀਆ ਏ ਪਰ ਨਘੋਚਣ ਬਹੁਤੀ ਏ, ਸਾਫ਼ ਸਫ਼ਾਈ ਰੱਖਣ ਵਾਲੀ ਕੁੜੀ ਏ।'' ਫੇਰ ਉਹਨੇ ਮਜ਼ਾਹੀਆ ਅੰਦਾਜ਼ ਵਿੱਚ ਦੱਸਿਆ, ‘‘ਤੁਸੀਂ ਐਂ ਕਰਿਉ, ਵਿਆਹ ਤੋਂ ਪਹਿਲਾਂ ਵੀਹ ਪੱਚੀ ਕਿਲੋ ਸਾਬਣ ਦਾ ਪ੍ਰਬੰਧ ਕਰਕੇ ਰੱਖਿਉ, ਉਹ ਤਾਂ ਵੀਹਾਂ ਮਿੰਟਾਂ ਵਿੱਚ ਦਸ ਵਾਰੀ ਹੱਥ ਧੋਂਦੀ ਏ।''
‘‘ਚੱਲ ਕੋਈ ਨਾ ਭਾਈ! ਵਾਹਵਾ ਸਾਰਾ ਸਾਬਣ ਲਿਆ ਕੇ ਰੱਖ ਦਿਆ ਕਰਾਂਗੇ, ਧੋਈ ਜਾਵੇ ਹੱਥ ਜਿੰਨੇ ਵਾਰੀ ਮਰਜ਼ੀ।''
ਉਹ ਜੋੜੀ ਤਾਂ ਦੂਜੇ ਦਿਨ ਸਾਝਰੇ ਤੁਰ ਗਈ, ਪਰ ਸਾਡੇ ਘਰ ਸਾਡੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀਆਂ ਇਹ ਗੱਲਾਂ ਚੱਲਦੀਆਂ ਰਹੀਆਂ। ਜਦੋਂ ਵੀ ਘਰ ਦੀਆਂ ਸੁਆਣੀਆਂ ਨੇ ਮੇਰੇ ਕੋਲ ਆਉਣਾ, ਪਹਿਲਾਂ ਇਹੋ ਟਿੱਚਰ ਕਰਨੀ, ‘‘ਓ ਸੁਣਾ ਬਈ! ਦਿਨ ਵਾਹਵਾ ਚੜ੍ਹ ਗਿਐ, ਸਵੇਰ ਦੀ ਉਠੀ ਨੇ ਕਿੰਨੀ ਕੁ ਵਾਰੀ ਸਾਬਣ ਘਸਾ ਦਿੱਤਾ। ਕੁਲਵੰਤ ਕਹਿੰਦੀ ਸੀ, ਉਹ ਵੀਹਾਂ ਮਿੰਟਾਂ ਵਿੱਚ ਦਸ ਵਾਰੀ ਸਾਬਣ ਨਾਲ ਹੱਥ ਧੋਂਦੀ ਐ।'' ਘਰ ਵਿੱਚ ਸਾਰਾ ਦਿਨ ਹਾਸਾ ਮਜ਼ਾਕ ਚਲਦਾ ਰਹਿੰਦਾ।
ਜਦੋਂ ਦਾ ਕੋਰੋਨਾ ਵਾਇਰਸ ਫੈਲਿਆ ਏ, ਰੇਡੀਓ, ਟੀ ਵੀ, ਅਖ਼ਬਾਰ, ਮੋਬਾਇਲ ਦੀ ਰਿੰਗਟੋਨ ਵਾਰ ਵਾਰ ਬਿਮਾਰੀ ਤੋਂ ਬਚਣ ਲਈ ਚਿਤਾਵਨੀ ਦਿੰਦੇ ਹਨ, ‘ਘਰਾਂ ਦੇ ਅੰਦਰ ਰਹੋ ਤੇ ਵਾਰ ਵਾਰ ਸਾਬਣ ਨਾਲ ਹੱਥ ਧੋਵੋ’ ਤਾਂ ਮੈਨੂੰ ਆਪਣੀ ਵਾਰ ਵਾਰ ਹੱਥ ਧੋਣ ਦੀ ਆਦਤ 'ਤੇ ਮਾਣ ਮਹਿਸੂਸ ਹੋ ਰਿਹਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ