Welcome to Canadian Punjabi Post
Follow us on

19

March 2024
 
ਨਜਰਰੀਆ

ਜਿਨ੍ਹੇ ਨਾਜ਼ ਥਾ ਹਿੰਦ ਪਰ, ਵੋ ਕਹਾਂ ਹੈਂ

May 28, 2020 10:24 AM

-ਮਾਸਟਰ ਮੋਹਨ ਲਾਲ
ਅੱਜ ਮੇਰਾ ਸਵਾਲ ਸਿਰਫ ਦੇਸ਼ ਦੇ ਕਾਮਰੇਡ ਮਿੱਤਰਾਂ ਨੂੰ ਹੈ। ਕਾਮਰੇਡ ਏ ਕੇ ਡਾਂਗੇ, ਕਾਮਰੇਡ ਸੁਰਜੀਤ ਅਤੇ ਜੋਤੀ ਬਸੂ ਦੀ ਵਿਰਾਸਤ ਸੰਭਾਲਣ ਵਾਲੇ ਕਾਮਰੇਡ ਸੀਤਾ ਰਾਮ ਯੇਚੁਰੀ, ਪ੍ਰਕਾਸ਼ ਕਰਾਤ, ਕੇਰਲ ਦੇ ਮੁੱਖ ਮੰਤਰੀ ਪਿਨੇਰੀ ਵਿਜਯਨ, ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ, ਤਪਨ ਕੁਮਾਰ ਸੇਨ ਵਰਗੇ ਮਿੱਤਰਾਂ ਕੋਲੋਂ ਝੁਕ ਕੇ ਪੁੱਛਦਾ ਹਾਂ ਕਿ ਤੁਸੀਂ ਪਿਛਲੇ 50-55 ਦਿਨਾਂ 'ਚ ਇਸ ਲਾਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਦੀ ਬਦਹਾਲੀ ਨੂੰ ਦੇਖਿਆ ਹੈ?
ਚਲੋ ਦੂਰ ਨਹੀਂ ਜਾਂਦਾ, ਪੰਜਾਬ ਦੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਕਾਮਰੇਡ ਜੋਗਿੰਦਰ ਦਿਆਲ ਅਤੇ ਮੰਗਤ ਰਾਮ ਪਾਸਲਾ ਤੋਂ ਪੁੱਛ ਲੈਂਦਾ ਹਾਂ ਕਿ ਉਨ੍ਹਾਂ ਨੇ ਇਨ੍ਹਾਂ 50 ਦਿਨਾਂ ਵਿੱਚ ਸੜਕਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਰਾਸ਼ਟਰੀ ਰਾਜ ਮਾਰਗਾਂ 'ਤੇ ਆਪਣੀ ਕਿਸਮਤ 'ਤੇ ਹੰਝੂ ਵਹਾਉਂਦੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਉਂ ਨਹੀਂ ਦੇਖਿਆ? ਕੋੋਈ ਗੱਲ ਨਹੀਂ ਆਪਣੇ ਸਥਾਨਕ ਮਿੱਤਰ ਕਾਮਰੇਡ ਨੱਥਾ ਸਿੰਘ, ਮਾਸਟਰ ਹਰਦੀਪ ਸਿੰਘ ਅਤੇ ਮਾਸਟਰ ਰਮੇਸ਼ ਕੋਲੋਂ ਪੁੱਛ ਲੈਂਦਾ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਦਰਦਨਾਕ ਦਿ੍ਰਸ਼ ਦੇਖ ਕੇ ਉਨ੍ਹਾਂ ਦਾ ਹਿਰਦਾ ਛਾਨਣੀ ਕਿਉਂ ਨਹੀਂ ਹੋਇਆ?
ਮੈਂ ਤਾਂ ਚਲੋ ਬਜ਼ੁਰਗ ਸੋਚ ਵਾਲਾ ਸੰਘੀ ਸਹੀ, ਤੁਸੀਂ ਸਭ ਸਦਾ ਮਜ਼ਦੂਰ ਹਿਤ ਚਿੰਤਕ ਰਹੇ ਹੋ। ਪ੍ਰਵਾਸੀ ਮਜ਼ਦੂਰਾਂ ਦੀ ਬਦਹਾਲੀ, ਮੀਲਾਂ ਭੁੱਖੇ-ਪਿਆਸੇ ਨੰਗੇ ਪੈਰੀਂ ਚੱਲਣ ਵਾਲੇ ਇਨ੍ਹਾਂ ਮਜ਼ਦੂਰਾਂ ਦੀ ਤਰਸ ਯੋਗ ਹਾਲਤ ਨੂੰ ਦੇਖ ਕੇ ਤੁਸੀਂ ਸੜਕਾਂ 'ਤੇ ਕਿਉਂ ਨਹੀਂ ਉਤਰ ਆਏ? ਕੀ ਕੋਰੋਨਾ ਤੋਂ ਡਰ ਗਏ ਸੀ? ਅਸੀਂ ਭਾਜਪਾ ਵਾਲੇ ਮੰਨਿਆ ਮਜ਼ਦੂਰ ਵਿਰੋਧੀ ਹਾਂ, ਪਰ ਤੁਸੀਂ ਹਮੇਸ਼ਾ ਉਨ੍ਹਾਂ ਦੇ ਹੱਕ 'ਚ ਨਾਅਰੇ ਲਾਏ ਅਤੇ ਲਾਉਂਦੇ ਰਹੇ ਹੋ। ਲਾਕਡਾਉੂਨ 'ਚ ਕਿਤੇ ਦਿਸੇ ਹੀ ਨਹੀਂ? ਜਾਪਦਾ ਹੈ ਕਿ ਤੁਹਾਨੂੰ ਕਾਮਰੇਡਸ਼ਿਪ ਨਹੀਂ, ਆਪਣੀ ਜਾਨ ਪਿਆਰੀ ਹੈ। ਸਥਾਨਕ ਨੇਤਾ ਸੁਭਾਸ਼ ਸ਼ਰਮਾ ਅਤੇ ਰਮੇਸ਼ ਮੈਨੂੰ ਜ਼ਿੰਦਗੀ ਭਰ ਮਜ਼ਦੂਰਾਂ ਲਈ ਰੋਂਦੇ ਮਿਲੇ। ਅੱਜ ਵਾਲੇ ਹਾਲਾਤ 'ਚ ਬਾਹਰ ਨਹੀਂ ਨਿਕਲੇ। ਮੈਂ ਫੋਨ ਵੀ ਕੀਤੇ ਕਿ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਮਰ ਰਿਹਾ ਹੈ, ਉਨ੍ਹਾਂ ਦਾ ਹਾਲ ਤਾਂ ਪੁੱਛੋ ਲਵੋ। ਨਹੀਂ ਪੁੱਛਿਆ।
ਕਾਮਰੇਡ ਮਿੱਤਰੋ, ਔਰੰਗਾਬਾਦ 'ਚ ਕਈ ਪ੍ਰਵਾਸੀ ਮਜ਼ਦੂਰ ਰੇਲਵੇ ਲਾਈਨਾਂ ਵਿੱਚ ਰੇਲ ਹੇਠ ਆਉਣ ਨਾਲ ਕੱਟ ਮਰੇ? ਜਾਣਦੇ ਤਾਂ ਹੋਵੇੇਗੇ ਤੁਸੀਂ ਵੀ ਕਿ ਔਰੱਈਆ 'ਚ ਟਰੱਕ ਪਲਟਣ ਨਾਲ 30-40 ਮਜ਼ਦੂਰ ਦੱਬ ਕੇ ਮਰ ਗਏ। ਤੁਸੀਂ ਜਾਂਚ ਕਰ ਲਵੋ ਬਦਬੋ, ਮਾਰਦੀਆਂ ਲਾਸ਼ਾਂ ਦੇ ਦਰਮਿਆਨ ਜ਼ਖ਼ਮੀ ਮਜ਼ਦੂਰਾਂ ਨੂੰ ਤੜਫਦਿਆਂ ਟਰੱਕਾਂ ਵਿੱਚ ਤੁੰਨ ਦਿੱਤਾ ਗਿਆ? ਇੰਨਾ ਤਾਂ ਸਮਾਂ ਕੱਢ ਕੇ ਦੇਖ ਲੈਂਦੇ ਕਿ ਇੱਕ ਗ਼ਰੀਬ ਪ੍ਰਵਾਸੀ ਮਜ਼ਦੂਰ ਦਾ ਪੁੱਤਰ ਬੈਲ ਦੀ ਥਾਂ ਉਤੇ ਖੁਦ ਇੱਕ ਗੱਡੇ ਉੱਤੇ ਬਿਠਾ ਕੇ ਖਿੱਚ ਕੇ ਆਪਣੇ ਪਰਵਾਰ ਨੂੰ ਮੰਜ਼ਿਲ ਤੱਕ ਲਿਜਾ ਰਿਹਾ ਸੀ? ਕਮਿਉੂਨਿਜ਼ਮ 'ਤੇ ਪਹਿਰਾ ਦੇਣ ਵਾਲੇ ਦੋਸਤੋ, 2500-2500 ਮੀਲ ਦਾ ਸਫਰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਨੰਗੇ ਪੈਰੀਂ ਤੈਅ ਕੀਤਾ। ਘੱਟੋ ਘੱਟ ਜਾਗੀਰੂ ਸੋਚ ਰੱਖਣ ਵਾਲਾ ਇਹ ਤੁਹਾਡਾ ਮਿੱਤਰ ਮਾਸਟਰ ਮੋਹਨ ਲਾਲ ਕਈ-ਕਈ ਰਾਤਾਂ ਇਨ੍ਹਾਂ ਦਿ੍ਰਸ਼ਾਂ ਨੂੰ ਦੇਖ ਕੇ ਸੌਂ ਨਹੀਂ ਸਕਿਆ।
ਮਜ਼ਦੂਰਾਂ ਦੀ ਇੰਨੀ ਬੇਕਦਰੀ? ਮਨੁੱਖਤਾ ਦਾ ਇੰਨਾ ਭਿਆਨਕ ਮਜ਼ਾਕ? ਮਨੁੱਖੀ ਸਰੋਤ ਬਣ ਕੇ ਇਨ੍ਹਾਂ ਮਜ਼ਦੂਰਾਂ ਨੇ ਵੱਡੇ-ਵੱਡੇ ਡੈਮ ਬਣਾਏ, ਸਾਡੇ ਲਈ ਆਲੀਸ਼ਾਨ ਬੰਗਲੇ ਬਣਾਏ, ਕਾਰਖਾਨੇ ਚਲਾਏ, ਸੜਕਾਂ ਵਿਛਾਈਆਂ, ਰੇਲਵੇ ਪੁਲ ਤੇ ਫਾਈਵਸਟਾਰ ਹੋਟਲ ਬਣਾਏ ਅਤੇ ਜਦੋਂ ਮਜ਼ਦੂਰ 'ਤੇ ਔਖੀ ਘੜੀ ਆਈ ਤਾਂ ਅਸੀਂ ਆਪਣੇ ਘਰਾਂ 'ਤੇ ਤਾਲੇ ਲਾ ਲਏ। ਬੱਸਾਂ ਬੰਦ ਕਰ ਦਿੱਤੀਆਂ, ਰੇਲਾਂ ਰੋਕ ਦਿੱਤੀਆਂ, ਕੋਰੋਨਾ ਦਾ ਭੂੁਤ ਖ਼ੜ੍ਹਾ ਕਰ ਦਿੱਤਾ। ਮਰ ਗਿਆ ਮਜ਼ਦੂਰ। ਖ਼ਤਮ ਹੋ ਗਈ ਮਨੁੱਖਤਾ। ਮੈਂ ਪੁੱਛਦਾ ਹਾਂ; ਜਿਨਹੇਂ ਨਾਜ਼ ਥਾ ਹਿੰਦ ਪਰ, ਵੋ ਕਹਾਂ ਹੈਂ? ਮਜ਼ਦੂਰਾਂ ਦੇ ਖੈਰ ਖਵਾਹ ਕਾਮਰੇਡ ਕਿੱਥੇ ਹਨ? ਹਨ ਤਾਂ ਇਹ ਪ੍ਰਵਾਸੀ ਸਾਡੇ ਹੀ ਹਿੰਦੁਸਤਾਨ ਦੇ? ਰਹਿਣਾ ਇਨ੍ਹਾਂ ਨੇ ਭਵਿੱਖ 'ਚ ਇਸੇ ਹਿੰਦੁਸਤਾਨ 'ਚ ਹੈ? ਕਾਮਰੇਡ ਮਿੱਤਰੋ ਇਹ ਸਵਾਲ ਤਾਂ ਤੁਹਾਡੀ ਹਰ ਸਭਾ ਸੁਸਾਇਟੀ 'ਚ ਪੁੱਛਿਆ ਜਾਵੇਗਾ ਕਿ ਹਮੇਸ਼ਾ ਮਜ਼ਦੂਰਾਂ ਦਾ ਨਾਅਰਾ ਲਾਉਣ ਵਾਲੇ ਕਾਮਰੇਡ ਉਦੋਂ ਕਿਥੇ ਲੁਕ ਗਏ ਸਨ, ਜਦੋਂ ਪ੍ਰਵਾਸੀ ਮਜ਼ਦੂਰ ਸਿਰਫ ਇਸ ਲਈ ਰੋ ਰਿਹਾ ਸੀ ਕਿ ਉਸ ਨੇ ਆਪਣੇ ਪਿੰਡ-ਪਰਵਾਰ 'ਚ ਮਰਨਾ ਹੈ। ਇਹ ਤਾਂ ਉਸ ਦਾ ਮਨੋਵਿਗਿਆਨ ਹੈ ਕਿ ਉਹ ਆਪਣੇ ਪਰਵਾਰ ਦੇ ਬਾਹਰ ਕਿਉਂ ਮਰੇ? ਕਾਮਰੇਡ ਮਿੱਤਰੋ ਸਿਰਫ ਇੰਨਾ ਹੀ ਦਿਲਾਸਾ ਉਨ੍ਹਾਂ ਨੂੰ ਦੇ ਦਿੰਦੇ।
ਪਤਾ ਹੈ ਕਾਮਰੇਡ ਮਿੱਤਰਾਂ ਦੇ ਸਾਹਮਣੇ ਮੇਰੀ ਇਹ ਵੇਦਨਾ ਕਿਉਂ ਹੈ? ਇਸ ਲਈ ਕਿ ਆਪਣੀ 50 ਸਾਲਾਂ ਦੀ ਸਿਆਸਤ 'ਚ ਮੈਂ ਕਾਮਰੇਡ ਮਿੱਤਰਾਂ ਨੂੰ ਕਦੀ ਭੱਠਾ ਮਜ਼ਦੂਰਾਂ ਦੇ ਹੱਕ 'ਚ, ਕਦੀ ਤਪਦੀਆਂ ਦੁਪਹਿਰਾਂ 'ਚ ਕਾਰਖ਼ਾਨਿਆਂ ਦੇ ਸਾਹਮਣੇ ਧਰਨਾ ਲਾਏ ਜ਼ੋਰ-ਜ਼ੋਰ ਨਾਲ ਨਾਅਰੇ ਲਾਉਂਦੇ ਦੇਖਿਆ ਹੈ, ‘‘ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ।'' ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ‘ਲਾਲ ਸਲਾਮ-ਲਾਲ ਸਲਾਮ।', ‘ਸਾਡਾ ਹੱਕ ਇੱਥੇ ਰੱਖ।', ‘ਮਾਂਗ ਹਮਾਰੀ ਪੂਰੀ ਹੋ, ਚਾਹੇ ਕੁਛ ਮਜ਼ਬੂਰੀ ਹੋ।' ਅੱਜ ਸੰਕਟ ਦੀ ਘੜੀ 'ਚ ਕਾਮਰੇਡ ਭਰਾ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਕਿਉਂ ਨਹੀਂ? ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਉਨ੍ਹਾਂ ਦੇ ਮੂੰਹੋਂ ਇੱਕ ਵੀ ‘ਹਾਅ' ਦਾ ਨਾਅਰਾ ਨਹੀਂ? ਅਜਿਹਾ ਤਾਂ ਨਹੀਂ ਕਿ ਕਮਿਊਨਿਸਟਾਂ ਨੇ ਕੋਈ ‘ਹਿਡਨ ਏਜੰਡਾ' ਬਣਾਇਆ ਹੋਵੇ ਕਿ ਜਗੀਰੂ ਸਰਕਾਰਾਂ ਨੂੰ ਬਦਨਾਮ ਕਰੋ। ਆਪਣੇ ਕੋਲ ਕੁਝ ੱਚਿਆ ਨਹੀਂ, ਕਿਉਂ ਨਾ ਫਿਰ ਭਾਜਪਾ ਅਤੇ ਕਾਂਗਰਸ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਇਸ ਲਾਚਾਰੀ 'ਚ ਬਦਨਾਮ ਕੀਤਾ ਜਾਵੇ? ਜੇ ਇਹ ਹਨ ਤਾਂ ਫਿਰ ਮੈਂ ਲਿਖਣਾ ਹੀ ਬੰਦ ਕਰ ਦਿੰਦਾ ਹਾਂ। ਸਿਆਸਤ 'ਚ ਅਜਿਹਾ ਤੁਹਾਨੂੰ ਕਰਨਾ ਵੀ ਚਾਹੀਦਾ ਹੈ।
ਜੇ ਪ੍ਰਵਾਸੀ ਮਜ਼ਦੂਰਾਂ ਨਾਲ ਮਿਲ ਕੇ ਚੱਲਦੇ ਤਾਂ ਸਿਆਸੀ ਲਾਭ ਮਿਲਦਾ, ਪਰ ਇਸ ਦੇ ਉਲਟ ਮਜ਼ਦੂਰ ਵਿਰੋਧੀ, ਜਾਗੀਰੂ ਸੋਚ ਰੱਖਣ ਵਾਲੇ ਬਜ਼ੁਰਗ ਕਹੀ ਜਾਣ ਵਾਲੀ ਪਾਰਟੀ ਅਤੇ ਵਿਅਕਤੀ, ਜਿੰਨਾ ਉਨ੍ਹਾਂ ਤੋਂ ਬਣ ਸਕਦਾ ਸੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਕਰਨ ਲਈ ਅੱਗੇ ਆਏ। ਬੇਸ਼ੱਕ ਇੱਕ ਦੂਸਰੇ 'ਤੇ ਚਿੱਕੜ ਸੁੱਟਣ 'ਤੇ ਲੱਗੇ ਹੋਏ ਹਨ ਅਤੇ ਤੁਹਾਡਾ ਜਿਨ੍ਹਾਂ ਦਾ ਸਿਆਸੀ ਏਜੰਡਾ ਹੀ ਮਜ਼ਦੂਰ ਰਿਹਾ ਹੋਵੇ, ਉਹ ਕਾਮਰੇਡ ਕਿਤੇ ਇਸ ਲਾਕਡਾਊਨ 'ਚ ਮਜ਼ਦੂਰਾਂ ਦੇ ਨਾਲ ਖੜ੍ਹੇ ਨਜ਼ਰ ਨਹੀਂ ਆਏ। ਆਬਾਦੀ ਦੇ 70 ਸਾਲਾਂ 'ਚ ਹਰ ਖੇਤਰ 'ਚ ਕਮਿਊਨਿਸਟਾਂ ਦੀਆਂ ਯੂਨੀਅਨਾਂ ਬੜੀਆਂ ਮਜ਼ਬੂਤ ਹੋ ਕੇ ਮਜ਼ਦੂਰਾਂ ਦੇ ਹਿਤਾਂ ਲਈ ਲੜੀਆਂ। ਉਨ੍ਹਾਂ ਦੇ ਇੱਕ ਇਸ਼ਾਰੇ 'ਤੇ ਰੇਲ ਗੱਡੀਆਂ ਰੁੱਕ ਜਾਂਦੀਆਂ ਸਨ। ਬਹੁਤ ਸਾਰੇ ਸੂਬਿਆਂ 'ਚ ਉਨ੍ਹਾਂ ਦੀਆਂ ਸਰਕਾਰਾਂ ਵੀ ਰਹੀਆਂ।
ਇੱਕ ਅਜਿਹਾ ਸਮਾਂ ਸੀ ਜਦੋਂ ਕਾਮਰੇਡ ਸੁਰਜੀਤ ਦੇ ਕਹਿਣ ਉੱਤੇ ਕੇਂਦਰ ਸਰਕਾਰ ਫੈਸਲੇ ਲੈਂਦੀ ਸੀ। ਪੱਛਮੀ ਬੰਗਾਲ 'ਚ ਲਗਾਤਾਰ 30-35 ਸਾਲ ਕਮਿਊਨਿਸਟਾਂ ਦਾ ਰਾਜ ਰਿਹਾ ਪਰ ਸੋਚੋ ਕਮਿਉੂਨਿਸਟ ਅੱਜ ਕਿੱਥੇ ਖੜ੍ਹੇ ਹਨ। ਇਸ ਲਈ ਕਿ ਕਮਿਊਨਿਸਟਾਂ ਨੇ ਭਾਰਤ ਦੇ ਸਮੇਂ, ਹਾਲਾਤ ਅਤੇ ਸੁਭਾਅ ਨੂੰ ਨਹੀਂ ਪਛਾਣਿਆ। ਅੱਜ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਕਾਮਰੇਡ ਖੜ੍ਹੇ ਹੋ ਜਾਂਦੇ ਤਾਂ ਉਨ੍ਹਾਂ ਦੀ ਬੱਲੇ-ਬੱਲੇ ਹੋ ਜਾਂਦੀ। ਮਜ਼ਦੂਰਾਂ ਨੂੰ ਕਾਮਰੇਡ 'ਤੇ ਮਾਣ ਸੀ। ਉਸ ਮਾਣ ਨੂੰ ਤੋੜ ਦਿੱਤਾ ਹੈ, ਬੈਠੇ ਰਹੋ ਆਰਾਮ ਨਾਲ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ