Welcome to Canadian Punjabi Post
Follow us on

09

July 2020
ਨਜਰਰੀਆ

ਲੋਕ ਹਿਰਦਿਆਂ ਵਿੱਚ ਸਦਾ ਜਿਊਂਦਾ ਰਹੇਗਾ ਨੰਦ ਲਾਲ ਨੂਰਪੁਰੀ

May 27, 2020 09:42 AM

-ਪ੍ਰੋਫੈਸਰ ਨਵ ਸੰਗੀਤ
‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ’, ‘ਪੈਰ ਧੋ ਕੇ ਝਾਂਜਰਾਂ ਪਾਉਂਦੀ’, ‘ਕੈਂਠੇ ਵਾਲਾ ਆ ਗਿਆ ਪ੍ਰਾਹੁਣਾ’, ‘ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ’, ‘ਘੁੰਡ ਕੱਢ ਲੈ ਪਤਲੀਏ ਨਾਰੇ’, ‘ਕੌਣ ਆਖੂ ਜ਼ੈਲਦਾਰਨੀ’ ਆਦਿ ਛੇ ਦਰਜਨ ਸਦਾਬਹਾਰ ਗੀਤਾਂ ਦੇ ਗੀਤਕਾਰ ਨੰਦ ਲਾਲ ਨੂਰਪੁਰੀ ਆਪਣੇ ਸਮੇਂ ਦੇ ਸਿਰਕੱਢ ਕਵੀ ਸਨ। ਉਨ੍ਹਾਂ ਗੀਤਾਂ ਤੋਂ ਇਲਾਵਾ ਕਵਿਤਾ ਤੇ ਗਜ਼ਲਾਂ ਵੀ ਲਿਖੀਆਂ। ਲੋਕ ਗੀਤਾਂ ਜਿਹੇ ਇਸ ਕਵੀ ਦਾ ਜਨਮ 1906 'ਚ ਪਿੰਡ ਨੂਰਪੁਰ, ਜ਼ਿਲਾ ਲਾਇਲਪੁਰ ਪਾਕਿਸਤਾਨ 'ਚ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਮੈਟਿ੍ਰਕ ਦੀ ਪ੍ਰੀਖਿਆ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਪਿੱਛੋਂ ਉਨ੍ਹਾਂ ਖਾਲਸਾ ਕਾਲਜ ਵਿਖੇ ਦਾਖਲਾ ਲੈ ਲਿਆ।
ਇਹ ਰਾਜਸੀ ਉਥਲ-ਪੁਥਲ ਦਾ ਸਮਾਂ ਸੀ। ਨਾ-ਮਿਲਵਰਤਨ ਲਹਿਰ, ਅਕਾਲੀ ਲਹਿਰ, ਪ੍ਰਗਤੀਵਾਦੀ ਲਹਿਰ ਦੇ ਨਾਲ ਕਾਮਾਗਾਟਾ ਮਾਰੂ, ਬਜਬਜ ਘਾਟ ਤੇ ਜਲ੍ਹਿਆਂਵਾਲਾ ਬਾਗ ਵਰਗੇ ਸਾਕੇ ਵਾਪਰ ਕੇ ਹਟੇ ਸਨ। ਦੇਸ਼ ਭਗਤੀ ਅਤੇ ਕਵੀ ਦਰਬਾਰਾਂ ਦੇ ਇਸ ਯੁੱਗ ਵਿੱਚ ਸ਼ਰਫ, ਹਮਦਮ, ਦਾਮਨ, ਤੀਰ ਰਗੇ ਸ਼ਾਇਰ ਵੀ ਹੀਰਾ ਸਿੰਘ ਦਰਦ ਅਤੇ ਗੁਰਮੁਖ ਸਿੰਘ ਮੁਸਾਫਰ ਵਰਗੇ ਰਾਜਸੀ ਕਵੀਆਂ ਦੀ ਸ਼੍ਰੇਣੀ ਵਿੱਚ ਆ ਸ਼ਾਮਲ ਹੋਏ। ਮੌਲਾ ਬਖਸ਼ ਕੁਸ਼ਤਾ ਅਤੇ ਧਨੀ ਰਾਮ ਚਾਤਿ੍ਰਕ ਜਿਹੇ ਉਸਤਾਦ ਕਵੀਆਂ ਦੇ ਪ੍ਰਭਾਵ ਹੇਠ ਨੰਦ ਲਾਲ ਨੂਰਪੁਰੀ ਵੀ ਇਨ੍ਹਾਂ ਲਹਿਰਾਂ ਤੋਂ ਅਭਿੱਜ ਨਾ ਰਹਿ ਸਕੇ।
ਕਵੀ ਦਰਬਾਰਾਂ 'ਚ ਹਿੱਸਾ ਲੈਣ ਕਰ ਕੇ ਉਨ੍ਹਾਂ ਦੀ ਪੜ੍ਹਾਈ ਵਿਚਾਲੇ ਛੁੱਟ ਗਈ। ਘਰ ਚਲਾਉਣ ਲਈ ਪਹਿਲਾਂ ਉਨ੍ਹਾਂ ਸਕੂਲ ਵਿੱਚ ਮਾਸਟਰ ਦੀ ਨੌਕਰੀ ਕੀਤੀ ਤੇ ਫਿਰ ਬੀਕਾਨੇਰ ਵਿਖੇ ਛੋਟੇ ਥਾਣੇਦਾਰ ਨਿਯੁਕਤ ਹੋ ਗਏ, ਪਰ ਨੂਰਪੁਰੀ ਕਿਸੇ ਵੀ ਬੰਧਨ 'ਚ ਬੱਝ ਕੇ ਰਹਿਣ ਨੂੰ ਤਿਆਰ ਨਹੀਂ ਸਨ। ਇਹੋ ਜਿਹੇ ਸਮੇਂ ਉਨ੍ਹਾਂ ਨੇ ਲਿਖਿਆ ਸੀ :
ਏਥੋਂ ਉੱਡ ਜਾ ਭੋਲਿਆ ਪੰਛੀਆਂ,
ਵੇ ਤੂੰ ਆਪਣੀ ਜਾਨ ਬਚਾ,
ਏਥੇ ਘਰ-ਘਰ ਫਾਹੀਆਂ ਗੱਡੀਆਂ
ਵੇ ਤੂੰ ਛੁਰੀਆਂ ਹੇਠ ਨਾ ਆ।
ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਨ੍ਹਾਂ ਦੀ ਕੁੱਖੋਂ ਛੇ ਧੀਆਂ ਅਤੇ ਦੋ ਪੁੱਤਰ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ। ਨੂਰਪੁਰੀ ਆਪ ਕੇਸਾਧਾਰੀ ਨਹੀਂ ਸਨ, ਪਰ ਉਨ੍ਹਾਂ ਦੀ ਪਤਨੀ ਨੇ ਪਿੱਛੋਂ ਅੰਮ੍ਰਿਤ ਛਕ ਲਿਆ ਸੀ। ਨੂਰਪੁਰੀ ਦੇ ਮਨ ਵਿੱਚ ਗੁਰੂ ਘਰ ਲਈ ਅਥਾਹ ਸ਼ਰਧਾ ਸੀ। ਉਨ੍ਹਾਂ ਦੇ ਲਿਖੇ ਧਾਰਮਿਕ ਜਜ਼ਬੇ ਵਾਲੇ ਗੀਤਾਂ ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’, ‘ਵੱਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ’, ‘ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀ ਚੰਨਾਂ ਦੀ ਗਾਵੇ’ ਆਦਿ ਰਾਹੀਂ ਉਨ੍ਹਾਂ ਦਾ ਧਾਰਮਿਕ ਜਜ਼ਬਾ ਪ੍ਰਗਟ ਹੁੰਦਾ ਹੈ।
ਸਾਲ 1940 'ਚ ਉਹ ਬੀਕਾਨੇਰ ਤੋਂ ਪੰਜਾਬ ਆ ਗਏ। ਇਨ੍ਹਾਂ ਦਿਨਾਂ ਵਿੱਚ ਸ਼ੋਰੀ ਫਿਲਮ ਕੰਪਨੀ ਦੀ ਮੰਗ 'ਤੇ ਉਨ੍ਹਾਂ ਨੇ ਪੰਜਾਬੀ ਫਿਲਮ ‘ਮੰਗਤੀ’ ਦੇ ਗੀਤ ਲਿਖੇ, ਜਿਸ ਨਾਲ ਗੀਤਕਾਰ ਵਜੋਂ ਉਨ੍ਹਾਂ ਦੀ ਮੰਗ ਵਧਣ ਲੱਗੀ। ਇਸੇ ਤਰ੍ਹਾਂ ‘ਗੀਤ ਬਹਾਰਾਂ ਦੇ’ ਅਤੇ ‘ਵਲਾਇਤ ਪਾਸ’ ਫਿਲਮਾਂ ਦੇ ਗੀਤ ਵੀ ਖੂਬ ਮਕਬੂਲ ਹੋਏ। ਨੂਰਪੁਰੀ ਨੇ ਮਿਰਜ਼ਾ ਸਾਹਿਬਾਂ 'ਤੇ ਇੱਕ ਓਪੇਰਾ ਵੀ ਲਿਖਿਆ। ਕੋਲੰਬੀਆ ਰਿਕਾਰਡਿੰਗ ਕੰਪਨੀ ਆਦਿ ਲਈ ਵੀ ਉਨ੍ਹਾਂ ਨੇ ਬਹੁਤ ਹਿੱਟ ਗਾਣੇ ਲਿਖੇ, ਜਿਹੜੇ ਕਾਫੀ ਚਰਚਿਤ ਹੋਏ। ਦੇਸ਼ ਦੀ ਵੰਡ ਪਿੱਛੋਂ ਕਾਫੀ ਉਥਲ-ਪੁਥਲ ਹੋਈ ਅਤੇ ਉਨ੍ਹਾਂ ਨੇ ਭਾਸ਼ਾ ਵਿਭਾਗ 'ਚ ਨੌਕਰੀ ਕਰ ਲਈ, ਪਰ ਇਥੇ ਵੀ ਉਹ ਦੋ-ਢਾਈ ਸਾਲਾਂ ਤੋਂ ਵਧੇਰੇ ਨਾ ਟਿਕ ਸਕੇ। ਮਾਡਲ ਹਾਊਸ ਕਲੋਨੀ ਜਲੰਧਰ ਵਿਖੇ ਰਿਹਾਇਸ਼ ਕਰਨ ਪਿੱਛੋਂ ਉਹ ਕਵੀ-ਦਰਬਾਰਾਂ ਅਤੇ ਰੇਡੀਓ ਪ੍ਰੋਗਰਾਮਾਂ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 75 ਰੁਪਏ ਪ੍ਰਤੀ ਮਹੀਨਾ ਮਿਲਦੇ ਰਹੇ, ਪਰ ਵੱਡੇ ਪਰਵਾਰ ਦਾ ਇੰਨੀ ਕੁ ਆਮਦਨ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਉਨ੍ਹਾਂ ਦੇ ਗੀਤਾਂ ਤੇ ਗਜ਼ਲਾਂ 'ਚ ਨਿਰਾਸ਼ਾ ਦਾ ਰੰਗ ਨਜ਼ਰ ਆਉਣ ਲੱਗਾ :
ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ,
ਕੀ ਤੰਗ ਏਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।
ਅਤੇ
ਬਿਨਾਂ ਕਫਨ ਦੇ ਲੈ ਚੱਲੋ ਯਾਰੋ ਮੈਨੂੰ,
ਕਿ ਲੁਕ ਕੇ ਗਿਆ ਆਖੂ ਸੰਸਾਰ ਮੈਨੂੰ।
ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਨੂਰਪੁਰੀ ਨੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ, ਪਰ ਹੌਲੀ-ਹੌਲੀ ਉਨ੍ਹਾਂ ਦੇ ਮਨ 'ਚ ਆਤਮ ਹੱਤਿਆ ਦੇ ਵਿਚਾਰ ਬਣਦੇ ਗਏ। ਅਖੀਰ 13 ਮਈ 1966 ਨੂੰ ਰਾਤ ਵੇਲੇ ਆਪਣੇ ਘਰ ਨੇੜੇ ਇੱਕ ਖੂਹ 'ਚ ਛਾਲ ਮਾਰ ਕੇ ਉਨ੍ਹਾਂ ਨੇ ਇਸ ਦੁੱਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਲਿਆ। ਕਰੀਬ 60 ਸਾਲ ਦੀ ਉਮਰ ਵਿੱਚ ਇਸ ਰਾਂਗਲੇ ਕਵੀ ਨੇ ਸਵਾ ਸੌ ਦੇ ਕਰੀਬ ਕਾਵਿ ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ, ਜਿਨ੍ਹਾਂ 'ਚ ਕਵਿਤਾਵਾਂ, ਗੀਤ ਤੇ ਗਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿੱਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ 71 ਹਨ, ਕਵਿਤਾਵਾਂ 25 ਤੇ ਸਭ ਤੋਂ ਘੱਟ ਗਜ਼ਲਾਂ, ਯਾਨੀ 12 ਹਨ। ਉਨ੍ਹਾਂ ਦੀ ਸਮੁੱਚੀ ਰਚਨਾ ਨੂੰ ਸੁਚੱਜੀ ਤਰਤੀਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿੱਚ ਨੰਦ ਲਾਲ ਨੂਰਪੁਰੀ ਕਾਵਿ ਸੰਗ੍ਰਹਿ ਨਾਮ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ 11 ਸਫਿਆਂ ਦੀ ਲੰਬੀ ਭੂਮਿਕਾ 'ਚ ਪ੍ਰੋਫੈਸਰ ਮੋਹਨ ਸਿੰਘ ਨੇ ਨੂਰਪੁਰੀ-ਕਾਵਿ ਦੇ ਵੱਖ-ਵੱਖ ਪਹਿਲੂਆਂ ਨੂੰ ਬੜੀ ਬਰੀਕੀ ਨਾਲ ਵਿਉਂਤਬੱਧ ਕੀਤਾ ਹੈ।
ਨੰਦ ਲਾਲ ਨੂਰਪੁਰੀ ਦੀਆਂ ਅੱਡ-ਅੱਡ ਪੁਸਤਕਾਂ ਵਿੱਚ ‘ਨੂਰੀ ਪਰੀਆਂ’, ‘ਵੰਗਾਂ’, ‘ਜਿਉਂਦਾ ਪੰਜਾਬ’, ‘ਨੂਰਪੁਰੀ ਦੇ ਗੀਤ’, ‘ਸੁਗਾਤ’ ਸ਼ਾਮਲ ਹਨ। ਇਨ੍ਹਾਂ 'ਚੋਂ ਆਖਰੀ ਪੁਸਤਕ ‘ਸੁਗਾਤ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਨੂਰਪੁਰੀ ਦੀਆਂ ਕਵਿਤਾਵਾਂ ਦੇ ਵਿਸ਼ੇ ਵਿਕੋਲਤਿਰੇ ਹਨ, ਜਿਨ੍ਹਾਂ ਵਿੱਚ ਇਤਿਹਾਸਕ, ਅਧਿਆਤਮਕ, ਰੋਮਾਂਚ, ਪੰਜਾਬੀ ਜਨ ਜੀਵਨ, ਰਹਿਣੀ ਬਹਿਣੀ ਦਾ ਰੰਗ ਨਜ਼ਰ ਆਉਂਦਾ ਹੈ। 1925 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੀਤ ‘ਮੈਂ ਵਤਨ ਦਾ ਸ਼ਹੀਦ' ਲਿਖਿਆ, ਜੋ ਦੇਸ਼ ਪਿਆਰ ਦੀ ਭਾਵਨਾ ਨਾਲ ਓਤਪੋਤ ਹੈ। ਨੂਰਪੁਰੀ ਲਿਖਦੇ ਹਨ ਕਿ ‘‘ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ, ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁਝ ਦੇ ਸਕਾਂ, ਆਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖਿਦਮਤ ਕਰ ਸਕਾਂ...।” ਉਨ੍ਹਾਂ ਨੇ ਕੇਵਲ ਰੋਮਾਂਟਿਕ ਜਾਂ ਚੁਲਬੁਲੇ ਗੀਤ ਹੀ ਨਹੀਂ ਲਿਖੇ, ਦੇਸ਼ ਭਗਤੀ, ਸਮਾਜਕ ਚੇਤਨਤਾ ਅਤੇ ਧਾਰਮਿਕਤਾ ਵਿੱਚ ਰੰਗਣ ਵਾਲੇ ਗੀਤਾਂ ਦੀ ਵੀ ਰਚਨਾ ਕੀਤੀ ਹੈ। ਬਹੁਤੇ ਗੀਤਾਂ ਲਈ ਉਨ੍ਹਾਂ ਨੇ ਲੋਕ ਧਾਰਨਾ ਨੂੰ ਹੀ ਵਰਤਿਆ ਹੈ ਅਤੇ ਕਈ ਗੀਤਾਂ 'ਚੋਂ ਲੋਕ ਗੀਤਾਂ ਵਰਗਾ ਆਨੰਦ ਮਿਲਦਾ ਹੈ।
ਨੂਰਪੁਰੀ ਰਚਿਤ ਕਾਵਿ 'ਚੋਂ ਕੁਝ ਚੋਣਵੀਆਂ ਵੰਨਗੀਆਂ ਪਾਠਕਾਂ ਦੀ ਰੂਚੀ ਹਿੱਤ ਪੇਸ਼ ਹਨ :
* ਚੱਲ ਜੀਆ ਘਰ ਆਪਣੇ ਚੱਲੀਏ,
ਨਾ ਕਰ ਮੱਲਾ ਅੜੀਆਂ॥
ਇਹ ਪਰਦੇਸ, ਦੇਸ਼ ਨਹੀਂ ਸਾਡਾ,
ਏਥੇ ਗੁੰਝਲਾਂ ਬੜੀਆਂ॥
* ਪੀਂਘਾਂ ਪਈਆਂ ਪਿੱਪਲਾਂ ਨਾਲ,
ਕੁੜੀਆਂ ਲੱਦੀਆਂ ਸੋਨੇ ਨਾਲ,
ਸੋਨਾ ਸੋਭੇ ਰੂਪ ਨਾਲ॥
* ਨਾ ਦੇ ਇਹ ਸਵਰਗਾਂ ਦਾ ਲਾਰਾ,
ਸਾਨੂੰ ਸਾਡਾ ਕੁਫਰ ਪਿਆਰਾ॥
ਮੰਦਰ ਦੀਆਂ ਦਲੀਜ਼ਾਂ ਲੰਘ ਕੇ,
ਮੈਂ ਕੀ ਮੱਥੇ ਟੇਕਾਂ॥
* ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਲਾਲ ਨੀ
ਤੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਨਾਲ ਨੀ॥
* ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ,
ਚੰਦ ਨਾਲੋਂ ਗੋਰੀ ੳੱੁਤੇ ਚੁੰਨੀ ਸੁੱਚੇ ਕੱਚ ਦੀ॥
*ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ,
ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿੱਚ ਚੱਲੇ॥
* ਓ ਦੁਨੀਆ ਦੇ ਬੰਦਿਓਂ ਪੂਜੋ, ਉਨ੍ਹਾਂ ਨੇਕ ਇਨਸਾਨਾਂ ਨੂੰ,
ਦੇਸ਼ ਦੀ ਖਾਤਰ ਵਾਰ ਗਏ ਜੋ
ਪਿਆਰੀਆਂ-ਪਿਆਰੀਆਂ ਜਾਨਾਂ ਨੂੰ॥
* ਤੂੰ ਨਮਾਜ਼ੀ ਬਣ ਨਾ ਕੋਈ ਫਰਕ ਨਹੀਂ,
ਤੇਰਿਆਂ ਐਬਾਂ ਦਾ ਚਰਚਾ ਆਮ ਹੈ॥
* ਨੂਰਪੁਰੀਆ ਜ਼ਿਕਰ ਤੇਰਾ ਸੀ ਕਦੇ,
ਹੁਣ ਨਾ ਤੇਰਾ ਜ਼ਿਕਰ ਹੈ ਨਾ ਨਾਮ ਹੈ॥

Have something to say? Post your comment