Welcome to Canadian Punjabi Post
Follow us on

09

July 2020
ਨਜਰਰੀਆ

ਹਰੀਏ ਹਰੀਏ ਡੇਕੇ ਨੀਂ

May 27, 2020 09:41 AM

-ਡਾ. ਬਲਵਿੰਦਰ ਸਿੰਘ ਲੱਖੇਵਾਲੀ
ਹਰੀਏ ਹਰੀਏ ਡੇਕੇ ਨੀਂ, ਫੁੱਲ ਦੇ ਦੇ।
ਅੱਜ ਮੈਂ ਜਾਣਾ ਪੇਕੇ ਨੀਂ, ਫੁੱਲ ਦੇ ਦੇ।
ਬਾਬਲ ਸਾਡੇ ਬਾਗ਼ ਲੁਆਇਆ,
ਵਿੱਚ ਚੰਬਾ ਤੇ ਮਰੂਆ।
ਮਾਂ ਮੇਰੀ ਮਾਲਣ ਫੁੱਲ ਪਈ ਚੁਣਦੀ,
ਵੀਰ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀਂ, ਫੁੱਲ ਦੇ ਦੇ।
ਅੱਜ ਮੈਂ ਜਾਣਾ ਪੇਕੇ..
ਪੰਜਾਬ ਵਿੱਚ ਰੁੱਤਾਂ-ਰਾਣੀਆਂ ਅਤੇ ਪ੍ਰਕਿਰਤੀ ਵਿੱਚ ਵੀ ਤਬਦੀਲੀ ਮੌਸਮ, ਪੌਣ-ਪਾਣੀਆਂ ਤੇ ਪ੍ਰਕਿਰਤੀ ਵਿੱਚ ਵੀ ਤਬਦੀਲੀ ਅਜੀਬ ਜਿਹਾ ਅਹਿਸਾਸ ਕਰਾਉਂਦੇ ਹਨ। ਬਹਾਰ ਰੁੱਤ ਦੇ ਚੱਲਦਿਆਂ ਜਿੱਥੇ ਸਾਰੀ ਧਰਤ, ਆਕਾਸ਼ ਮੌਲਦੇ ਨਜ਼ਰ ਆਉਂਦੇ ਹਨ, ਉਥੇ ਬਿਰਖ-ਬੂਟੇ ਆਨੰਦ ਅਵਸਥਾ ਵਿੱਚ ਵਿਖਾਈ ਦਿੰਦੇ ਹਨ। ਡੇਕਾਂ-ਬਕੈਣਾਂ ਦੇ ਕਾਸ਼ਣੀ ਰੰਗ ਦੇ ਫੁੱਲਾਂ ਦੇ ਗੁੱਛੇ ਤੇ ਉਨ੍ਹਾਂ ਵਿੱਚੋਂ ਆਉਂਦੀ ਖ਼ੁਸ਼ਬੋ ਮਾਹੌਲ ਨੂੰ ਖ਼ੁਸ਼ਗਵਾਰ ਕਰਨ ਵਿੱਚ ਸਹਾਈ ਹੁੰਦੇ ਹਨ। ਪੁਰਾਣੇ ਵੇਲਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਧੀਆਂ ਤੇ ਧਰੇਕਾਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਅੱਜ ਦੇ ਇਸ ਬੇਹੱਦ ਤੇਜ਼ ਤਰਾਰ ਯੁੱਗ ਵਿੱਚ ਨਸੀਬਾਂ ਵਾਲੇ ਘਰ ਹਨ, ਜਿਨ੍ਹਾਂ ਦੇ ਵਿਹੜੇ ਧੀਆਂ ਤੇ ਧਰੇਕਾਂ ਦੀ ਰੌਣਕ ਇਕੱਠਿਆਂ ਵੇਖਣ ਨੂੰ ਮਿਲਦੀ ਹੈ। ਇੱਕ ਵੇਲਾ ਹੁੰਦਾ ਸੀ ਕਿ ਘਰਾਂ ਦੇ ਨਾਲ ਨਾਲ ਖੇਤਾਂ ਵਿੱਚ ਵੀ ਹਲਟਾਂ ਵਾਲੇ ਖੂਹਾਂ, ਬੰਬੀਆਂ-ਮੋਟਰਾਂ ਦੇ ਨੇੜੇ ਤੇੜੇ ਡੇਕਾ ਬਕੈਣਾਂ ਤੇ ਤੁੂਤਾਂ ਆਦਿ ਰੁੱਖਾਂ ਦੀ ਠੰਢੀ ਛਾਂ ਆਨੰਦ ਲੈਣ ਨੂੰ ਮਿਲਦੀ ਸੀ। ਹਿਮਾਲਿਆ ਦੀ ਤਰਾਈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਮੂਲ ਸਥਾਨ ਰੱਖਣ ਵਾਲਾ ਡੇਕ, ਬਕੈਣ ਰੁੱਖ ਬਰਮਾ, ਚੀਨ ਅਤੇ ਬਲੋਚਿਸਤਾਨ ਤੱਕ ਪਾਇਆ ਜਾਂਦਾ ਹੈ। ਅਸਾਮ ਵਿੱਚ ਚਾਹ ਤੇ ਕੌਫ਼ੀ ਦੇ ਬਾਗ਼ਾਂ ਵਿੱਚ ਵੀ ਇਸ ਨੂੰ ਛਾਂ ਰੁੱਖ ਵਜੋਂ ਲਾਇਆ ਜਾਂਦਾ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਇਸ ਰੁੱਖ ਦਾ ਗੂੜ੍ਹਾ ਰਿਸ਼ਤਾ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਡੇਕ, ਧਰੇਕ, ਬਕੈਣ ਅਤੇ ਬਰਮਾ ਡੇਕ ਵਿੱਚ ਕਾਫ਼ੀ ਭੁਲੇਖਾ ਖਾਂਦੇ ਹਨ ਜਾਂ ਉਨ੍ਹਾਂ ਨੂੰ ਫ਼ਰਕ ਪਤਾ ਨਹੀਂ ਹੁੰਦਾ। ਡੇਕ ਅਤੇ ਧਰੇਕ ਇੱਕੋ ਰੁੱਖ ਦੇ ਦੋ ਨਾਂ ਹਨ, ਜਦੋਂ ਕਿ ਬਕੈਣ ਨੂੰ ਅਸੀਂ ਡੇਕ ਜਾਂ੍ ਧਰੇਕ ਦੀ ਜੌੜੀ ਭੈਣ ਆਖ ਸਕਦੇ ਹਾਂ ਅਤੇ ਬਰਮਾ ਡੇਕ ਲੱਕੜ ਪ੍ਰਾਪਤੀ ਵਾਲਾ ਤੇ ਲੰਬਾ ਵਧਣ ਵਾਲਾ ਅਲੱਗ ਰੁੱਖ ਹੈ। ਬਕੈਣ ਅਤੇ ਡੇਕ ਨੂੰ ਆਮ ਨਜ਼ਰ ਨਾਲ ਵੇਖੀਏ ਤਾਂ ਖਾਸ ਫ਼ਰਕ ਨਜ਼ਰ ਨਹੀਂ ਆਉਂਦਾ, ਪਰ ਤਕਨੀਕੀ ਪੱਖੋਂ ਵੇਖੀਏ ਤਾਂ ਬਕੈਣ ਰੁੱਖ ਦੇ ਪੱਤੇ ਛੋਟੇ, ਛਤਰ ਸੰਘਣਾ ਤੇ ਸੰਘਣੀ ਛਾਂ ਹੁੰਦੀ ਹੈ ਅਤੇ ਕੱਦ ਵੀ ਛੋਟਾ ਹੁੰਦਾ ਹੈ। ਡੇਕ ਦੇ ਪੱਤੇ ਦਸੰਬਰ-ਜਨਵਰੀ ਦੇ ਮਹੀਨੇ ਪੀਲੇ ਪੈ ਕੇ ਝੜ ਜਾਂਦੇ ਅਤੇ ਨਵੇਂ ਪੱਤੇ ਮਾਰਚ ਮਹੀਨੇ ਵਿੱਚ ਨਿਕਲ ਆਉਂਦੇ ਹਨ। ਬਹਾਰ ਰੁੱਤ ਇਹੋ ਰੁੱਖ ਕਾਸ਼ਣੀ ਰੰਗ ਦੇ ਫੁੱਲਾਂ ਸੰਗ ਲੱਦ ਜਾਂਦੇ ਹਨ। ਕਾਸ਼ਣੀ ਰੰਗ ਦੇ ਫੁੱਲ ਰੁੱਖਾਂ ਉਪਰ 10-15 ਦਿਨ ਤੱਕ ਟਿਕਦੇ ਅਤੇ ਹੌਲੀ ਹੌਲੀ ਝੜ ਜਾਂਦੇ ਹਨ। ਕੁਝ ਸਮੇਂ ਬਾਅਦ ਗੋਲ ਮੋਲ, ਗੁਠਲੀਦਾਰ, ਗੁੱਦੇ ਨਾਲ ਭਰੇ ਫ਼ਲ ਲੱਗਣ ਲੱਗਦੇ ਹਨ, ਜੋ ਸਰਦੀਆਂ ਵਿੱਚ ਪੱਕਦੇ ਹਨ। ਸ਼ੁਰੂ ਵਿੱਚ ਸਾਫ਼ ਤੇ ਕੂਲੇ, ਹਰੇ ਰੰਗ ਦੇ ਇਹ ਫ਼ਲ ਬਾਅਦ ਵਿੱਚ ਪੀਲੇ-ਪੀਲੇ ਝੁਰੜੀਦਾਰ ਹੋ ਜਾਂਦੇ ਜੋ ਲੰਬਾ ਸਮਾਂ ਗੁੱਛਿਆਂ ਦੇ ਰੂਪ ਵਿੱਚ ਲਟਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਫ਼ਲਾਂ ਨੂੰ ਡਿਕਾਨੂੰ, ਡਕਾਣੂ, ਧਰੇਕਾਨੂੰ ਜਾਂ ਗਟੋਲੀਆਂ ਕਿਹਾ ਜਾਂਦਾ ਹੈ। ਇਨ੍ਹਾਂ ਗਟੋਲੀਆਂ ਵਿੱਚ ਪੰਜ ਬੀਜ ਹੁੰਦੇ ਹਨ ਤੇ ਵਿਚਾਲੇ ਕੁਦਰਤੀ ਛੇਕ ਹੁੰਦਾ ਹੈ। ਇਨ੍ਹਾਂ ਰੁੱਖਾਂ ਦੇ ਟਾਹਣੇ ਜ਼ਿਆਦਾ ਸਖ਼ਤ ਜਾਨ ਨਹੀਂ ਹੁੰਦੇ, ਜਿਨ੍ਹਾਂ ਬਾਰੇ ਸਾਹਿਤ-ਸਿੱਠਣੀਆਂ ਵਿੱਚ ਵੀ ਜ਼ਿਕਰ ਸੁਣਨ ਨੂੰ ਮਿਲਦਾ ਹੈ-
ਲਾੜੇ ਦੀ ਭੈਣ ਚੜ੍ਹ ਗਈ ਡੇਕ
ਟੁੱਟ ਗਿਆ ਟਾਹਣਾ, ਡਿੱਗ ਪਈ ਹੇਠ
ਪੁੱਛ ਲੋ ਮੁੰਡਿਓ ਰਾਜੀ ਐ
ਸਾਡੇ ਮੁੰਡੇ ਦੇ ਆਉਣ ਨੂੰ ਕਹਿੰਦੀ ਐ
ਕਹਿੰਦੀ ਐ ਬਈ ਕਹਿੰਦੀ ਐ
ਇਸ ਦੇ ਬੇਹੱਦ ਕੌੜੇ ਫ਼ਲਾਂ ਵਿਚੋਂ ਤੇਲ ਨਿਕਲਦਾ ਹੈ ਜੋ ਦਵਾਈਆਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਫੁੱਲਾਂ ਅਤੇ ਪੱਤਿਆਂ ਦੇ ਲੇਪ ਤਿਆਰ ਕਰਕੇ ਫੋੜੇ ਫਿਨਸੀਆਂ ਉਪਰ ਲਾਉਣ ਲਈ ਵਰਤਿਆ ਜਾਂਦਾ ਸੀ। ਇਸ ਰੁੱਖ ਦੀਆਂ ਜੜ੍ਹਾਂ ਦੀ ਵਰਤੋਂ ਕੀਟਨਾਸ਼ਕ ਵਜੋਂ ਕੀਤੀ ਜਾਂਦੀ ਹੈ ਅਤੇ ਡਿਕਾਨੂੰਆ ਦੀਆਂ ਗਿਟਕਾਂ ਹਾਰ-ਹਮੇਲਾਂ ਅਤੇ ਮਾਲਾ-ਤਸਬੀਆਂ ਬਣਾਉਣਾਂ ਦੇ ਕੰਮ ਆਉਂਦੀਆਂ ਹਨ। ਇਸ ਦੀ ਲੱਕੜ ਖਿਡੌਣੇ, ਢਾਂਚੇ ਤੇ ਬਾਲਣ ਦੇ ਕੰਮ ਆਉਂਦੀ ਹੈ ਤੇ ਕੱਪੜਿਆਂ ਵਿੱਚ ਵੀ ਪੱਤੇ ਰੱਖੇ ਜਾਂਦੇ ਹਨ। ਬਰਸਾਤ ਦੇ ਦਿਨੀਂ ਇਕੱਠੇ ਕੀਤੇ ਬੀਜ ਜਾਂ ਕਟਿੰਗ ਰਾਹੀਂ ਇਸਦੀ ਨਵੀਂ ਪੌਦ ਤਿਆਰ ਕੀਤੀ ਜਾ ਸਕਦੀ ਹੈ। ਇਹ ਰੁਖ ਕਈ ਤਰ੍ਹਾਂ ਦੀ ਜ਼ਮੀਨ ਵਿੱਚ ਵਧਣ ਦੀ ਸਮੱਰਥਾ ਰੱਖਦੇ ਹਨ, ਪਰ ਪਹਿਲੇ ਸਾਲਾਂ ਵਿੱਚ ਵਧਣ ਦੀ ਸਮੱਰਥਾ ਰੱਖਦੇ ਹਨ, ਪਰ ਪਹਿਲੇ ਸਾਲਾਂ ਵਿੱਚ ਕਈ ਵਾਰ ਕੋਰਾ ਮਾਰ ਕਰ ਜਾਂਦਾ ਹੈ। ਜੜ੍ਹਾਂ ਬਹੁਤ ਡੂੰਘੀਆਂ ਨਾ ਹੋਣ ਕਰ ਕੇ ਤੇਜ਼ ਹਨੇਰੀਆਂ ਨਾਲ ਪੁੱਟਿਆ ਜਾ ਸਕਦਾ ਹੈ। ਇਸੇ ਕਰਕੇ ਝੰੁਡ ਜਾਂ ਛਾਂ ਲਈ ਲਾਉਣਾ ਬਿਤਹਰ ਅਤੇ ਰਸਤਿਆਂ ਕਿਨਾਰੇ ਲਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਦਾ ਵਾਧਾ ਜਲਦੀ ਹੋਣ ਕਰਕੇ ਖ਼ੂਬ ਪੰਸਦ ਕੀਤਾ ਜਾਂਦਾ ਹੈ। ਅੱਜ ਕੱਲ੍ਹ ਪਸ਼ੂਆਂ ਲਈ ਲੋਕਾਂ ਨੇ ਪੱਕੇ ਸ਼ੈਡ ਪਾ ਲਏ ਹਨ, ਪਹਿਲਾਂ ਅਕਸਰ ਵਾੜਿਆਂ ਵਿੱਚ ਡੇਕਾ-ਬਕੈਣਾਂ ਨਜ਼ਰ ਆਉਂਦੀਆਂ ਸਨ। ਦਰਅਸਲ ਪਹਿਲਾਂ ਕੱਚੇ ਵਿਹੜੇ ਜਾਂ ਸਥਾਨਾਂ ਵਿੱਚ ਇਹ ਰੁੱਖ ਖ਼ੂਬ ਵਧਦੇ ਫੁੱਲਦੇ ਸਨ ਅਤੇ ਪੱਤੇ ਧਰਤ ਵਿੱਚ ਰਲ ਜਾਂਦੇ ਸਨ। ਅੱਜ ਨਵਾਂ ਮਾਮਲਾ ਇਹ ਹੋ ਗਿਆ ਹੈ ਕਿ ਲੋਕਾਂ ਨੂੰ ਡਿਗਦੇ ਪੱਤੇ ਗੰਦ ਦਾ ਰੂਪ ਜਾਪਦੇ ਹਨ। ਕੁਦਰਤ ਤੋਂ ਟੁੱਟ ਰਿਹਾ ਮਨੁੱਖ ਬਣਾਵਟੀ ਵਸਤਾਂ ਤੇ ਮਾਹੌਲ ਵੱਲ ਵੱਧ ਆਕਰਸ਼ਿਤ ਹੋ ਰਿਹਾ ਹੈ। ਕੁਦਰਤ ਤੋਂ ਬਣੀ ਦੂਰੀ ਦਾ ਹੀ ਨਤੀਜਾ ਹੈ ਕਿ ਅਸੀਂ ਮਹਾਂਮਾਰੀਆਂ ਨਾਲ ਜੂਝਣਾ ਸ਼ੁਰੂ ਹੋ ਗਏ ਹਾਂ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਾਦਰ ਦੀ ਕੁਦਰਤ ਸੰਗ ਦੋਸਤੀ ਪਾਈਏ ਅਤੇ ਕੁਦਰਤੀ ਨਿਆਮਤਾਂ, ਰੁੱਖਾਂ-ਬਿਰਖਾਂ ਸੰਗ ਧਰਤ ਸਜਾਈਏ।
ਘਰ ਘਰ ਡੇਕਾਂ ਫੁੱਲੀਆਂ
ਵੇ ਮੇਰੇ ਸਰਵਣਾ ਵੀਰਾ
ਘਰ ਘਰ ਠੰਢੜੀ ਛਾਂ
ਵੇ ਵੀਰਾ ਰਾਜਿਆ
ਸਭਨਾਂ ਦੇ ਵੀਰ ਮਿਲ ਗਏ
ਵੇ ਮੇਰੇ ਸਰਵਣਾ ਵੀਰਾ
ਮੈਂ ਪਰਦੇਸਣ ਦੂਰ
ਵੇ ਵੀਰਾ ਰਾਜਿਆ।

Have something to say? Post your comment