Welcome to Canadian Punjabi Post
Follow us on

12

July 2025
 
ਨਜਰਰੀਆ

ਵਿਅੰਗ: ਕੋਰੋਨਾ ਕਾਲ ਵਿੱਚ ਰਚਨਾਤਮਕਤਾ

May 27, 2020 09:39 AM

-ਪ੍ਰਮੋਦ ਤਾਂਬਟ
ਲਾਕਡਾਊਨ ਵਿੱਚ ਲੋਕਾਂ ਦੀ ਰਚਨਾਤਮਕਤਾ ਉਬਲ-ਉਬਲ ਕੇ ਬਾਹਰ ਆ ਰਹੀ ਹੈ। ਜਿਸ ਨੂੰ ਜੀਵਨ ਵਿੱਚ ਕਦੇ ਰਚਨਾਤਮਕਤਾ ਦਾ ‘ਰ’ ਤੱਕ ਨਹੀਂ ਪਤਾ ਸੀ, ਉਹ ਵੀ ਜੋ ਹੱਥ ਵਿੱਚ ਆਏ, ਚੁੱਕ ਕੇ ਰਚਨਾਤਮਕ ਹੋਈ ਜਾ ਰਿਹਾ ਹੈ। ਬਹੁਤੇ ਮਰਦ ਰਸੋਈ ਵਿੱਚ ਰਚਨਾਤਮਕ ਹੋ ਰਹੇ ਹਨ, ਜੋ ਚੀਜ਼ ਬਣਾਉਣ ਤੋਂ ਪਤਨੀ ਸਾਫ ਮਨ੍ਹਾ ਕਰ ਦੇਵੇ, ਉਸ ਨੂੰ ਬਣਾ ਕੇ ਰਚਨਾਤਮਕਤਾ ਦਾ ਸੁਖ ਲੈ ਰਹੇ ਹਨ, ਫਿਰ ਭਾਵੇਂ ਹੀ ਉਹ ਪਾਪੜ ਭੁੰਨਣਾ ਹੋਵੇ। ਲੌਕੀ, ਤੋਰੀ, ਕੱਦੂ ਵਰਗੀਆਂ ਨੀਰਸ ਸਬਜ਼ੀਆਂ ਦੇ ਪਕਵਾਨ ਬਣਾ ਬਣਾ ਕੇ ਰਚਨਾਤਮਕ ਸ਼ੋਸ਼ਣ ਵਿੱਚ ਲੱਗ ਪਏ ਹਨ। ਉਂਝ ਰਸੋਈ ਮੁੱਢ ਕਦੀਮੋਂ ਔਰਤਾਂ ਦਾ ਖੇਤਰ ਰਿਹਾ ਹੈ, ਪਰ ਸਦੀਆਂ ਤੋਂ ਰੋਜ਼ ਰਸੋਈ ਵਿੱਚ ਖਪਣ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਰਚਨਾਤਮਕ ਹੋਣ ਦਾ ਸਿਹਰਾ ਨਹੀਂ ਮਿਲਿਆ। ਸਿਰਫ ਇੱਕ ਮਹੀਨੇ ਵਿੱਚ ਹੀ ਕੰਮ ਕਰ ਕੇ ਮਰਦ ਲੋਕ ਇੱਕ-ਦੂਸਰੇ ਦੀ ਪਿੱਠ ਠੋਕ ਰਹੇ ਹਨ।
ਰਸੋਈ ਵਿੱਚ ਕਈ ਲੋਕਾਂ ਦੀ ਰਚਨਾਤਮਕਤਾ ਅਨੋਖਾ ਰੂਪ ਧਾਰੀ ਬੈਠੀ ਹੈ। ਉਹ ਪੂਰੇ ਹਲਵਾਈ ਬਣਨ 'ਤੇ ਉਤਾਰੂ ਹਨ। ਮੁਆਫ ਕਰਨਾ ‘ਹਲਵਾਈ’ ਨਹੀਂ, ਅੱਜਕੱਲ੍ਹ ‘ਸ਼ੈਫ’ ਕਿਹਾ ਜਾਂਦਾ ਹੈ। ਇਹ ਨਵੀਂ ਸ਼ੈਫ ਮੰਡਲੀ ਇੱਕ ਤੋਂ ਇੱਕ ਨਵੀਆਂ ਆਈਟਮਾਂ ਬਣਾ ਕੇ ਬੜੀ ਮੁਸ਼ਕਲ ਨਾਲ ਇਕੱਠਾ ਕੀਤਾ ਘਰ ਦਾ ਕਰਿਆਨਾ ਬਰਬਾਦ ਕਰ ਰਹੀ ਹੈ। ਕੁਝ ਲੋਕ ਬੇਕਰੀ ਆਈਟਮਾਂ ਵਿੱਚ ਹੱਥ ਅਜਮਾ ਕੇ ਆਟਾ, ਮੈਦਾ, ਖੰਡ ਦਾ ਸਤਿਆਨਾਸ਼ ਕਰਦੇ ਹਨ, ਕੁਝ ਲੋਕ ਜਲੇਬੀ, ਇਮਰਤੀ ਬਣਾਉਣ ਦੀਆਂ ਅਸਫਲ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਰਚਨਾਤਮਕਤਾ ਦਾ ਇਹ ਦੌਰ ਲੇਖਨ ਵਿੱਚ ਵੀ ਦੇਖਿਆ ਜਾ ਸਕਦਾ ਹੈ। ਜੋ ਹਮੇਸ਼ਾ ਕੰਮ-ਧੰਦੇ ਅਤੇ ਪੈਸੇ ਕਮਾਉਣ ਦੀ ਚਿੰਤਾ ਵਿੱਚ ਜੀਵਨ ਗੁਜਾਰਦੇ ਰਹੇ ਹਨ, ਉਹ ਕਵਿਤਾ ਲਿਖਣ 'ਤੇ ਉਤਾਰੂ ਹਨ। ਸ਼ੇਅਰੋ-ਸ਼ਾਇਰੀ ਲਿਖ-ਲਿਖ ਕੇ ਗਾਲਿਬ ਦੀ ਆਤਮਾ ਨੂੰ ਝੰਜੋੜਿਆ ਜਾ ਰਿਹਾ ਹੈ। ਕੋਰੋਨਾ 'ਤੇ ਕਹਾਣੀ, ਮਿੰਨੀ ਕਹਾਣੀ, ਵਿਅੰਗ, ਦੋਹਾ, ਚੌਪਈ, ਕਵਿਤਾ, ਸ਼ਾਇਰੀ, ਵਿਅੰਗ ਚਿੱਤਰਾਂ, ਚੁਟਕਲਿਆਂ, ਵਨ ਲਾਈਨਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਹੜ੍ਹ ਵਿੱਚ ਕੋਰੋਨਾ ਜ਼ਰੂਰ ਡੁੱਬ ਮਰੇਗਾ।
ਕਿਚਨ ਤੇ ਲੇਖਨ ਇਹ ਦੋਵੇਂ ਗੂੜ੍ਹ ਵਿਸ਼ੇ ਜਿਨ੍ਹਾਂ ਮਹਾਨ ਅਨੁਭਵਾਂ ਨਾਲ ਨਹੀਂ ਸਧਦੇ ਉਨ੍ਹਾਂ ਦੇ ਲਈ ਰਚਨਾਤਮਕਤਾ ਦਾ ਤੀਸਰਾ ਖੇਤਰ ਹੈ ਬਾਗਬਾਨੀ। ਭਾਵੇਂ ਕਦੇ ਜ਼ਿੰਦਗੀ ਵਿੱਚ ਗਮਲੇ ਵਿੱਚ ਪਾਣੀ ਨਾ ਪਾਇਆ ਹੋਵੇ, ਅੱਜਕੱਲ੍ਹ ਉਹ ਹੱਥ ਵਿੱਚ ਖੁਰਪਾ-ਖੁਰਪੀ ਲੈ ਕੇ ਆਪਣੀ ਪਤਨੀ ਦੇ ਤਿਆਰ ਕੀਤੇ ਕਿਚਨ ਗਾਰਡਨ ਦੀ ਐਸੀ-ਤੈਸੀ ਕਰਨ ਤੁਲੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਕਿਹੜਾ ਦੱਸੇ ਕਿ ਭਰਾਵਾ ਫਿਲਹਾਲ ਇਨ੍ਹਾਂ ਸਭ ਕੰਮਾਂ ਨੂੰ ਕਰਨ ਦਾ ਮੌਸਮ ਨਹੀਂ ਹੈ। ਕੁਝ ਭਰਾ ਤਾਂ ਰਚਨਾਤਮਕਤਾ ਨੂੰ ਬੜੇ ਖਤਰਨਾਕ ਖੇਤਰ ਵਿੱਚ ਲੱਭ ਰਹੇ ਹਨ। ਮੇਰੇ ਕੋਲ ਇੱਕ ਭਾਈ ਸਾਹਿਬ ਦਾ ਮੈਸੇਜ ਆਇਆ ਕਿ ਘਰ ਵਿੱਚ ਰਹਿ ਕੇ ਸਰੂਰ ਕਿਵੇਂ ਆਏਗਾ। ਮੈਂ ਕਿਹਾ, ਭਰਾਵਾ ਐਨਾ ਰਚਨਾਤਮਕ ਨਾ ਬਣ ਕਿ ਲੈਣੇ ਦੇ ਦੇਣੇ ਪੈ ਜਾਣ। ਦੇਖਦੇ ਜਾਓ, ਕੋਰੋਨਾ ਕਾਲ ਵਿੱਚ ਰਚਨਾਤਮਕਤਾ ਹੋਰ ਕਿੰਨੇ ਦਿਨ ਦਿਲੋ-ਦਿਮਾਗ 'ਤੇ ਛਾਈ ਰਹਿੰਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ