ਜਲੰਧਰ, 26 ਮਈ (ਪੋਸਟ ਬਿਊਰੋ)- ਸਿਹਤ ਵਿਭਾਗ ਨੇ ਵਿਦੇਸ਼ ਤੋਂ ਆਏ ਯਾਤਰੀਆਂ ਅਤੇ ਦੂਸਰੇ ਰਾਜਾਂ ਤੋਂ ਪੰਜਾਬ ਮੁੜਨ ਵਾਲੇ ਲੋਕਾਂ ਲਈ ਕੱਲ੍ਹ ਸ਼ਾਮ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਮੁਤਾਬਕ ਵਿਦੇਸ਼ ਤੋਂ ਮੁੜਨ ਵਾਲੇ ਹਰ ਯਾਤਰੀ ਦਾ ਪੰਜਵੇਂ ਦਿਨ ਸਵੈਬ ਟੈਸਟ ਹੋਵੇਗਾ।
ਸਿਹਤ ਵਿਭਾਗ ਦੀ ਟੀਮ ਹਰ ਯਾਤਰੀ ਦੀ ਏਅਰਪੋਰਟ ਉਤੇ ਸਕਰੀਨਿੰਗ ਕਰੇਗੀ, ਜਿਸ ਵਿੱਚ ਕਿਸੇ ਵੀ ਯਾਤਰੀ ਵਿੱਚ ਕੋਰੋਨਾ ਦੇ ਲਛਣ ਨਜ਼ਰ ਆਏ ਤਾਂ ਉਸ ਨੂੰ ਸਿਵਲ ਹਸਪਤਾਲ ਲਿਜਾ ਕੇ ਸੈਂਪਲ ਲਿਆ ਜਾਏਗਾ। ਸਕਰੀਨਿੰਗ ਵਿੱਚ ਕੋਈ ਵੀ ਲੱਛਣ ਨਾ ਨਜ਼ਰ ਆਉਣ ਉੱਤੇ ਯਾਤਰੀ ਨੂੰ ਹੋਟਲ ਵਿੱਚ ਕਵਾਰੰਟਾਈਨ ਲਈ ਭੇਜ ਦਿੱਤਾ ਜਾਏਾਗ। ਫਿਰ ਪੰਜਵੇਂ ਦਿਨ ਉਨ੍ਹਾਂ ਦਾ ਸਵੈਬ ਟੈਸਟ ਲਿਆ ਜਾਏਗਾ। ਗਾਈਡਲਾਈਨ ਮੁਤਾਬਕ ਗੁਜਰਾਤ, ਤਾਮਿਲ ਨਾਡੂ ਤੇ ਮਹਾਰਾਸ਼ਟਰ ਆਦਿ ਰਾਜਾਂ ਤੋਂ ਲੋਕਲ ਫਲਾਈਟ ਜਾਂ ਬਸਾਂ ਰਾਹੀਂ ਪੰਜਾਬ ਆਉਂਦੇ ਲੋਕਾਂ ਦੇ ਵੀ ਹਰ ਹਾਲ ਵਿੱਚ ਸਵੈਬ ਟੈਸਟ ਹੋਣਗੇ।
ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਬਤ ਸੇਵਾ ਬੀਮਾ ਯੋਜਨਾ ਹੇਠ ਸੂਚੀ ਵਿੱਚ ਸ਼ਾਮਲ ਹਸਪਤਾਲਾਂ ਵਿੱਚ ਲਾਕਡਾਊਨ ਦੇ ਦੌਰਾਨ 49189 ਤੋਂ ਵੱਧ ਰੋਗੀਆਂ ਨੂੰ ਮੁਫਤ ਇਲਾਜ ਸੇਵਾਵਾਂ ਦਿੱਤੀਆਂ ਹਨ। ਉਨ੍ਹਾ ਕਿਹਾ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਲਾਕਡਾਊਨ ਦੇ ਬਾਵਜੂਦ ਰਾਜ ਦੀ ਸਿਹਤ ਏਜੰਸੀ ਨੇ ਦੋ ਮਹੀਨੇ (23 ਮਾਰਚ ਤੋਂ 20 ਮਈ) ਦੇ ਅੰਦਰ ਲਗਭਗ 35628 ਈ-ਕਾਰਡ ਬਣਾਏ ਹਨ ਅਤੇ 43.85 ਕਰੋੜ ਰੁਪਏ ਦੀ ਲਾਗਤ ਨਾਲ 49189 ਤੋਂ ਵੱਧ ਰੋਗੀਆਂ ਦਾ ਇਲਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਈ ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਈ ਕਿਹਾ ਗਿਆ ਹੈ।