Welcome to Canadian Punjabi Post
Follow us on

24

September 2020
ਨਜਰਰੀਆ

ਕੋਰੋਨਾ ਦੀ ਕਾਟ ਲੱਭਣ ਦੀ ਥਾਂ ਚੋਣ ਮੁੱਦਾ ਬਣਾਉਣ ਤੁਰ ਪਿਆ ਹੈ ਡੋਨਾਲਡ ਟਰੰਪ

May 25, 2020 09:17 AM

-ਜਤਿੰਦਰ ਪਨੂੰ
ਪਿਛਲੀ ਇੱਕ ਛਿਮਾਹੀ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਅਤੇ ਪਿਛਲੇ ਲਗਾਤਾਰ ਦੋ ਮਹੀਨਿਆਂ ਦੌਰਾਨ ਭਾਰਤ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ ਹੈ। ਇਹ ਦੁੱਖ ਕਈ ਤਰ੍ਹਾਂ ਦਾ ਸੀ, ਅਤੇ ਅਜੇ ਵੀ ਜਾਰੀ ਹੈ। ਪਹਿਲਾ ਦੁੱਖ ਤਾਂ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸੀ, ਜਿਸ ਦੀ ਜੜ੍ਹ ਅੱਜ ਤੱਕ ਪਤਾ ਨਹੀਂ ਲੱਗ ਸਕੀ, ਪਰ ਦੁਨੀਆ ਦੇ ਦੋ ਪ੍ਰਮੁੱਖ ਦੇਸ਼ਾਂ ਵਿੱਚ ਖਹਿਬਾਜ਼ੀ ਚੱਲੀ ਜਾਂਦੀ ਹੈ। ਅਮਰੀਕਾ ਦੇ ਲੋਕ ਤੇ ਖਾਸ ਕਰ ਕੇ ਉਨ੍ਹਾਂ ਦਾ ਰਾਸ਼ਟਰਪਤੀ ਸਿਰਫ ਚੀਨ ਨੂੰ ਸਾਰੇ ਸੰਕਟ ਦਾ ਦੋਸ਼ੀ ਮੰਨ ਕੇ ਆਪਣੀ ਰੱਟ ਲਾਈ ਜਾਂਦੇ ਹਨ। ਜਦੋਂ ਤੱਕ ਇਹ ਗੱਲ ਸਾਬਤ ਨਹੀਂ ਹੁੰਦੀ ਅਤੇ ਇਹ ਛੇਤੀ ਕੀਤੇ ਸਾਬਤ ਹੁੰਦੀ ਵੀ ਨਹੀਂ ਜਾਪਦੀ, ਓਦੋਂ ਤੱਕ ਕਿਸੇ ਇੱਕ ਧਿਰ ਨੂੰ ਦੋਸ਼ੀ ਠਹਿਰਾਉਣਾ ਵੀ ਔਖਾ ਹੈ। ਉਂਜ ਸ਼ੱਕ ਵਾਲੀ ਗੰਢ ਇੱਕ ਵਾਰੀ ਬੱਝ ਜਾਵੇ ਤਾਂ ਛੇਤੀ ਖਹਿੜਾ ਨਹੀਂ ਛੱਡਦੀ ਹੁੰਦੀ। ਚੀਨ ਦੇ ਖਿਲਾਫ ਇਹ ਦੋਸ਼ ਵੀ ਜ਼ੋਰ ਨਾਲ ਲਾਇਆ ਜਾਂਦਾ ਰਿਹਾ ਕਿ ਉਸ ਦੀ ਮੀਟ ਮਾਰਕੀਟ ਇਸ ਬਿਮਾਰੀ ਦਾ ਮੁੱਢਲਾ ਕਾਰਨ ਹੋ ਸਕਦੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਚੀਨ ਦੇ ਲੋਕਾਂ ਦੀਆਂ ਮੀਟ ਖਾਣ ਦੀਆਂ ਆਦਤਾਂ ਨਾਲ ਰੱਫੜ ਪਿਆ ਹੈ। ਫਿਰ ਇਹ ਦੱਸਿਆ ਜਾਣਾ ਸ਼ੁਰੂ ਹੋ ਗਿਆ ਕਿ ਚੀਨ ਦੇ ਲੋਕ ਕੁੱਤਾ ਖਾ ਜਾਂਦੇ ਹਨ ਤੇ ਏਦਾਂ ਦੀਆਂ ਕਈ ਹੋਰ ਚੀਜ਼ਾਂ ਖਾਈ ਜਾਂਦੇ ਹਨ। ਜ਼ਰੂਰ ਖਾਂਦੇ ਹੋਣਗੇ ਤੇ ਸਾਰੀ ਦੁਨੀਆ ਵਿੱਚ ਕੌਣ ਕੀ ਖਾਂਦਾ ਹੈ, ਇਸ ਦੀ ਪਾਬੰਦੀ ਲਾਉਣੀ ਅੱਜ ਦੇ ਯੁੱਗ ਵਿੱਚ ਮੁਸ਼ਕਲ ਹੈ। ਕਿਸੇ ਦੇਸ਼ ਵਿੱਚ ਗਊ ਦਾ ਮੀਟ ਖਾਣ ਦੀ ਰਿਵਾਇਤ ਹੈ ਤਾਂ ਕਿਸੇ ਹੋਰ ਦੇਸ਼ ਵਿੱਚ ਗਊ ਦਾ ਮੀਟ ਖਾਣ ਵਾਲਿਆਂ ਨੂੰ ਪਾਪੀ ਮੰਨਿਆ ਜਾਂਦਾ ਹੈ।
ਕੱਲ੍ਹ ਨੂੰ ਗਊ ਮਾਸ ਖਾਣ ਵਾਲੇ ਲੋਕਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਕੋਈ ਬਖੇੜਾ ਉੱਠ ਪਵੇ ਤਾਂ ਭਾਰਤ ਦੇ ਕੁਝ ਲੋਕ ਉਨ੍ਹਾਂ ਬਾਰੇ ਕਈ ਕੁਝ ਕਹਿਣਗੇ। ਇਸਲਾਮੀ ਦੇਸ਼ਾਂ ਵਿੱਚ ਸੂਰ ਖਾਣਾ ਮਨ੍ਹਾ ਹੈ। ਭਾਰਤ ਵਿੱਚ ਕਈ ਲੋਕ ਸੂਰ ਦਾ ਮਾਸ ਮਜ਼ੇ ਨਾਲ ਖਾਂਦੇ ਹਨ। ਸਿਰਫ ਸੂਰ ਦੀ ਗੱਲ ਨਹੀਂ, ਭਾਰਤ ਦੇ ਲੋਕ ਏਦਾਂ ਦਾ ਕਈ ਕੁਝ ਖਾ ਜਾਂਦੇ ਹਨ, ਜਿਸ ਬਾਰੇ ਚਰਚਾ ਆਮ ਕਰ ਕੇ ਨਹੀਂ ਹੁੰਦੀ। ਸਾਨੂੰ ਇਹ ਦੱਸਣ ਵਿੱਚ ਹਰਜ ਨਹੀਂ ਜਾਪਦਾ ਕਿ ਜਿਹੜੀਆਂ ਚੀਜ਼ਾਂ ਚੀਨੀ ਲੋੋਕ ਖਾਂਦੇ ਦੱਸੇ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਚੀਜ਼ਾਂ ਭਾਰਤ ਦੇ ਕਈ ਲੋਕ ਵੀ ਚਾਅ ਨਾਲ ਖਾਂਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਇੱਕ ਉੱਤਰ ਪੂਰਬੀ ਰਾਜ ਤੋਂ ਸਾਡੇ ਪੰਜਾਬ ਵਿੱਚ ਸੁਰੱਖਿਆ ਡਿਊਟੀ ਵਾਸਤੇ ਆਈ ਫੋਰਸ ਦੇ ਜਵਾਨ ਕੁੱਤੇ ਦਾ ਮਾਸ ਖਾਣ ਵਾਲੇ ਸਨ। ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਲਾਈ ਗਈ, ਉਸ ਪਾਸੇ ਅਵਾਰਾ ਕੁੱਤੇ ਮੁੱਕ ਗਏ ਸਨ। ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ ਕੁਝ ਲੋਕ ਸੱਪ ਤੇ ਕੋਹੜ ਕਿਰਲੀ ਦਾ ਮਾਸ ਵੀ ਖਾਂਦੇ ਹਨ। ਬਿਹਾਰ ਦੇ ਕੁਝ ਵਰਗਾਂ ਵਿੱਚ ਚੂਹੇ ਦਾ ਮਾਸ ਖਾਣਾ ਆਮ ਗੱਲ ਹੈ। ਇੱਕ ਵਾਰੀ ਓਥੇ ਥੋੜ੍ਹੇ ਸਮੇਂ ਲਈ ਇੱਕ ਮੁੱਖ ਮੰਤਰੀ ਏਹੋ ਜਿਹਾ ਬਣ ਗਿਆ ਸੀ, ਜਿਹੜਾ ਮਾਣ ਨਾਲ ਕਹਿੰਦਾ ਸੀ ਕਿ ਉਹ ਚੂਹੇ ਦਾ ਮਾਸ ਖਾਂਦਾ ਹੈ ਤੇ ਇਹ ਵੀ ਚਾਹੁੰਦਾ ਸੀ ਕਿ ਚੂਹੇ ਦਾ ਮਾਸ ਖਾਣ ਨੂੰ ਬਾਕਾਇਦਾ ਮਾਨਤਾ ਦਿੱਤੀ ਜਾਵੇ। ਉੱਤਰ-ਪੂਰਬ ਦੇ ਇੱਕ ਰਾਜ ਦੇ ਲੋਕ ਡੱਡੂ ਖਾ ਜਾਂਦੇ ਹਨ। ਸੋਨੀਆ ਸਰਕਾਰ ਨਾਂਅ ਦੀ ਪ੍ਰਸਿੱਧ ਲੇਖਕਾ ਨੇ ਇਨ੍ਹਾਂ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਇਹੋ ਜਿਹਾ ਮਾਸ ਖਾਣ ਵਾਲੇ ਲੋਕਾਂ ਬਾਰੇ ਜਨਵਰੀ 2017 ਵਿੱਚ ਟੈਲੀਗਰਾਫ ਅਖਬਾਰ ਵਿੱਚ ਵੇਰਵੇ ਸਹਿਤ ਇੱਕ ਲੇਖ ਲਿਖਿਆ ਸੀ, ਜਿਹੜਾ ਅੱਜ ਵੀ ਸਾਡੇ ਕੋਲ ਸੰਭਾਲਿਆ ਪਿਆ ਹੈ। ਚਰਚਾ ਸਿਰਫ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੀ ਹੋਈ ਜਾ ਰਹੀ ਹੈ।
ਚੀਨ ਅਤੇ ਅਮਰੀਕਾ ਦਾ ਅੱਜ ਕੱਲ੍ਹ ਆਢਾ ਲੱਗਾ ਹੋਇਆ ਹੈ, ਪਰ ਕਿਸੇ ਵਕਤ ਸੰਸਾਰ ਪੂੰਜੀਵਾਦ ਦਾ ਮੁਕਾਬਲਾ ਕਰਨ ਵਾਲੀ ਮਹਾਸ਼ਕਤੀ ਸੋਵੀਅਤ ਰੂਸ ਦੇ ਨਾਲ ਲੜਨ ਲਈ ਏਸੇ ਅਮਰੀਕਾ ਦੇ ਹਾਕਮਾਂ ਦੀ ਸਭ ਤੋਂ ਵੱਡੀ ਯਾਰੀ ਏਸੇ ਚੀਨ ਨਾਲ ਹੋਇਆ ਕਰਦੀ ਸੀ। ਕਿਊਬਾ ਦੇ ਖਿਲਾਫ ਲੜਾਈ ਮੌਕੇ ਵੀ ਚੀਨ ਉਨ੍ਹਾਂ ਦਾ ਸਾਥ ਦੇਂਦਾ ਰਿਹਾ ਅਤੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੇ ਓਦੋਂ ਦੇ ਜਨਰਲ ਸੈਕਟਰੀ ਗੱਸ ਹਾਲ ਵੱਲੋਂ ਚੀਨੀ ਕਮਿਊਨਿਸਟ ਪਾਰਟੀ ਵੱਲ ਲਿਖੀ ਗਈ ਖੁੱਲ੍ਹੀ ਚਿੱਠੀ ਵਿੱਚ ਚੀਨ-ਅਮਰੀਕਾ ਭਾਈਵਾਲੀ ਦਾ ਸਾਰਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਸੀ। ਸੋਵੀਅਤ ਰੂਸ ਦੇ ਢਹਿਣ ਮਗਰੋਂ ਇੱਕਲੌਤੀ ਮਹਾਂਸ਼ਕਤੀ ਹੋਣ ਦਾ ਭਰਮ ਪਾਲਣ ਵਾਲੇ ਅਮਰੀਕਾ ਸਾਹਮਣੇ ਜਦੋਂ ਉਹ ਹੀ ਚੀਨ ਸ਼ਰੀਕਾਂ ਵਾਂਗ ਡਾਂਗ ਮੋਢੇ ਰੱਖ ਕੇ ਖੜੋਤਾ ਦਿੱਸ ਪਿਆ ਤਾਂ ਹਰ ਗੱਲ ਵਿੱਚ ਉਸ ਨਾਲ ਆਢਾ ਲੱਗ ਗਿਆ। ਇਸ ਵੇਲੇ ਉਸ ਨਾਲ ਲੜਾਈ ਦਾ ਕਾਰਨ ਕੋਰੋਨਾ ਵਾਇਰਸ ਦੀ ਉਠਾਣ ਨਹੀਂ, ਅਮਰੀਕਾ ਦਾ ਸੰਸਾਰ ਮੰਡੀ ਵਿੱਚ ਚੀਨੀ ਮਾਲ ਨਾਲ ਮੁਕਾਬਲਾ ਹੈ। ਮੈਂ ਨਿੱਜੀ ਤੌਰ ਉੱਤੇ ਚੀਨੀ ਮਾਲ ਦਾ ਕਦੀ ਪ੍ਰਸੰਸਕ ਨਹੀਂ ਰਿਹਾ, ਕਿਉਂਕਿ ਇਹ ਮਾਲ ਹੰਢਣਸਾਰਤਾ ਦੇ ਪੱਖੋਂ ਬਹੁਤਾ ਵਧੀਆ ਨਹੀਂ ਹੁੰਦਾ, ਪਰ ਇਹ ਗੱਲ ਫਿਰ ਆਪਣੀ ਥਾਂ ਠੀਕ ਹੈ ਕਿ ਜਿਸ ਮਾਲ ਦੀ ਕੋਈ ਗਾਰੰਟੀ ਨਾ ਹੋਣ ਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹੀ ਮਾਲ ਅਮਰੀਕੀ ਮਾਲ ਨੂੰ ਹਰ ਮੰਡੀ ਵਿੱਚ ਖੂੰਜੇ ਲਾਈ ਜਾਂਦਾ ਹੈ। ਖੁਦ ਅਮਰੀਕੀ ਲੋਕ ਵੀ ਸਸਤਾ ਹੋਣ ਕਾਰਨ ਚੀਨੀ ਮਾਲ ਖਰੀਦੀ ਜਾਂਦੇ ਹਨ ਤਾਂ ਅਮਰੀਕੀ ਕਾਰਪੋਰੇਟ ਘਰਾਣੇ ਇਸ ਤੋਂ ਚਿੜਨ ਲੱਗਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਜਦੋਂ ਚੀਨ ਦੀ ਭੰਡੀ ਕਰਨ ਰੁੱਝਾ ਹੋਇਆ ਹੈ, ਓਦੋਂ ਵੀ ਅਮਰੀਕਾ ਵਿੱਚ ਚੀਨ ਦਾ ਮਾਲ ਵਿਕੀ ਜਾ ਰਿਹਾ ਹੈ ਤੇ ਲੋਕ ਆਰਾਮ ਨਾਲ ਖਰੀਦੀ ਜਾਂਦੇ ਹਨ।
ਕੋਰੋਨਾ ਵਾਇਰਸ ਦੀ ਦਵਾਈ ਅਜੇ ਤੱਕ ਬਣੀ ਨਹੀਂ, ਬਣਾਉਣ ਵੱਲ ਅਮਰੀਕਾ ਦੀ ਸਰਕਾਰ ਦਾ ਬਹੁਤਾ ਧਿਆਨ ਵੀ ਨਹੀਂ ਜਾਪਦਾ, ਕਦੇ-ਕਦਾਈਂ ਕੋਈ ਅਮਰੀਕੀ ਕੰਪਨੀ ਦਵਾਈ ਬਣਾ ਲੈਣ ਦਾ ਦਾਅਵਾ ਜ਼ਰੂਰ ਕਰ ਦੇਂਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਉਸ ਕੰਪਨੀ ਦੇ ਸ਼ੇਅਰ ਧੜਾ-ਧੜਾ ਚੜ੍ਹਦੇ ਤੇ ਕੰਪਨੀ ਦੀ ਕਮਾਈ ਵਧ ਜਾਂਦੀ ਹੈ, ਪਰ ਸੰਸਾਰ ਭਰ ਵਿੱਚ ਜਿਸ ਚੀਜ਼ ਦੀ ਲੋੜ ਹੈ, ਉਹ ਦਵਾਈ ਅਜੇ ਤੱਕ ਪੇਸ਼ ਨਹੀਂ ਕੀਤੀ ਗਈ। ਭਾਰਤ ਦੀ ਅਜੋਕੀ ਸਰਕਾਰ ਚਲਾਉਣ ਵਾਲਿਆਂ ਦਾ ਅਮਰੀਕਾ ਨਾਲ ਹੇਜ ਏਥੋਂ ਤੱਕ ਹੈ ਕਿ ਉਹ ਚੀਨ ਦੇ ਵਿਰੁੱਧ ਅਮਰੀਕਾ ਦੇ ਨਾਲ ਖੜੇ ਹਨ ਅਤੇ ਚੀਨ ਦਾ ਸਾਮਾਨ ਏਥੇ ਵੀ ਬਾਜ਼ਾਰਾਂ ਵਿੱਚ ਭਰਿਆ ਪਿਆ ਹੈ। ਜਿਹੜੇ ਸਾਰੀ ਉਮਰ ਦੇ ਕਾਂਗਰਸੀ ਆਗੂ ਸਰਦਾਰ ਪਟੇਲ ਨਾਲ ਮੋਹ ਦਾ ਵਿਖਾਲਾ ਕਰ ਕੇ ਦੁਨੀਆਂ ਦੀਆਂ ਸਭ ਵੱਡੀਆਂ ਮੂਰਤੀਆਂ ਤੋਂ ਵੱਡੀ ਉਸ ਦੀ ਮੂਰਤੀ ਲਾਉਣ ਦੇ ਨਾਅਰੇ ਲਾਏ ਸਨ ਤੇ ਦੇਸ਼ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਵੱਲੋਂ ਬਣਾਈ ਸਰਦਾਰ ਪਟੇਲ ਦੀ ਮੂਰਤੀ ਵੀ ਚੀਨ ਦੀ ਮਦਦ ਨਾਲ ਬਣੀ ਹੈ। ਭਾਰਤ ਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਚਿੰਨ੍ਹ ਵੀ ਚੀਨ ਦੇ ਬਣਾਏ ਹੋਏ ਅਤੇ ਭਾਰਤ ਵਿੱਚ ਬਣੇ ਮਾਲ ਨਾਲੋਂ ਅੱਧੇ ਮੁੱਲ ਉੱਤੇ ਜਦੋਂ ਗਲੀ-ਗਲੀ ਮਿਲਦੇ ਹੋਣ ਤਾਂ ਲੋਕ ਰਾਜਨੀਤੀ ਵਿੱਚ ਚੀਨ ਦੇ ਵਿਰੋਧ ਲਈ ਭਾਜਪਾ ਨਾਲ ਹੋ ਸਕਦੇ ਹਨ, ਓਦਾਂ ਚੀਨੀ ਮਾਲ ਲੈਣ ਤੋਂ ਇਨਕਾਰ ਨਹੀਂ ਕਰਦੇ। ਨਿਰੀ ਰਾਜਨੀਤੀ ਦੀਆਂ ਗੋਲੀਆਂ ਚੱਬਣ ਦੇ ਚਸਕੇ ਨਾਲ ਚੀਨ ਦੇ ਵਿਰੋਧ ਵਿੱਚ ਨਾ ਅਮਰੀਕਾ ਨੂੰ ਕੁਝ ਹਾਸਲ ਹੋ ਸਕਿਆ ਹੈ ਤਾਂ ਨਾ ਭਾਰਤ ਦੀ ਕਿਸੇ ਧਿਰ ਦੇ ਪੱਲੇ ਕੁਝ ਪੈਣ ਵਾਲਾ ਹੈ।
ਪਿਛਲੇ ਸਾਲ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਗਿਆ ਅਤੇ ਓਥੇ ਹੋਏ ਇੱਕ ਸਮਾਗਮ ਵਿੱਚ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇ ਆਇਆ ਸੀ, ਓਦੋਂ ਜਿਹੜੀ ਗੱਲ ਸਾਨੂੰ ਸਮਝ ਪਈ ਸੀ, ਉਹ ਇਹ ਕਿ ਸਾਡੇ ਲੋਕ ਅਮਰੀਕਾ ਤੋਂ ਭਾਵੇਂ ਕੁਝ ਨਾ ਸਿੱਖਣ, ਅਮਰੀਕੀ ਰਾਜਨੀਤੀ ਨੂੰ ਭਾਰਤ ਦਾ ਤੜਕਾ ਲੱਗ ਗਿਆ ਹੈ। ਭਾਰਤ ਦੇ ਤੜਕੇ ਦੀ ਖਾਸ ਵੰਨਗੀ ਇਹੋ ਹੈ ਕਿ ਆਪਣੇ ਵਿਰੋਧੀ ਨੂੰ ਜਦੋਂ ਭੰਡਣਾ ਹੋਵੇ ਤਾਂ ਆਪਣੇ ਕੁਚੱਜ ਨਾਲ ਪਏ ਪੁਆੜਿਆਂ ਲਈ ਵੀ ਭਾਰਤੀ ਲੋਕਾਂ ਵਿੱਚ ਦੁਸ਼ਮਣ ਮੰਨੇ ਜਾ ਚੁੱਕੇ ਪਾਕਿਸਤਾਨ ਦਾ ਏਜੰਟ ਕਹਿ ਸਕਦੇ ਹਨ। ਅਮਰੀਕਾ ਦੀ ਰਾਜਨੀਤੀ ਵਿੱਚ ਵੀ ਇਹ ਦੌਰ ਆ ਗਿਆ ਸਾਫ ਦਿਖਾਈ ਦੇਂਦਾ ਹੈ। ਲੋਕ ਕੋਰੋਨਾ ਵਾਇਰਸ ਦੀ ਮਾਰ ਨਾਲ ਮਰ ਰਹੇ ਹਨ ਅਤੇ ਓਥੇ ਸਰਕਾਰ ਦੀ ਨਾਲਾਇਕੀ ਸਾਫ ਨਜ਼ਰ ਆਉਂਦੀ ਹੈ, ਪਰ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਇਹ ਕਹਿਦਾ ਹੈ ਕਿ ਇਹ ਸਾਰਾ ਕੁਝ ਚੀਨ ਨੇ ਮੈਨੂੰ ਰਾਸ਼ਟਰਪਤੀ ਦੀ ਚੋਣ ਲਗਾਤਾਰ ਦੂਸਰੀ ਵਾਰੀ ਜਿੱਤਣ ਤੋਂ ਰੋਕਣ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਜੋਅ ਬਿਡਨ ਨੂੰ ਜਿਤਾਉਣ ਲਈ ਕੀਤਾ ਹੈ। ਅਮਰੀਕਾ ਵਿੱਚ ਹੋਈਆਂ ਮੌਤਾਂ ਲਈ ਉਹ ਚੀਨ ਵੱਲੋਂ ਆਪਣੀ ਚੋਣ ਦੇ ਵਿਰੋਧ ਦਾ ਦੋਸ਼ ਲਾ ਸਕਦਾ ਹੈ, ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਚਾਲੀ ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਇਟਲੀ ਵਿੱਚ ਲੱਖ ਦਾ ਤੀਸਰਾ ਹਿੱਸਾ ਪਾਰ ਕਰ ਗਈ ਹੈ, ਸਪੇਨ ਅਤੇ ਫਰਾਂਸ ਵਿੱਚ ਵੀ ਤੀਹ-ਤੀਹ ਹਜ਼ਾਰ ਦਾ ਪੜਾਅ ਪਾਰ ਕਰਦੀ ਪਈ ਹੇ, ਓਥੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਚੋਣਾਂ ਹਰਾਉਣ ਲਈ ਕੋਰੋਨਾ ਪੈਦਾ ਹੋਇਆ ਹੈ। ਭਾਰਤੀ ਲੀਡਰਾਂ ਉੱਤੇ ਜਿੰਨੀ ਕਿਸਮ ਦੇ ਦੋਸ਼ ਲੱਗਦੇ ਹਨ, ਉਹ ਹੀ ਸਾਰੇ ਦੋਸ਼ ਡੋਨਾਲਡ ਟਰੰਪ ਉੱਤੇ ਲੱਗੀ ਜਾਂਦੇ ਹਨ ਅਤੇ ਜਿਹੜੇ ਦਾਅ ਭਾਰਤ ਵਿੱਚ ਵਰਤੇ ਜਾਂਦੇ ਹਨ, ਜਦੋਂ ਉਹੀ ਦਾਅ ਉਹ ਵਰਤਣ ਲੱਗ ਪਿਆ ਹੈ ਤਾਂ ਸਾਨੂੰ ਭਾਰਤੀ ਲੋਕਾਂ ਨੂੰ ਭਾਰਤ ਤੋਂ ਦੂਰ ਹਰ ਪੱਖੋਂ ਇੱਕ ਹੋਰ ਭਾਰਤ ਉੱਗ ਪਿਆ ਜਾਪਦਾ ਹੈ। ਅਮਰੀਕੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਡਾਂ ਨੇ ਅੱਜ ਤੱਕ ਭਾਰਤ ਨੂੰ ਉੱਠਣ ਨਹੀਂ ਦਿੱਤਾ, ਉਹੋ ਖੇਡਾਂ ਅਮਰੀਕਾ ਵਿੱਚ ਚੱਲਣਗੀਆਂ ਤਾਂ ਕੋਰੋਨਾ ਨਾਲ ਲੜਨ ਦੀ ਲੋੜ ਨਹੀਂ ਰਹਿਣੀ, ਸਿਰਫ ਉਸ ਆਗੂ ਦੀ ਡੁਗਡੁਗੀ ਸੁਣਿਆ ਕਰੇਗੀ, ਜਿਸ ਨੂੰ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਤੇ ਕੋਰੋਨਾ ਵਰਗੇ ਅਸਲੀ ਮਾਮਲੇ ਦੀ ਥਾਂ ਛਣਕਣੇ ਛਣਕਾਉਣੇ ਆਉਂਦੇ ਹੋਣਗੇ। ਓਦੋਂ ਅਮਰੀਕਾ ਕਿੱਦਾਂ ਦਾ ਹੋਵੇਗਾ, ਕਹਿਣ ਦੀ ਲੋੜ ਨਹੀਂ!

 

Have something to say? Post your comment