Welcome to Canadian Punjabi Post
Follow us on

02

July 2025
 
ਨਜਰਰੀਆ

ਕੋਰੋਨਾ ਵਾਇਰਸ ਬਨਾਮ ਔਰਤਾਂ

May 25, 2020 09:13 AM

-ਅੰਮ੍ਰਿਤਪਾਲ ਕੌਰ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਉੂਨ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਅਚਾਨਕ ਅਜਿਹੀ ਬਰੇਕ ਲਾਈ ਕਿ ਹਰ ਕੋਈ ਘਰਾਂ 'ਚ ਕੈਦ ਹੋ ਕੇ ਰਹਿ ਗਿਆ। ਕੋਰੋਨਾ ਦੇ ਖ਼ਤਰੇ ਹੇਠ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਤਾਕੀਦ ਕੀਤੀ ਗਈ। ਪਹਿਲਾਂ ਲੋਕਾਂ ਨੂੰ ਕੁਝ ਦਿਨਾਂ ਦੇ ਲੱਗੇ ਕਰਫਿਊ ਕਾਰਨ ਖਾਸ ਔਖ ਨਾ ਹੋਈ, ਪਰ ਕਰਫਿਊ ਵਿੱਚ ਹੋਏ ਵਾਧੇ ਨੇ ਲੋਕਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ, ਕਿਉਂਕਿ ਉਨ੍ਹਾਂ ਨੂੰ ਅਜੇ ਕੁਝ ਸਮਾਂ ਹੋਰ ਘਰਾਂ ਵਿੱਚ ਰਹਿਣਾ ਪੈਣਾ ਸੀ।
ਨੌਕਰੀ ਸ਼ੁਦਾ ਜਾਂ ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਘਰਾਂ ਵਿੱਚ ਬੈਠਣਾ ਔਖਾ ਹੋ ਗਿਆ, ਪਰ ਇਸ ਦੌਰਾਨ ਘਰੇਲੂ ਔਰਤਾਂ ਨੂੰ ਬਹੁਤਾ ਫ਼ਰਕ ਨਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਘਰਾਂ 'ਚ ਰਹਿੰਦੀਆਂ ਨੇ, ਲੌਕਡਾਊਨ ਤਾਂ ਆਦਮੀਆਂ ਨੂੰ ਵੱਧ ਚੁਭਦਾ ਹੈ ਜਿਹੜੇ ਜ਼ਿਆਦਾ ਸਮਾਂ ਘਰਾਂ ਤੋਂ ਬਾਹਰ ਬਿਨਾਂ ਰੋਕ-ਟੋਕ ਤੋਂ ਘੁੰਮ ਫਿਰ ਸਕਦੇ ਹਨ।
ਇਹ ਗੱਲ ਕਾਫ਼ੀ ਹੱਦ ਤੱਕ ਸੱਚ ਵੀ ਹੈ ਕਿਉਂਕਿ ਕੁੜੀ ਦੇ ਜੰਮਣ ਤੋਂ ਹੀ ਉਸ 'ਤੇ ਪਾਬੰਦੀਆਂ ਲੱਗ ਜਾਂਦੀਆਂ ਹਨ। ਬਹੁਤੇ ਘਰਾਂ 'ਚ ਕੁੜੀਆਂ ਨੂੰ ਉਚੀ ਬੋਲਣ, ਹੱਸਣ, ਕਿਸੇ ਲੜਕੇ ਨਾਲ ਗੱਲ ਕਰਨ, ਬਾਹਰ ਜਾਣ 'ਤੇ ਪਾਬੰਦੀਆਂ ਲਾਈਆਂ ਹੁੰਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਬਚਪਨ ਤੋਂ ਹੀ ‘ਲੌਕਡਾਊਨ' ਵਿੱਚ ਰਹਿਣਾ ਸਿਖਾ ਦਿੱਤਾ ਜਾਂਦਾ ਹੈ। ਕਰਫਿਉੂ ਦੌਰਾਨ ਜਿਵੇਂ ਹਰ ਕਿਸੇ ਦੇ ਬਾਹਰ ਨਿਕਲਣ 'ਤੇ ਪਾਬੰਦੀ ਲਾਈ ਜਾਂਦੀ ਹੈ ਅਤੇ ਅੰਦਰ ਬੈਠਾ ਬੰਦਾ ਜਿਵੇਂ ਬੋਰ ਤੇ ਬੇਚੈਨ ਹੋ ਜਾਂਦਾ ਹੈ, ਕੁੜੀਆਂ, ਔਰਤਾਂ ਤਾਂ ਹਮੇਸ਼ਾ ਹੀ ਇੰਜ ਮਹਿਸੂਸ ਕਰਦੀਆਂ ਹਨ, ਪਰ ਕਿਸੇ ਦਾ ਧਿਆਨ ਉਨ੍ਹਾਂ ਵੱਲ ਘੱਟ ਜਾਂਦਾ ਹੈ ਕਿ ਉਹ ਕਿਵੇਂ ਬੰਦਸ਼ 'ਚ ਜਿਉਂ ਰਹੀਆਂ ਹਨ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਜਿਵੇਂ ਪੁਲਸ ਨੇ ਸਖ਼ਤੀ ਨਾਲ ਕਾਰਵਾਈ ਕੀਤੀ ਹੈ, ਇੰਨੀ ਕੁ ਸਖ਼ਤੀ ਤਾਂ ਘਰਾਂ 'ਚ ਆਮ ਹੀ ਔਰਤਾਂ 'ਤੇ ਹੁੰਦੀ ਹੈ।
ਉਂਜ ਕਰਫਿਊ ਵੀ ਔਰਤਾਂ 'ਤੇ ਭਾਰੂ ਹੀ ਪਿਆ ਕਿਉਂਕਿ ਇਸ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਖ਼ਾਸਾ ਵਾਧਾ ਹੋਇਆ। ਪੰਜਾਬ ਵਿੱਚ ਕਰਫਿਊ ਦੌਰਾਨ ਔਰਤਾਂ 'ਤੇ ਜ਼ੁਲਮਾਂ 'ਚ 21 ਫ਼ੀਸਦੀ ਵਾਧਾ ਹੋ ਗਿਆ। ਇਸ ਦੌਰਾਨ ਟੌਲ ਫਰੀ ਨੰਬਰ 112 ਉੱਤੇ ਰੋਜ਼ ਆਉਣ ਵਾਲੀਆਂ ਕਾਲਾਂ ਦੀ ਗਿਣਤੀ 'ਚ ਵਾਧਾ ਹੋਇਆ। ਇਸੇ ਕਾਰਨ ਪੁਲਸ ਨੂੰ ਅਜਿਹੇ ਕੇਸਾਂ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨੀ ਪਈ ਅਤੇ ਡੀ ਐਸ ਪੀਜ਼ ਨੂੰ ਔਰਤਾਂ ਵਿਰੁੱਧ ਜੁਰਮ ਬਾਰੇ ਰੋਜ਼ਾਨਾ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ।
ਕਰਫਿਊ ਦੌਰਾਨ ਹੀ ਪਿਛਲੇ ਮਹੀਨੇ ਪੰਜਾਬ ਦੇ ਸੌਲੀ ਪਿੰਡ ਵਿੱਚ ਅਣਖ ਖ਼ਾਤਰ ਲੜਕੀ ਨੂੰ ਕਤਲ ਕਰ ਦਿੱਤਾ ਗਿਆ ਤੇ ਕਈ ਥਾਈ ਵਿਆਹੁਤਾ ਕੁੜੀਆਂ ਦਾਜ ਦੀ ਬਲੀ ਚੜ੍ਹੀਆਂ। ਵਿਆਹੁਤਾ ਔਰਤਾਂ ਤੇ ਬੱਚੀਆਂ ਨਾਲ ਜਬਰ-ਜਨਾਹ ਦੀਆਂ ਵਾਰਦਾਤਾਂ ਵੀ ਆਮ ਹੁੰਦੀਆਂ ਰਹੀਆਂ। ਇਸ ਦੌਰਾਨ ਕੈਨੇਡਾ ਦੀਆਂ ਰਿਪੋਰਟਾਂ ਵੀ ਆਈਆਂ, ਜਿੱਥੇ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋਈਆਂ। ਫਿਰ ਪੰਜਾਬ ਸਰਕਾਰ ਨੇ ਠੇਕੇ ਖੋਲ੍ਹਣ ਦੀ ਖੁੱਲ੍ਹ ਦੇ ਕੇ ਔਰਤਾਂ ਨੂੰ ਫ਼ਿਕਰਾਂ 'ਚ ਪਾ ਦਿੱਤਾ ਕਿਉਂਕਿ ਜਿਹੜੇ ਬੰਦੇ ਸੋਫ਼ੀ ਉਨ੍ਹਾਂ ਨੂੰ ਮਾਰਨ ਤੋਂ ਗੁਰੇਜ਼ ਨਹੀਂ ਸਨ ਕਰਦੇ, ਉਹ ਅੱਗੋਂ ਕੀ ਕਰਨਗੇ, ਇਸ ਦਾ ਡਰ ਉਨ੍ਹਾਂ ਨੂੰ ਵੱਢ-ਵੱਢ ਖਾਂਦਾ ਸੀ। ਇਸ ਨਾਲ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ ਹੋਰ ਵਾਧਾ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਜ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਸਰਕਾਰ ਨੂੰ ਆਰਥਿਕ ਫ਼ਾਇਦਾ ਤਾਂ ਜ਼ਰੂਰ ਹੋਇਆ, ਪਰ ਇਸ ਨਾਲ ਘਰੇਲੂ ਮਾਹੌਲ ਵੀ ਵਿਗੜਿਆ।
ਅਸਲ ਵਿੱਚ ਮਹਾਂਮਾਰੀ ਹੋਵੇ ਜਾਂ ਆਮ ਹਾਲਾਤ ਸਾਡੇ ਸਮਾਜ ਵਿੱਚ ਔਰਤ ਦੀ ਦੁਰਦਸ਼ਾ ਹੀ ਹੁੰਦੀ ਆਈ ਹੈ, ਉਸ ਨਾਲ ਵਿਤਕਰਾ ਹੀ ਕੀਤਾ ਜਾਂਦਾ ਹੈ, ਪਰ ਕੋਰੋਨਾ ਨੇ ਸਭ ਨੂੰ ਇਕੋ ਤੱਕੜੀ ਤੋਲ ਦਿੱਤਾ ਹੈ। ਮਰਦ ਹੋਵੇ ਜਾਂ ਔਰਤ, ਇਹ ਕੋਈ ਵਿਤਕਰਾ ਨਹੀਂ ਕਰਦਾ। ਕਾਸ਼! ਕੋਰੋਨਾ ਵਾਇਰਸ ਵੱਲੋਂ ਸਿਖਾਏ ਗਏ ਸਬਕ ਨੂੰ ਮਰਦ ਪ੍ਰਧਾਨ ਸਮਾਜ ਸਮਝ ਪਾਵੇ ਤੇ ਹਾਲਾਤ ਠੀਕ ਹੋਣ 'ਤੇ ਔਰਤਾਂ ਦੇ ਹਾਲਾਤ ਵੀ ਸੁਧਰ ਜਾਣ, ਕਿਉਂਕਿ ਬੰਦਸ਼ ਵਿੱਚ ਰਹਿਣ, ਘਰ ਵਿੱਚ ਕੈਦ ਰਹਿਣ, ਬਾਹਰ ਨਾ ਘੁੰਮਣ-ਫਿਰਨ ਕਾਰਨ ਔਰਤਾਂ 'ਚ ਹੁੰਦੀ ਬੇਚੈਨੀ ਤੇ ਆਉਂਦੇ ਗੁੱਸੇ ਨੂੰ ਮਰਦ ਸਮਝ ਗਏ ਹੋਣਗੇ। ਇਸ ਮਾਹੌਲ ਦੌਰਾਨ ਔਰਤਾਂ 'ਤੇ ਹੱਥ ਚੁੱਕਣ ਦੀ ਥਾਂ ਉਨ੍ਹਾਂ ਨੂੰ ਸਮਝਣ, ਉਨ੍ਹਾਂ ਦੇ ਦਿਲ ਦੀਆਂ ਗੱਲਾਂ, ਰੀਝਾਂ, ਚਾਅ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸ਼ਾਇਦ ਲੌਕਡਾਊਨ ਮਗਰੋਂ ਸਾਰੇ (ਔਰਤਾਂ ਤੇ ਪੁਰਸ਼) ਖੁੱਲ੍ਹੀ ਫ਼ਿਜ਼ਾ ਵਿੱਚ ਸਾਹ ਲੈ ਸਕਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!