Welcome to Canadian Punjabi Post
Follow us on

24

September 2020
ਨਜਰਰੀਆ

ਖੱਦਰ ਦੇ ਕੱਪੜੇ ਬੁਣਨ ਵਾਲੀ ਕੁੰਭਲ

May 25, 2020 09:11 AM

-ਪਰਮਜੀਤ ਕੌਰ ਸਰਹਿੰਦ
ਖੱਡੀ ਤੋਂ ਬਿਨਾਂ ਖੱਦਰ ਦੇ ਕੱਪੜੇ ਬੁਣਨ ਦੀ ਕੁੰਭਲ ਵੀ ਹੁੰਦੀ ਹੈ। ਕੁੰਬਲ ਨੂੰ ਘਰ ਵਿੱਚ ਹੀ ਬਣਾਇਆ ਜਾਂਦਾ ਹੈ। ਇਸ ਲਈ ਤਿੰਨ ਸਵਾ ਕੁ ਤਿੰਨ ਫੁੱਟ ਡੂੰਘਾ ਤੇ ਚਾਰ ਸਵਾ ਚਾਰ ਫੁੱਟ ਵਿਆਸ ਦਾ ਗੋਲ ਟੋਆ ਪੁੱਟਿਆ ਜਾਂਦਾ ਹੈ। ਮੂਹਰਲੇ ਪਾਸੇ ਜ਼ਮੀਨ ਉੱਤੇ ਦੋ ਕਿੱਲੇ ਗੱਡੇ ਜਾਂਦੇ ਹਨ ਅਤੇ ਇਨ੍ਹਾਂ ਨਾਲ ਇੱਕ ਗੋਲ ਡੰਡਾ ਬੰਨ੍ਹਿਆ ਜਾਂਦਾ। ਇਸੇ ਪਾਸੇ ਜ਼ਮੀਨ ਦੇ ਪੱਧਰ ਤੋਂ ਜ਼ਰਾ ਥੱਲੇ ਕਰ ਕੇ ਬੌਣੇ ਦੇ ਬੈਠਣ ਦਾ ਜੁਗਾੜ ਕੀਤਾ ਹੁੰਦਾ ਹੈ। ਇਸ ਥਾਂ 'ਤੇ ਕੱਪੜੇ ਦੀ ਗੱਦੀ ਰੱਖੀ ਜਾਂਦੀ ਹੈ। ਨੀਵੀਂ ਥਾਂ ਬੈਠਣ ਨਾਲ ਬੁਣਿਆ ਜਾਣ ਵਾਲਾ ਕੱਪੜਾ ਕਾਰੀਗਰ ਦੇ ਮੂੰਹ ਸਾਹਮਣੇ ਭਾਵ ਬਰਾਬਰ ਆ ਜਾਂਦਾ ਹੈ। ਬੌਣੇ ਦੇ ਪੈਰੇ ਟੋਏ ਵਿੱਚ ਥੱਲੇ ਹੁੰਦੇ। ਕੁੰਭਲ ਲਈ ਵਰਤੇ ਜਾਂਦੇ ਸਾਮਾਨ ਵਿੱਚ ਹੱਥਾ, ਰੱਛ, ਨਲੀਆਂ, ਕਾਨੇ, ਨਲਕੀ, ਅਟੇਰਨ, ਊਰੀ ਤੇ ਕੂਚ ਸ਼ਾਮਲ ਹੁੰਦੇ ਸਨ। ਪਿੰਡ ਦੀਆਂ ਸੁਆਣੀਆਂ ਤੋਂ ਲਿਆਂਦਾ ਸੂਤ, ਖੱਦਰ ਲਈ ਇਕਹਿਰਾ, ਖੇਸ-ਖੇਸੀਆਂ ਅਤੇ ਦੋੜਿਆਂ ਲਈ ਦੂਹਰਾ ਕਰ ਕੇ ਵਰਤਿਆ ਜਾਂਦਾ। ਦੂਹਰੇ ਕੀਤੇ ਸੂਤ ਨੂੰ ਦਸ ਕੁ ਮੀਟਰ ਦੂਰੀ ਉੱਤੇ ਆਹਮੋ ਸਾਹਮਣੇ ਗੱਡੇ ਚਾਰ ਕਾਨਿਆਂ ਦੁਆਲੇ ਵਲਿਆ ਜਾਂਦਾ। ਮਿੱਟੀ ਦੀ ਵੱਡੀ ਕੁੰਡ ਵਿੱਚ ਗਰਮ ਪਾਣੀ ਪਾ ਕੇ ਆਟਾ ਘੋਲਿਆ ਜਾਂਦਾ ਤੇ ਸੂਤ ਨੂੰ ਕਾਨਿਆਂ ਉਤੇ ਲਪੇਟ ਕੇ ਉਸ ਘੋਲ ਵਿੱਚ ਡੁਬੋਇਆ ਜਾਂਦਾ। ਇਸ ਨੂੰ ‘ਪਾਣ’ ਦੇਣਾ ਕਿਹਾ ਜਾਂਦਾ।
ਪਾਣ ਦਿੱਤੇ ਸੂਤ ਨੂੰ ਫਿਰ ਖੁੱਲ੍ਹੀ ਥਾਂ ਮਜ਼ਬੂਤ ਕਿੱਲੇ ਆਹਮਣੇ-ਸਾਹਮਣੇ ਗੱਡ ਕੇ ਉਨ੍ਹਾਂ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ। ਉਸ ਤਣੇ ਹੋਏ ਸੂਤ ਉੱਤੇ ‘ਕੂਚ' ਫੇਰਿਆ ਜਾਂਦਾ। ਕੂਚ ਲੱਕੜ ਦੇ ਵੱਡੇ ਕੰਘੇ ਵਾਂਗ ਹੁੰਦਾ। ਕੂਚ ਫੇਰਨ ਲਈ ਬੋਣਾ ਜਾਂ ਪਰਵਾਰ ਦਾ ਹੋਰ ਕੋਈ ਜੀਅ ਸਾਰਾ ਦਿਨ ਖੜ੍ਹੀ ਲੱਤ ਇੱਕ ਸਿਰੇ ਤੋਂ ਦੂਜੇ ਤੱਕ ਵਾਰ-ਵਾਰ ਚੱਕਰ ਕੱਟਦੇ ਅਤੇ ਸੂਤ ਉੱਤੇ ਕੂਚ ਫੇਰਦੇ। ਇਸ ਤਰ੍ਹਾਂ ਸੂਤ ਜਲਦੀ ਸੁੱਕ ਜਾਂਦੀ ਅਤੇ ਆਪਸ ਵਿੱਚ ਨਾ ਉਲਝਦਾ। ਇਸ ਸੂਤ ਨੂੰ ਮੋਟੇ ਗੋਲ ਡੰਡੇ ਉਤੇ ਲਪੇਟਿਆਂ ਜਾਂਦਾ। ਕੁੰਭਲ ਦੇ ਦੂਜੇ ਪਾਸੇ ਦੋਵੇਂ ਸਿਰਿਆਂ ਉੱਤੇ ਦੋ ਕਿੱਲੇ ਗੱਡੇ ਜਾਂਦੇ। ਤਾਣੇ ਵਾਲਾ ਡੰਡਾ ਰੱਸੀਆਂ ਨਾਲ ਕਿੱਲਿਆਂ ਨੂੰ ਬੰਨ੍ਹ ਦਿੱਤਾ ਜਾਂਦਾ। ਇਸ ਪਿੱਛੋਂ ਤਾਣੇ ਵਾਲੇ ਡੰਡੇ ਵਿੱਚੋਂ ਧਾਗਾ ਕੱਢ ਕੇ ਇਹ ਡੋਰਾਂ ਰੱਛ ਵਿੱਚੋਂ ਲੰਘਾਈਆਂ ਜਾਂਦੀਆਂ, ਫਿਰ ਹੱਥੇ ਵਿੱਚੋਂ ਲੰਘਦੀਆਂ ਤੇ ਤਾਣਾ ਤਣਿਆ ਜਾਂਦਾ। ਰੱਛ ਨੂੰ ਘਰ ਦੀ ਛੱਤ ਦੇ ਬਾਲੇ ਜਾਂ ਲਟੈਣ ਨਾਲ ਰੱਸਾ ਪਾ ਕੇ ਬੰਨ੍ਹਿਆ ਜਾਂਦਾ। ਖੱਡੀ ਵਾਂਗ ਹੀ ਕੁੰਭਲ ਵਿੱਚ ਰੱਛ ਦੇ ਪੈੜੇ ਹੁੰਦੇ ਤੇ ਇਹ ਵੀ ਪੈਰਾਂ ਨਾਲ ਦੱਬੇ-ਛੱਡੇ ਜਾਂਦੇ, ਇਨ੍ਹਾਂ ਨਾਲ ਤਾਣਾ ਉਪਰ-ਹੇਠਾਂ ਹੁੰਦਾ।
ਤਾਣਾ ਤਣਨ ਤੋਂ ਬਾਅਦ ‘ਨਲਕੀ' ਵਿੱਚ ਧਾਗੇ ਦੀ ਗੁੱਟੀ ਜਾਂ ਰੀਲ੍ਹ ਪਾਈ ਜਾਂਦੀ। ਇਹ ਨਲਕੀ ਵੀ ਖੱਡੀ ਦੇ ‘ਸ਼ਟਲ’ ਵਰਗੀ ਕਾਮੀ ਹੁੰਦੀ। ਲੱਕੜ ਦੀ ਨਿੱਕੀ ਜਿਹੀ ਕਿਸ਼ਤੀ ਵਰਗੀ ਨਲਕੀ ਵਿੱਚ ਅੰਦਰ ਫਿੱਟ ਕੀਤੀ ਛੋਟੀ ਲੋਹੇ ਦੀ ਰਾਡ 'ਤੇ ਨਲਕੀ ਵਿੱਚ ਕਈ ਵਾਰ ਖੰਭ ਦਾ ਡੱਕਾ ਅੜਾ ਲਿਆ ਜਾਂਦਾ ਸੀ। ਧਾਗਾ ਚੜ੍ਹਾ ਦਿੱਤਾ ਜਾਂਦਾ ਤੇ ਇੱਕ ਸਿਰਾ ਬਾਹਰ ਕੱਢ ਲਿਆ ਜਾਂਦਾ। ਸ਼ਟਲ ਤੇ ਨਲਕੀ ਸ਼ਕਲ ਤਾਂ ਕਾਫੀ ਮਿਲਦੀ ਹੁੰਦੀ, ਪਰ ਇਹ ਹੱਥ ਨਾਲ ਤਾਣੇ ਵਿੱਚੋਂ ਲੰਘਾਈ ਜਾਂਦੀ। ਦਰੀਆਂ ਬੁਣਨ ਵਾਂਗ ਇਹ ਖੱਬਿਓਂ ਸੱਜੇ ਪਾਸੇ ਤੇ ਸੱਜਿਓਂ ਖੱਬੇ ਪਾਸੇ ਵੱਲ ਲਿਜਾਈ ਜਾਂਦੀ। ਧਾਗਾ ਭਾਵ ਸੂਤ ਦਾ ‘ਪੇਟਾ’ ਜਾਂ ਬਾਣਾ ਪਾਉਂਦੀ ਇਹ ਨਲਕੀ ਬੁਣਨ ਵਾਲੀ ਛੁਹਲੀ ਸੁਆਣੀ ਦੇ ਹੱਥ ਨਾਲ ਤਾਣੇ ਵਿੱਚ ਭੱਜੀ ਫਿਰਦੀ।
ਕੁੰਭਲ ਉੱਤੇ ਕੰਮ ਆਮ ਤੌਰ 'ਤੇ ਘਰ ਦੀਆਂ ਔਰਤਾਂ ਕਰਦੀਆਂ, ਜੋ ਰਾਤ ਬਰਾਤੇ ਵੀ ਲੱਗੀਆਂ ਰਹਿੰਦੀਆਂ। ਮਰਦ ਵੀ ਉਨ੍ਹਾਂ ਦਾ ਪੂਰਾ ਹੱਥ ਵਟਾਉਂਦੇ। ਪੇਟੇ ਨੂੰ ਠੋਕਣ ਲਈ ਹੱਥਾ ਵਰਤਿਆ ਜਾਂਦਾ। ਹੱਥੇ ਨੂੰ ਹੱਥ ਵਿੱਚ ਫੜ ਕੇ ਪੇਟੇ ਨੂੰ ਅੰਦਰ ਵੱਲ ਠੋਕਿਆ ਜਾਂਦਾ। ਤਾਣਾ ਇਕੱਠਾ ਹੋਣ ਜਾਂ ਸੁੰਗੜਨ ਤੋਂ ਬਚਾਉਣ ਲਈ ਇਸ ਵਿੱਚ ਪਣਖ ਪਾਈ ਜਾਂਦੀ। ਇਹ ਲੱਕੜ ਦੀ ਫੱਟੀ ਹੀ ਹੁੰਦੀ। ਜਿਉਂ ਜਿਉਂ ਕੱਪੜਾ ਬੁਣਿਆ ਜਾਂਦਾ, ਤਾਣਾ ਉਧੜਦਾ ਜਾਂਦਾ ਤੇ ਬੁਣੇ ਕੱਪੜੇ ਨੂੰ ਖਰਖਰ ਨਾਲ ਲਪੇਟਿਆ ਜਾਂਦਾ। ਲੋੜ ਅਨੁਸਾਰ ਬਣ ਚੁੱਕੇ ਕੱਪੜੇ ਨੂੰ ਉਤਾਰਨ ਤੋਂ ਪਹਿਲਾਂ ਦੂਜੇ ਸਿਰੇ ਦੇ ਡੰਡੇ ਵੱਲ ਆ ਰਿਹਾ ਤਾਣਾ ਕੱਪੜੇ ਦੇ ਨੇੜਿਓਂ ਕੱਟ ਦਿੱਤਾ ਜਾਂਦਾ। ਬਣਿਆ ਹੋਇਆ ਕੱਪੜਾ ਕਿੱਲਿਆਂ ਨਾਲੋਂ ਖਰਖਰ ਖੋਲ੍ਹ ਕੇ ਉਸ ਤੋਂ ਉਤਾਰ ਲਿਆ ਜਾਂਦਾ। ਇਹ ਮਿਹਨਤੀ ਜਿਊੜੇ ਦਿਨ ਰਾਤ ਮਿਹਨਤ ਕਰ ਕੇ ਖੱਦਰ ਦੇ ਕੱਪੜੇ ਬੁਣਦੇ ਕਈ ਜਿਮੀਂਦਾਰ ਪਰਵਾਰਾਂ ਦੇ ਘਰਾਂ ਵਿੱਚ ਵੀ ਖੱਡੀ ਦਾ ਕੰਮ ਕੀਤਾ ਜਾਂਦਾ। ਘਰ ਦੀਆਂ ਕੁੜੀਆਂ-ਕੱਤਰੀਆਂ ਜਾਂ ਔਰਤਾਂ ਘਰੇਲੂ ਲੋੜ ਲਈ ਖੱਦਰ ਤੇ ਛੋਟੀਆਂ ਪਤਲੀਆਂ ਚੱਦਰਾਂ ਜੋ ਡੱਬੀਦਾਰ ਖੇਸ ਵਾਂਘ ਹੁੰਦੀਆਂ ਆਪੇ ਬੁਣ ਲੈਂਦੀਆਂ। ਖੱਦਰ ਦੇ ਟੋਟੇ ਨੂੰ ਰੇਜਾ ਵੀ ਕਿਹਾ ਜਾਂਦਾ। ਇਹ ਰੇਜੇ ਕਿਸੇ ਮਹਿਮਾਨ ਨੂੰ ਮਾਣ ਵਜੋਂ ਵੀ ਦਿੱਤੇ ਜਾਂਦੇ, ਜਿਵੇਂ ਅਜੋਕੇ ਸਮੇਂ ਕੰਬਲ ਜਾਂ ਲੋਈਆਂ ਦਿੱਤੀਆਂ ਜਾਂਦੀਆਂ ਹਨ।
ਘਰਾਂ ਵਿਚ ਇਹ ਕੰਮ ਸ਼ੌਕੀਆ ਵੀ ਕੀਤਾ ਜਾਂਦਾ ਸੀ, ਪਰ ਬੌਣੇ ਆਪਣੀ ਰੋਜ਼ੀ ਰੋਟੀ ਲਈ ਮਿਹਨਤ-ਮੁਸ਼ੱਕਤ ਕਰਦੇ ਹਨ। ਇਹ ਲੋਕ ਵੀ ਉਨ੍ਹਾਂ ਸਮਿਆਂ ਵਿੱਚ ਆਪਣੀ ਕਿਰਤ ਦਾ ਮੁੱਲ ਦਾਣਿਆਂ ਵਿੱਚ ਹੀ ਲੈਂਦੇ। ਬੁਣੇ ਹੋਏ ਕੱਪੜੇ ਦੇ ਬਰਾਬਰ ਅਨਾਜ ਤੋਲ ਕੇ ਦਿੱਤਾ ਜਾਂਦਾ ਅਤੇ ਨਾਲ ਇੱਕ ਨਗ ਦੀ ਪੰਜ ਰੁਪਏ ਬੁਣਾਈ ਦਿੱਤੀ ਜਾਂਦੀ। ਇਹ ਮਿਹਨਤਾਨਾ ਉਨ੍ਹਾਂ ਦੀ ਕਰੜੀ ਘਾਲਣਾ ਮੁਤਾਬਕ ਭਾਵੇਂ ਘੱਟ ਹੀ ਹੁੰਦਾ, ਪਰ ਉਹ ਇਸੇ ਵਿੱਚ ਖੁਸ਼ ਹੁੰਦੇ।
ਅਜੋਕੇ ਸਮੇਂ ਇਹ ਕੁੰਭਲਾਂ ਤੇ ਖੱਡੀਆਂ ਭਾਲਿਆਂ ਨਹੀਂ ਲੱਭਦੀਆਂ, ਪਰ ਇਹ ਸਾਡੀ ਵਿਰਾਸਤ ਦਾ ਸੁੰਦਰ ਨਮੂਨਾ ਹਨ ਤੇ ਇਨ੍ਹਾਂ ਦੀ ਬਣਤਰ ਨਾਲ ਹੀ ਅੱਗੋਂ ਮਸ਼ੀਨਾਂ ਬਣੀਆਂ। ਅੱਜ ਭਾਵੇਂ ਖੇਸ-ਖੇਸੀਆਂ ਅਤੇ ਹੋਰ ਸੂਤੀ ਕੱਪੜਾ ਜਾਂ ਖੱਦਰ ਮਸ਼ੀਨਾਂ ਉੱਤੇ ਬਣਦਾ ਹੈ, ਪਰ ਇਸ ਦੀ ਮੰਗ ਅਜੇ ਵੀ ਹੈ। ਸਰਕਾਰ ਦੇ ਬਣਾਏ ਖਾਦੀ ਭੰਡਾਰਾਂ ਵਿੱਚੋਂ ਪਿੰਡਾਂ ਦੇ ਲੋਕ ਅਜੇ ਵੀ ਖੱਦਰ ਜਾਂ ਸੂਤੀ ਕੱਪੜਾ ਲੈਂਦੇ ਹਨ। ਮਿਹਨਤ ਕਰਦੀਆਂ ਪੇਂਡੂ ਔਰਤਾਂ ਸੂਤ ਕੱਤ ਕੇ ਖਾਦੀ ਭੰਡਾਰ ਵਿੱਚ ਬਣਵਾਈ ਦੇ ਕੇ ਲੋੜ ਦਾ ਕੋਈ ਖੇਸ-ਚੱਦਰ ਜਾਂ ਰਜਾਈਆਂ ਦੇ ਚੰਦੇ ਤੇ ਅੰਦਰੋੜ ਵਗੈਰਾ ਲੈ ਲੈਂਦੀਆਂ ਹਨ। ਇਨ੍ਹਾਂ ਖਾਦੀ ਭੰਡਾਰਾਂ ਵਿੱਚ ਦਰੀਆਂ ਵੀ ਮਿਲ ਜਾਂਦੀਆਂ ਹਨ, ਪਰ ਜੋ ਠੁੱਕ ਉਨ੍ਹਾਂ ਹੱਥੀਂ ਬੁਣੇ ਖੇਸ ਖੇਸੀਆਂ ਜਾਂ ਦੋੜਿਆਂ ਦੀ ਹੁੰਦੀ ਸੀ, ਉਹ ਇਨ੍ਹਾਂ ਮਸ਼ੀਨਾਂ ਕੱਪੜਿਆਂ ਦੀ ਨਹੀਂ ਹੁੰਦੀ।
ਅੱਜ ਇਨ੍ਹਾਂ ਕਿਰਤੀਆਂ ਨੇ ਜੱਦੀ ਪੁਸ਼ਤੈਨੀ ਕਿੱਤਾ ਛੱਡ ਦਿੱਤਾ ਹੈ। ਕੋਈ ਵਿਰਲਾ ਹੀ ਇਹ ਔਖਾ ਕੰਮ ਕਰਦਾ ਹੈ। ਇਹ ਲੋਕ ਪੜ੍ਹ ਲਿਖ ਕੇ ਹਰ ਖੇਤਰ ਵਿੱਚ ਚੰਗੇ ਅਹੁਦਿਆਂ 'ਤੇ ਹਨ, ਪਰ ਜਿਨ੍ਹਾਂ ਨੇ ਖੱਡੀਆਂ-ਕੁੰਭਲਾਂ ਉੱਤੇ ਰਾਤਾਂ ਜਾਗ ਕੇ ਮਿਹਨਤਾਂ ਕੀਤੀਆਂ ਹਨ, ਉਹ ਅਜੇ ਵੀ ਗੱਲਾਂ ਕਰਦਿਆਂ ਉਨ੍ਹਾਂ ਪਲਾਂ ਨੂੰ ਚੇਤੇ ਕਰ ਕੇ ਉਦਾਸ ਹੁੰਦੇ ਹਨ ਜਿਨ੍ਹਾਂ ਵਿੱਚ ਅੱਜ ਦੇ ਸਮੇਂ ਵਰਗੀ ਕਾਹਲ ਨਹੀਂ ਸੀ। ਉਹ ਥੋੜੀ ਵਿੱਚ ਗੁਜ਼ਾਰਾ ਕਰਦੇ ਵੀ ਖੁਸ਼ ਸਨ, ਪਰ ਅੱਜ ਵੱਧ ਕਮਾਉਂਦੇ ਵੀ ਤਣਾਅ ਵਿੱਚ ਰਹਿੰਦੇ ਹਨ। ਇਹ ਗੱਲ ਸੋਚਣੀ ਬਣਦੀ ਹੈ ਕਿ ਇੱਕੀਵੀਂ ਸਦੀ ਵਿੱਚ ਕੁੰਭਲਾਂ-ਖੱਡੀਆਂ ਉੱਤੇ ਖੇਸ-ਖੱਦਰ ਬੁਣ ਕੇ ਗੁਜ਼ਾਰਾ ਨਹੀਂ ਹੈ, ਅੱਜ ਲੋਕ ਚੰਨ ਉੱਤੇ ਪੁੱਜ ਚੁੱਕੇ ਹਨ। ਅੱਜ ਅੰਦਰ ਟੋਏ ਪੁੱਟ ਕੇ ਜਾਂ ਖੱਡੀਆਂ ਬਣਾ ਕੇ ਖੱਦਰ ਬੁਣਨ ਦਾ ਸਮਾਂ ਨਹੀਂ, ਬਲਕਿ ਵੱਡੀਆਂ-ਵੱਡੀਆਂ ਮਿੱਲਾਂ ਵਿੱਚ ਅੰਬਰ ਛੂੰਹਦੀਆਂ ਚਿਮਨੀਆਂ ਵਾਲੀਆਂ ਇਮਾਰਤਾਂ ਵਿੱਚ ਤੀਹ ਗਜ਼ ਦੇ ਕੋਰੇ ਬਣਨ ਦਾ ਨਹੀਂ ਹਜ਼ਾਰਾਂ ਗਜ਼ ਕੱਪੜਾ ਰੋਜ਼ ਤਿਆਰ ਕਰਨ ਵਾਲਾ ਆਧੁਨਿਕ ਸਮਾਂ ਹੈ, ਪਰ ਖੱਡੀਆਂ-ਕੰੁਭਲਾਂ ਦੀ ਕੁੱਖੋਂ ਹੀ ਇਹ ਮਿੱਲਾਂ ਜਨਮੀਆਂ ਹਨ, ਸੋ ਉਨ੍ਹਾਂ ਨੂ ਵੀ ਚੇਤੇ ਕਰਨਾ ਬਣਦਾ ਹੈ।

Have something to say? Post your comment