Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਕੋਰੋਨਾ ਮਹਾਮਾਰੀ ਵਿੱਚ ਵੀ ਚੜ੍ਹਦੀ ਕਲਾ

May 22, 2020 10:12 AM

-ਰਣਜੀਤ ਧੀਰ
ਸੰਨ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਮਾਨਵਤਾ ਨੂੰ ਇੱਕ ਅਦੁੱਤੀ ਤੋਹਫਾ ਬਖਸ਼ਿਆ, ‘ਚੜ੍ਹਦੀ ਕਲਾ’ ਦਾ ਤੋਹਫਾ। ਬੰਦਾ ਵੱਢਿਆ, ਟੁੱਕਿਆ, ਡਿੱਗਿਆ ਪਿਆ ਹੋਵੇ, ਪਰ ਕੋਈ ਪੁੱਛੇ, ਭਾਈ ਕੀ ਹਾਲ ਐ, ਤਾਂ ਕਹੇ ‘ਚੜ੍ਹਦੀ ਕਲਾ’। ਗੁਰਮ ਨਾਲ ਫੋਨ 'ਤੇ ਗੱਲ ਹੋ ਰਹੀ ਸੀ। ਕਹਿੰਦਾ, ‘ਬਾਈ! ਚੜ੍ਹਦੀ ਕਲਾ ਵਾਲੀ ਗੱਲ ਤਾਂ ਠੀਕ ਹੈ, ਪਰ ਮਨ ਜਿਵੇਂ ਖੜਦਾ ਨਹੀਂ।’ ਮੁਸ਼ਕਲ ਹੈ ਕਿ ਅਜੋਕੇ ਮਨੁੱਖ ਨੂੰ ਕਿਸੇ ਗੱਲ 'ਤੇ ਵਿਸ਼ਵਾਸ ਨਹੀਂ ਰਿਹਾ, ਜਿਸ ਤੋਂ ਬਿਨਾਂ ਏਦਾਂ ਦੇ ਗੁਣ ਤੁਹਾਡੀ ਸ਼ਖਸੀਅਤ ਵਿੱਚ ਉੱਗਦੇ ਨਹੀਂ। ਵਿਸ਼ਵਾਸ ਬੰਦੇ ਨੂੰ ਤਕਲੀਫ ਝੱਲਣ ਦਾ ਬਲ ਦਿੰਦਾ ਹੈ, ਪਰ ਅਜੋਕੇ ਮਨੁੱਖ ਦਾ ਮਨ ਅੰਦਰੋਂ ਸੁੱਕਿਆ ਪਿਆ ਹੈ, ਆਪਣੇ ਆਪ ਅਤੇ ਆਪਣੇ ਚੌਗਿਰਦੇ ਤੋਂ ਟੁੱਟਿਆ ਹੋਇਆ ਹੈ।
ਓਸ਼ੋ ਕਹਿੰਦੈ, ‘ਵਿਗਿਆਨ ਤੇ ਤਰਕ ਨੇ ਮਨੁੱਖ ਦੇ ਮਨ ਨੂੰ ਰੇਗਿਸਤਾਨ ਬਣਾ ਦਿੱਤੈ, ਪਰ ਮਸਲਾ ਧਾਰਮਿਕਤਾ ਦਾ ਨਹੀਂ, ਸਗੋਂ ਮਨੋਵਿਗਿਆਨ, ਮਨੋਬਲ ਅਤੇ ਮਾਨਸਿਕਤਾ ਦਾ ਹੈ।’ ਗੁਰਮ ਕਹਿੰਦਾ ਹੈ, ‘ਯਾਰ ਬੰਦਾ ਕੀ ਕਰੇ? ਚੌਵੀ ਘੰਟੇ ਮੌਤ ਦੀਆਂ ਖਬਰਾਂ ਐਥੇ, ਇੰਡੀਆ ਅਤੇ ਅਮਰੀਕਾ ਵਿੱਚ। ਕੋਈ ਅਖਬਰ ਕੋਈ ਰੇਡੀਓ, ਟੀ ਵੀ ਚੈਨਲ ਦੇਖ ਲਓ, ਹਰ ਪਾਸੇ ਕੋਰੋਨਾ ਹੀ ਕੋਰੋਨਾ ਹੈ। ਯਾਰ, ਮੈਨੂੰ ਐਨਾ ਡਰ ਕਦੇ ਨਹੀਂ ਲੱਗਿਆ। ਤੈਨੂੰ ਡਰ ਨਹੀਂ ਲੱਗਦੈ?’ ਮੈਂ ਕਿਹਾ, ‘ਡਰ ਤਾਂ ਹਰ ਬੰਦੇ ਨੂੰ ਲੱਗਦੈ ਤੇ ਮੈਨੂੰ ਵੀ, ਪਰ ਡਰ ਤੋਂ ਭੱਜਣਾ ਹੱਲ ਨਹੀਂ। ਡਰ ਨੂੰ ਫੋਲਣਾ ਪੈਂਦਾ ਹੈ। ਯਾਦ ਹੈ ਜਦ ਬਾਬੇ ਨਾਨਕ ਨੇ ਕਿਹਾ ਸੀ ਕਿ ਮਰਦਾਨਿਆ ਜਿਹੜੀ ਚੀਜ਼ ਤੋਂ ਡਰ ਲੱਗਦੈ, ਉਹਨੂੰ ਸੁੱਟ ਦੇ ਅਤੇ ਸੌਂਅ ਜਾ, ਆਪੇ ਨੀਂਦ ਆ ਜੂ।’ ਕੋਰੋਨੇ ਦੀ ਮਹਾਮਾਰੀ ਵਿੱਚ ਕੋਈ ਅਲੋਕਾਰ ਭੇਦ ਨਹੀਂ, ਜੀਹਦੀ ਸਮਝ ਨਾ ਆਉਂਦੀ ਹੋਵੇ। ਸਾਰਾ ਮਾਜਰਾ ਪਦਾਰਥੀ-ਭੌਤਿਕੀ ਹੈ, ਕਿਸੇ ਗੈਬੀ ਸ਼ਕਤੀ ਦਾ ਸਰਾਪ ਨਹੀਂ। ਕੁਦਰਤ ਤੇ ਮਾਨਵਤਾ ਵਿਚਾਲੇ ਸੰਤੁਲਨ ਦਾ ਵਿਗਾੜ ਹੈ। ਮਨੁੱਖੀ ਇਤਿਹਾਸ ਵਿੱਚ ਇਹ ਸੰਤੁਲਨ ਵਿਗੜਦਾ-ਬਣਦਾ ਰਿਹਾ ਹੈ, ਪਰ ਜਦ ਤੱਕ ਦੁਬਾਰਾ ਸੰਤੁਲਨ ਬਣਦੈ, ਉਦੋਂ ਤੀਕ ਹਜ਼ਾਰਾਂ ਲੱਖਾਂ ਬੰਦੇ ਮਾਰੇ ਜਾਂਦੇ ਹਨ। ਪੁਰਾਤਨ ਯੂਨਾਨ ਵਿੱਚ ਈਸਾ ਤੋਂ 430 ਸਾਲ ਪਹਿਲਾਂ ਦੀ ਮਹਾਮਾਰੀ ਤੋਂ ਲੈ ਕੇ ਯੂਰਪ ਵਿੱਚ 14ਵੀਂ ਸਦੀ ਦੀ ਪਲੇਗ, 1817 ਵਿੱਚ ਰੂਸ ਤੋਂ ਭਾਰਤ ਆਇਆ ਹੈਜ਼ਾ, 1918 ਦਾ ਸਪੈਨਿਸ਼ ਫਲੂ ਸਭ ਇਸੇ ਦੀਆਂ ਮਿਸਾਲਾਂ ਹਨ।
ਸਪੇਨ ਵਾਲੇ ਫਲੂ ਕਾਰਨ ਦੁਨੀਆ ਭਰ ਵਿੱਚ ਪੰਜ ਕਰੋੜ ਵਿਅਕਤੀ ਮਾਰੇ ਗਏ ਸਨ। ਪੰਦਰਵੀਂ ਸਦੀ `ਚ ਸਪੇਨੀ ਸਾਮਰਾਜੀ ਫੌਜੀ ਚੇਚਕ ਅਤੇ ਮਲੇਰੀਆ ਨਾਲ ਵੱਡੀ ਗਿਣਤੀ ਵਿੱਚ ਮੌਤ ਦੇ ਮੂੰਹ ਵਿੱਚ ਜਾ ਪਏ ਸਨ। ਦੱਖਣੀ ਅਮਰੀਕਾ ਦੇ ‘ਇੰਕਾ’ ਅਤੇ ‘ਮਾਇਆਨ’ ਸਾਮਰਾਜਾਂ ਦੇ ਨੱਬੇ ਫੀਸਦੀ ਸ਼ਹਿਰੀ ਮਾਰੇ ਗਏ ਤੇ ਇਹ ਸਭਿਆਤਾਵਾਂ ਖਤਮ ਹੋ ਗਈਆਂ ਸਨ। ਪਿਛਲੀਆਂ ਮਹਾਮਾਰੀਆਂ ਵਾਂਗ ਕੋਰੋਨਾ ਵੀ ਆਪਣਾ ਮੁੱਲ ਵਸੂਲ ਕੇ ਜਾਵੇਗਾ। ਅਸੀਂ ਹਨੇਰੇ ਤੋਂ ਡਰਦੇ ਹਾਂ। ਥਾਣੇਦਾਰ ਤੋਂ ਲੈ ਕੇ ਹਰ ਉਸ ਹਾਕਮ ਤੋਂ ਡਰਦੇ ਹਾਂ, ਜੀਹਦੇ ਮੂਹਰੇ ਕੋਈ ਵਾਹ ਨਾ ਜਾਂਦੀ ਹੋਵੇ।
ਭਿਆਨਕ ਅੱਗਾਂ, ਹੜ੍ਹਾਂ ਅਤੇ ਕੁਦਰਤ ਦੇ ਹੋਰ ਕਹਿਰਾਂ ਤੋਂ ਡਰਦੇ ਹਾਂ, ਜਿਨ੍ਹਾਂ ਦੇ ਮੂਹਰੇ ਅਸੀਂ ਲਾਚਾਰ ਹੋਏ ਰੱਬ ਤੋਂ ਖੈਰਾਂ ਮੰਗਣ ਲੱਗਦੇ ਹਾਂ। ਤਾਹੀਓਂ ਕਾਰਲ ਮਾਰਕਸ ਨੇ ਕਿਹਾ ਸੀ ਕਿ ਪਰਮੇਸ਼ਵਰ ਲਾਚਾਰ, ਬੇਵੱਸ ਤੇ ਡਿੱਗੇ ਬੰਦਾ ਦਾ ਹਉਕਾ ਬਣ ਕੇ ਬਹੁੜਦੈ। ਪੁਰਾਤਨ ਰੋਮਨ ਦਾਨਿਸ਼ਵਰ ਸੈਨਿਕਾਂ ਦਾ ਮਤ ਹੈ ਕਿ ਬੰਦਾ ਦੁੱਖ-ਤਕਲੀਫਾਂ ਝੱਲਣ ਦੇ ਕਾਬਲ ਤਦੇ ਬਣਦੈ, ਜੇ ਉਹ ਕੁਦਰਤ ਦਾ ਨੇਮ ਸਮਝੇ ਕਿ ਦੁੱਖ ਮਨੁੱਖੀ ਜੀਵਨ ਦਾ ਹਿੱਸਾ ਹਨ। ਕੁਦਰਤ ਦੇ ਨੇਮ ਦਾ ਅਹਿਸਾਸ ਆਪਣੇ ਨਾਲ ਸੰਵਾਦ ਰਚਾਉਣ 'ਚੋਂ ਪੈਦਾ ਹੂੰਦਾ ਹੈ, ਜਿਸ ਨਾਲ ਮਨ ਸਹਿਜ ਹੁੰਦੈ। ਇਸ ਲਈ ਆਪਣੇ ਅੰਦਰ ਵੜ ਕੇ ਆਪੇ ਹੀ ਡਰ ਦੀ ਗੰਢ ਖੋਲ੍ਹੋ। ਗੁਰਮ ਆਪਣੇੇ ਪਰਵਾਰ ਨਾਲ ਰਹਿੰਦੈ, ਪਰ ਈਲਿੰਗ ਵਿੱਚ ਤਕਰੀਬਨ ਪੰਜ ਹਜ਼ਾਰ ਬਿਰਧ ਇਹੋ ਜਿਹੇ ਹਨ, ਜਿਹੜੇ ਬਿਮਾਰ ਹਨ ਤੇ ਘਰੇ ਇਕੱਲੇ ਰਹਿੰਦੇ ਹਨ। ਵਰ੍ਹੇ-ਛਿਮਾਹੀ ਕ੍ਰਿਸਮਸ ਵੇਲੇ ਉਨ੍ਹਾਂ ਦੇ ਬੱਚਿਆਂ ਦਾ ਕਾਰਡ ਜਾਂ ਫੋਨ ਆ ਜਾਂਦਾ ਹੈ। ਬਾਕੀ ਸਭ ਦੁੱਖ-ਸੁੱਖ ਇਕੱਲੇ ਭੋਗਦੇ ਹਨ। ਉਨ੍ਹਾਂ ਵਾਸਤੇ ਇਥੇ ‘ਬੀ ਫਰੈਂਡ’ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਹਨ, ਜਿਹੜੀਆਂ ਉਨ੍ਹਾਂ ਨੂੰ ਫੋਨ ਕਰਦੀਆਂ ਹਨ। ਉਨ੍ਹਾਂ ਨੂੰ ਘਰੇ ਜਾ ਕੇ ਧਰਵਾਸਾ ਦਿੰਦੀਆਂ ਹਨ। ਰੋਟੀ-ਪਾਣੀ, ਦਵਾਈਆਂ ਸਭ ਉਨ੍ਹਾਂ ਦੇ ਘਰੀਂ ਪਹੁੰਚਾਉਂਦੀਆਂ ਹਨ।
ਸਾਰੇ ਮੁਲਕ ਵਿੱਚ ਲੱਖਾਂ ਵਲੰਟੀਅਰ ਇਸ ਪਈ ਭੀੜ ਮੌਕੇ ਲੋਕ ਭਲਾਈ ਦਾ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਸਾਊਥਾਲ ਲਾਗਲੇ ਹੇਅਜ਼ ਸ਼ਹਿਰ ਦਾ ਇੱਕ ਭਾਰਤੀ ਕੌਂਸਲਰ ਜਗਜੀਤ ਸਿੰਘ ਵੀ ਹੈ। ਉਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾ ਕੇ ‘ਮੈਰਾਥਨ’ ਵਿੱਚ ਨਾਮਣਾ ਖੱਟ ਚੁੱਕਾ ਹੈ। ਨੌਕਰੀ ਮਗਰੋਂ ਸ਼ਾਮ ਨੂੰ ਅਤੇ ‘ਵੀਕਐਂਡ’ ਉੱਤੇ ਲੋਕਾਂ ਦੇ ਘਰੀਂ ਫੂਡ ਪਾਰਸਲ ਅਤੇ ਦਵਾਈਆਂ ਪਹੁੰਚਾਉਂਦੈ। ਜਗਜੀਤ ਵਰਗੇ ਇਹ ਵਲੰਟੀਅਰ ਮੈਨੂੰ ਭਾਈ ਘਨ੍ਹਈਆ ਦੇ ਪੈਰੋਕਾਰ ਹੀ ਲੱਗਦੇ ਹਨ। ਮੈਂ ਗੁਰਮ ਨੂੰ ਕਿਹਾ ਕਿ ਤੂੰ ਹਾਲੇ ਪੰਜਾਹਾਂ ਤੋਂ ਘੱਟ ਏਂ। ਵਲੰਟੀਅਰ ਬਣ ਜਾ। ਲੋੜਵੰਦਾਂ ਦੀ ਸੇਵਾ ਕਰੇਂ ਤਾਂ ਆਪਣਾ ਡਰ ਭੁੱਲ ਜੂ। ਨਾਲ ਦੀ ਨਾਲ ਹੋਰ ਕੰਮਾਂ ਵਿੱਚ ਰੁੱਝ ਜਾ। ਸੋਸ਼ਲ ਮੀਡੀਆ ਤੇ ਖਬਰਾਂ ਤੋਂ ਬਿਨਾਂ ਟੈਲੀਵਿਜ਼ਨ ਵੇਖਣਾ ਬੇਸ਼ੱਕ ਬੰਦ ਕਰ ਦਿਓ। ਘਰ ਦੇ ਕੰਮਾਂ ਵਾਲੇ ਪਤਨੀ ਦੇ ਅਗਲੇ-ਪਿਛਲੇ ਉਲਾਂਭੇ ਲਾਹ ਦੇ। ਬਗੀਚੇ ਵਿੱਚ ਸਮੇਤ ਪਰਵਾਰ ਕਸਰਤ ਕਰੋ। ਬੱਚਿਆਂ ਨਾਲ ਖੇਡਾਂ ਖੇਡੋ। ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਵਿੱਚ ਮਦਦ ਕਰੋ। ਆਪ ਅਖਬਾਰ, ਕਿਤਾਬਾਂ ਪੜ੍ਹਿਆ ਕਰ। ਮੇਰੇ ਕੋਲੋਂ ਪੰਜਾਬੀ ਦੀਆਂ ਕਿਤਾਬਾਂ ਲੈ ਜਾ। ਕਹਾਵਤ ਹੈ ਕਿ ਹਰ ਸੰਕਟ ਇੱਕ ਨਵਾਂ ਮੌਕਾ ਵੀ ਹੁੰਦਾ ਹੈ। ਕੋਈ ਨਵੀਂ ਭਾਸ਼ਾ ਸਿੱਖਣੀ ਸ਼ੁਰੂ ਕਰ ਲੈ। ਗੀਤ ਸੰਗੀਤ ਸੁਣੋ ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ’ ਅਤੇ ‘ਬਾਜਰੇ ਦਾ ਸਿੱਟਾ’ ਵਰਗੇ ਗਾਣੇ ਉੱਚੀ ਲਾ ਕੇ ਬੱਚਿਆਂ ਅਤੇ ਪਤਨੀ ਨਾਲ ਨੱਚੋ।
ਜਿਹੜੀ ਗੱਲ ਕਿਸੇ ਦਾ ਨੁਕਸਾਨ ਨਹੀਂ ਕਰਦੀ ਅਤੇ ਤੁਹਾਨੂੰ ਖੁਸ਼ੀ ਦਿੰਦੀ ਹੈ ਤਾਂ ਉਸ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਪਰਵਾਰ ਵਿੱਚ ਰੌਣਕ ਲਾਈ ਰੱਖੋ। ਚੜ੍ਹਦੀ ਕਲਾ ਲਈ ਸਿਹਤਮੰਦ ਸਰੀਰ ਦੀ ਲੋੜ ਹੈ। ਮੈਂ ਬਗੀਚੇ ਦਾ ਘਾਹ ਆਪ ਵੱਢਦਾ ਹਾਂ। ਫੁੱਲ ਲਾਉਂਦਾ ਹਾਂ। ਆਪਣਾ ਪ੍ਰਿੰਸ ਚਾਰਲਸ ਕਹਿੰਦੈ, ਬਗੀਚੇ ਵਿੱਚ ਜਾ ਕੇ ਰੁੱਖਾਂ, ਫੁੱਲਾਂ-ਬੂਟਿਆਂ ਨਾਲ ਗੱਲਾਂ ਕਰੋ। ਪੰਛੀਆਂ ਦਾ ਚਹਿਕਣਾ ਕੰਨ ਲਾ ਕੇ ਸੁਣੋ। ਕੁਦਰਤ ਨਾਲ ਜੁੜ ਕੇ ਮਨ ਸਹਿਜ ਵਿੱਚ ਆਉਂਦੈ। ਗੁਰਮ ਤੋਂ ਪਤਾ ਲੱਗਾ ਕਿ ਉਹ ‘ਯੂ-ਟਿਊਬ’ ਚੈਨਲ ਰਾਹੀਂ ਪੰਜਾਬੀ ਫਿਲਮਾਂ ਵੇਖਦਾ ਹੈ। ਸਾਨੂੰ ਪੰਜਾਬੀ ਫਿਲਮ ਵੇਖਿਆਂ ਮੁੱਦਤਾਂ ਹੋ ਗਈਆਂ ਸਨ। ਇਹ ਚੈਨਲ ਸਾਡੇ ਵਾਸਤੇ ਅਲਾਦੀਨ ਦਾ ਚਿਹਾਗ ਬਣ ਗਿਆ ਹੈ। ਐਨੀਆਂ ਪੰਜਾਬੀ ਫਿਲਮਾਂ। ਸਾਡੀ ਸ਼ਾਮ ਦੀ ਮੁਸ਼ਕਲ ਹੱਲ ਹੋ ਗਈ ਹੈ। ਅਸੀਂ ਪਤਾ ਨਹੀਂ ਕਿੰਨੀਆਂ ਫਿਲਮਾਂ ਵੇਖ ਚੁੱਕੇ ਹਾਂ। ਕੋਈ ਗੰਭੀਰ ਗੱਲ ਨਹੀਂ, ਸਗੋਂ ਵਧੀਆ ਠੇਠ ਪੇਂਡੂ ਪੰਜਾਬੀ ਸੁਣ ਕੇ ਆਨੰਦ ਆ ਜਾਂਦੈ। ਹਰ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਕਰੀਨ ਉੱਤੇ ਲਿਖਿਆ ਆਉਂਦੈ ਕਿ ਸ਼ਰਾਬ ਅਤੇ ਤੰਬਾਕੂ ਪੀਣਾ ਸਿਹਤ ਵਾਸਤੇ ਖਤਰਨਾਕ ਹੈ, ਫਿਰ ਵੀ ਕਾਲਜਾਂ ਵਿੱਚ ਪੜ੍ਹਦੇ ਮੁੰਡੇ ਹੋਸਟਲਾਂ ਤੇ ਪਿੰਡਾਂ ਦੇ ਖੂਹਾਂ 'ਤੇ ਬੈਠੇ ਬੋਤਲਾਂ ਮੂੰਹ ਵਿੱਚ ਪਾਈ ਦਾਰੂ ਪੀਂਦੇ ਹਨ।
ਇਹ ਵੇਖ ਕੇ ਖੁਸ਼ੀ ਹੋਈ ਕਿ ਜੱਟਾਂ-ਜਿਮੀਂਦਾਰਾਂ ਦੇ ਘਰਾਂ 'ਚ ਟਰੈਕਟਰ, ਕਾਰਾਂ ਅਤੇ ਮੋਟਰ ਸਾਈਕਲ ਖੜ੍ਹੇ ਹਨ। ਸਾਡੇ ਵੇਲੇ ਪਿੰਡਾਂ ਦੇ ਮੁੰਡੇ ਕਾਲਜਾਂ ਵਿੱਚ ਡਾਕਟਰ, ਇੰਜੀਨੀਅਰ ਬਣਨ ਲਈ ਪੜ੍ਹਨ ਜਾਂਦੇ ਸਨ। ਹੁਣ ਹਰ ਮੁੰਡਾ ਕੈਨੇਡਾ ਜਾਣ ਵਾਸਤੇ ਸਿਰਫ ਆਈਲੈਟਸ ਦੀ ਪੜ੍ਹਾਈ ਕਰਨੀ ਚਾਹੁੰਦੈ। ਬਹੁਤੀਆਂ ਫਿਲਮਾਂ ਦੀਆਂ ਕਹਾਣੀਆਂ ਵੀ ਕੈਨੇਡਾ ਜਾਣ ਬਾਰੇ ਹਨ। ਹਰ ਪਾਸੇ ਕੈਨੇਡਾ ਹੀ ਕੈਨੇਡਾ ਹੁੰਦੀ ਹੈ। ਫਿਲਮਾਂ ਵੇਖ ਕੇ ਸਾਨੂੰ ਲੱਗਿਆ ਕਿ ਇੰਗਲੈਂਡ ਨੂੰ ਕੋਈ ਨਹੀਂ ਪੁੱਛਦਾ। ਇਨ੍ਹਾਂ ਫਿਲਮਾਂ ਵਿੱਚ ਇੱਕ ਗੱਲ ਰੜਕਦੀ ਹੈ। ਹਰ ਗੱਲ ਵਿੱਚ ਜਾਤ ਦੀ ਹੈਂਕੜ ਹੁੰਦੀ ਹੈ, ਇਥੋਂ ਤੱਕ ਕਿ ਕਈ ਫਿਲਮਾਂ ਦੇ ਤਾਂ ਸਿਰਲੇਖ ਵੀ ਕਿਸੇ ਖਾਸ ਜਾਤ 'ਤੇ ਆਧਾਰਤ ਹੁੰਦੇ ਹਨ ਜਿਵੇਂ ਕਿ ‘ਜੱਟ ਜੂਲੀਅਟ’, ‘ਜੱਟ ਦੀ ਮੁੱਛ’, ‘ਜੱਟ ਦਾ ਬਦਲਾ’, ‘ਯਾਰੀ ਜੱਟ ਦੀ’। ਆਦਿ। ਇਸ ਤੋਂ ਬਿਨਾਂ ਥਾਂ-ਥਾਂ ਸ਼ਰਾਬ ਪੀ ਕੇ ਖਰੂਦ ਪਾਉਣਾ, ਗੋਲੀਆਂ ਚਲਾਉਣੀਆਂ, ਇਹ ਤਾਂ ਇਉਂ ਲੱਗਦੈ ਜਿਵੇਂ ਜੱਟਾਂ ਨੂੰ ਬਦਨਾਮ ਕਰਨਾ ਹੋਵੇ। ਅਸੀਂ ਜੱਟਾਂ ਦੇ ਮੁੰਡਿਆਂ ਨਾਲ ਪੜ੍ਹੇ ਹਾਂ। ਸਾਡੇ ਵੇਲੇ ਜੱਟਾਂ ਦੇ ਮੁੰਡੇ ਖਾਂਦੇ-ਪੀਂਦੇ ਸਨ, ਖੁੱਲ੍ਹਦਿਲੇ ਤੇ ਵਧੀਆ ਦੋਸਤ ਸਨ। ਕੋਈ ਇਨ੍ਹਾਂ ਵਾਂਗ ਇੰਝ ਖਰੂਦ ਨਹੀਂ ਸੀ ਪਾਉਂਦਾ। ਖੈਰ, ਮਸਲਾ ਇਹ ਹੈ ਕਿ ਕੁਦਰਤ ਦੇ ਇਸ ਕਹਿਰ ਤੋਂ ਕਿਵੇਂ ਬਚੀਏ? ਮੈਨੂੰ ਲੱਗਦਾ ਹੈ ਕਿ ਪਰਵਾਰਾਂ ਵਿੱਚ ਹਿੰਮਤ ਤੇ ਸਹਿਜ ਬਣਾਈ ਰੱਖ ਕੇ ਹੀ ਅਸੀਂ ਇਹ ਭਵ ਸਾਗਰ ਪਾਰ ਕਰ ਸਕਾਂਗੇ। ਰੱਬ ਭਲੀ ਕਰੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ