Welcome to Canadian Punjabi Post
Follow us on

24

September 2020
ਨਜਰਰੀਆ

ਮਨੁੱਖ ਤੇ ਕੋਰੋਨਾ ਵਿਚਕਾਰ ਗੁਫ਼ਤਗੂ

May 21, 2020 07:51 AM

-ਗੋਵਰਧਨ ਗੱਬੀ
ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਭਾਵ ਲਾਕਡਾਊਨ ਕਾਰਨ ਅੱਜਕੱਲ੍ਹ ਸਾਰੀ ਦੁਨੀਆ ਤੰਗ ਆ ਚੁੱਕੀ ਹੈ। ਹਰ ਕਿਸੇ ਦੇ ਮੂੰਹੋਂ ਵਾਰ-ਵਾਰ ਕੋਰੋਨਾ ਨੂੰ ਸ਼ਾਇਦ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਘਰ ਵਿੱਚ ਇਕੱਠਿਆਂ ਰਹਿ ਕੇ ਅੱਕ ਗਏ ਹਾਂ, ਇੱਕ ਦੂਸਰੇ ਦੇ ਲਾਗੇ ਬਹਿ-ਬਹਿ ਕੇ ਥੱਕ ਗਏ ਹਾਂ, ਟਿੰਡਿਆਂ ਵਾਂਗ ਪੱਕ ਗਏ ਹਾਂ ਤੇ ਭਰ ਵੀ ਨੱਕੋ-ਨੱਕ ਗਏ ਹਾਂ, ਸੀਨੇ ਠੰਢ ਪਾ ਓਏ ਕੋਰੋਨਿਆ। ਕਿਰਪਾ ਕਰ ਕੇ ਛੱਡ ਕੇ ਚਲਾ ਜਾ ਓਏ ਕੋਰੋਨਿਆ।
ਭਰਾਵਾ ਤੇਰੇ ਕਰ ਕੇ ਲੱਗੀ ਤਾਲਾਬੰਦੀ ਦੀ ਪਾਲਣਾ ਕਰ ਰਹੇ ਹਾਂ। ਇੱਕੋ ਘਰ ਅੰਦਰ ਵੜ ਕੇ ਰਹਿੰਦੇ ਹਾਂ। ਗਮਛੇ, ਮਾਸਕ ਤੇ ਸਾਫ ਕੱਪੜਿਆਂ ਨਾਲ ਮੂੰਹ ਢੱਕ ਰਹੇ ਹਾਂ। ਸਾਬਣਾਂ ਤੇ ਸੈਨੇਟਾਈਜ਼ਰਾਂ ਨਾਲ ਲਗਾਤਾਰ ਹੱਥ ਧੋ ਰਹੇ ਹਾਂ। ਆਪਸ ਵਿੱਚ ਸਮਾਜਕ ਦੂਰੀਆਂ ਬਣਾ ਰਹੇ ਹਾਂ। ਨਾ ਕਿਸੇ ਦੇ ਘਰ ਜਾਂਦੇ ਹਾਂ, ਨਾ ਕਿਸੇ ਨੂੰ ਆਪਣੇ ਘਰ ਆਉਣ ਦੇਂਦੇ ਹਾਂ। ਪੁਲਸ ਤੋਂ ਝਿੜਕਾਂ ਤੇ ਕਈ ਵਾਰ ਲਾਠੀਆਂ ਖਾ ਰਹੇ ਹਾਂ। ਬੇਇੱਜ਼ਤੀਆਂ ਵੱਖਰੀਆਂ ਸਹਿੰਦੇ ਹਾਂ।
ਜਿਹੜੇ ਲੋਕ ਰੋਜ਼ ਦਿਹਾੜੀ ਦੱਪਾ ਕਰ ਕੇ ਆਪਣਾ ਤੇ ਪਰਵਾਰ ਦਾ ਪੇਟ ਪਾਲਦੇ ਸਨ, ਉਨ੍ਹਾਂ ਨਾਲ ਬਹੁਤ ਮਾੜੀ ਹੋ ਰਹੀ ਹੈ। ਬਹੁਤਿਆਂ ਕੋਲ ਰਹਿਣ ਵਾਸਤੇ ਥਾਂ ਨਹੀਂ ਹੈ। ਘਰ ਅੰਦਰ ਉਹ ਰਹਿ ਨਹੀਂ ਪਾ ਰਹੇ ਅਤੇ ਪੁਲਸ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੀ। ਸਰਕਾਰਾਂ ਦੇ ਨਾਲ ਕੁਝ ਅਮੀਰ ਤੇ ਦਾਨੀ ਸੱਜਣ ਉਨ੍ਹਾਂ ਦੀ ਮਦਦ ਕਰਦੇ ਹਨ। ਕਈ ਸ਼ੋਸ਼ੇਬਾਜ਼ੀ ਵੀ ਕਰਦੇ ਹਨ। ਅਨਾਜ ਤੇ ਹੋਰ ਵਸਤਾਂ ਦਿੰਦੇ ਹੋਏ ਸ਼ੋਸ਼ਲ ਮੀਡੀਆ ਉੱਤੇ ਤਸਵੀਰਾਂ ਪਾ ਕੇ ਗਰੀਬਾਂ ਨੂੰ ਜ਼ਲੀਲ ਕਰ ਰਹੇ ਹਨ। ਅਮੀਰ, ਮਿਡਲ ਕਲਾਸੀਏ ਜਾਂ ਗਰੀਬ ਲਗਭਗ ਸਾਰੇ ਹੀ ਰੋਜ਼ ਮਰ-ਮਰ ਕੇ ਦਿਨ ਕੱਟ ਰਹੇ ਹਨ। ਕੋਰੋਨੇ, ਤੇਰੇ ਤੋਂ ਡਰ ਡਰ ਕੇ ਅਸੀਂ ਅੱਧੇ ਰਹਿ ਗਏ ਹਾਂ। ਬੁਹਤ ਦੇ ਦਿੱਤੀ ਹੈ ਸਾਨੂੰ ਤੂੰ ਸਜ਼ਾ। ਚਲਾ ਜਾ ਓ ਕੋਰੋਨਿਆ।
ਭੈੜਿਆ ਕੋਰੋਨਿਆ, ਤੂੰ ਕੀ-ਕੀ ਰੰਗ ਵਿਖਾ ਦਿੱਤੇ। ਸੱਜਣ-ਯਾਰ ਸਾਰੇ ਛੁਡਾ ਦਿੱਤੇ। ਪਿਛਲੇ ਸਾਰੇ ਦੋਸਤ ਅਤੇ ਦੁਸ਼ਮਣ ਭੁਲਾ ਦਿੱਤੇ। ਸਾਰੇ ਵਿਚਾਰ ਅਤੇ ਵਿਹਾਰ ਬਦਲ ਦਿੱਤੇ। ਜਿਹੜੇ ਕਦੇ ਵੀ ਨਹੀਂ ਸਨ ਅਸੀਂ ਕੀਤੇ, ਸਾਥੋਂ ਉਹ ਵੀ ਕੰਮ ਕਰਵਾ ਦਿੱਤੇ। ਕਈ ਜਿਹੜੇ ਕਦੇ ਨਹੀਂ ਰਹਿੰਦੇ ਸਨ ਬਿਨਾਂ ਪੀਤਿਆਂ ਦਾਰੂ, ਉਹ ਪੂਰੇ ਵੈਸ਼ਨੂੰ ਬਣਾ ਦਿੱਤੇ। ਜਿਹੜੇ ਪੁਰਸ਼ ਕਦੇ ਰਸੋਈਆਂ ਵੱਲ ਮੂੰਹ ਨਹੀਂ ਸੀ ਕਰਦੇ, ਪੋਚੇ, ਝਾੜੂ, ਥਾਪੜੀਆਂ, ਚਕਲੇ, ਵੇਲਣੇ, ਕਰਦਾਂ ਵਰਗੇ ਔਜ਼ਾਰ ਉਨ੍ਹਾਂ ਦੇ ਹੱਥੀਂ ਫੜਾ ਕੇ ਘਰੇਲੂ ਨੌਕਰ ਬਣਾ ਦਿੱਤੇ। ਜਿਹੜੇ ਬਹੁਤੀ ਵਾਰ ਖਾਂਦੇ ਹੁੰਦੇ ਸਨ ਸਿਰਫ ਮੁਰਗਾ, ਮੀਟ, ਮੱਛੀ ਅਤੇ ਆਂਡੇ, ਉਹ ਵੀ ਦਾਲਾਂ-ਸਬਜ਼ੀਆਂ ਦੇ ਸ਼ੌਕੀਨ ਬਣਾ ਦਿੱਤੇ। ਜਿਹਡੇ ਚਰਦੇ ਰਹਿੰਦੇ ਸਨ ਚੌਵੀ ਘੰਟੇ, ਉਨ੍ਹਾਂ ਨੂੰ ਫਾਕੇ ਝੱਲਣੇ ਸਿਖਾ ਦਿੱਤੇ। ਸਾਡਾ ਵੀ ਸ਼ਾਮਾਂ ਮਨਾਉਣ, ਠੇਕਿਆਂ 'ਤੇ ਜਾਣ, ਮੀਟ-ਮੱਛੀ ਖਾਣ, ਸਿਨੇਮਾ ਜਾਣ ਤੇ ਜਹਾਜ਼ ਝੂਟਣ ਨੂੰ ਦਿਲ ਕਰਦਾ ਹੈ ਕੋਰੋਨਿਆ, ਬਹੁਤ ਹੋ ਗਏ ਸਾਡੇ 'ਤੇ ਤੇਰੇ ਤਸ਼ੱਦਦ।
ਜਾਹ ਚਲੇ ਜਾ ਓ ਕੋਰੋਨਿਆ। ਸਾਡਾ ਵੀ ਦਿਲ ਕਰਦਾ ਹੈ ਕਿ ਮਨਮਰਜ਼ੀ ਨਾਲ ਆਈਏ, ਜਾਈਏ। ਮਨਭਾਉਂਦਾ ਖਾਈਏ, ਲਾਈਏ। ਦੋਸਤਾਂ-ਮਿੱਤਰਾਂ ਨਾਲ ਮਹਿਫਲਾਂ ਸਜਾਈਏ। ਇੱਕ ਦੂਜੇ ਨਾਲ ਨੱਚੀਏ-ਗਾਈਏ। ਹੋਟਲਾਂ ਤੇ ਢਾਬਿਆਂ ਤੋਂ ਬਾਹਰ ਦਾ ਭੋਜਨ ਖਾਈਏ। ਹੋ ਜਾ ਸਾਡੀਆਂ ਨਜ਼ਰਾਂ ਤੋਂ ਦੂਰ, ਤਾਂ ਕਿ ਬਦਲੇ ਸਾਡੀ ਵੀ ਕੁਝ ਹਵਾ ਓਏ ਕੋਰੋਨਿਆ। ਜਾਹ ਛੱਡ ਕੇ ਜਾ ਓਏ ਕੋਰੋਨਿਆ।
ਸਾਰੀ ਗਾਥਾ ਸੁਣਨ ਤੋਂ ਬਾਅਦ ਕੋਰੋਨੇ ਨੇ ਬੰਦੇ ਨੂੰ ਕੁਝ ਹਦਾਇਤਾਂ ਦਿੱਤੀਆਂ। ਉਸ ਨੇ ਕਿਹਾ, ‘‘ਸੁਣ ਮੇਰੀ ਗੱਲ। ਮੈਂ ਛੇਤੀ ਚਲਾ ਜਾਵਾਂਗਾ। ਮੈਂ ਕੁਝ ਦਿਨਾਂ ਦਾ ਪ੍ਰਾਹੁਣਾ ਹਾਂ। ਪੱਕੇ ਤੌਰ 'ਤੇ ਮੈਂ ਤੇਰੇ ਨਾਲ ਰਹਿਣਾ ਨਹੀਂ। ਬੱਸ, ਥੋੜ੍ਹਾ ਜਿਹਾ ਤੁਹਾਨੂੰ ਸਬਕ ਸਿਖਾਉਣਾ ਹੈ। ਭਟਕਿਆਂ ਨੂੰ ਬੱਸ ਸਿੱਧੇ ਰਾਹ ਪਾਉਣਾ ਹੈ। ਤੁਹਾਡਾ ਕਰੂਪ ਚਿਹਰਾ ਬੱਸ ਤੁਹਾਨੂੰ ਵਿਖਾਉਣਾ ਹੈ। ਕੂੜ-ਕਬਾੜ ਦਾ ਸਹੀ ਅਰਥ ਸਮਝਾਉਣਾ ਹੈ। ਤੈਨੂੰ ਸ਼ਾਇਦ ਕੁਝ ਸੁਮੱਤ ਆਜਾਵੇ ਓਏ ਬੰਦਿਆ। ਫਿਰ ਵੀ ਤੂੰ ਬਹੁਤਾ ਨਾ ਘਬਰਾ ਓਏ ਬੰਦਿਆ। ਤੂੰ ਹਮੇਸ਼ਾ ਕੁਦਰਤ ਨਾਲ ਵਧੀਕੀਆਂ, ਚਲਾਕੀਆਂ ਤੇ ਜ਼ਿਆਦਤੀਆਂ ਕਰਦਾ ਆਇਆ ਹੈਂ। ਹਰ ਵੇਲੇ ਐਟਮ ਬੰਬਾਂ ਦੀਆਂ ਧਮਕੀਆਂ ਦਿੰਦਾ ਰਿਹਾ ਏਂ। ਕਦੇ ਮਿਜ਼ਾਈਲਾਂ ਅਤੇ ਕਦੇ ਤੋਪਾਂ ਚਲਾਉਣ ਦੇ ਡਰਾਵੇ ਦਿੰਦਾ ਰਿਹਾ ਏਂ। ਹਰ ਵੇਲੇ ਕੁਦਰਤ ਨਾਲ ਭਾਂਤ-ਭਾਂਤ ਦੇ ਪੰਗੇ ਲੈਂਦਾ ਏਂ। ਫਿਰ ਆਪਣੇ ਆਪ ਨੂੰ ਸਭ ਤੋਂ ਵੱਡਾ ਅਕਲਮੰਦ, ਸਿਆਣਾ ਤੇ ਸ਼ਕਤੀਸ਼ਾਲੀ ਦਰਸਾਉਂਦਾ ਏਂ। ਮੈਨੂੰ ਆਪਣੀ ਫੂਹੜਤਾ, ਹੋਸ਼ਾਪਣ ਅਤੇ ਆਕੜ ਨਾ ਵਿਖਾ ਓਏ ਬੰਦਿਆ।
ਕਦੋਂ ਦਾ ਤੂੰ ਪਹਾੜਾਂ ਅਤੇ ਪਰਬਤਾਂ ਦੀਆਂ ਜੜ੍ਹਾਂ ਕੁਰੇਦਣ ਲੱਗਿਆ ਹੋਇਆ ਏਂ। ਨਦੀਆਂ, ਦਰਿਆਵਾਂ ਤੇ ਸਮੁੰਦਰਾਂ ਵਿੱਚ ਗੰਦ ਮੰਦ ਮਿਲਾ ਰਿਹਾ ਏਂ। ਆਪਣੀਆਂ ਬਸਤੀਆਂ ਵਸਾਉਣ ਤੇ ਵਧਾਉਣ ਖਾਤਰ ਰੁੱਖਾਂ, ਜੰਗਲਾਂ ਨੂੰ ਵੱਢੀ ਜਾ ਰਿਹਾ ਏਂ। ਆਪਣੀਆਂ ਸਹੂਲਤਾਂ ਦੇ ਚੱਕਰਾਂ ਵਿੱਚ ਆਕਾਸ਼ ਵਿੱਚ ਜ਼ਹਿਰੀਲੀਆਂ ਗੈਸਾਂ ਫੈਲਾਉਣ ਤੇ ਸਾਰੇ ਬ੍ਰਹਿਮੰਡ ਨੂੰ ਪ੍ਰਦੂਸ਼ਿਤ ਕਰਨ ਲੱਗਿਆ ਹੋਇਆ ਏਂ। ਮਿੱਟੀ ਅੰਦਰ ਭਾਂਤ-ਭਾਂਤ ਦੀਆਂ ਅੰਗਰੇਜ਼ੀ, ਦੇਸੀ ਅਤੇ ਵਿਦੇਸ਼ੀ ਖਾਦਾਂ ਵਰਗਾ ਜਾਨਲੇਵਾ ਜ਼ਹਿਰ ਲਗਾਤਾਰ ਤੂੰ ਰਲਾਉਂਦਾ ਆ ਰਿਹਾ ਏਂ। ਆਪਣਾ ਢਿੱਡ ਭਰਨ ਦੇ ਚੱਕਰਾਂ ਵਿੱਚ ਤੂੰ ਜੀਵ-ਜੰਤੂਆਂ, ਜਾਨਵਰਾਂ ਦੀਆਂ ਗਰਦਨਾਂ 'ਤੇ ਤਿੱਖੀਆਂ ਛੁਰੀਆਂ ਚਲਾਉਂਦਾ ਰਹਿੰਦਾ ਏਂ। ਆਪਣੇ ਕੁਕਰਮਾਂ ਨਾਲ ਤੂੰ ਸਾਰਾ ਵਾਤਾਵਰਣ ਹੀ ਵਿਗਾੜ ਦਿੱਤਾ ਹੈ। ਨੀਲਾ ਗਗਨ ਕਰ ਦਿੱਤਾ ਹੈ ਤੂੰ ਕਾਲਾ ਸਿਆਹ ਓਏ ਬੰਦਿਆ।
ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ। ਜਦੋਂ ਮੈਂ ਚਲਾ ਗਿਆ ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੀਂ। ਰੁੱਖਾਂ, ਪੌਣਾਂ, ਪਾਣੀਆਂ ਦਾ ਚੰਗਾ ਖਿਆਲ ਰੱਖੀਂ। ਪਹਾੜਾਂ, ਨਦੀਆਂ, ਦਰਿਆਵਾਂ ਅਤੇ ਸਮੁੰਦਰਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈ ਰੱਖੀਂ। ਧਰਤੀ ਹੇਠਲਾ ਪਾਣੀ ਜ਼ਹਿਰਾਂ ਤੋਂ ਦੂਰ ਰੱਖੀਂ। ਆਪਣੀਆਂ ਕਰਤੂਤਾਂ ਨੂੰ ਜੀਵ-ਜੰਤੂਆਂ ਤੋਂ ਬਹੁਤ ਦੂਰ ਰੱਖੀਂ।
ਜੇ ਤੂੰ ਸਮਾਂ ਰਹਿੰਦੇ ਬੰਬ, ਮਿਜ਼ਾਈਲਾਂ, ਬੰਦੂਕਾਂ ਤੇ ਤੋਪਾਂ ਬਣਾਉਣ ਦੀ ਬਜਾਏ ਮਨੁੱਖਤਾ ਦੇ ਭਲੇ ਵਾਸਤੇ ਸਕੂਲ, ਕਾਲਜ, ਹਸਪਤਾਲ, ਦਵਾਈਆਂ ਆਦਿ ਬਣਾਉਣ ਬਾਰੇ ਸੋਚਿਆ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ। ਖੈਰ, ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਹਾਲੇ ਵੀ ਸੰਭਲ ਜਾ। ਮੈਂ ਅਜੇ ਆਪਣੀ ਸ਼ਕਤੀ ਦੀਆਂ ਕੁਝ ਝਲਕੀਆਂ ਹੀ ਵਿਖਾਈਆਂ ਹਨ। ਆਸ ਹੈ ਕਿ ਤੈਨੂੰ ਕੁਝ ਅਕਲ ਆ ਗਈ ਹੋਣੀ ਹੈ। ਜੇ ਮੇਰੇ ਮਸ਼ਵਰਿਆਂ 'ਤੇ ਤੂੰ ਧਿਆਨ ਨਾ ਦਿੱਤਾ ਤਾਂ ਯਾਦ ਰੱਖੀਂ, ਮੈਂ ਦੋਬਾਰਾ ਆ ਜਾਣਾ ਈ।

Have something to say? Post your comment