Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਯੂ ਐਨ ਵਿੱਚ ਭਾਰਤ ਨੇ ਪਾਕਿ ਨੂੰ ਅੱਤਵਾਦ ਬਾਰੇ ਘੇਰਿਆ

November 05, 2018 07:14 AM

ਸੰਯੁਕਤ ਰਾਸ਼ਟਰ, 4 ਨਵੰਬਰ (ਪੋਸਟ ਬਿਊਰੋ)- ਅੱਤਵਾਦ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਦੇ ਹੋਏ ਭਾਰਤ ਨੇ ਯੂ ਐੱਨ ਓ ਵਿੱਚ ਪਾਕਿਸਤਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਛੱਡਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਯੂ ਐੱਨ ਵਿੱਚ ਭਾਰਤ ਦੇ ਸਥਾਈ ਡਿਪਟੀ ਡਿਪਲੋਮੇਟ ਤਨਮਯ ਲਾਲ ਨੇ ਆਖਿਆ ਕਿ ਭਾਰਤ ਨੂੰ ਸਰਹੱਦ ਪਾਰ ਤੋਂ ਚਲਦੀ ਦਹਿਸ਼ਤਗਰਦੀ ਦੇ ਕਈ ਹਮਲਿਆਂ ਨੂੰ ਝੱਲਣਾ ਪਿਆ ਹੈ। ਇਨ੍ਹਾਂ ਦੇ ਸ਼ਿਕਾਰ ਬੇਕਸੂਰ ਨਾਗਰਿਕ ਹੋਏ ਹਨ। ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਖੁੱਲ੍ਹਾ ਉਲੰਘਣ ਹੋ ਰਿਹਾ ਹੈ। ਇਸਲਾਮਾਬਾਦ ਨੂੰ ਘੇਰਦੇ ਹੋਏ ਉਨ੍ਹਾਂ ਨੇ ਵਿਦੇਸ਼ ਨੀਤੀ ਦੇ ਹਥਿਆਰ ਦੇ ਤੌਰ ਉੱਤੇ ਮਨੁੱਖੀ ਅਧਿਕਾਰਾਂ ਦਾ ਰਾਜਸੀਕਰਨ ਕੀਤੇ ਜਾਣ ਦੇ ਵਧਦੇ ਰੁਝਾਨ ਬਾਰੇ ਡੂੰਘੀ ਚਿੰਤਾ ਪ੍ਰਗਟਾਈ। ਕਸ਼ਮੀਰ ਬਾਰੇ ਅੰਤਰਰਾਸ਼ਟਰੀ ਮੰਚਾਂ ਉੱਤੇ ਨਿੱਤ ਦਿਨ ਸ਼ੋਰ ਮਚਾਉਣ ਵਾਲੇ ਪਾਕਿਸਤਾਨ ਨੂੰ ਭਾਰਤੀ ਡਿਪਲੋਮੇਟ ਨੇ ਨਾਂਅ ਲਏ ਬਗੈਰ ਸਖਤ ਫਿਟਕਾਰ ਲਾਈ। ਉਨ੍ਹਾਂ ਕਿਹਾ, ਵਿਦੇਸ਼ ਨੀਤੀ ਦੇ ਹਥਿਆਰ ਵਜੋਂ ਜਦੋਂ ਮਨੁੱਖੀ ਅਧਿਕਾਰਾਂ ਦੀ ਰਾਜਨੀਤਕ ਵਰਤੋਂ ਹੋ ਰਹੀ ਹੈ, ਇਸ ਸਥਿਤੀ ਵਿੱਚ ਮਨੁੱਖੀ ਅਧਿਕਾਰ ਕੌਂਸਲ ਦਾ ਕੰਮ ਜ਼ਿਆਦਾ ਵਿਵਾਦ ਪੂਰਨ ਅਤੇ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਅੱਤਵਾਦ ਨੂੰ ਸਭ ਤੋਂ ਵੱਡੀ ਸੰਸਾਰਕ ਚੁਣੌਤੀ ਮੰਨੇ ਜਾਣ ਦੇ ਬਾਵਜੂਦ ਇਸ ਤੋਂ ਮੁਕਤੀ ਲਈ ਅੰਤਰਰਾਸ਼ਟਰੀ ਪੱਧਰ 'ਤੇ ਠੋਸ ਸਮੂਹਿਕ ਯਤਨ ਦੀ ਬਹੁਤ ਵੱਡੀ ਘਾਟ ਹੈ। ਕੁਝ ਦੇਸ਼ (ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ) ਅੱਤਵਾਦ ਦੇ ਖਿਲਾਫ ਫੈਸਲਾਕੁੰਨ ਲੜਾਈ ਦੀ ਰਾਹ ਵਿੱਚ ਅੜਿੱਕਾ ਡਾਹ ਰਹੇ ਹਨ। ਤਨਮਯ ਲਾਲ ਦੇ ਅਨੁਸਾਰ ਸੰਸਾਰ ਪੱਧਰ 'ਤੇ ਅੱਤਵਾਦ ਦੇ ਸਾਰੇ ਰੂਪਾਂ ਖਿਲਾਫ ਫੈਸਲਾਕੁੰਨ ਜੰਗ ਸਮੇਂ ਦੀ ਮੰਗ ਹੈ, ਜਿਸ ਦੀ ਅਣਦੇਖੀ ਦਾ ਨੁਕਸਾਨ ਪੂਰੀ ਮਨੁੱਖਤਾ ਨੂੰ ਭੁਗਤਣਾ ਪਵੇਗਾ। ਉਹ ਮਨੁੱਖੀ ਅਧਿਕਾਰ ਕੌਂਸਲ ਦੀ ਰਿਪੋਰਟ 'ਤੇ ਆਯੋਜਤ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ