Welcome to Canadian Punjabi Post
Follow us on

27

March 2019
ਭਾਰਤ

ਆਸਟਰੇਲੀਆ 'ਚ ਡੁੱਬੀ ਫੁੱਟਬਾਲ ਖਿਡਾਰਨ ਦੇ ਪਰਵਾਰ ਨੇ 35 ਕਰੋੜ ਮੁਆਵਜ਼ਾ ਮੰਗਿਆ

November 01, 2018 11:29 PM

ਨਵੀਂ ਦਿੱਲੀ, 1 ਨਵੰਬਰ (ਪੋਸਟ ਬਿਊਰੋ)- ਪਿਛਲੇ ਸਾਲ ਆਸਟਰੇਲੀਆ ਦੇ ਦੌਰੇ ਦੌਰਾਨ ਡੁੱਬ ਗਈ 15 ਸਾਲਾ ਫੁੱਟਬਾਲ ਖਿਡਾਰਨ ਦੇ ਪਰਵਾਰ ਨੇ ਦਿੱਲੀ ਹਾਈ ਕੋਰਟ ਨੂੰ ਅਰਜ਼ੀ ਦੇ ਕੇ 35 ਕਰੋੜ ਰੁਪਏ ਮੁਆਵਜ਼ਾ ਦਿਵਾਉਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਜਾਂਚ ਦੀ ਮੰਗ ਕੀਤੀ ਹੈ।
ਜਸਟਿਸ ਵਿਭੁ ਬਾਖਰੂ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਭਾਰਤ ਸਕੂਲ ਖੇਡ ਫੈਡਰੇਸ਼ਨ ਅਤੇ ਰਾਸ਼ਟਰੀ ਕੰਨਿਆ ਵਿਦਿਆਲੇ ਤੋਂ ਇਸ ਬਾਰੇ ਜਵਾਬ ਮੰਗਿਆ ਹੈ, ਜਿਥੇ ਉਹ ਵਿਦਿਆਰਥਣ ਪੜ੍ਹਦੀ ਸੀ। ਹਾਈ ਕੋਰਟ ਨੇ ਵਕੀਲ ਵਿਲਸ ਮੈਥਿਊਜ਼ ਵੱਲੋਂ ਦਾਇਰ ਪਟੀਸ਼ਨ 'ਤੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਤੇ ਇਸ ਕੇਸ 'ਚ ਅਗਲੀ ਸੁਣਵਾਈ ਅਗਲੇ ਸਾਲ ਅੱਠ ਮਈ ਨੂੰ ਰੱਖੀ ਹੈ। ਇਕ ਏਜੰਸੀ ਅਨੁਸਾਰ ਨਿਤਿਸ਼ ਨੇਗੀ ਇਕ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ 'ਚ ਹਿੱਸਾ ਲੈਣ ਆਸਟਰੇਲੀਆ ਗਈ ਸੀ, ਪਰ ਪਿਛਲੇ ਸਾਲ ਦਸੰਬਰ ਵਿੱਚ ਸਮੁੰਦਰ ਵਿੱਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ ਸੀ। ਪੂਰਬੀ ਦਿੱਲੀ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਿਤਿਸ਼ ਐਡੀਲੇਡ ਦੇ ਹੋਲਡਫਾਸਟ ਮੈਰੀਨਾ ਬੀਚ 'ਚ ਡੁੱਬ ਗਈ ਸੀ, ਜਿਥੇ ਉਹ ਮੈਚ ਦੇ ਬਾਅਦ ਚਾਰ ਦੋਸਤਾਂ ਨਾਲ ਗਈ ਸੀ। ਇਹ ਮੈਚ ਪੈਸਿਫਿਕ ਇੰਟਰਨੈਸ਼ਨਲ ਸਕੂਲ ਖੇਡਾਂ 2017 ਦਾ ਹਿੱਸਾ ਸੀ। ਲੜਕੀ ਦੇ ਮਾਤਾ ਪਿਤਾ, ਦਾਦਾ-ਦਾਦੀ ਤੇ ਦੋ ਭਰਾ-ਭੈਣਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਚ ਅਧਿਕਾਰੀਆਂ 'ਤੇ ਲਾਪਰਵਾਹੀ ਦੇ ਦੋਸ਼ ਲਾਏ ਗਏ, ਜੋ ਖਿਡਾਰੀਆਂ ਨੂੰ ਬੀਚ ਉਤੇ ਲੈ ਕੇ ਗਏ, ਜਿਸ ਦੇ ਕਾਰਨ ਪਿਛਲੇ ਸਾਲ 10 ਦਸੰਬਰ ਨੂੰ ਨਾਬਾਲਗ ਨਿਤਿਸ਼ਾ ਦੀ ਡੁੱਬਣ ਨਾਲ ਮੌਤ ਹੋ ਗਈ। ਪਰਵਾਰ ਨੇ ਅਧਿਕਾਰੀਆਂ ਤੋਂ 35 ਕਰੋੜ ਰੁਪਏ ਜਾਂ ਕਿਸੇ ਹੋਰ ਉਚਿਤ ਰਾਸ਼ੀ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Have something to say? Post your comment