Welcome to Canadian Punjabi Post
Follow us on

27

March 2019
ਭਾਰਤ

ਦਿੱਲੀ ਗੁਰਦੁਆਰਾ ਕਮੇਟੀ ਦੇ ਘਪਲੇ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ

November 01, 2018 11:15 PM

ਨਵੀਂ ਦਿੱਲੀ, 1 ਨਵੰਬਰ (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਏ ਘਪਲੇ ਬਾਰੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਦਿੱਲੀ ਦੇ ਨਾਰਥ ਐਵੇਨਿਊ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ।
ਇਸ ਸੰਬੰਧ ਵਿੱਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਸੀਨੀਅਰ ਉਪ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਅਮਰਜੀਤ ਸਿੰਘ ਪੱਪੂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਨਾ ਦਿੱਤਾ ਤਾਂ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਇਨ੍ਹਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਪਲਿਆਂ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਆ ਰਹੇ ਹਨ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ। ਉਨ੍ਹਾਂ ਦਿੱਲੀ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਜਾਏ। ਸਰਨਾ ਭਰਾਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਦਿੱਲੀ ਕਮੇਟੀ ਦੇ ਸਸਪੈਂਡ ਜਨਰਲ ਮੈਨੇਜਰ ਹਰਜੀਤ ਸਿੰਘ ਉਰਫ ਸੂਬੇਦਾਰ, ਜੋਗਿੰਦਰ ਸਿੰਘ ਐਂਡ ਕੰਪਨੀ ਦੇ ਮਾਲਕ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਖੁਦ ਘਪਲਿਆਂ ਵਿੱਚ ਵਰਤੇ ਗਏ ਜਾਅਲੀ ਬਿੱਲਾਂ ਦੇ ਭੁਗਤਾਨ ਦਾ ਨਿਬੇੜਾ ਕਰਨ ਬਾਰੇ ਚਰਚਾ ਕਰ ਰਹੇ ਹਨ। ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਾਂ 'ਤੇ ਬਾਦਲ ਦਲ ਦੇ ਕਾਬਜ਼ ਹੋਣ ਦਾ ਮਕਸਦ ਦਿੱਲੀ ਕਮੇਟੀ ਅਤੇ ਉਸ ਦੇ ਅਧੀਨ ਵਿਦਿਅਕ ਅਦਾਰਿਆਂ ਦੀਆਂ 122 ਕਰੋੜ ਰੁਪਏ ਦੀਆਂ ਐੱਫ ਡੀ ਆਰਜ਼ ਅਤੇ ਬਾਕੀ ਸਰੋਤਾਂ ਦੀ ਲੁੱਟ ਕਰਨਾ ਸੀ। ਇਸ ਦੇ ਨਾਲ ਹੀ ਬਾਲਾ ਸਾਹਿਬ ਹਸਪਤਾਲ ਤੋਂ ਭਵਿੱਖ ਵਿੱਚ ਹੋਣ ਵਾਲੀ ਕਰੋੜਾਂ ਰੁਪਏ ਦੀ ਆਮਦਨ 'ਤੇ ਕਬਜ਼ਾ ਕਰਨਾ ਅਤੇ ਰਾਜਧਾਨੀ ਦੇ ਇਤਿਹਾਸਕ ਅਤੇ ਹੋਰਨਾਂ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦੀਆਂ ਪ੍ਰੰਪਰਾਵਾਂ ਦੀ ਥਾਂ ਆਰ ਐੱਸ ਐੱਸ ਦਾ ਏਜੰਡਾ ਪੂਰਾ ਕਰਨਾ ਸੀ। ਇਸ ਕੰਮ ਲਈ ਬਾਦਲ ਦਲ ਨੇ ਆਪਣੇ ਟੀ ਵੀ ਚੈਨਲ ਰਾਹੀਂ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਨੂੰ ਵੇਚੇ ਜਾਣ, ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਸਰਕਾਰ ਨੂੰ ਸੌਂਪੇ ਜਾਣ ਵਰਗੇ ਮੁੱਦਿਆਂ ਦਾ ਝੂਠਾ ਪ੍ਰਚਾਰ ਕਰ ਕੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਅਤੇ ਕਮੇਟੀ ਉੱਤੇ ਕਬਜ਼ਾ ਕਰ ਲਿਆ ਅਤੇ ਸੱਤਾ ਵਿੱਚ ਆਉਣ ਪਿੱਛੋਂ ਗੁਰੂ ਦੀ ਗੋਲਕ 'ਤੇ ਨਿਸ਼ਾਨਾ ਵਿੰਨ੍ਹ ਦਿੱਤਾ। ਸਰਨਾ ਭਰਾਵਾਂ ਨੇ ਕਿਹਾ ਕਿ ਸਿੱਖ ਸੰਗਤ ਅਕਾਲੀਆਂ ਨੂੰ ਬਖਸ਼ੇਗੀ ਨਹੀਂ।

Have something to say? Post your comment