Welcome to Canadian Punjabi Post
Follow us on

17

November 2018
ਭਾਰਤ

ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ ਰੇਪ ਕੇਸ ਦੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਨੂੰ ਭਾਗਲਪੁਰੋਂ ਪਟਿਆਲਾ ਜੇਲ੍ਹ ਭੇਜਣ ਦੇ ਹੁਕਮ

November 01, 2018 01:09 AM

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਮੁਜ਼ੱਫਰਪੁਰ ਸ਼ੈਲਟਰ ਹੋਮ ਵਿੱਚ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਕੱਲ੍ਹ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਤੇ ਇਸ ਕੇਸ ਦੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਨੂੰ ਬਿਹਾਰ ਦੇ ਭਾਗਲਪੁਰ ਤੋਂ ਪੰਜਾਬ ਦੇ ਪਟਿਆਲਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਭੇਜਣ ਦਾ ਹੁਕਮ ਦਿੱਤਾ। ਉਸ ਦੇ ਘਰ ਤੋਂ ਹਥਿਆਰ ਮਿਲਣ ਦੇ ਦੋਸ਼ ਵਿੱਚ ਉਸ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੂੰ ਗ੍ਰਿਫਤਾਰ ਨਾ ਕਰਨ 'ਤੇ ਵੀ ਕੋਰਟ ਨੇ ਬਿਹਾਰ ਸਰਕਾਰ ਨੂੰ ਝਾੜ ਪਾਈ ਹੈ। ਕੋਰਟ ਨੇ ਬਿਹਾਰ ਪੁਲਸ ਤੋਂ 31 ਅਕਤੂਬਰ ਤੱਕ ਕਾਰਵਾਈ ਦੀ ਸਟੇਟਸ ਰਿਪੋਰਟ ਮੰਗੀ ਹੈ।
ਜਸਟਿਸ ਮਦਨ ਬੀ ਲੋਕੁਰ, ਜਸਟਿਸ ਐਸ ਏ ਨਜ਼ੀਰ ਅਤੇ ਜਸਟਿਸ ਦੀਪਕ ਗੁਪਤਾ ਦੀ ਇਸ ਬੈਂਚ ਨੇ ਬਿਹਾਰ ਸਰਕਾਰ ਤੋਂ ਪੁੱਛਿਆ ਕਿ ਜਦ ਮੰਜੂ ਵਰਮਾ ਦੇ ਖਿਲਾਫ ਇੰਨੇ ਸਬੂਤ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ। ਕੀ ਕੈਬਨਿਟ ਮੰਤਰੀ ਹੋਣ ਕਾਰਨ ਉਨ੍ਹਾਂ ਨੂੰ ਛੱਡਿਆ ਗਿਆ? ਸੁਣਵਾਈ ਦੌਰਾਨ ਜਦ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਸ਼ੈਲਟਰ ਹੋਮ ਵਿੱਚ ਲੜਕੀਆਂ ਨੂੰ ਡਰੱਗਸ ਦਿੱਤੀ ਜਾਂਦੀ ਸੀ ਤਾਂ ਕੋਰਟ ਨੇ ਇਸ 'ਤੇ ਵੀ ਹੈਰਾਨੀ ਜ਼ਾਹਰ ਕੀਤੀ। ਕੋਰਟ ਨੇ ਕਿਹਾ ਕਿ ਲੜਕੀਆਂ ਨੂੰ ਡਰੱਗਸ ਦਿੱਤੀ ਜਾਂਦੀ ਸੀ ਤਾਂ ਕਿ ਉਨ੍ਹਾਂ ਦੇ ਨਾਲ ਬਲਾਤਕਾਰ ਕੀਤਾ ਜਾ ਸਕੇ। ਇਹ ਕੀ ਹੋ ਰਿਹਾ ਹੈ? ਸੁਪਰੀਮ ਕੋਰਟ ਨੇ 20 ਸਤੰਬਰ ਤੋਂ ਅੱਜ ਤੱਕ ਇਸ ਕੇਸ ਵਿੱਚ ਸ਼ਾਮਲ ਰਹੇ ਸੀ ਬੀ ਆਈ ਅਫਸਰਾਂ ਦੀ ਸੂਚੀ ਵੀ ਮੰਗੀ ਹੈ। ਵਰਣਨ ਯੋਗ ਹੈ ਕਿ ਸੁਪਰੀਮ ਨੇ 25 ਅਕਤੂਬਰ ਨੂੰ ਸੀ ਬੀ ਆਈ ਵੱਲੋਂ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਦੇ ਖਿਲਾਫ ਕੀਤੀਆਂ ਟਿੱਪਣੀਆਂ ਦਾ ਨੋਟਿਸ ਲੈਂਦੇ ਹੋਏ ਉਸ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਸੀ ਕਿ ਕਿਉਂ ਨਾ ਉਸ ਨੂੰ ਇਸ ਰਾਜ ਤੋਂ ਬਾਹਰ ਕਿਸੇ ਹੋਰ ਜੇਲ੍ਹ ਵਿੱਚ ਭੇਜ ਦਿੱਤਾ ਜਾਏ। ਸੀ ਬੀ ਆਈ ਨੇ ਕਿਹਾ ਸੀ ਕਿ ਬ੍ਰਜੇਸ਼ ਪ੍ਰਭਾਵਸ਼ਾਲੀ ਵਿਅਕਤੀ ਹੈ ਅਤੇ ਜੇਲ੍ਹ ਵਿੱਚ ਉਸ ਦੇ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਸੀ।

Have something to say? Post your comment