Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਫਗਾਨ ਸਿੱਖਾਂ ਦਾ ਦੁਖਾਂਤ : ਘੱਟਗਿਣਤੀਆਂ ਦੀ ਹੋਣੀ

April 02, 2020 08:28 AM

-ਮਨਮੋਹਨ
ਪੰਝੀ ਮਾਰਚ ਨੂੰ ਟੀ ਵੀ 'ਤੇ ਖਬਰ ਚੱਲਣ ਲੱਗੀ ਕਿ ਸਵੇਰੇ ਪੌਣੇ ਅੱਠ ਵਜੇ ਕਾਬੁਲ ਦੇ ਗੁਰਦੁਆਰਾ ਖਾਲਸਾ, ਸ਼ੋਰ ਬਾਜ਼ਾਰ ਉਤੇ ਹਥਿਆਰਬੰਦ ਹਮਲਾ ਹੋਇਆ ਹੈ, ਜਿਸ ਵਿੱਚ ਕਈ ਅਫਗਾਨ ਸਿੱਖ ਔਰਤਾਂ, ਮਰਦ ਅਤੇ ਬੱਚੇ ਮਾਰੇ ਗਏ ਅਤੇ ਵੱਡੀ ਤਦਾਦ 'ਚ ਲੋਕ ਜ਼ਖਮੀ ਹੋਏ। ਹਮਲੇ ਤੋਂ ਕੁਝ ਦੇਰ ਬਾਅਦ ਆਈ ਐਸ ਆਈ ਐਲ (ਇਸਲਾਮਕ ਸਟੇਟ ਆਫ ਇਰਾਕ ਐਂਡ ਲੇਵਾਂਤ) ਨੇ ਇਸ ਦੀ ਜ਼ਿੰਮੇਵਾਰੀ ਲੈ ਲਈ।
ਇਹ ਖਬਰ ਦੇਖ ਕੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ ਜਦੋਂ ਮੈਂ ਸਾਲ 2009 ਤੋਂ ਲੈ ਕੇ 2013 ਤੱਕ ਕਾਬੁਲ ਦੇ ਭਾਰਤੀ ਦੂਤਘਰ ਵਿੱਚ ਕੌਂਸਲਰ, ਪਬਲਿਕ ਅਫੇਅਰਜ਼ ਵਜੋਂ ਨਿਯੁਕਤ ਸਾਂ। ਗੁਰਦੁਆਰਾ ਸ਼ੋਰ ਬਾਜ਼ਾਰ ਅਤੇ ਕਾਬੁਲ ਦੇ ਇਲਾਕੇ ਕਰਤੇ ਪਰਵਾਨ ਵਿਖੇ ਮੁੱਖ ਗੁਰਦੁਆਰੇ ਵੱਲੋਂ ਆਯੋਜਤ ਹਰ ਗੁਰਪੁਰਬ ਅਤੇ ਵਿਸਾਖੀ ਦੇ ਸਮਾਗਮਾਂ 'ਚ ਸ਼ਾਮਲ ਹੁੰਦਾ ਸਾਂ। ਅਫਗਾਨੀ ਮੂਲ ਦੇ ਸਿੱਖਾਂ ਨਾਲ ਸੰਪਰਕ ਵਿੱਚ ਰਹਿਣਾ ਅਤੇ ਉਨ੍ਹਾਂ ਦੀਆਂ ਸਮਾਜਕ, ਧਾਰਮਿਕ, ਰਾਜਨੀਤਕ, ਆਰਥਿਕ ਤੇ ਸਭਿਆਚਾਰਕ ਮੁਸ਼ਕਲਾਂ ਤੇ ਮਸਲਿਆਂ ਨੂੰ ਸਥਾਨਕ ਸਰਕਾਰ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆ ਕੇ ਸੰਭਵ ਹੱਲ ਕੱਢਣਾ ਮੇਰੀ ਜ਼ਿੰਮੇਵਾਰੀ ਸੀ। ਕਿਸੇ ਵੀ ਧਰਮ ਆਧਾਰਤ ਸਟੇਟ 'ਚ ਘੱਟਗਿਣਤੀ ਦੇ ਵਜੂਦ ਨਾਲ ਜੁੜੀਆਂ ਦੁਸ਼ਵਾਰੀਆਂ ਬੜੀਆਂ ਬੇਚੀਦਾ ਅਤੇ ਬੇਅੰਤ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਹੱਲ ਵੀ ਬੜੇ ਅਨੋਖੇ ਹੁੰਦੇ ਹਨ
ਮੈਨੂੰ ਯਾਦ ਹੈ ਕਿ ਕਾਬੁਲ ਵਿਖੇ ਸਿੱਖਾਂ ਤੇ ਹਿੰਦੂਆਂ ਦਾ ਇੱਕੋ ਸ਼ਮਸ਼ਾਨਘਾਟ ਹੈ। ਬਹੁਤ ਵਰ੍ਹੇ ਪਹਿਲਾਂ ਇਹ ਸ਼ਹਿਰ ਤੋਂ ਬਾਹਰ ਸੀ, ਪਰ ਅੱਜਕੱਲ੍ਹ ਇਸ ਦੇ ਇਰਦ-ਗਿਰਦ ਬੜੀ ਸੰਘਣੀ ਸਥਾਨਕ ਵੱਸੋਂ ਹੋ ਗਈ ਹੈ। ਸਸਕਾਰ 'ਚੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਸਥਾਨਕ ਲੋਕ ਆਪਣੇ ਧਾਰਮਿਕ ਅਕੀਦੇ ਅਤੇ ਸਭਿਆਚਾਰ ਦੇ ਅਨੁਕੂਲ ਨਹੀਂ ਮੰਨਦੇ। ਜਦੋਂ ਵੀ ਕਿਸੇ ਹਿੰਦੂ ਸਿੱਖ ਦੀ ਮੌਤ ਹੁੰਦੀ ਤਾਂ ਮੈਨੂੰ ਸਥਾਨਕ ਪੁਲਸ ਨਾਲ ਸੰਪਰਕ ਕਰ ਕੇ ਮੁਨਾਸਬ ਸੁਰੱਖਿਆ ਦਾ ਪ੍ਰਬੰਧ ਕਰਨਾ ਪੈਂਦਾ ਤਾਂ ਕਿ ਕੋਈ ਝਗੜਾ ਨਾ ਹੋਵੇ। ਬੀਤੀ ਪੰਝੀ ਤਰੀਕ ਨੂੰ ਵਾਪਰੇ ਹਾਦਸੇ ਦੇ ਮ੍ਰਿਤਕਾਂ ਦਾ ਜਦੋਂ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਸ਼ਮਸ਼ਾਨਘਾਟ 'ਤੇ ਮਿਜ਼ਾਈਲ ਨਾਲ ਹਮਲਾ ਹੋਣ ਅਤੇ ਲਾਗੇ ਜ਼ਮੀਨਦੋਜ਼ ਸੁਰੰਗਾਂ ਮਿਲਣ ਦੀ ਖਬਰ ਵੀ ਆਈ ਸੀ।
ਅਫਗਾਨ ਸਿੱਖਾਂ ਦੇ ਅਜਿਹੇ ਕਈ ਮਸਲਿਆਂ ਨੂੰ ਨਿਬੇੜਨ ਲਈ ਮੇਰੇ ਨਾਲ ਅਫਗਾਨਿਸਤਾਨ ਦੀ ਪਾਰਲੀਮੈਂਟ ਦੀ ‘ਮਿਸ਼ਰਾਨੋ ਜਿਰਗਾ’ (ਉੱਪਰਲੇ ਸਦਨ) ਦੇ ਮੈਂਬਰ ਅਵਤਾਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀ ਰਵੇਲ ਸਿੰਘ ਪ੍ਰਧਾਨ, ਗੁਰਦੁਆਰਾ ਕਰਤੇ ਪ੍ਰਵਾਨ, ਕਾਬੁਲ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ। ਇਹ ਦੋਵੇਂ ਅਫਗਾਨ ਸਿੱਖਾਂ ਦੇ ਮੁਹਤਬਰ ਜਲਾਲਾਬਾਦ 'ਚ ਦੋ ਜੁਲਾਈ 2018 ਨੂੰ ਪਾਰਲੀਮੈਂਟ ਦੀ ਵੋਲੇਸੀ ਜਿਰਗਾ (ਹੇਠਲਾ ਸਦਨ) ਲਈ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਆਤਮਘਾਤੀ ਬੰਬ ਧਮਾਕੇ ਵਿੱਚ ਹੋਰ ਉੱਨੀ ਸਿੱਖਾਂ-ਹਿੰਦੂਆਂ ਸਮੇਤ ਮਾਰੇ ਗਏ ਅਤੇ ਇਸ ਘਟਨਾ ਵਿੱਚ ਵੀਹ ਤੋਂ ਵੱਧ ਵਿਅਕਤੀ ਜ਼ਖਮੀ ਵੀ ਹੋਏ। ਉਦੋਂ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਆਈ ਐਸ (ਆਈ ਐੱਲ) ਨੇ ਲਈ ਸੀ।
ਸ਼ੋਰ ਬਾਜ਼ਾਰ ਵਾਲੇ ਗੁਰਦੁਆਰੇ ਦੇ ਨਾਲ ਇੱਕ ਹੋਰ ਗੁਰਦੁਆਰਾ ਗੁਰੂ ਹਰਿਰਾਏ ਹੈ, ਪਰ ਇਹ ਇਤਿਹਾਸਕ ਨਹੀਂ, ਸਗੋਂ ਭਾਈਚਾਰਕ ਹੈ। ਸ਼ੋਰ ਬਾਜ਼ਾਰ ਵਾਲੇ ਗੁਰਦੁਆਰਾ 'ਚ ਕੁਝ ਘਰ ਅਤੇ ਸਰਾਂ ਵੀ ਹਨ ਜਿੱਥੇ ਬਹੁਤ ਸਾਰੇ ਸਿੱਖ ਹਿੰਦੂ ਪਰਵਾਰਾਂ ਨੇ ਪਿਛਲੇ ਸਮਿਆਂ 'ਚ ਲਾਗਲੇ ਪ੍ਰਦੇਸ਼ਾਂ ਜਿਵੇਂ ਨੰਗਰਹਾਰ, ਲੋਗਾਨ, ਹੈਰਾਤ, ਜਲਾਲਾਬਾਦ, ਕੰਧਾਰ, ਪਕਤੀਆ, ਪਕਤਿਕਾ ਤੇ ਮਜ਼ਾਰ ਏ ਸ਼ਰੀਫ ਆਦਿ ਤੋਂ ਉਜੜਨ ਮਗਰੋਂ ਸ਼ਰਣ ਲਈ ਹੈ। ਇਸ ਕੰਪਲੈਕਸ ਦੇ ਨਾਲ ਸਕੂਲੀ ਇਮਾਰਤ ਹੈ ਜਿਸ ਵਿੱਚ ਸਿੱਖ ਹਿੰਦੂ ਬੱਚੇ ਪੜ੍ਹਦੇ ਹਨ। ਇਹ ਬੱਚੇ ਕਾਬੁਲ ਦੇ ਸਰਕਾਰੀ ਸਕੂਲਾਂ ਵਿੱਚ ਨਹੀਂ ਜਾਂਦੇ ਕਿਉਂਕਿ ਇਨ੍ਹਾਂ ਨਾਲ ਉਥੋਂ ਦੇ ਬਹੁਗਿਣਤੀ ਧਰਮ ਅਤੇ ਫਿਰਕਿਆਂ ਦੇ ਬੱਚੇ ਧੱਕੇਸ਼ਾਹੀ ਤੇ ਧੌਂਸਬਾਜ਼ੀ ਕਰਦੇ ਹਨ।
ਕਿਸੇ ਜ਼ਮਾਨੇ 'ਚ ਪੂਰੇ ਅਫਗਾਨਿਸਤਾਨ ਦੇ ਵੱਖ-ਵੱਖ ਰਾਜਾਂ 'ਚ ਕੁੱਲ ਮਿਲਾ ਕੇ ਸੱਤਰ ਗੁਰਦੁਆਰੇ ਸਨ ਜਿਨ੍ਹਾਂ 'ਚੋਂ ਕੁਝ ਕੁ ਇਤਿਹਾਸਕ ਅਤੇ ਬਾਕੀ ਭਾਈਚਾਰਕ ਸਨ। ਮੈਨੂੰ ਆਪਣੀ ਚਾਰ ਸਾਲ ਦੀ ਠਾਹਰ ਦੌਰਾਨ ਕੁਝ ਕੁ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਗੁਰਦੁਆਰਿਆਂ 'ਚੋਂ ਕੁਝ ਕੁ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਮੰਨੇ ਜਾਂਦੇ ਹਨ। ਜਦੋਂ ਗੁਰੂ ਸਾਹਿਬ 1520 'ਚ ਮੱਕੇ ਤੋਂ ਪਰਤਣ ਪਿੱਛੋਂ ਬਰਾਸਤਾ, ਇਰਾਨ, ਹੈਰਾਤ, ਕਾਬੁਲ ਤੇ ਜਲਾਲਾਬਾਦ ਹੁੰਦੇ ਹੋਏ ਨਨਕਾਣੇ ਵੱਲ ਪਰਤੇ ਸਨ। ਇਹ ਗੁਰਦੁਆਰੇ ਗੁਰਦੁਆਰਾ ਬਾਬਾ ਨਾਨਕ, ਜਾਦੇ ਮੇਵਾਨ, ਕਾਬੁਲ, ਜਲਾਲਾਬਾਦ ਦੇ ਦੋ ਗੁਰਦੁਆਰੇ ਛੋਟੇ ਸਾਹਿਬ ਪਾਤਸ਼ਾਹੀ ਅਤੇ ਸੁਲਤਾਨਪੁਰ ਦਾ ਗੁਰਦੁਆਰਾ ਚਸ਼ਮਾ ਸਾਹਿਬ ਹਨ। ਕਾਬੁਲ 'ਚ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ੍ਰੀਚੰਦ ਦਾ ਗੁਰਦੁਆਰਾ ਵੀ ਹੈ। ਮਨੌਤ ਹੈ ਕਿ ਬਾਬਾ ਸ੍ਰੀਚੰਦ ਜੀ ਤਕਸ਼ਿਲਾ ਤੋਂ ਪਿਸ਼ਾਵਰ ਹੁੰਦੇ ਹੋਏ ਕਾਬੁਲ ਪੁੱਜੇ ਸਨ। ਇਸ ਤੋਂ ਇਲਾਵਾ ਗਜ਼ਨੀ 'ਚ ਗੁਰੂਘਰ ਦੇ ਮਹਾਨ ਕਵੀ ਭਾਈ ਨੰਦ ਲਾਲ ਗੋਯਾ ਨਾਲ ਸੰਬੰਧਤ ਗੁਰਦੁਆਰਾ ਅਤੇ ਗੁਰਦੁਆਰਾ ਕੋਠਾ ਸਾਹਿਬ ਵੀ ਹੈ। ਗਜ਼ਨੀ 'ਚ ਭਾਈ ਸਾਹਿਬ ਵੱਡੇ ਗਜ਼ਲਗੋ ਹੋਣ ਦੇ ਨਾਲ ਨਾਲ ਗੁਰੂ ਘਰ ਦੇ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਵੀ ਸਨ।
ਇੰਝ ਅਫਗਾਨਿਸਤਾਨ 'ਚ ਹਿੰਦੂ ਸਿੱਖਾਂ ਦੀ ਹੋਂਦ ਪਿਛਲੇ ਪੰਜ ਸੌ ਸਾਲ ਤੋਂ ਬਣੀ ਹੋਈ ਹੈ। ਅੱਜ ਦੇ ਅੰਕੜਿਆਂ ਮੁਤਾਬਕ ਸਿੱਖਾਂ ਹਿੰਦੂਆਂ ਦੇ ਤਿੰਨ ਸੌ ਪਰਵਾਰ ਹਨ। ਇੱਕ ਦਹਾਕਾ ਪਹਿਲਾਂ ਇਹ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਸੀ। ਨੱਬੇਵਿਆਂ ਦੇ ਮੱਧ ਦੌਰਾਨ ਤਾਲਿਬਾਨ ਦੇ ਚੜ੍ਹਾਅ ਦੇ ਸਮੇਂ ਵਿੱਚ ਇਹ ਗਿਣਤੀ ਪੰਜਾਹ ਹਜ਼ਾਰ ਦੇ ਆਸਪਾਸ ਸੀ। ਪ੍ਰੋਫੈਸਰ ਹਰਜੀਤ ਸਿੰਘ ਓਬਰਾਏ ਵੱਲੋਂ ਦੇਖੇ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ 'ਚ ਕੁਝ ਦਸਤਾਵੇਜ਼ਾਂ ਅਨੁਸਾਰ 1940 ਵਿੱਚ ਇਹ ਗਿਣਤੀ ਦੋ ਢਾਈ ਲੱਖ ਦੇ ਲਾਗੇ ਸੀ। ਅਫਗਾਨਿਸਤਾਨ 'ਚ ਸਿੱਖ ਤਿੰਨ ਧਾਰਾਵਾਂ 'ਚੋਂ ਪੈਦਾ ਹੋਏ ਮੰਨੇ ਜਾਂਦੇ ਹਨ। ਪਹਿਲੇ ਉਹ ਲੋਕ ਸਨ, ਜੋ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੌਰਾਨ ਉਨ੍ਹਾਂ ਦੀਆਂ ਸਿਖਿਆਵਾਂ ਅਤੇ ਫਲਸਫੇ ਤੋਂ ਪ੍ਰਭਾਵਤ ਹੋਏ। ਇਹ ਪਸ਼ਤੋ ਅਤੇ ਦਰੀ (ਸਥਾਨਕ ਫਾਰਸੀ) ਭਾਸ਼ਾਵਾਂ ਬੋਲਣ ਵਾਲੇ ਉਹ ਲੋਕ ਸਨ ਜਿਨ੍ਹਾਂ ਇਸਲਾਮ ਧਾਰਨ ਕਰਨ ਦੀ ਬਜਾਏ ਗੁਰੂ ਦੇ ਸਿੱਖ ਹੋਣਾ ਚੁਣਿਆ।
ਦੂਜੀ ਧਾਰਾ ਉਹ ਸੀ, ਜੋ ਥੋੜ੍ਹ ਚਿਰੇ ਸਿੱਖ ਰਾਜ (1799-1849) ਕਾਰਨ ਖੈਬਰ ਪਖਤੂਨਖਵਾ ਖੇਤਰਾਂ ਭਾਵ ਪਿਸ਼ਾਵਰ ਵੱਲ ਖੁੱਲ੍ਹਦੇ ਦੱਰਾ ਪਾਰ ਕਰ ਕੇ ਅਤੇ ਕਾਬੁਲ, ਕੰਧਾਰ ਦੇ ਪੱਛਮ ਵੱਲ ਖੁੱਲ੍ਹਦੇ ਵਪਾਰ ਮਾਰਗ ਅਤੇ ਸਿਲਕ ਰੂਟ 'ਤੇ ਪੈਂਦੇ ਵਪਾਰਕ-ਸਭਿਆਚਾਰਕ ਨਗਰਾਂ, ਕੇਂਦਰਾਂ ਵਿੱਚ ਵੱਸ ਗਏ। ਇਨ੍ਹਾਂ ਦਾ ਮੂਲ ਧੰਦਾ ਕਈ ਕੀਮਤੀ ਵਸਤਾਂ ਜਿਵੇਂ ਰੇਸ਼ਮ, ਜਵਾਹਰਾਤ, ਮੋਤੀ, ਮਸਾਲੇ, ਨਮਕ ਅਤੇ ਸ਼ੋਰੇ ਦਾ ਵਪਾਰ ਸੀ। ਇਹ ਪੰਜਾਬੀ ਦੀ ਉਪ ਬੋਲੀ ਹਿੰਦਕੋ ਅਤੇ ਪਸ਼ਤੋ ਅਤੇ ਦਰੀ ਬੋਲਣ ਵਾਲੇ ਲੋਕ ਸਨ।
ਤੀਜੀ ਧਾਰਾ ਉਨ੍ਹਾਂ ਸਿੱਖਾਂ-ਹਿੰਦੂਆਂ ਦੀ ਹੈ, ਜੋ ਭਾਰਤ-ਪਾਕਿ ਵੰਡ ਤੋਂ ਬਾਅਦ ਪਿਸ਼ਾਵਰ, ਬਲੋਚਿਸਤਾਨ ਦੇ ਆਲੇ ਦੁਆਲੇ ਦੇ ਏਜੰਸੀ ਇਲਾਕਿਆਂ 'ਚੋਂ ਨਿਕਲ ਕੇ ਡੁਰੰਡ ਰੇਖਾ ਪਾਰ ਕਰ ਕੇ ਪੂਰਬੀ, ਉੱਤਰੀ ਅਤੇ ਦੱਖਣੀ ਅਫਗਾਨਿਸਤਾਨ ਦੇ ਸ਼ਹਿਰੀ ਤੇ ਮੁਫੱਸਿਲ ਇਲਾਕਿਆਂ ਵਿੱਚ ਫੈਲ ਗਏ ਅਤੇ ਜ਼ਿਆਦਾਤਰ ਵਪਾਰਕ ਧੰਦਿਆਂ (ਟਰਾਂਸਪੋਰਟ, ਸਪੇਅਰ ਪਾਰਟਸ, ਚਾਹ ਅਤੇ ਸੁੱਕੇ ਫਲਾਂ), ਸ਼ਾਹੂਕਾਰੇ ਅਤੇ ਲਘੂ ਉਦਯੋਗਾਂ (ਬੇਕਰੀ, ਕਨਫੈਕਸ਼ਨਰੀਜ਼, ਕੈਂਡੀ ਇੰਡਸਟਰੀ) 'ਚ ਰੁੱਝ ਗਏ। ਇਨ੍ਹਾਂ ਇਲਾਕਿਆਂ 'ਚ ਆਉਣ ਦਾ ਕਾਰਨ ਸੀ ਕਿ ਅਫਗਾਨਿਸਤਾਨ ਦੇ ਤਤਕਾਲੀ ਬਾਦਸ਼ਾਹ ਜ਼ਹੀਰ ਸ਼ਾਹ ਦਾ ਰਾਜ ਅਤੇ ਸ਼ਾਸਨ ਬੜਾ ਆਧੁਨਿਕ, ਪੜ੍ਹਿਆ-ਲਿਖਿਆ, ਖੁਸ਼ਹਾਲ, ਧਾਰਮਿਕ ਸਹਿਹੋਂਦ ਅਤੇ ਸਦਭਾਵ ਅਤੇ ਪੱਛਮੀ (ਫਰਾਂਸੀਸੀ) ਸਭਿਆਚਾਰ ਅਤੇ ਜੀਵਨ ਸ਼ੈਲੀ ਵਾਲਾ ਸੀ। ਮੈਂ ਇੱਕ ਵਾਰ ਕਾਬੁਲ ਦੇ ਸ਼ਾਹੀ ਪਰਵਾਰ ਨਾਲ ਸੰਬੰਧਤ ਮੇਰੇ ਦੋਸਤ ਡਾਕਟਰ ਐਮਲ ਦੇ ਘਰ ਗਿਆ ਤਾਂ ਉਸ ਦੇ ਦੀਵਾਨਖਾਨੇ ਵਿੱਚ ਇੱਕ ਤਸਵੀਰ ਦੇਖ ਕੇ ਮੈਂ ਪੁੱਛਿਆ, ‘‘ਕੀ ਇਹ ਸਵਿੱਟਜ਼ਰਲੈਂਡ ਦੇ ਦਰਿਆ ਕੰਢੇ ਵਸਿਆ ਕੋਈ ਨਗਰ ਹੈ?” ਉਸ ਨੇ ਯਕਲਖਤ ਕਿਹਾ, ‘‘ਨਹੀਂ, ਇਹ ਨਜ਼ਾਰਾ ਦਰਿਆ ਏ ਕਾਬੁਲ ਕੰਢੇ ਉਸਰੀਆਂ ਸਰਦ ਰੁੱਤੇ ਬਰਫ ਢੱਕੀਆਂ ਇਮਾਰਤਾਂ ਦਾ ਹੈ।”
ਪਿਛਲੇ ਚਾਲ੍ਹੀ ਸਾਲਾਂ ਤੋਂ ਅਫਗਾਨਿਸਤਾਨ 'ਚ ਲਗਾਤਾਰ ਰਾਜਨੀਤਕ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੀ ਉਥਲ ਪੁਥਲ ਖਾਸ ਕਰ ਕੇ 1980 ਵਿੱਚ ਸੋਵੀਅਤ ਰੂਸ ਵੱਲੋਂ ਅਫਗਾਨਿਸਤਾਨ 'ਤੇ ਕਬਜ਼ੇ, ਅਮਰੀਕਾ ਅਤੇ ਪਾਕਿਸਤਾਨ ਦੀ ਮਦਦ ਨਾਲ ਤਾਜਿਕ, ਉਜ਼ਬੇਕ, ਪਠਾਣ ਤੇ ਹਜ਼ਾਰਾ ਕਬਾਇਲੀ ਮੁਜਾਹਿਦਾਂ ਵੱਲੋਂ 1992 'ਚ ਅਫਗਾਨਿਸਤਾਨ ਦੇ ਸਦਰ ਨਜੀਬਉਲਾ ਦੀ ਸਰਕਾਰ ਅਤੇ ਸੋਵੀਅਤ ਕਮਿਊਨਿਸਟ ਵਿਚਾਰਧਾਰਕ ਸੱਤਾ ਵਿਰੁੱਧ ਵਿੱਢੇ ਜਿਹਾਦ ਦੌਰਾਨ ਬਹੁਤ ਸਾਰੇ ਅਮੀਰ ਵਪਾਰੀ ਅਤੇ ਸਥਾਨਕ ਰਾਜ ਸੱਤਾ 'ਚ ਅਸਰ ਰਸੂਖ ਰੱਖਣ ਵਾਲੇ ਸਿੱਖ ਹਿੰਦੂ ਪੱਛਮੀ ਮੁਲਕਾਂ ਜਿਵੇਂ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ ਨੂੰ ਚਲੇ ਗਏ। ਮੈਂ ਭਾਰਤੀ ਦੂਤਘਰ ਵੱਲੋਂ ਕਿਰਾਏ 'ਤੇ ਲਏ ਜਿਸ ਨਿੱਜੀ ਘਰ ਵਿੱਚ ਰਹਿੰਦਾ ਸਾਂ, ਉਹ ਕਿਸੇ ਸਿੱਖ ਅਮੀਰ ਵਪਾਰ ਦਾ ਸੀ ਜਿਸ ਨੂੰ ਤਾਜਿਕ ਨੇਤਾ ਅਹਿਮਦ ਸ਼ਾਹ ਮਸੂਦ ਦੇ ਉੱਤਰੀ ਗਠਜੋੜ ਨਾਲ ਜੁੜੇ ਫੌਜੀ ਜਰਨੈਲਾਂ ਨੇ ਧੱਕੇਸ਼ਾਹੀ ਕਰ ਕੇ ਬੜੇ ਥੋੜ੍ਹੇ ਪੈਸਿਆਂ 'ਚ ਆਪਣੇ ਨਾਂਅ ਇੰਤਕਾਲ ਕਰਾ ਲਿਆ। ਬਾਕੀ ਬਚੀ ਕੁਝ ਹੋਰ ਮੱਧਵਰਗੀ ਹਿੰਦੂ ਸਿੱਖ ਬਰਾਦਰੀ ਦੇ ਲੋਕ ਤਾਲਿਬਾਨ ਅਤੇ ਮੁਜਾਹਿਦਾਂ ਦੇ ਆਪਸੀ ਸੰਘਰਸ਼ ਤੇ ਕਸ਼ਮਕਸ਼ ਤੋਂ ਤੰਗ ਆ ਕੇ ਮੱਧ ਪੂਰਬੀ, ਦੱਖਣ ਪੂਰਬੀ ਦੇਸ਼ਾਂ ਜਾਂ ਭਾਰਤ 'ਚ ਆਰਜ਼ੀ ਤੌਰ 'ਤੇ ਲੰਬੀਆਂ ਵੀਜ਼ਾ ਸਹੂਲਤਾਂ ਅਧੀਨ ਵਸ ਗਏ।
ਅੱਜ ਉਥੇ ਰਹਿੰਦੇ ਤਿੰਨ ਸੌ ਦੇ ਕਰੀਬ ਪਰਵਾਰਾਂ ਦੀ ਆਰਥਿਕ, ਸਮਾਜਕ, ਸਭਿਆਚਾਰਕ ਹਾਲਤ ਬੜੀ ਨਾਜ਼ੁਕ ਹੈ। ਜ਼ਿਆਦਾਤਰ ਇਹ ਲੋਕ ਜੜ੍ਹੀਆਂ, ਬੂਟੀਆਂ, ਦਵਾਈਆਂ (ਅਪੋਟਹੲਚਅਰਇਸ), ਜੋਤਿਸ਼, ਮੇਵਿਆਂ ਤੇ ਕੱਪੜੇ ਦੇ ਰਿਟੇਲ ਵਪਾਰ ਨਾਲ ਰੋਜ਼ੀ ਕਮਾ ਰਹੇ ਹਨ। ਇਹ ਆਪਣੀਆਂ ਸਾਰੀਆਂ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਅਫਗਾਨਿਸਤਾਨ ਛੱਡਣ ਨੂੰ ਤਿਆਰ ਨਹੀਂ। ਇਨ੍ਹਾਂ ਦੀ ਰਾਇ ਹੈ ਕਿ ਅਸੀਂ ਮੂਲ ਰੂਪ 'ਚ ਅਫਗਾਨ ਵਤਨ ਪ੍ਰਸਤ ਹਾਂ, ਅਸੀਂ ਇਥੋਂ ਦਾ ਪਾਣੀ ਪੀਤਾ, ਨਮਕ ਖਾਧਾ ਤੇ ਆਬੋ ਹਵਾ ਵਿੱਚ ਸਾਹ ਲਿਆ। ਅਸੀਂ ਇਹ ਥਾਂ ਛੱਡ ਕੇ ਕਿਤੇ ਨਹੀਂ ਜਾਵਾਂਗੇ। ਇਥੇ ਹੀ ਜੀਵਾਂਗੇ। ਇਥੇ ਹੀ ਮਰਾਂਗੇ। ਸਾਨੂੰ ਅਫਗਾਨ ਸ਼ਾਸਕਾਂ ਦੀ ਧਾਰਮਿਕ ਸਹਿਹੋਂਦ ਭਾਵਨਾ 'ਤੇ ਕੋਈ ਸ਼ੱਕ ਅਤੇ ਬੇਯਕੀਨੀ ਨਹੀਂ, ਪਰ ਪਹਿਲਾਂ ਪਾਕਿਸਤਾਨੀ ਸ਼ਹਿ ਪ੍ਰਾਪਤ ਤਾਲਿਬਾਨ ਅਤੇ ਅੱਜਕੱਲ੍ਹ ਆਈ ਐੱਸ ਆਈ ਐੱਸ ਦੀ ਹਿੰਸਕ ਰਾਜਨੀਤੀਕ ਕਾਰਨ ਅਸੀਂ ਮਾਰੇ ਜਾ ਰਹੇ ਹਾਂ। ਅਫਗਾਨਿਸਤਾਨ ਸਾਡਾ ਵਤਨ ਹੈ ਅਤੇ ਕੱਟੜਪੰਥੀ ਇਸਲਾਮੀ ਦਾਬੇ ਹੇਠ ਕਦੇ ਨਹੀਂ ਝੁਕਾਂਗੇ। ਅਸੀਂ ਸਿੱਖੀ ਤੇ ਹਿੰਦੂ ਧਰਮ ਨੂੰ ਮੰਨਣ ਦੇ ਨਾਲ ਇਸਲਾਮ ਦਾ ਵੀ ਇਹਤਰਾਨ ਕਰਦੇ ਹਾਂ। ਸਾਡੇ ਗੁਰੂਆਂ ਬਾਬਾ ਨਾਨਕ, ਗੁਰੂ ਰਾਮਦਾਸ, ਗੁਰੂ ਅਰਜਨ ਤੇ ਗੁਰੂ ਗੋਬਿੰਦ ਸਿੰਘ ਨੇ ਇਹੋ ੀ ਸਿਖਿਆ ਤੇ ਬਾਣੀ ਦੀ ਧਰੋਹਰ ਦਿੱਤੀ ਹੈ। ਮੈਂ ਅਕਸਰ ਜਦ ਪੰਜਾਬ ਦੇ ਬਹੁਗਿਣਤੀ ਸਿੱਖਾਂ ਨਾਲ ਇਨ੍ਹਾਂ ਅਫਗਾਨ ਘੱਟਗਿਣਤੀ ਸਿੱਖਾਂ ਦੀ ਤੁਲਨਾ ਕਰਦਾ ਹਾਂ ਤਾਂ ਦੇਖਦਾ ਹਾਂ ਕਿ ਇਹ ਸਾਰੇ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਮੰਨਣ ਵਾਲੇ ਸਾਬਤ ਸੂਰਤ ਸਿੱਖ ਹਨ।
ਇਸ ਦੌਰਾਨ ਇਹ ਵੀ ਖਬਰ ਹੈ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਦੇ ਗੁਰਦੁਆਰੇ ਅਤੇ ਸ਼ਰਣ ਗ੍ਰਹਿ 'ਤੇ ਹਮਲਾ ਇਸ ਲਈ ਹੋਇਆ ਕਿ ਇੱਕ ਦਿਨ ਪਹਿਲਾਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਅਫਗਾਨ ਸਰਕਾਰ ਨੂੰ ਇੱਕ ਬਿਲੀਅਨ ਡਾਲਰ ਦੀ ਮਦਦ ਰੋਕ ਲਵੇਗਾ, ਜੇ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਭਿੰਨ-ਭਿੰਨ ਅਫਗਾਨ ਰਾਜਨੀਤਕ ਨੇਤਾ ਕਿਸੇ ਸਾਂਝੇ ਸਮਝੌਤੇ 'ਤੇ ਨਹੀਂ ਅਪੜਦੇ।
ਇਸ ਸਾਰੇ ਘਟਨਾਕ੍ਰਮ 'ਚੋਂ ਲੰਘਦਿਆਂ ਅਤੇ ਇਸ ਨੂੰ ਮੈਂ ਆਪਣੀ ਵਿਸ਼ਵੀ, ਕੌਮਾਂਤਰੀ, ਰਾਜਨੀਤਕ ਤੇ ਕੂਟਨੀਤਕ ਸਿਧਾਂਤਕ ਅਤੇ ਸ਼ਾਸਤਰੀ ਸੂਝ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਾਣ ਸਕਾਂ ਕਿ ਇਸ ਹਮਲੇ ਵਿੱਚ ਆਈ ਐੱਸ (ਆਈ ਐੱਲ) ਨੇ ਇਨ੍ਹਾਂ ਬੇਗੁਨਾਹ ਅਫਗਾਨ ਸਿੱਖਾਂ ਨੂੰ ਕਿਉਂ ਇਸ ਹਿੰਸਾ ਦਾ ਸ਼ਿਕਾਰ ਬਣਾਇਆ? ਇਸ ਵਿਚਾਰ ਦੇ ਨਾਲ ਮੇਰੇ ਸਾਹਮਣੇ ਵਿਸ਼ਵ ਪੱਧਰ 'ਤੇ ਕਾਰਗਰ ਕਈ ਅਮੂਰਤ ਗੁੰਝਲਾਂ ਅਤੇ ਅਬਸਟ੍ਰੈਕਟ ਘੁੰਡੀਆਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੱਡੀਆਂ ਸੱਤਾਵਾਂ ਦੀ ਆਪਸੀ ਖਹਿਬਾਜ਼ੀ ਦਾ ਇਤਿਹਾਸ ਬੜਾ ਲੰਬਾ ਤੇ ਗੁੰਝਲਦਾਰ ਹੈ। ਅਠ੍ਹਾਰਵੀਂ ਉਨ੍ਹੀਵੀਂ ਸਦੀ 'ਚ ਅਫਗਾਨਿਸਤਾਨ ਰੂਸ ਦੀ ਜ਼ਾਰਸ਼ਾਹੀ ਅਤੇ ਬਰਤਾਨਵੀ ਬਸਤੀਵਾਦ ਤੇ ਸਾਮਰਾਜਵਾਦ ਦੀ ਮਹਾਨ ਖੇਡ ਦਾ ਸ਼ਿਕਾਰ ਕਿਵੇਂ ਹੋਇਆ, ਭਾਰਤੀ ਉਪ ਮਹਾਂਦੀਪ ਦੇ ਸਿਆਸੀ ਇਤਿਹਾਸ ਦਾ ਇਹ ਬੜਾ ਘਟਨਾ ਭਰਪੂਰ ਦੌਰ ਸੀ ਜਿਸ ਨੂੰ ਪੀਟਰ ਹੌਪਕਿਰਕ ਦੀ ਕਿਤਾਬ ‘ਦਿ ਗ੍ਰੇਟ ਗੇਮ’ (ਠਹੲ ਘਰੲਅਟ ਘਅਮੲ) ਨੂੰ ਪੜ੍ਹ ਕੇ ਸਮਝਿਆ ਜਾ ਸਕਦਾ ਹੈ। ਦੂਜਾ ਬਹੁਗਿਣਤੀ ਧਾਰਮਿਕ ਨੇਸ਼ਨ-ਸਟੇਟ 'ਚ ਘੱਟ ਗਿਣਤੀਆਂ ਨੂੰ ਹਮੇਸ਼ਾ ਹੀ ਹਿੰਸਾ ਅਤੇ ਜ਼ੁਲਮ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਹ ਸਮਝ ਮੈਨੂੰ ਏ ਪੀ ਚੈਟਰਜੀ, ਟੀ ਬੀ ਹੈਨਸਨ ਅਤੇ ਕ੍ਰਿਸਟੋਫੇ ਜੈਫਰਲੋਟ ਵੱਲੋਂ ਸੰਪਾਦਿਤ ਕੀਤੀ ਕਿਤਾਬ ‘ਮੇਜੌਰੀਟੇਰੀਅਨ ਸਟੇਟ’ (ੰਅਜੋਰਟਿਅਰਅਿਨ ੰਟਅਟੲ) ਪੜ੍ਹ ਕੇ ਸਮਝ ਆਈ।
ਅੰਤ ਮੈਂ ਕਾਬੁਲ ਦੇ ਸ਼ੋਰ ਬਾਜ਼ਾਰ ਦੇ ਗੁਰਦੁਆਰੇ 'ਚ ਇਸ ਹਮਲੇ 'ਚ ਘੱਟਗਿਣਤੀ ਸਿੱਖਾਂ ਦੇ ਮਾਰੇ ਜਾਣ ਦਾ ਅਜੇ ਤੱਕ ਕੋਈ ਸੰਭਵ ਤਰਕ ਨਹੀਂ ਲੱਭ ਸਕਿਆ ਕਿ ਇਨ੍ਹਾਂ ਬੇਗੁਨਾਹਾਂ ਦਾ ਕੀ ਕਸੂਰ ਹੈ? ਇਨ੍ਹਾਂ ਦੀਆਂ ਮੌਤਾਂ ਲਈ ਕੀ ਆਈ ਐੱਸ (ਆਈ ਐੱਲ) ਹੀ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਵੱਡੀਆਂ ਸਾਜ਼ਿਸ਼ੀ ਸ਼ਕਤੀਆਂ ਇਸ ਸਾਰੇ ਘਟਨਾਕ੍ਰਮ ਪਿੱਛੇ ਕੰਮ ਕਰ ਰਹੀਆਂ ਹਨ ਜਾਂ ਪਿਛਲੇ ਦਿਨੀਂ ਭਾਰਤ 'ਚ ਘੱਟਗਿਣਤੀਆਂ ਉਪਰ ਹੋਈ ਹਿੰਸਾ ਦਾ ਪ੍ਰਤੀਕਰਮ ਤਾਂ ਨਹੀਂ ਜਾਂ ਇਨ੍ਹਾਂ ਸਿੱਖਾਂ ਦੀ ਹੋਣੀ ਸੀ ਕਿ ਇਨ੍ਹਾਂ ਨੇ ਇਸ ਅਨਿਆਈ ਬਰਬਰਤਾ ਅਤੇ ਨਾਵਾਜਬ ਹਿੰਸਾ ਦਾ ਸ਼ਿਕਾਰ ਹੋਣਾ ਸੀ। ਫਿਰ ਵੀ ਅੰਤ ਤੱਕ ਇਹ ਸਵਾਲ ਮੇਰੇ ਦਿਮਾਗ 'ਚੋਂ ਨਿਕਲਿਆ ਨਹੀਂ ਕਿ ਇਨ੍ਹਾਂ ਅਫਗਾਨ ਸਿੱਖਾਂ ਨੇ ਕਿਸੇ ਦਾ ਕੀ ਵਿਗਾੜਿਆ ਸੀ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’