Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਦਿਲਚਸਪ ਬੰਦੇ ਦੀਆਂ ਦਿਲਚਸਪ ਗੱਲਾਂ

March 25, 2020 09:10 AM

-ਪ੍ਰਿੰਸੀਪਲ ਸਰਵਣ ਸਿੰਘ
ਅੱਜ ਬਾਈ ਮਾਰਚ 2020 ਨੂੰ ਗੁਲਜ਼ਾਰ ਸਿੰਘ ਸੰਧੂ 86 ਵਰ੍ਹਿਆਂ ਦਾ ਹੋ ਗਿਆ ਹੈ। 54 ਵਰ੍ਹੇ ਪਹਿਲਾਂ ਉਸ ਦਾ ਵਿਆਹ ਵੀ ਮਾਰਚ ਮਹੀਨੇ ਹੋਇਆ ਸੀ, 11 ਮਾਰਚ ਨੂੰ। ਉਹਨੇ ਆਪਣੀ ਸਵੈ ਜੀਵਨੀ ‘ਬਿਨ ਮਾਂਗੇ ਮੋਤੀ ਮਿਲੇ’ ਵਿੱਚ ਲਿਖਿਆ: ਮੇਰਾ ਜਨਮ ਮੇਰੇ ਨਾਨਕੇ ਪਿੰਡ ਕੋਟਲਾ ਬਡਲਾ ਦਾ ਹੈ, 22 ਮਾਰਚ 1934 ਦਾ। ਨਾਨਕਿਆਂ ਨੇ ਮੇਰਾ ਨਾਂਅ ਬਲਬੀਰ ਸਿੰਘ ਰੱਖਿਆ, ਪਰ ਮੇਰੀ ਦਾਦੀ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਸਮੇਂ ਨਿਕਲੇ ਪਹਿਲਵੇ ਅੱਖਰ ‘ਗ’ ਦੇ ਆਧਾਰ 'ਤੇ ਮੇਰਾ ਨਾਂ ਗੁਲਜ਼ਾਰਾ ਸਿੰਘ ਰੱਖ ਦਿੱਤਾ, ਜੋ ਮੇਰੇ ਐੱਮ ਏ ਤੱਕ ਦੀ ਪੜ੍ਹਾਈ ਦੇ ਸਰਟੀਫਿਕੇਟਾਂ ਉੱਤੇ ਦਰਜ ਹੈ।
ਗੁਲਜ਼ਾਰ ਦਿਲਚਸਪ ਬੰਦਾ। ਲਓ ਸੁਣੋ ਉਹਦੀਆਂ ਕੁਝ ਦਿਲਚਸਪ ਗੱਲਾਂ। ਉਹ ਦਾ ਵਿਆਹ ਨੌਸ਼ਹਿਰਾ ਪੰਨੂਆਂ ਹੋਇਆ। ਉਥੇ ਲਾੜਾ ਬਣਿਆ ਉਹ ਕਾਹਲੀ ਵਿੱਚ ਇੱਕ ਸਿਗਰਟਾਂ ਪੀਣੇ ਦੋਸਤ ਦਾ ਕੋਟ ਪਾ ਬੈਠਾ। ਦੋਸਤ ਨੂੰ ਸਿਗਰਟ ਪੀਣ ਦੀ ਤਲਬ ਹੋਈ ਤਾਂ ਉਸ ਨੇ ਅਨੰਦਾਂ 'ਤੇ ਬੈਠੇ ਲਾੜੇ ਦੀ ਜੇਬ੍ਹ ਵਿੱਚੋਂ ਸਿਗਰਟਾਂ ਦੀ ਡੱਬੀ ਆ ਕੱਢੀ। ਵੇਖਣ ਵਾਲੇ ਹੈਰਾਨ। ਏਨਾ ਸ਼ੁਕਰ ਰਿਹਾ ਕਿ ਅਨੰਦ ਕਾਰਜ ਵਿੱਚ ਵਿੱਚ ਵਿਘਨ ਨਹੀਂ ਪਿਆ। ਮੈਨੂੰ ਉਨ੍ਹਾਂ ਦੇ ਵਿਆਹ ਦੇ ਵੇਰਵਿਆਂ ਦਾ ਪਤਾ ਨਾ ਲੱਗਦਾ, ਜੇ ਸੰਧੂ ਜੋੜਾ ਮੁਕੰਦਪੁਰ ਸਾਡੇ ਕੋਲ ਰਾਤ ਨਾ ਕੱਟਦਾ। ਓਦਣ ਉਹ ਆਪਣੇ ਪਿੰਡ ਸੂਨੀ ਤੋਂ ਆਏ। ਰਾਹ 'ਚ ਬਹਿਰਾਮ ਦੇ ਅੱਡੇ ਉੱਤੇ ਬੂਟ ਪਾਲਿਸ਼ ਕਰਾਉਣ ਦੀ ਵਿਹਲ ਮਿਲ ਗਈ। ਆਉਂਦਿਆਂ ਸੌਣ ਦਾ ਢੌਂਕਾ ਲਾ ਕੇ ਸ਼ਾਮੀਂ ਚੌਕੀਆਂ ਦਾ ਮੇਲਾ ਵੇਖ ਲਿਆ। ਰਾਤੀਂ ਗੱਲਾਂ ਚਲਦੀਆਂ ਰਹੀਆਂ।
ਡਾਕਟਰ ਸੁਰਜੀਤ ਕੌਰ ਪੰਨੂ, ਗੁਲਜ਼ਾਰ ਸਿੰਘ ਸੰਧੂ ਤੋਂ ਵੱਡੀ ਅਫਸਰ ਸੀ। ਕੁੜੀ ਮਾਝੇ ਦੀ, ਮੁੰਡਾ ਦੁਆਬੇ ਦਾ। ਸੰਧੂ ਨੇ ਉਨ੍ਹਾਂ ਨਾਲ ਸਾਵੇਂ ਹੋਣ ਲਈ ਸੰਤ ਸਿੰਘ ਸੇਖੋਂ, ਪ੍ਰੋਫੈਸਰ ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਕੁਲਵੰਤ ਸਿੰਘ ਵਿਰਕ, ਮੀਸ਼ਾ, ਸ਼ਿਵ ਕੁਮਾਰ ਤੇ ਕੁਝ ਹੋਰ ਮੋਹਤਬਰਾਂ ਨੂੰ ਜਾਨੀ ਬਣਨ ਦਾ ਸੱਦਾ ਦਿੱਤਾ। ਬੱਸ ਭਰ ਕੇ ਨੌਸ਼ਹਿਰੇ ਨੂੰ ਤੋਰ ਦਿੱਤੀ। ਆਪ ਕਾਰ ਵਿੱਚ ਜਲੰਧਰੋਂ ਮੋਹਨ ਸਿੰਘ ਅਤੇ ਸਾਧੂ ਸਿੰਘ ਹਮਦਰਦ ਨੂੰ ਲੈ ਕੇ ਪਹੁੰਚਣਾ ਸੀ। ਜਾਨੀ ਪਹਿਲਾਂ ਪਹੁੰਚ ਗਏ, ਲਾੜਾ ਲੇਟ। ਸੰਧੂ ਨੂੰ ਮੋਹਨ ਸਿੰਘ ਦੇ ਘਰੋਂ ਪਤਾ ਲੱਗਾ ਕਿ ਉਹ ਬਾਹਰ ਪਿੱਪਲ ਹੇਠ ਸ਼ਤਰੰਜ ਖੇਡ ਰਿਹਾ ਹੈ। ਆਬਾਦੀ ਦੇ ਪਿੱਪਲਾਂ 'ਚੋਂ ਉਹ ਪਿੱਪਲ ਮਸਾਂ ਲੱਭਾ, ਜਿੱਥੇ ਮੋਹਨ ਸਿੰਘ ਅਤੇ ਹਮਦਰਦ ਦੀ ਬਿਸਾਤ ਵਿਛੀ ਸੀ। ਗਿਆਨੀ ਸ਼ਾਦੀ ਸਿੰਘ ਵੀ ਹਾਜ਼ਰ ਸੀ। ਅੱਗੇ ਹੀ ਲੇਟ ਹੋਣ ਦੀ ਦੁਹਾਈ ਪਾ ਕੇ ਉਹ ਮਸੀਂ ਉਠਾਏ। ਭੱਜ ਭਜਾ ਕੇ ਨੌਸ਼ਹਿਰੇ ਪਹੁੰਚੇ। ਉਡੀਕ ਰਹੀ ਬਰਾਤ ਨੂੰ ਸੁੱਖ ਦਾ ਸਾਹ ਆਇਆ। ਤਦੇ ਬੱਕਰੀਆਂ ਨਾਲ ਲੱਦੇ ਟਰੱਕ 'ਚੋਂ ਤਾਜ਼ਾ ਖਿਜ਼ਾਬ ਲਾਈ ਸੇਖੋਂ ਉਤਰਿਆ। ਕਹਿੰਦਾ, ਹੋਰ ਕੋਈ ਸਵਾਰੀ ਨੀ ਸੀ ਮਿਲੀ। ਲਾੜਾ ਆਇਆ ਵੇਖ ਢੋਲੀ ਢੋਲ ਵਜਾਉਣ ਲੱਗਾ, ਜਾਨੀ ਭੰਗੜਾ ਪਾਉਣ ਲੱਗੇ। ਸੰਧੂ ਦਾ ਆਪਣਾ ਕੋਟ ਬੱਸ ਵਿੱਚ ਸੀ, ਜੋ ਦੂਰ ਖੜੀ ਸੀ। ਉਹ ਨੇ ਕੋਲ੍ਹ ਖੜ੍ਹੇ ਦੇਸ ਰਾਜ ਗੋਇਲ ਦਾ ਕੋਟ ਪਾ ਲਿਆ। ਕੋਟ ਵਿਚਲੇ ਐਮੁਨੀਸ਼ਨ ਨੇ ਫਿਰ ਜਿਹੜਾ ਰੰਗ ਵਿਖਾਉਣਾ ਸੀ, ਵਿਖਾ ਈ ਦਿੱਤਾ।
ਰਾਤ ਦੀ ਦਾਰੂ ਦਾ ਭੰਨਿਆ ਸ਼ਿਵ ਕੁਮਾਰ ਸਵੇਰੇ ਪੁੱਜਾ। ਕੁੜੀ ਵਾਲਿਆਂ ਸਮਝਿਆ ਮੁੰਡੇ ਵਾਲਿਆਂ ਕੋਈ ਗਾਉਣ ਵਾਲਾ ਲਿਆਂਦਾ। ਅਨੰਦ ਕਾਰਜ ਹੋਏ ਤਾਂ ਕਹਿੰਦੇ, ਪੜ੍ਹਾਓ ਇਹਤੋਂ ਸਿਹਰਾ। ਸ਼ਿਵ ਕੁਮਾਰ ‘ਲੂਣਾ’ ਵਿੱਚੋਂ ‘ਧੀਆਂ ਦੇ ਦੁੱਖ ਬੁਰੇ’ ਗਾਉਣ ਲੱਗਾ। ਆਵਾਜ਼ ਵਿੱਚ ਲੋਹੜੇ ਦਾ ਸੋਜ਼। ਮਝੈਲਾਂ ਦੇ ਅੱਥਰੂ ਵਹਿ ਤੁਰੇ।
ਸੰਧੂ ਬੇਪਰਵਾਹ ਬੰਦਾ ਹੈ। ਮਸਤ ਮੌਲਾ। ਨਾ ਚੜ੍ਹੀ ਦੀ, ਨਾ ਲੱਥੀ ਦੀ। ਮਿਲਣ ਵਰਤਣ 'ਚ ਦਰਿਆ ਦਿਲ। ਨਿੱਘਾ ਦੋਸਤ, ਕੂਲ਼ਾ ਲੇਖਕ, ਕਰਮਾਂ ਦਾ ਬਲੀ, ਪਰਉਪਕਾਰੀ ਜਿਊੜਾ। ਪੁਆਧ ਵਿੱਚ ਜੰਮਿਆ, ਮਾਲਵੇ 'ਚ ਸਕੂਲੀ ਪੜ੍ਹਾਈ, ਦੁਆਬੇ 'ਚ ਕਾਲਜੀ। ਦਿੱਲੀ, ਲੁਧਿਆਣੇ, ਚੰਡੀਗੜ੍ਹ, ਪਟਿਆਲੇ ਨੌਕਰੀ। ਮਾਝੇ ਦੀ ਡਾਕਟਰ ਸੁਰਜੀਤ ਕੌਰ ਪੰਨੂ ਸੰਗ ਵਿਆਹੇ ਜਾਣ ਨਾਲ ਉਹਦੇ ਅੰਦਰ ਕਈ ਸਮੱਗਰੀਆਂ ਦਾ ਮਸੱਦ ਫਿਰਿਆ।
ਆਲੋਚਕ ਗੁਰਬਚਨ (ਫਿਲਹਾਲ ਵਾਲਾ) ਸੰਧੂ ਨੂੰ ‘ਰਾਜਧਾਨੀ ਦਾ ਸਿਪਾਹ ਸਲਾਰ' ਦੱਸਦਿਆਂ ਲਿਖਦਾ ਹੈ, ‘‘ਉਦੋਂ ਗੁਲਜ਼ਾਰ ਦੀ ਉਮਰ ਵੀਹਾਂ ਤੋਂ ਵੀ ਘੱਟ ਸੀ। ਜੇ ਦਿੱਲੀ ਵੱਲ ਮੂੰਹ ਨਾ ਕਰਦਾ ਤਾਂ ਸਾਊਥਾਲ ਪੁੱਜ ਜਾਂਦਾ। ਹੋਰ ਜ਼ੋਰ ਲਗਾਂਦਾ ਤਾਂ ਵੈਨਕੂਵਰ ਜਾਂ ਕੈਲੀਫੋਰਨੀਆ। 1953 'ਚ ਬੀ ਏ ਪਾਸ ਲਈ ਵਿਦੇਸ਼ ਜਾਣਾ ਅੱਜ ਵਾਂਗ ਮੁਸ਼ਕਲ ਤਾਂ ਸੀ ਨਹੀਂ। ਜੇ ਕਿਤੇ ਉਹ ਭਾਰਤ ਦੀ ਥਾਂ ਅਮਰੀਕਾ ਦੀ ਰਾਜਧਾਨੀ ਪੁੱਜ ਜਾਂਦਾ ਤਾਂ ਦਿੱਲੀ ਸੁੰਨੀ ਹੋ ਜਾਂਦੀ ਤੇ ਸਾਹਿਤ ਵਿੱਚ ਪੈਦਾ ਹੋਣ ਵਾਲੀ ਖਾਈ ਨੂੰ ਕੌਣ ਭਰਦਾ? ਅਮਰੀਕਾ ਵਿੱਚ ਲੋਕ ਉਸ ਨੂੰ ‘ਮਿਸਟਰ ਸੈਂਡੀ’ ਕਹਿੰਦੇ।’’ ਉਹ ਉਸ ਨੂੰ ‘ਨਵੇਂ ਯੁੱਗ ਦਾ ਜੱਟ’ ਕਹਿ ਕੇ ਨਿਵਾਜਦਾ ਹੈ।
ਸੰਧੂ ਦੱਸਦਾ ਹੈ, ‘‘ਮੇਰਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ ਵਿੱਚ ਹੈ, ਸੂਨੀ। ਮੇਰੇ ਬਾਪੂ ਜੀ ਉੂਠ ਵਾਹੁੰਦੇ ਸਨ। ਮੈਦਾਨ ਦੀ ਉਪਜ ਪਹਾੜਾਂ ਨੂੰ ਲੈ ਜਾਂਦੇ ਤੇ ਉਥੋਂ ਦੀ ਉਪਜ ਥੱਲੇ ਲੈ ਆਉਂਦੇ। ਕਦੀ ਭਾੜਾ, ਕਦੀ ਵਣਜ। ਮੈਂ ਆਪਣੇ ਨਾਨਕੀ ਪਿੰਡ ਕੋਟਲਾ ਬਡਲਾ ਵਿੱਚ ਜੰਮਿਆ ਤੇ ਮੇਰੀ ਮੁੱਢਲੀ ਵਿਦਿਆ ਅੱਠਵੀਂ ਤੱਕ ਏ ਐੱਸ ਹਾਈ ਸਕੂਲ ਖੰਨੇ ਵਿੱਚ ਹੋਈ। ਇਹ ਵਿਦਿਆ ਮੈਂ ਆਪਣੀ ਮਾਸੀ ਗੁਰਦੇਵ ਕੌਰ ਦੇ ਪਿੰਡ ਬਾਹੋਮਾਜਰੇ ਰਹਿ ਕੇ ਪ੍ਰਾਪਤ ਕੀਤੀ। ਬਾਹੋਮਾਜਰਾ ਖੰਨੇ ਤੋਂ ਕੇਵਲ ਚਾਰ ਕਿਲੋਮੀਟਰ ਸੀ ਤੇ ਮੇਰੇ ਪਿੰਡ ਸੂਨੀ ਨੇੜਲਾ ਹਾਈ ਸਕੂਲ ਮਾਹਿਲਪੁਰ ਸੂਨੀ ਤੋਂ ਦਸ ਗਿਆਰਾਂ ਕਿਲੋਮੀਟਰ। ਜਦੋਂ ਮੈਂ ਸਾਈਕਲ ਚਲਾਉਣ ਜੋਗਾ ਹੋ ਗਿਆ ਤਾਂ ਮਾਹਿਲਪੁਰ ਪੜ੍ਹਨ ਲੱਗਾ ਜਿੱਥੋਂ ਬੀ ਏ ਪਾਸ ਕਰ ਕੇ ਕੰਮ ਦੀ ਭਾਲ ਵਿੱਚ ਦਿੱਲੀ ਚਲਾ ਗਿਆ। ਉਥੇ 28 ਸਾਲ ਭਾਰਤ ਸਰਕਾਰ ਦੀ ਨੌਕਰੀ ਕੀਤੀ। ਫਿਰ 1984 ਵਿੱਚ ਪੰਜਾਬੀ ਟਿ੍ਰਬਿਊਨ ਦਾ ਸੰਪਾਦਕ ਆ ਲੱਗਿਆ। ਤਿੰਨ ਸਾਲ ਓਥੇ ਰਿਹਾ। ਫੇਰ ਤਿੰਨ ਸਾਲ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ, ਦੋ ਸਾਲ ਪੰਜਾਬ ਰੈਡ ਕਰਾਸ ਦਾ ਸੈਕਟਰੀ ਤੇ ਚਾਰ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ। ਫੇਰ ਤਿੰਨ ਕੁ ਸਾਲ ‘ਦੇਸ਼ ਸੇਵਕ’ ਦਾ ਸੰਪਾਦਕ।”
ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਚੰਗੀ ਸੁੱਝੀ। ਪਹਿਲਾਂ ਉਸ ਨੂੰ ਪ੍ਰੋਫੈਸਰ ਆਫ ਐਮੀਨੈਂਸ ਦੀ ਪਦਵੀ ਦਿੱਤੀ ਤੇ ਵਿਆਹ ਦੀ ਪੰਜਾਹਵੀਂ ਵਰ੍ਹੇਗੰਢ ਤੋਂ ਦਸ ਕੁ ਦਿਨ ਪਹਿਲਾਂ ਆਜੀਵਨ ਫੈਲੋਸ਼ਿਪ ਦੇ ਦਿੱਤੀ। ਉਸ ਦੀ ਨਿਮਰਤਾ ਵੇਖੋ, ‘‘ਮੈਂ ਇਹੋ ਜਿਹਾ ਕੋਈ ਸੰਘਰਸ਼ ਨਹੀਂ ਕੀਤਾ, ਜੋ ਦੱਸਣ ਵਾਲਾ ਹੋਵੇ। ਮੇਰੇ ਮਾਪਿਆਂ ਨੇ ਮੈਨੂੰ ਸਬਰ ਸੰਤੋਖ ਸਿਖਾਉਂਦਿਆਂ ਕਿਹਾ ਸੀ ਕਿ ਜ਼ਿੰਦਗੀ ਵਿੱਚ ਢੇਰੀ ਨਹੀਂ ਢਾਹੁਣੀ। ਜ਼ਿੰਦਗੀ ਵਿੱਚ ਸਫਲ ਹੋਣ ਦਾ ਇੱਕੋ ਇੱਕ ਤਰੀਕਾ ਕਿ ਢੇਰੀ ਢਾਹੇ ਬਿਨਾਂ ਲੱਗੇ ਰਹਿਣਾ।”
ਕਹਿੰਦਾ ਹੈ, ‘‘ਮੈਂ ਪੰਜਾਸੀਆਂ ਤੋਂ ਟੱਪ ਗਿਆਂ। ਅੱਜ ਮੈਨੂੰ ਕੋਈ ਇਹ ਨਹੀਂ ਪੁੱਛਦਾ ਕਿ ਮੈਂ ਨਵਾਂ ਕੀ ਲਿਖਿਆ? ਇਹੀਉ ਪੁੱਛਿਆ ਜਾਂਦੈ ਕਿ ਸਿਹਤ ਦਾ ਕੀ ਹਾਲ ਹੈ? ਪਹਿਲੀਆਂ ਵਿੱਚ ਮੈਂ ਇਸ ਦਾ ਉੱਤਰ ਚੜ੍ਹਦੀ ਕਲਾ ਦਿੰਦਾ ਸੀ। ਫਿਰ ਇੱਕ ਨੰਬਰ ਕਹਿਣ ਲੱਗ ਪਿਆ। ਉਸ ਪਿੱਛੋਂ ਹਾਲੀ ਤੱਕ ਠੀਕ ਹੈ। ਅੱਜਕੱਲ੍ਹ ਮੇਰਾ ਉੱਤਰ ਕੇਵਲ ਇੱਕ ਸ਼ਬਦ ਤੱਕ ਸੀਮਿਤ ਹੋ ਗਿਆ ਹੈ: ਚਲਦੈ। ਮੈਂ ਉਸ ਗੇਂਦ ਵਾਂਗ ਹਾਂ ਜਿਹੜੀ ਰੁੜ੍ਹ ਰਹੀ ਹੈ, ਪਰ ਇਸ ਦਾ ਰੁੜ੍ਹਨਾ ਰੁਕਣ ਵਾਲਾ ਹੈ।”
“ਰੌਅ ਮੇਂ ਹੈ ਰਖਸ਼-ਏ-ਉਮਰ ਕਹਾਂ ਦੇਖੀਏ ਮੇਂ।”
“ਨਾ ਹਾਥ ਹੈ ਬਾਗ਼ ਪਰ ਨਾ ਪਾ ਹੈ ਰਕਾਬ ਮੇਂ।”
ਮੈਂ ਵੀ ਵਿਆਹ 'ਚ ਬੀ ਦਾ ਲੇਖਾ ਪਾ ਬੈਠਾ ਹਾਂ। ਗੱਲ ਵਿਆਹ ਦੀ ਚੱਲੀ ਸੀ। ਵਿਆਹ ਉਹਦਾ ਦੇਰ ਨਾਲ ਹੋਇਆ, 33ਵੇਂ ਸਾਲ ਦੀ ਉਮਰ ਵਿੱਚ। ਡਾਕਟਰ ਸੁਰਜੀਤ ਕੌਰ ਦਾ ਓਦੂੰ ਵੀ ਲੇਟ, 37ਵੇਂ ਸਾਲ ਵਿੱਚ। ਲਾੜਾ ਅੰਗਰੇਜ਼ੀ ਦੀ ਐੱਮ ਏ ਅਤੇ ਲਾੜੀ ਐੱਮ ਬੀ ਬੀ ਐੱਸ। ਜੇ ਕੋਈ ਕਹਿੰਦਾ, ‘ਵਿਆਹ ਬੜਾ ਲੇਟ ਕਰਾਇਆ’ ਤਾਂ ਸਫਾਈ ਦਿੰਦੇ, ‘ਫੇਰ ਵੀ ਬਲਵੰਤ (ਗਾਰਗੀ) ਨਾਲੋਂ ਤਾਂ ਪਹਿਲਾਂ ਹੀ ਕਰਾ ਲਿਐ।’
ਸੰਧੂ ਜੋੜੇ ਨੇ ਵਸੀਅਤ ਲਿਖ ਦਿੱਤੀ ਹੈ ਕਿ ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਸਾਡਾ ਮਰਨਾ ਖੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਉਨ੍ਹਾਂ ਦੀ ਜੇਬ ਵਿੱਚ ਰਹਿੰਦਾ ਹੈ ਕਿ ਜਿੱਥੇ ਪ੍ਰਾਣ ਪੰਖੇਰੂ ਹੋਣ, ਉਥੋਂ ਦੀ ਨੇੜਲੀ ਡਾਕਟਰੀ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਕਿ ਰੋਣ ਕੁਰਲਾਉਣ ਦੀ ਥਾਂ ਖੁਸ਼ੀ ਮਨਾਈ ਜਾਵੇ।
ਪਹਿਲਾਂ ਮੈਂ ਵੀ ਆਪਣੇ ਨਾਂਅ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਿਖਣੋਂ ਗੁਲਜ਼ਾਰ ਸੰਧੂ ਨੇ ਹੀ ਹਟਾਇਆ। ਅਖੇ, ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਕਹਿੰਦਾ, ‘‘ਜੇ ਮੇਰਾ ਨਾਂਅ ਗੁਲਜ਼ਾਰਾ ਰਹਿੰਦਾ ਤਾਂ ਮੈਂ ਹੀ ਸੰਧੂ ਨਾ ਲਾਉਂਦਾ ਕਿਉਂਕਿ ਨਵੀਂ ਪੀੜ੍ਹੀ ਨੇ ਕਿਸੇ ਦਾ ਨਾਂਅ ਗੁਲਜ਼ਾਰਾ ਨਹੀਂ ਸੀ ਰੱਖਣਾ। ਸਰਵਣ ਵੀ ਕਿਸੇ ਨੇ ਨੀ ਰੱਖਣਾ, ਸੋ ਤੂੰ ਹੀ ਲਾਹ ਦੇ।”
ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ, ਮੇਰੇ ਕੋਲ ਸਾਈਕਲ। ਉਹ ਪੰਜਾਬੋਂ ਆਏ ਲੇਖਕਾਂ ਨੂੰ ਦਾਰੂ ਪਿਆਉਂਦਾ ਤੇ ਮੋਟਰ ਸਾਈਕਲ ਦੇ ਝੂਟੇ ਦਿੰਦਾ। ਮੈਂ ਅੜੇ-ਥੁੜੇ ਖਾਲਸਾ ਕਾਲਜ ਦੇ ਡੀ ਪੀ ਈ ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜਦਾ। ਮੇਰਾ ਉਹਦੇ ਨਾਲ ਕੀ ਮੁਕਾਬਲਾ ਸੀ? ਸੰਧੂ ਸਰਦਾਰੀ ਮੈਂ ਵੱਡੇ ਭਾਈ ਨੂੰ ਛੱਡਣ ਵਿੱਚ ਹੀ ਭਲਾ ਸਮਝਿਆ।
ਪ੍ਰੀਤਮ ਸਿੰਘ ਬੈਂਸ ਕੋਲ ਸੰਧੂ ਵੀ ਛੇ ਮਹੀਨੇ ਰਿਹਾ। ਦੋਵੇਂ ਦੁਆਬੀਏ। ਜਦੋਂ ਉਹ ਬੈਂਸ ਨੂੰ ਜਨੇਤ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, ‘‘ਵਿਆਹ ਕੀਹਦੇ ਨਾਲ ਹੋ ਰਿਹੈ?”
ਸੰਧੂ ਨੇ ਹੁੱਬ ਕੇ ਦੱਸਿਆ, ‘‘ਮਾਝੇ ਤੋਂ ਪੰਨੂਆਂ ਦੀ ਧੀ ਐ।”
ਬੈਂਸ ਬੋਲਿਆ, ‘‘ਮਾਝੇ ਵਾਲੇ ਤਾਂ ਆਪਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।”
ਸੰਧੂ ਨੇ ਕਿਹਾ, ‘‘ਜੀਹਦੇ ਨਾਲ ਵਿਆਹ ਹੋ ਰਿਹਾ, ਉਹਦਾ ਭਰਾ ਗੁਰਬਚਨ ਸਿੰਘ ਘੈਂਟ ਬੰਦਾ। ਉਹ ਨੀਂ ਕੁੱਟਣ ਦਿੰਦਾ।”
ਗੁਰਬਚਨ ‘ਗੁਰਾ’ ਖਾਲਸਾ ਕਾਲਜ ਅੰਮ੍ਰਿਤਸਰ ਦਾ ਤਕੜਾ ਖਿਡਾਰੀ ਸੀ। ਲੜਾਈ ਭਿੜਾਈ ਨੂੰ ਕਾਇਮ। ਪ੍ਰੀਤਮ ਸਿੰਘ ਬੈਂਸ ਉਹਦੇ ਨਾਲ ਪੜ੍ਹਦਾ ਰਿਹਾ ਸੀ। ਉਸ ਨੇ ਕਿਹਾ, ‘‘ਜੇ ਗੁਰੇ ਦੀ ਭੈਣ ਐ ਤਾਂ ਉਹ ਹੋਰ ਵੀ ਕੁੱਟਣਗੇ।”
ਸੰਧੂ ਨੇ ਪੁੱਛਿਆ, ‘‘ਤਾਂ ਫੇਰ ਜਵਾਬ ਦੇ ਦੇਈਏ?”
ਬੈਂਸ ਕੁਝ ਪਲ ਚੁੱਪ ਰਿਹਾ। ਸੋਚ ਕੇ ਬੋਲਿਆ, ‘‘ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ। ਇਹ ਤਾਂ ਢੁੱਕਣਾ ਈ ਪਊ, ਦੇਖੀ ਜਾਊ ਜਿਵੇਂ ਹੋਊ।”
11 ਮਾਰਚ 1966 ਨੂੰ ਉਨ੍ਹਾਂ ਦਾ ਵਿਆਹ ਹੋਇਆ। 11 ਮਾਰਚ 1966 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਮੰਗ ਮੰਨਣ ਪਿੱਛੇ 1965 ਦੀ ਭਾਰਤ-ਪਾਕਿ ਜੰਗ ਵਿੱਚ ਪਾਇਆ ਯੋਗਦਾਨ ਸੀ। ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ। ਸਰਹੱਦੀ ਪਿੰਡਾਂ ਵਿੱਚ ਜੰਗ ਦਾ ਉਜਾੜਾ ਵੇਖਦਿਆਂ ਲੇਖਕ ਸੰਧੂ ਤੇ ਡਾਕਟਰ ਪੰਨੂ ਇੱਕ-ਦੂਜੇ ਦੇ ਹੋ ਗਏ। ਸੰਧੂ ਦੇ ਲਿਖਣ ਮੂਜਬ, ‘‘ਸੰਨ 1966 ਤੋਂ ਸੁਰਜੀਤ ਐਸ ਕੇ ਸੰਧੂ ਹੋ ਗਈ। ਮੇਰੀ ਜੀਵਨ ਸਾਥਣ। ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨ। ਲੜਾਈ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਜੰਗਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ।”
ਇਉਂ ਇਹ ਜੋੜੀ ਖੁਸ਼ੀ-ਖੁਸ਼ੀ ਵੱਸਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”