Welcome to Canadian Punjabi Post
Follow us on

12

July 2025
 
ਨਜਰਰੀਆ

ਕੋਰਾ ਸੱਚ ਬੋਲਣ ਦੀ ਸਜ਼ਾ

February 19, 2020 08:06 AM

-ਬਲਦੇਵ ਸਿੰਘ ਸੜਕਨਾਮਾ
ਕਲਕੱਤੇ ਤੋਂ ਪੰਜਾਬ ਆ ਕੇ ਵੀ ਮੈਂ ਟਰਾਂਸਪੋਰਟ ਕਿੱਤੇ ਦਾ ਮੋਹ ਤਿਆਗ ਨਾ ਸਕਿਆ, ਹਾਲਾਂਕਿ ਮੈਂ ਦਿ੍ਰੜ ਇਰਾਦੇ ਨਾਲ ਆਇਆ ਸੀ-ਪੰਜਾਬ 'ਚ ਇਹ ਧੰਦਾ ਨਹੀਂ ਕਰਨਾ। ਇਸ ਪਾਸੇ ਨਾ ਜਾਣ ਲਈ ਮੈਂ ਮੋਗੇ ਪ੍ਰਿੰਟਿੰਗ ਪ੍ਰੈਸ ਵੀ ਲਾ ਲਈ, ਪਰ ਟਰਾਂਸਪੋਰਟ ਕਿੱਤੇ ਦਾ ਚਸਕਾ ਅੰਦਰੋਂ ਨਹੀਂ ਗਿਆ।
ਪਹਿਲਾਂ ਕੁਝ ਮਹੀਨੇ ਭੂੰਡ (ਥ੍ਰੀ-ਵੀਲਰ) ਚਲਾਏ। ਜਿਹੜੇ ਜਾਣਦੇ ਸਨ, ਉਨ੍ਹਾਂ ਨੇ ਟਿੱਚਰਾਂ ਵੀ ਕੀਤੀਆਂ, ‘ਹਾਥੀਆਂ ਤੋਂ ਉਤੱਰ ਕੇ ਖੋਤਿਆਂ 'ਤੇ ਚੜ੍ਹ ਗਿਆ।’ ਮੈਂ ਪਰਵਾਹ ਨਾ ਕੀਤੀ, ‘ਕਿਰਤ ਤਾਂ ਕਿਰਚ ਹੀ ਹੈ। ਵਿਦੇਸ਼ਾਂ 'ਚ ਜਾ ਕੇ ਅਸੀਂ ਟੌਇਲਟਾਂ ਸਾਫ਼ ਕਰਨ ਤੱਕ ਜਾਂਦਾ ਹਾਂ।’
ਕਲਕੱਤਿਓਂ ਆਉਣ ਤੋਂ ਢਾਈ-ਤਿੰਨ ਸਾਲਾਂ ਬਾਅਦ ਮੈਨੂੰ ਮਿੰਨੀ ਬੱਸ ਦਾ ਪਰਮਿਟ ਮਿਲ ਗਿਆ। ਅੱਜਕੱਲ੍ਹ ਇਹ ਕਿੱਤਾ ਵੀ ਸਰਕਾਰੀ ਨੀਤੀਆਂ ਅਤੇ ਮਹਿੰਗਾਈਆਂ ਨੇ ਖਾ ਲਿਆ ਹੈ। ਇੱਕ ਤਰ੍ਹਾਂ ਕਿਸੇ ਕੰਮਕਾਰ ਪੱਖੋ ਮੈਂ ਫੁੱਟਪਾਥ ਉਪਰ ਸਾਂ। ਸਾਡੇ ਭਾਈਚਾਰੇ ਵਿੱਚ ਸੜਕਾਂ ਉੱਤੇ ਚੱਲਣ ਲਈ ਗੱਡੀਆਂ ਦੇ ਮਾਲਕਾਂ ਵੱਲੋਂ ਨਵੇਂ-ਪੁਰਾਣੇ ਡਰਾਈਵਰਾਂ ਨੂੰ ਹਰ ਸਮੇਂ ਸਿੱਖਿਆਵਾਂ, ਹਦਾਇਤਾਂ ਦੇਣ ਦੀ ਆਮ ਪ੍ਰੰਪਰਾ ਹੈ। ਉਂਜ ਤਾਂ ਸਾਡੇ ਭਾਰਤੀ ਸੱਭਿਆਚਾਰ ਵਿੱਚ ਸਿੱਖਿਆਵਾਂ ਦੇਣ ਦੀ ਪ੍ਰਥਾ ਬਣੀ ਹੋਈ ਹੈ। ਜਦੋਂ ਮੇਰੇ ਕੋਲ ਮਿੰਨੀ ਬੱਸਾਂ ਸਨ, ਮੈਂ ਇੱਕ ਨਵਾਂ ਡਰਾਈਵਰ ਰੱਖਿਆ। ਉਹ ਅਨਪੜ੍ਹ ਤਾਂ ਨਹੀਂ ਸੀ, ਪਰ ਪੜ੍ਹਿਆ-ਲਿਖਿਆ ਵੀ ਨਹੀਂ ਸੀ। ਮੈਂ ਵੀ ਉਸ ਨੂੰ ਹੋਰਾਂ ਵਾਂਗ ਹਦਾਇਤਾਂ ਦੇਣ ਦਾ ਆਪਣਾ ਫਰਜ਼ ਨਿਭਾਇਆ-
‘ਤੇਲ ਪਾਣੀ ਦਾ ਖਿਆਲ ਰੱਖਣਾ ਹੈ, ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ, ਟਰੱਕ ਨਹੀਂ, ਬੱਸ ਹੈ। ਸਵਾਰੀਆਂ ਦੀ ਹਿਫਾਜ਼ਤ ਦਾ ਖਿਆਲ ਰੱਖਣਾ ਹੈ। ਚੌਕ ਵਿੱਚ ਸੜਕ 'ਤੇ ਕਿਸੇ ਸਿਪਾਹੀ ਨਾਲ ਪੰਗਾ ਨਹੀਂ ਲੈਣਾ। ਪਾੜ੍ਹੇ ਮੁੰਡਿਆਂ ਨਾਲ ਕਦੇ ਨਹੀਂ ਉਲਝਣਾ। ਸ਼ਹਿਰ ਵਿੱਚ ਵੜਦਿਆਂ ਹੀ ਪ੍ਰੈਸ਼ਰ ਹਾਰਨ ਬੰਦ ਕਰ ਦੇਣਾ ਹੈ। ਟੇਪ ਰਿਕਾਰਡਰ 'ਚ ਬਹੁਤੇ ਗੰਦੇ ਗੀਤ ਨਹੀਂ ਵਜਾਉਣੇ। ਕਾਰ ਵਾਲੇ ਨੂੰ ਰਸਤਾ ਦੇਣਾ ਹੈ।'
ਡਰਾਈਵਰ, ਹਾਂ ਜੀ, ਠੀਕ ਹੈ ਜੀ, ਚੰਗਾ ਜੀ' ਕਹੀ ਗਿਆ। ਡਰਾਈਵਰਾਂ ਦੇ ਆਪਣੇ ਭਾਈਚਾਰੇ ਦੀ ਅੱਡ ਸਿੱਖਿਆ ਹੁੰਦੀ ਹੈ; ‘ਮਾਲਕ ਦੀ ਗੱਲ ਨਹੀਂ ਕੱਟਣੀ, ਹਾਂ ਜੀ, ਹਾਂ ਜੀ ਕਹੀ ਜਾਣੈ। ਕਰਨੀ ਆਪਣੀ ਮਰਜ਼ੀ ਹੈ। ਤਨਖ਼ਾਹ ਐਡਵਾਂਸ ਹੀ ਰੱਖਣੀ ਹੈ। ‘ਲਸੰਸ ਜੇਬ ਵਿੱਚ ਤੇ ਸਾਫਾ ਮੋਢੇ ਉੱਤੇ।'
ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਇੱਕ ਦਿਨ ਪੰਗਾ ਪੈ ਗਿਆ। ਗੱਲ ਐਨੀ ਕੁ ਸੀ, ਮੁੱਖ ਸੜਕ ਦਾ ਪੁਲ ਟੁੱਟਿਆ ਹੋਇਆ ਸੀ। ਆਰਜ਼ੀ ਡਾਈਵਰਸ਼ਨ ਬੜਾ ਤੰਗ ਸੀ। ਇਥੇ ਰੋਜ਼ ਜਾਮ ਲੱਗਦਾ ਸੀ। ਇੱਕ ਦਿਨ ਮੇਰੀ ਬੱਸ ਦਾ ਡਰਾਈਵਰ ਡਾਈਵਰਸ਼ਨ ਦੇ ਅੱਧ ਵਿਚਾਲੇ ਸੀ। ਪਿੱਛੋਂ ਇੱਕ ਕਾਰ ਦਾ ਡਰਾਈਵਰ ਹਾਰਨ ਤੇ ਹਾਰਨ ਮਾਰਨ ਲੱਗਾ। ਜਾਮ ਲੱਗਿਆ ਹੋਇਆ ਸੀ। ਕਾਰ ਦਾ ਡਰਾਈਵਰ ਗੁੱਸੇ ਵਿੱਚ ਆ ਕੇ ਕਹਿੰਦਾ, ‘ਬੱਸ ਪਿੱਛੇ ਕਰ ਜਾਂ ਸਾਈਡ ਕਰ, ਸਾਨੂੰ ਲੰਘਣ ਦੇ। ਸਾਹਬ ਲੇਟ ਹੋ ਰਹੇ ਨੇ।'
ਮੇਰੇ ਡਰਾਈਵਰ ਨੇ ਕਿਹਾ, ‘ਬੱਸ 'ਚ ਬੈਠੀਆਂ ਐਨੀਆਂ ਸਵਾਰੀਆਂ ਨ੍ਹੀਂ ਲੇਟ ਹੋ ਰਹੀਆਂ?'
ਕਾਰ ਡਰਾਈਵਰ ਨੇ ਰੋਹਬ ਮਾਰਿਆ- ‘ਗੱਡੀ ਸਾਈਡ ਕਰ।'
‘ਸਵਾਰੀਆਂ ਮਾਰਨੀਐਂ? ਜੇ ਗੱਡੀ ਪਲਟ ਗਈ। ਜਾਹ ਨਹੀਂ ਸਾਈਡ ਕਰਦਾ।’ ਮੇਰਾ ਡਰਾਈਵਰ ਵੀਚਰ ਗਿਆ।
ਤੂੰ-ਤੂੰ, ਮੈਂ-ਮੈਂ ਹੋ ਗਈ। ਹੋਰ ਗੱਡੀਆਂ ਵਾਲੇ ਵੀ ਆ ਗਏ। ਜਾਮ ਤਾਂ ਪਹਿਲਾਂ ਹੀ ਲੱਗਿਆ ਹੋਇਆ ਸੀ। ਹਾਰਨ ਵੱਜਣ ਲੱਗੇ। ਸਾਰੇ ਆਖ ਰਹੇ ਸਨ ਕਿ ਕਾਰ ਵਾਲਾ ਡਰਾਈਵਰ ਧੱਕਾ ਕਰ ਰਿਹੈ। ਕਾਂਰ ਵਿੱਚ ਬੈਠੇ ਸਾਹਬ ਨੇ ਆਪਣੇ ਡਰਾਈਵਰ ਨੂੰ ਮਿੰਨੀ ਬੱਸ ਦਾ ਨੰਬਰ ਨੋਟ ਕਰਨ ਲਈ ਕਿਹਾ। ਫਿਰ ਡਰਾਈਵਰਾਂ ਦੀ ਹਿੰਮਤ ਤੇ ਮਿਲਵਰਤਨ ਨਾਲ ਜਾਮ ਖੁੱਲ੍ਹ ਗਿਆ। ਗੱਲ ਆਈ-ਗਈ ਹੋ ਗਈ।
ਸੱਤ-ਅੱਠ ਦਿਨਾਂ ਬਾਅਦ ਇੱਕ ਸਿਪਾਹੀ ਮੇਰੇ ਘਰ ਸੰਮਨ ਲੈ ਕੇ ਆ ਗਿਆ।
ਮੈਂ ਹੈਰਾਨ ਹੋ ਕੇ ਪੁੱਛਿਆਂ, ‘ਸਾਡਾ ਤਾਂ ਕੋਈ ਚਲਾਨ ਨਹੀਂ ਹੋਇਆ। ਨਾ ਕੋਈ ਹੋਰ ਕੇਸ ਹੈ। ਸੰਮਨ ਕਾਹਦੇ?'
ਸਿਪਾਹੀ ਬੋਲਿਆ, ‘ਕੋਰਟ ਤੋਂ ਆਏ ਨੇ ਜੀ। ਨਾਮ ਵੀ ਥੋਡਾ ਐ। ਬੱਸ ਨੰਬਰ ਵੀ ਹੈ ਤੇ ਘਰ ਦਾ ਐਡਰੈਸ ਵੀ ਹੈ। ਉਥੇ ਜਾ ਕੇ ਪਤਾ ਕਰੋ। ਮੈਂ ਤਾਂ ਸੰਮਨ ਤਾਮੀਲ ਹੀ ਕਰਵਾਉਣੇ ਐ।'
ਮੈਂ ਸੰਮਨ ਲੈ ਲਏ। ਨਾਲ ਕਿਹਾ-‘ਆਪਣਾ ਤਾਂ ਕੋਈ ਚਲਾਨ ਹੋਇਆ ਈ ਨਹੀਂ।'
ਕੋਰਟ ਵਿੱਚ ਗਿਆ। ਜਾਣ-ਪਛਾਣ ਵਾਲੇ ਇੱਕ ਵਕੀਲ ਨੂੰ ਮਿਲਿਆ। ਉਸ ਨੇ ਸੰਮਨ ਪੜ੍ਹ ਕੇ ਕਿਹਾ, ‘ਡਰਾਈਵਰ ਮਾਲਕ ਦੋਹਾਂ ਨੂੰ ਪੇਸ਼ ਹੋਣਾ ਪਊ।'
ਮੈਂ ਡਰਾਈਵਰ ਨੂੰ ਪੁੱਛਿਆ-‘ਕਿਸੇ ਨਾਲ ਝਗੜਾ ਤਾਂ ਨ੍ਹੀਂ ਕੀਤਾ?'
‘ਝਗੜਾ ਕਾਹਤੋਂ ਕਰਨਾ ਸੀ, ਮੈਂ ਪਾਗਲ ਆਂ? ਐਨੇੇ ਸਾਲ ਹੋਗੇ ਗੱਡੀ ਚਲਾਉਂਦੇ ਨੂੰ, ਕਦੇ ਉਲਾਂਭਾ ਨ੍ਹੀਂ ਲਿਆਂਦਾ।' ਡਰਾਈਵਰ ਨੇ ਪੂਰੀ ਤਸੱਲੀ ਨਾਲ ਕਿਹਾ।
ਖ਼ੈਰ, ਚਲਾਨ ਦੀ ਤਾਰੀਖ ਵਾਲਾ ਦਿਨ ਆ ਗਿਆ। ਮੈਂ ਆਪਣੇ ਹਿੱਸੇਦਾਰ ਨੂੰ ਡਰਾਈਵਰ ਨਾਲ ਜਾਣ ਨੂੰ ਕਿਹਾ।
ਹਾਕ ਪਈ। ਡਰਾਈਵਰ ਝੱਟ ਵਕੀਲ ਨੂੰ ਸੱਦ ਲਿਆਇਆ। ਮੇਰਾ ਹਿੱਸੇਦਾਰ ਤੇ ਡਰਾਈਵਰ ਦੋਵੇਂ ਵਕੀਲ ਦੇ ਨਾਲ ਅੰਦਰ ਗਏ। ਵਕੀਲ ਨੇ ਪਹਿਲਾਂ ਹੀ ਦੋਹਾਂ ਨੂੰ ਸਮਝਾ ਦਿੱਤਾ ਸੀ। ਬਸ ਇਹੀ ਕਹੀ ਜਾਣੈ-‘ਗ਼ਲਤੀ ਹੋ ਗਈ ਸਾਹਬ।'
ਰ ਕੋਰਟ-ਰੂਮ ਦੇ ਅੰਦਰ ਜਾਂਦਿਆਂ ਹੀ ਡਰਾਈਵਰ ਦੇ ਹੋਸ਼ ਉਡ ਗਏ। ਜੱਜ ਦੀ ਕੁਰਸੀ ਉਪਰ ਉਹੀ-ਕਾਰ ਵਾਲਾ ਸਾਹਬ ਬੈਠਾ ਸੀ ਜਿਸ ਨਾਲ ਡਾਈਵਰਸ਼ਨ ਉਤੇ ਝਗੜਾ ਪਿਆ ਸੀ। ਡਰਾਈਵਰ ਨੇ ਹੌਲੀ ਜਿਹੀ ਸਾਰੀ ਘਟਨਾ ਹਿੱਸੇਦਾਰ ਨੂੰ ਦੱਸ ਦਿੱਤੀ। ਡਰਾਈਵਰ ਕਟਹਿਰੇ ਵਿੱਚ ਜਾ ਖੜ੍ਹਿਆ।
‘ਬੱਸ ਦਾ ਮਾਲਕ ਕੌਣ ਹੈ?' ਜੱਜ ਨੇ ਪੁੱਛਿਆ।
‘ਮੈਂ ਹਾਂ ਜੀ।' ਹਿੱਸੇਦਾਰ ਨੇ ਹੱਥ ਜੋੜੇ।
‘ਕਿਸ ਤਰ੍ਹਾਂ ਦਾ ਡਰਾਈਵਰ ਰੱਖਿਆ ਹੈ ਤੂੰ?'
‘ਗ਼ਲਤੀ ਹੋ ਗਈ ਸਾਹਬ।'
‘ਤੇਰੇ ਡਰਾਈਵਰ ਨੂੰ ਗੱਲ ਕਰਨ ਦੀ ਤਾਮੀਜ਼ ਨਹੀਂ ਹੈ?'
‘ਮੁਆਫ਼ੀ ਦੇ ਦਿਓ ਸਾਹਬ।' ਹਿੱਸੇਦਾਰ ਨੇ ਫਿਰ ਪਹਿਲਾਂ ਵਾਂਗ ਹੀ ਹੱਥ ਜੋੜ।
‘ਇਹ ਤਾਂ ਪੁੱਠਾ ਹੀ ਬੋਲਦਾ ਸੀ।' ਜੱਜ ਨੇ ਡਰਾਈਵਰ ਵੱਲ ਇਸ਼ਾਰਾ ਕੀਤਾ।
ਡਰਾਈਵਰ ਨੀਵੀਂ ਪਾਈ ਖੜ੍ਹਾ ਦੋਸ਼ੀ ਹੋਣ ਦੀ ਨੌਟੰਕੀ ਕਰ ਰਿਹਾ ਸੀ।
ਏਨੇ ਵਿੱਚ ਹਿੱਸੇਦਾਰ ਹੋਈ ਬੀਤੀ ਉੱਤੇ ਮਿੱਟੀ ਪਾਉਣ ਲਈ ਆਪਣੇ ਵੱਲੋਂ ਸਫ਼ਾਈ ਦਿੰਦਾ ਬੋਲਿਆ- ‘ਜਨਾਬ ਮੈਂ ਏਸ ਖੋਤੇ ਨੂੰ ਬਥੇਰਾ ਸਮਝਾਇਆ ਹੈ, ਬਈ ਜਿਨ੍ਹਾਂ ਦੇ ਗਲਾਂ 'ਚ ਆਹ ਲੀਰ ਜਿਹੀ ਬੰਨ੍ਹੀ ਹੁੰਦੀ ਐ (ਜੱਜ ਦੀ ਟਾਈ ਵੱਲ ਇਸ਼ਾਰਾ ਕਰਕੇ) ਇਨ੍ਹਾਂ ਨਾਲ ਪੰਗਾ ਨਹੀਂ ਲਈਦਾ। ਇਹ ਸਮਝਦਾ ਨ੍ਹੀਂ। ਮੂਰਖ ਐ ਜੀ ਸਿਰੇ ਦਾ। ਮੁਆਫ਼ ਕਰੋ ਸਾਹਬ।'
ਪਹਿਲਾਂ ਜੱਜ ਦੇ ਮੱਥੇ 'ਚ ਡੂੰਘੀ ਤਿਉੜੀ ਪਈ। ਉਸਦਾ ਸਟੈਨੋ ਵੀ ਭਮੰਤਰ ਗਿਆ। ਜੱਜ ਪੂਰੇ ਰੋਹਬ ਨਾਲ ਬੋਲਿਆ- ‘ਬਾਹਰ ਕੱਢੋ ਇਨ੍ਹਾਂ ਨੂੰ।' ਤੇ ਉਸ ਨੇ ਚਲਾਨ ਉੱਪਰ ਜੁਰਮਾਨਾ ਲਿਖ ਕੇ ਰੀਡਰ ਵੱਲ ਸੁੱਟ ਦਿੱੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ