Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਨਜਰਰੀਆ

ਬੁੱਢੇ ਜੋੜੇ ਦਾ ਵੈਲੇਨਟਾਈਨ ਡੇ ਪ੍ਰੋਗਰਾਮ

February 19, 2020 08:03 AM

-ਬਲਰਾਜ ਸਿੰਘ
ਜ਼ਿੰਦਗੀ ਦੇ ਇਸ ਪੜਾਅ 'ਤੇ ਸਾਨੂੰ ਭਲੀ ਭਾਂਤ ਪਤਾ ਹੈ ਕਿ ਸਾਡੀ ਸੰਨ 52 ਮਾਡਲ ਵਹੁਟੀ ਤੋਂ ਬਿਨਾਂ ਕਿਸੇ ਨੇ ਵੀ ਸਾਥੋਂ ਲਾਲ ਗੁਲਾਬ ਨਹੀਂ ਕਬੂਲਣੇ। ਐਵੇਂ ਵਸਮੇ ਨਾਲ ਵਾਲ ਸ਼ਾਹ ਕਾਲੇ ਕਰ ਕੇ ਕਿਸੇ ਨੱਢੀ ਮਗਰ ਹੱਥ ਧੋ ਕੇ ਪੈ ਗਏ ਤਾਂ ਸਿਵਾਏ ਟੰਬਿਆਂ ਤੋਂ ਕੁਝ ਹੱਥ ਨਹੀਂ ਆਉਣਾ। ਜਗ ਹਸਾਈ ਵੱਖਰੀ ਹੋਵੇਗੀ। ਵਹੁਟੀ ਤੋਂ ਤਾਂ ਝਿੜਕਾਂ ਪੈਣੀਆਂ ਹੀ ਹਨ, ਕੁੜਮਣੀਆਂ ਦੇ ਮਨ ਵਿੱਚ ਵੀ ਸਾਡੀ ਆਸ਼ਿਕ ਮਿਜ਼ਾਜ਼ੀ ਦਾ ਡਰ ਪੈ ਜਾਵੇਗਾ ਅਤੇ ਫਿਰ ਉਹ ਸਾਡੀ ਪ੍ਰਛਾਈਂ ਤੋਂ ਵੀ ਇੰਝ ਡਰਨਗੀਆਂ ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਆਂਢ-ਗੁਆਂਢ 'ਚ ਵੀ ਇਸ ਠਰਕੀਪੁਣੇ ਸਦਕਾ ਸਾਡੀ ਥੂਹ-ਥੂਹ ਹੋਵੇਗੀ। ਨਾ, ਬਾਬਾ ਨਾ। ਇਸ ਉਮਰ ਵਿੱਚ ਅਸੀਂ ਇਹੋ ਜਿਹਾ ਗੰਭੀਰ ਖਤਰਾ ਮੁੱਲ ਨਹੀਂ ਲੈ ਸਕਦੇ। ਅਸੀਂ ਇਸ ਸਾਲਾਨਾ ਮਸਲੇ ਦਾ ਜੁੂੜ ਹੀ ਵੱਢ ਦਿੱਤਾ ਅਤੇ ਆਪਣੀ ਵਹੁਟੀ ਨੂੰ ਲਾਲ ਫੁੱਲ ਭੇਟ ਕਰ ਕੇ ਇਸ ਸਾਲ ਤੋਂ ਆਪਣੀ ਸਹੇਲੀ ਬਣਾ ਲਿਆ ਹੈ। ਅਸੀਂ ਆਪਣੇ ਦੋਵਾਂ ਪੁੱਤਰਾਂ, ਨੂੰਹਾਂ ਤੇ ਪੋਤੇ ਪੋਤੀ ਨੂੰ ਵੀ ਇਹ ਭੇਤ ਦੀ ਗੱਲ ਦੱਸ ਦਿੱਤੀ। ਉਨ੍ਹਾਂ ਨੇ ਆਪਣੀ ਫਰਾਖਦਿਲੀ ਦਾ ਸਬੂਤ ਦਿੰਦਿਆਂ ਸਾਡੀ ਇਹ ਮਿੱਤਰਤਾ ਖਿੜੇ ਮੱਥੇ ਕਬੂਲ ਕਰ ਲਈ ਅਤੇ ਭਵਿੱਖ ਵਿੱਚ ਅਸੀਂ ਹਰ ਸਾਲ ਇਸ ਤਰ੍ਹਾਂ ਵੈਲੇਨਟਾਈਨ ਡੇ ਮਨਾਇਆ ਕਰਾਂਗੇ।
ਸਕੀਮ ਅਨੁਸਾਰ ਵੈਲੇਨਟਾਈਨ ਡੇ ਤੋਂ ਹਫਤਾ ਪਹਿਲਾਂ ਅਸੀਂ ਕਾਲਜੇ 'ਤੇ ਪੱਥਰ ਰੱਖ ਕੇ ਵਹੁਟੀ ਨੂੰ ਉਹਦੇ ਪੇਕੀਂ ਤੋਰ ਦਿਆਂ ਕਰਾਂਗੇ। ਇਸ ਉਮਰ ਵਿੱਚ ਸੱਚਾਈ ਕਬੂਲਣ 'ਚ ਸਾਨੂੰ ਕੋਈ ਝੇਪ ਨਹੀਂ। ਕੋਈ ਰੰਨ ਮੁਰੀਦ ਕਹਿੰਦਾ ਹੈ ਤਾਂ ਪਿਆ ਕਹੀ ਜਾਵੇ। ਅਸੀਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸ਼ਰੇਆਮ ਐਲਾਨ ਕਰਦੇ ਹਾਂ ਕਿ ਪਿਛਲੇ ਪੈਂਤੀ ਵਰ੍ਹਿਆਂ ਦੌਰਾਨ ਅਸੀਂ ਆਪਣੀ ਪਿਆਰੀ ਵਹੁਟੀ ਦੀ ਜੁਦਾਈ ਇੱਕ ਪਲ ਵੀ ਨਹੀਂ ਕੱਟੀ। ਸਹੁਰੀਂ ਵੀ ਵਹੁਟੀ ਦੇ ਨਾਲ ਜਾਂਦੇ ਰਹੇ ਅਤੇ ਖੋਟੇ ਪੈਸੇ ਵਾਂਗੂ ਅੱਖ ਦੇ ਫੋਰ 'ਚ ਮੁੜਦੇ ਰਹੇ ਹਾਂ। ਵਹੁਟੀ ਦੀ ਜੁਦਾਈ ਦੇ ਨੁਕੀਲੇ ਤੀਰ ਸਹਿਣੇ ਸਾਡੇ ਲਈ ਜ਼ਹਿਰ ਦਾ ਪਿਆਲਾ ਪੀਣ ਸਾਮਾਨ ਹੀ ਹੋਣਗੇ।
ਇਸ ਇੱਕ ਹਫਤੇ ਦੌਰਾਨ ਅਸੀਂ ਆਪਣੇ ਸਿਲਵਰ ਜੁਬਲੀ ਮਨਾ ਚੁੱਕੇ ਪਿਆਰ ਨੂੰ ਗੁਲਾਬਾਂ ਦੀ ਮਹਿਕ ਜਿਹਾ ਖੁਸ਼ਬੋਈਆਂ ਭਰਿਆ, ਮਾਦਕ ਤੇ ਦੁਬਾਰਾ ਤਰੋਤਾਜ਼ਾ ਬਣਾਉਣੇ ਲਈ ਆਪਣੇ ਸਹੁਰਿਆਂ ਦੇ ਘਰੋ ਅੱਗੋਂ ਆਪਣੀ ਸਹੇਲੀ ਨੂੰ ਰੋਜ਼ ਭਾਂਤ-ਭਾਂਤ ਦੇ ਪ੍ਰੇਮ ਭਰੇ ਸ਼ੇਅਰ ਲਿਖ ਕੇ, ਅਤਰ ਫੁਲੇਲ ਨਾਲ ਲਬਰੇਜ਼ ਰੰਗਦਾਰ ਕਾਗਜ਼ 'ਤੇ ਇੱਕ ਚਿੱਠੀ ਸੁੱਟਿਆ ਕਰਾਂਗੇ। ਇਹ ਕੰਮ ਜੋਖਮ ਭਰਿਆ ਹੈ ਕਿਉਂਕਿ ਸਾਡੀ ਵਹੁਟੀ ਦੇ ਭਤੀਜੇ ਅਤੇ ਭਤੀਜ-ਨੂੰਹਾਂ ਸਾਨੂੰ ਪਿਛਲੇ 35 ਵਰ੍ਹਿਆਂ ਤੋਂ ਚੰਗੀ ਤਰ੍ਹਾਂ ਪਛਾਣਦੇ ਹਨ, ਪਰ ਸਾਡੇ ਖੁਰਾਫਾਤੀ ਦਿਮਾਗ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਅਸੀਂ ਫੈਂਸੀ ਡਰੈਸ ਦੀ ਦੁਕਾਨ ਵਾਲੇ ਸ਼ੀਸ਼ੇ ਤੋਂ ਸਾਧਾਂ ਦਾ ਲੰਮਾ ਭਗਵਾ ਚੋਲਾ, ਭਗਵੀਂ ਪਗੜੀ ਤੇ ਦੁੱਧ ਚਿੱਟੀ ਲੰਮੀ ਦਾੜ੍ਹ ਖਰੀਦ ਲਈ ਹੈ। ਭਾਵੇਂ ਸਾਡਾ ਚਾਰ ਹਜ਼ਾਰ ਰੁਪਈਆ ਖਰਚ ਹੋ ਗਿਆ, ਪਰ ਚਿੰਤਾ ਦੂਰ ਹੋ ਗਈ। ਇਸ ਸਾਧ ਦੇ ਭੇਸ ਵਿੱਚ ਸਾਨੂੰ ਕੋਈ ਪਛਾਣ ਨਹੀਂ ਸਕੇਗਾ ਤੇ ਅਸੀਂ ‘ਅਲਖ ਨਿਰੰਜਣ' ‘ਅਲਖ ਨਿਰੰਜਣ' ਕਰਦੇ ਹੋਏ ਪੋਲੇ ਜਿਹੇ ਆਪਣਾ ਪ੍ਰੇਮ ਪੱਤਰ ਵਹੁਟੀ ਨੂੰ ਫੜਾ ਦਿਆ ਕਰਾਂਗੇ। ਅਗਲੇ ਦਿਨ ਉਹ ਬਾਲੋ ਮਾਹੀਆ ਦੇ ਟੱਪਿਆਂ ਵਾਲਾ ਪ੍ਰੇਮ ਪੱਤਰ ਚੋਰੀ ਛਿਪੇ ਸਾਡੇ ਕਰਮੰਡਲੇ 'ਚ ਸੁੱਟ ਦਿਆ ਕਰੇਗੀ। ਅਸੀਂ ਛੇ ਦਿਨ ਇਸੇ ਤਰ੍ਹਾਂ ਪ੍ਰੇਮ ਪੱਤਰ ਸੁੱਟਾਂਗੇ। ਏਦਾਂ ਸਾਡਾ ਪਿਆਰ ਮੁੜ ਅੱਲ੍ਹੜਾਂ ਵਾਂਗ ਜੋਸ਼ੀਲਾ ਤੇ ਤਾਜ਼ਾ ਹੋ ਜਾਵੇਗਾ। ਸੁਗੰਧੀਆਂ ਨਾਲ ਦਿਮਾਗ ਸਰਸ਼ਾਰ ਹੋ ਜਾਵੇਗਾ। ਸੱਧਰਾਂ 'ਤੇ ਉਮੰਗਾਂ ਜਵਾਨ ਹੋ ਜਾਣਗੀਆਂ। ਅਸੀਂ ਮੁੜ ਪੱਚੀਆਂ ਸਾਲਾਂ ਦੇ ਜਵਾਨ ਬਣ ਜਾਵਾਂਗੇ। ਦਿਲ ਚੀਨੇ ਕਬੂਤਰ ਵਾਂਗ ਮੁੜ ‘ਗੁਟ ਕੂੰ' ‘ਗੁਟ ਕੂੰ' ਕਰਨ ਲੱਗ ਜਾਵੇਗਾ।
ਸਾਨੂੰ ਇਸ ਗੱਲ ਦਾ ਭਲੀ ਭਾਂਤ ਇਲਮ ਹੈ ਕਿ ਭਗਵੇਂ ਕੱਪੜੇ ਪਾ ਕੇ ਸਾਧਾਂ ਦੇ ਭੇਸ ਵਿੱਚ ਪ੍ਰੇਮ ਪੱਤਰ ਫੜਾਉਣ ਵਿੱਚ ਖਤਰਾ ਹੈ। ਹੋ ਸਕਦਾ ਹੈ ਕਿ ਸਹੁਰਿਆਂ ਦੀ ਗਲੀ ਦੇ ਸਾਧ, ਫਕੀਰ ਤੇ ਮੰਗਤੇ ਸਾਨੂੰ ਆਪਣਾ ਰਕੀਬ ਜਾਣ ਕੇ ਸਾਡੀ ਖੁੰਬ ਠੱਪ ਦੇਣ। ਚਲੋ ‘ਉਖਲੀ’ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ? ਜੇ ਸੱਧਰਾਂ ਜਵਾਨ ਕਰਨੀਆਂ ਹਨ ਤੇ ਸਹੇਲੀ ਨਾਲ ਇਸ਼ਕ-ਮੁਸ਼ਕ ਅਤੇ ਨੈਣ ਮਟੱਕਾ ਕਰਨਾ ਹੈ ਤਾਂ ਮੁਸੀਬਤਾਂ ਤੋਂ ਕਾਹਦਾ ਡਰਨਾ। ਸਾਵਧਾਨੀ ਵਜੋਂ ਅਸੀਂ ਚੋਲੇ ਵਿੱਚ ਭਾਂਤ-ਭਾਂਤ ਦੀਆਂ ਦਰਦ ਨਾਸ਼ਕ ਦਵਾਈਆਂ, ਮੱਲ੍ਹਮਾਂ ਅਤੇ ਫਸਟ ਏਡ ਦਾ ਸਾਮਾਨ ਰੱਖ ਲਿਆ ਹੈ ਤਾਂ ਜੋ ਮੁਸੀਬਤ ਵੇਲੇ ਕੰਮ ਆ ਸਕੇ। ਚਿੱਠੀ ਆਪ ਸੁੱਟਣ ਦੇ ਖਤਰੇ ਤੋਂ ਬਚਣ ਲਈ ਅਸੀਂ ਕਬੂਤਰ ਦੀਆਂ ਸੇਵਾਵਾਂ ਲੈਣ ਬਾਰੇ ਵੀ ਸੋਚਿਆ ਸੀ। ਰੌਣਕੀ ਕਬੂਤਰਬਾਜ਼ ਨੇ ਦੋ ਹਜ਼ਾਰ 'ਚ ਇਹੋ ਜਿਹਾ ਕਬੂਤਰ ਕਿਰਾਏ 'ਤੇ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣਾ ਮੰਨ ਲਿਆ ਸੀ। ਦਰਅਸਲ ਅਸੀਂ ਹੀ ਡਰ ਗਏ। ਕਬੂਤਰ ਦੀ ਨਿਗ੍ਹਾ ਥੋੜ੍ਹੀ ਘੱਟ ਸੀ। ਸਾਨੂੰ ਖਦਸ਼ਾ ਹੋ ਗਿਆ ਕਿ ਘੱਟ ਨਿਗ੍ਹਾ ਕਰ ਕੇ ਕਿਧਰੇ ਇਹ ਜਾਇ ਖਾਣਾ ਕਬੂਤਰ ਆਂਢ-ਗੁਆਂਢ ਦੀ ਕਿਸੇ ਕਾਲਜ ਪੜ੍ਹਦੀ ਨੱਢੀ ਨੂੰ ਨਾ ਸਾਡਾ ਪ੍ਰੇਮ ਪੱਤਰ ਫੜਾ ਕੇ ਕੋਈ ਵਖਤ ਪਾ ਦੇਵੇ। ਸੋ ਪੌਲੇ ਪੈਣ ਡਰੋਂ ਅਸੀਂ ਇਹ ਖਤਰਾ ਨਹੀਂ ਸਹੇੜਿਆ।
ਵੈਲੇਨਟਾਈਨ ਡੇ ਤੋਂ ਇੱਕ ਦਿਨ ਪਹਿਲਾਂ ਅਸੀਂ ਆਪਣੀ ਕੱਚੀ ਜਮਾਤ ਦੀ ਫੱਟੀ ਜਿੱਡਾ ਸੰਗੀਤਕ ਧੁਨਾਂ ਵਜਾਉਂਦਾ ਕਾਰਡ ਵਹੁਟੀ ਨੂੰ ਭੇਟ ਕਰਾਂਗੇ। ਇਸ ਵਿੱਚ ਅਸੀਂ ਆਪਣੀ ਇਸ ਨਵੀਂ ਨਕੋਰ ਸਹੇਲੀ ਨੂੰ ਵੈਲੇਨਟਾਈਨ 'ਤੇ ਮਿਲਣ ਦਾ ਸਮਾਂ ਤੇ ਸਥਾਨ ਦੱਸਾਂਗੇ। ਸਾਨੂੰ ਦੇਸ਼ੀ ਕਾਰਡ ਪਸੰਦ ਨਹੀਂ ਆਇਆ ਤੇ ਅੱਠ ਹਜ਼ਾਰ ਰੁਪਏ ਖਰਚ ਕੇ ਕੈਨੇਡਾ ਤੋਂ ‘ਚੌਦਵੀਂ ਕਾ ਚਾਂਦ ਹੋ' ਵਾਲਾ ਗਾਣਾ ਗਾਉਣ ਵਾਲਾ ਇਹ ਫਿਲਮੀ ਗਾਣਾ ਦਿਖਾਉਣ ਵਾਲਾ ਵੀਡੀਓ ਕਾਰਡ ਮੰਗਵਾ ਲਿਆ ਹੈ। ਸਾਧੂ ਵਾਲੇ ਚੋਲੇ ਦੀ ਜੇਬ 'ਚ ਜਾਂ ਕਰਮੰਡਲੇ 'ਚ ਇਹ ਸ਼ਗਨਾਂ ਭਰਿਆ ਕਾਰਡ ਨਹੀਂ ਸੀ ਪੈਂਦਾ, ਸੋ ਅਸੀਂ ਡਾਕੀਏ ਵਾਲੀ ਇੱਕ ਵਰਦੀ ਵੀ ਕਿਰਾਏ 'ਤੇ ਲੈ ਲਈ ਅਤੇ ਹਰ ਸਾਲ ਇਸ ਦਿਨ ਡਾਕੀਏ ਦੇ ਭੇਸ ਵਿੱਚ ਵੱਡ-ਅਕਾਰੀ ਕਾਰਡ ਵਹੁਟੀ-ਕਮ-ਸਹੇਲੀ ਦੀ ਗੋਰੀ ਨਾਜ਼ੁਕ ਹਥੇਲੀ 'ਤੇ ਰੱਖਾਂਗੇ। ਵੈਲੇਨਟਾਈਨ ਡੇ 'ਤੇ ਅਸੀਂ ਆਪਣੀ ਇਸ ਸਹੇਲੀ ਨੂੰ ਉਸ ਦੇ ਪੇਕਿਆਂ ਦੇ ਸ਼ਹਿਰ ਤੋਂ ਦਸ ਮੀਲ ਦੂਰ ਕਸਬੇ ਦੇ ਇੱਕ ਹੋਟਲ 'ਚ ਮਿਲਾਂਗੇ ਅਤੇ ਇੱਕ ਫੁੱਲਾਂ ਦਾ ਗੁਲਦਸਤਾ, ਸੋਨੇ ਦੀ ਛਾਪ ਅਤੇ ਛਣ ਛਣ ਕਰਦੀਆਂ ਝਾਂਜਰਾਂ ਭੇਟ ਕਰਾਂਗੇ। ਜਦੋਂ ਸਾਡੀ ਸਹੇਲੀ ਸੰਗੀਤਮਈ ਝਾਂਜਰਾਂ ਖੜਕਾਉਂਦੀ, ਤੋਤੇ ਰੰਗੇ ਸੂਟ 'ਚ ਮਟਕ ਮਟਕ ਮੋਰਨੀ ਦੀ ਚਾਲ ਚੱਲੇਗੀ ਤਾਂ ਸਾਡੀ ਉਮਰ ਆਪੇ 35 ਵਰ੍ਹੇ ਘੱਟ ਜਾਵੇਗੀ। ਦੁਬਾਰਾ ਬਣ ਜਾਵਾਂਗੇ 25 ਵਰ੍ਹਿਆਂ ਦੇ ਛੈਲ ਛਬੀਲੇ ਲਾੜੇ। ਸਾਡੀ ਸਹੇਲੀ ਸ਼ਰਮੀਲੀ ਮੁਸਕੁਰਾਹਟ ਨਾਲ ਸਾਡੇ ਵੱਲ ਤੱਕੇਗੀ। ਸਾਡੇ ਦਿਲ ਬਾਗੋ ਬਾਗ ਹੋ ਜਾਣਗੇ। ਉਸ ਦਿਨ ਸਹੇਲੀ ਦੇ ਮੇਕਅਪ 'ਤੇ ਅਤੇ ਸਾਡੇ ਦੁੱਧ ਚਿੱਟੇ ਵਾਲਾਂ ਨੂੰ ਕਾਲੇ ਰੰਗ ਕਰਾਉਣ 'ਤੇ ਸਾਡੇ ਦਸ ਕੁ ਹਜ਼ਾਰ ਰੁਪਏ ਖਰਚ ਹੋ ਜਾਣਗੇ। ਚਲੋ ਸਹੁਰੇ ਪੈਸਿਆਂ ਦਾ ਕੀ ਹੈ? ਪੈਸੇ ਤਾਂ ਹੱਥਾਂ ਦੀ ਮੈਲ ਹਨ, ਹੋਰ ਕਮਾ ਲਵਾਂਗੇ, ਹਰ ਸਾਲ ਵਹੁਟੀ ਨੂੰ ਸਹੇਲੀ ਬਣਾਉਣ 'ਤੇ ਸਾਡੀ ਇੱਕ ਮਹੀਨੇ ਦੀ ਪੈਨਸ਼ਨ ਖੁਰਦ-ਬੁਰਦ ਹੋ ਜਾਇਆ ਕਰੇਗੀ। ਚਿੰਤਾ ਕਾਹਦੀ? ਅਗਲੇ ਮਹੀਨੇੇ ਪੈਨਸ਼ਨ ਫਿਰ ਮਿਲ ਜਾਵੇਗੀ। ਮਹੀਨਾ ਬੀਤਦਿਆਂ ਕਿਨਾ ਕੁ ਚਿਰ ਲੱਗਦਾ ਹੈ?

Have something to say? Post your comment