Welcome to Canadian Punjabi Post
Follow us on

29

March 2020
ਨਜਰਰੀਆ

ਸਾਈਕਲ ਕਾ ਪਹੀਆ ਚਲਨੇ ਦੋ..

February 11, 2020 09:06 AM

-ਕੁਲਮਿੰਦਰ ਕੌਰ
ਸਾਈਕਲ ਨਾਲ ਲਗਾਓ ਅਤੇ ਇਸ ਦੀ ਵੁਕਅਤ ਅਸੀਂ ਪੁਰਾਣੇ ਵੇਲਿਆਂ ਵਾਲੇ ਲੋਕ ਹੀ ਸਮਝ ਸਕਦੇ ਹਾਂ! ਅਸੀਂ ਇਸ ਦੇ ਸ਼ੁਰੂ ਦੇ ਦਿਨ ਦੇਖੇ ਅਤੇ ਮਾਣੇ ਹਨ। ਅੱਜ ਲੱਖਾਂ ਦੀਆਂ ਕਾਰਾਂ ਦੇ ਮੁਕਾਬਲੇ ਇਸ ਬੇਸ਼ਕੀਮਤੀ ਵਾਹਨ ਨੂੰ ਕੁਝ ਸੌ ਰੁਪਏ ਵਿੱਚ ਖਰੀਦਦੇ ਸਾਂ। ਉਂਜ ਹਰ ਕਿਸੇ ਦੀ ਪਹੁੰਚ ਵਿੱਚ ਇਹ ਵੀ ਨਹੀਂ ਸੀ। ਕੋਈ ਪੰਜ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ, ਜਦੋਂ ਸਾਡੀ ਸੁਰਤ ਸੰਭਾਲ ਵੇਲੇ ਪਿਤਾ ਜੀ ਰੋਜ਼ ਸਾਈਕਲ ਉਤੇੇ ਸ਼ਹਿਰ ਆਪਣੀ ਦੁਕਾਨ `ਤੇ ਜਾਂਦੇ। ਸਮੇਂ ਦੇ ਗੇੜ ਨਾਲ ਸਾਈਕਲਾਂ ਦੀ ਗਿਣਤੀ ਵਧੀ ਗਈ। ਸਾਡੇ ਘਰ ਵੀ ਇੱਕ ਹੋਰ ਸਾਈਕਲ ਆ ਗਿਆ, ਜਿਸ ਉਤੇ ਦੋਵੇਂ ਭਰਾ ਸਕੂਲ ਜਾਂਦੇ ਅਤੇ ਮੈਨੂੰ ਪਿਤਾ ਜੀ ਮਗਰਲੀ ਕਾਠੀ 'ਤੇ ਬਿਠਾ ਲੈਂਦੇ। ਕਾਰ ਤੋਂ ਵਧ ਕੇ ਇਨ੍ਹਾਂ ਦੀ ਸੰਭਾਲ ਕੀਤੀ ਜਾਂਦੀ। ਆਪਣੇ ਭਰਾਵਾਂ ਵਾਂਗ ਸਾਈਕਲ ਚਲਾਉਣ ਦੀ ਰੀਝ ਮੇਰੇ ਮਨ ਅੰਦਰ ਵੀ ਜਾਗ ਪੈਂਦੀ। ਵੱਡੀ ਹੋ ਕੇ ਮੈਂ ਕੈਂਚੀ ਮਾਰ ਕੇ ਸਾਈਕਲ ਚਲਾਉਣਾ ਸਿੱਖ ਗਈ, ਪਰ ਉਪਰ ਕਾਠੀ 'ਤੇ ਚੜ੍ਹਨ ਵਿੱਚ ਮੂਹਰਲਾ ਡੰਡਾ ਅੜਿੱਕਾ ਬਣ ਜਾਂਦਾ। ਫਿਰ ਕੁਝ ਸਾਲਾਂ ਬਾਅਦ ਲੇਡੀ ਸਾਈਕਲ ਚੱਲ ਪਏ, ਜਿਸ ਵਿੱਚ ਇਹ ਡੰਡਾ ਗਾਇਬ ਸੀ।
ਜਦੋਂ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੀ ਹੋਈ ਐਮ ਐਸ ਸੀ ਕਰ ਰਹੀ ਸੀ ਤਾਂ ਮੇਰੀ ਇੱਕ ਜਮਾਤਣ ਘਰ ਤੋਂ ਵਿਭਾਗ ਤੱਕ ਰੋਜ਼ ਲੇਡੀ ਸਾਈਕਲ `ਤੇ ਆਉਂਦੀ। ਮੇਰੇ ਮਨ ਵਿੱਚ ਵੀ ਪ੍ਰਬਲ ਇੱਛਾ ਜਾਗੀ ਕਿ ਹੋਸਟਲ ਵਿੱਚ ਆਪਣਾ ਸਾਈਕਲ ਰੱਖਾਂ, ਪਰ ਘਰ ਦਿਆਂ ਅੱਗੇ ਇਹ ਮੰਗ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਐਮ ਐਸ ਸੀ ਦੇ ਦੂਜੇ ਸਾਲ ਦੌਰਾਨ ਪਤਾ ਲੱਗਾ ਕਿ ਨੰਬਰਾਂ ਦੇ ਆਧਾਰ `ਤੇ 500 ਰੁਪਏ ਤੱਕ ਸਕਾਲਰਸ਼ਿਪ ਮਿਲ ਸਕਦਾ ਹੈ। ਇਸ ਤੋਂ ਅੱਗੇ ਮੇਰੀ ਮਦਦ ਚੰਡੀਗੜ੍ਹ ਰਹਿੰਦੇ ਵੱਡਾ ਭਰਾ ਨੇ ਕੀਤੀ। ਉਹ ਪਿੰਡ ਗਿਆ ਅਤੇ ਹੋਸਟਲ ਦੇ ਖਰਚੇ ਨਾਲ 400 ਰੁਪਏ ਵੱਧ ਲੈ ਆਇਆ। ਪਿਤਾ ਜੀ ਨੂੰ ਸ਼ਾਇਦ ਮੈਨੂੰ ਸਕਾਲਰਸ਼ਿਪ ਮਿਲਣਾ ਭਾਅ ਗਿਆ ਸੀ, ਉਂਜ ਜੇ ਉਹ ਹੋਸਟਲ ਤੋਂ ਵਿਭਾਗ ਦੀ ਦੂਰੀ ਦੇਖਦੇ ਤਾਂ ਇਹ ਮੇਰੀ ਅੱਯਾਸ਼ੀ ਸਮਝ ਕੇ ਝਿੜਕ-ਝੰਬ ਜ਼ਰੂਰ ਕਰਦੇ।
ਪੂਰੇ 900 ਰੁਪਏ ਵਿੱਚ ਸਾਈਕਲ ਖਰੀਦ ਕੇ ਦੇ ਗਿਆ ਅਤੇ ਇਸ ਕੀਮਤੀ ਚੀਜ਼ ਨੂੰ ਰਾਤ ਦੇ ਸਮੇਂ ਸਟੈਂਡ ਨਾਲ ਸੰਗਲੀ ਬੰਨ੍ਹ ਕੇ ਤਾਲਾ ਲਾਉਣਾ ਨਾ ਭੁੱਲਦੀ। ਹੋਸਟਲ ਤੋਂ ਪੰਜ ਮਿੰਟ ਵਿੱਚ ਵਿਭਾਗ ਪਹੁੰਚ ਜਾਂਦੀ। ਰਾਹ ਵਿੱਚ ਕੋਈ ਸਹੇਲੀ ਮਿਲਦੀ ਤਾਂ ਪਿੱਛੇ ਕੈਰੀਅਰ ਉਤੇ ਬਿਠਾ ਲੈਂਦੀ। ਹਰ ਕੋਈ ਦੇਖਦਾ ਰਹਿ ਜਾਂਦਾ ਕਿ ਇੰਨੀ ਘੱਟ ਦੂਰੀ 'ਤੇ ਸਾਈਕਲ ਰੱਖਣ ਦੀ ਕੀ ਲੋੜ! ਵਿਚਲੀ ਗੱਲ ਇਹ ਸੀ ਕਿ ਮੇਰੇ ਮਨ ਅੰਦਰ ਬਚਪਨ ਤੋਂ ਸਾਈਕਲ ਸਵਾਰੀ ਦਾ ਜਨੁੂਨ ਸੀ। ਯੂਨੀਵਰਸਿਟੀ ਵਿੱਚ ਸਾਈਕਲ ਮੇਰਾ ਪੱਕਾ ਸਾਥੀ ਸੀ। ਲਾਇਬ੍ਰੇਰੀ ਜਾਣਾ, ਖਰੀਦਦਾਰੀ ਕਰਨੀ ਜਾਂ ਵਿਹਲੇ ਸਮੇਂ ਦੌਰਾਨ ਘੁੰਮਣ-ਫਿਰਨ ਜਾਣਾ ਤਾਂ ਇਹ ਮੇਰੇ ਨਾਲ ਹੁੰਦਾ। ਕਦੇ ਇਕੱਲਤਾ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਬੇਸ਼ੱਕ, ਇਸ ਨੇ ਮੇਰਾ ਸਵੈਮਾਣ ਵੀ ਬੁਲੰਦ ਕੀਤਾ। ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਸਾਡੀ ਵਿਦਾਇਗੀ ਪਾਰਟੀ ਦਾ ਦਿਨ ਆ ਗਿਆ। ਇਹੋ ਜਿਹੇ ਮੌਕੇ ਰਿਵਾਜ ਸੀ ਕਿ ਆਪਣੀ ਪ੍ਰੋਫੈਸਰ ਤੇ ਸੀਨੀਅਰਜ਼ ਦੀ ਸ਼ਖਸੀਅਤ, ਸੁਭਾਅ ਜਾਂ ਕਿਸੇ ਅੰਦਾਜ਼ ਨੂੰ ਨਾਵਾਂ ਜਾਂ ਸ਼ਿਅਰ ਦੇ ਰੂਪ ਵਿੱਚ ਬਿਆਨ ਕਰਨਾ ਤੇ ਸਬੰਧਿਤ ਸ਼ਖਤ ਖੜ੍ਹਾ ਹੋ ਕੇ ਕਬੂਲ ਕਰ ਲਵੇ। ਮੇਰੇ ਲਈ ਜੋ ਸ਼ਿਅਰ ਅਰਜ਼ ਹੋਇਆ, ਉਹ ਸੀ:
ਦੁਨੀਆਂ ਜਲਤੀ ਹੈ ਤੋ ਜਲਨੇ ਦੋ,
ਲੇਡੀ ਸਾਈਕਲ ਕਾ ਪਹੀਆ ਚਲਨੇ ਦੋ।
ਸਾਰੇ ਪੰਡਾਲ ਵਿੱਚ ਤਾੜੀਆਂ ਦੀ ਗੂੰਜ ਵਿੱਚ ਖੜ੍ਹੇ ਹੋ ਕੇ ਲਾਲ ਸੁਰਖ ਹੁੰਦੀ ਨੇ ਬੜੇ ਅਦਬ ਨਾਲ ਸਵੀਕਾਰਿਆ। ਇੰਨਾ ਵਧੀਆ, ਰੌਚਿਕ ਤੇ ਅਣ-ਅਨੁਮਾਨਿਆ ਕੁਮੈਂਟ ਸੁਣ ਕੇ ਮੇਰੇ ਕੰਨਾਂ ਵਿੱਚੋਂ ਸੇਕ ਨਿਕਲਣ ਲੱਗ ਪਿਆ। ਅਤੀਤ ਦੇ ਅਜਿਹੇ ਹੁਸੀਨ ਪਲਾਂ ਦੀ ਯਾਦ ਹੀ ਅੱਜ ਸਰੀਰਕ ਥਕਾਨ ਅਤੇ ਅਕੇਵੇਂ ਭਰੀ ਜ਼ਿੰਦਗੀ ਵਿੱਚ ਤਾਜ਼ਗੀ ਦੇ ਰੰਗ ਭਰਦੀ ਹੈ। ਚੰਡੀਗੜ੍ਹ ਦੀਆਂ ਸਾਫ ਸੁਥਰੀਆਂ, ਖੁੱਲ੍ਹੀਆਂ ਸੜਕਾਂ 'ਤੇ ਸਾਈਕਲ ਚਲਾਉਣ ਦੀ ਜੋ ਮੁਹਾਰਤ ਹਾਸਲ ਕੀਤੀ, ਉਹ ਮੇਰੇ ਬਹੁਤ ਕੰਮ ਆਈ। ਵਿਆਹ ਤੋਂ ਬਾਅਦ ਨੌਕਰੀ ਮਿਲੀ ਤਾਂ ਦੂਰ ਨੇੜੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਜਾਣ ਦੇ ਹਰ ਕੱਚੇ ਰਾਹ, ਪਗਡੰਡੀਆਂ ਤੇ ਡਾਂਡੇ ਮੀਂਡੇ (ਸ਼ਾਰਟ ਕੱਟ) ਰਾਹਾਂ ਉਤੇ ਵੀ ਮੇਰੇ ਸਾਈਕਲ ਦੇ ਪਹੀਏ ਚੱਲਦੇ ਰਹੇ। ਵੱਡੇ ਸ਼ਹਿਰਾਂ ਵਿੱਚ ਭੀੜ ਨੂੰ ਚੀਰਦੀ ਲੰਘਦੀ ਰਹੀ। ਕਿਸੇ ਸਟਾਪ ਤੋਂ ਬੱਸ ਲੈਣੀ ਹੁੰਦੀ ਤਾਂ ਸਾਈਕਲ `ਤੇ ਉਥੇ ਪਹੁੰਚਦੀ, ਵਾਪਸੀ `ਤੇ ਇਹ ਘਰ ਦੇ ਸਮਾਨ ਨਾਲ ਲੱਦਿਆ ਹੁੰਦਾ। ਇਉਂ ਕਈ ਦਹਾਕੇ ਲੰਘ ਗਏ ਤੇ ਇਸ ਦਾ ਸਾਥ ਖੂਬ ਮਾਣਿਆ। ਰਿਟਾਇਰਮੈਂਟ ਤੋਂ ਬਾਅਦ ਇਸ ਦੀ ਵਰਤੋਂ ਘਟ ਗਈ। ਜਦੋਂ ਵੱਡੇ ਸ਼ਹਿਰ ਮੁਹਾਲੀ ਵਿੱਚ ਆਏ ਤਾਂ ਉਥੇ ਹੀ ਕਿਸੇ ਲੋੜਵੰਦ ਨੂੰ ਦੇ ਆਈ।
ਅੱਜ ਜ਼ਮਾਨਾ ਬਦਲ ਗਿਆ ਹੈ। ਸੜਕਾਂ ਉਤੇ ਬਹੁਗਿਣਤੀ ਅਤੇ ਤੇਜ਼ ਚੱਲਦੇ ਵਾਹਨਾਂ ਦੀ ਦੌੜ ਵਿੱਚ ਸਾਈਕਲ ਸਵਾਰ ਰਸਤਾ ਲੱਭਦੇ ਫਿਰਦੇ ਹਨ ਅਤੇ ਅਕਸਰ ਹਾਦਸਿਆਂ ਦਾ ਸ਼ਿਕਾਰ ਵੀ ਬਣਦੇ ਹਨ। ਸਰਕਾਰੀ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਜ਼ਰੂਰ ਸੋਚਣਾ-ਵਿਚਾਰਨਾ ਚਾਹੀਦਾ ਹੈ। ਅੱਜ ਸਮਾਜ ਦਾ ਹਰ ਵਰਗ ਅਤੇ ਮੀਡੀਆ ਨਿੱਤ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਫ਼ਿਕਰਮੰਦ ਹੈ ਤੇ ਸਾਈਕਲ ਨੂੰ ਇੱਕ ਤਰ੍ਹਾਂ ਬਦਲ ਵਜੋਂ ਦੇਖ ਰਹੇ ਹਨ। ਵੱਡੇ ਸ਼ਹਿਰਾਂ ਵਿੱਚ ਕਾਫ਼ੀ ਲੋਕ ਅੱਜਕੱਲ੍ਹ ‘ਸਾਈਕਲ ਟੂ ਵਰਕ' ਅਪਣਾ ਰਹੇ ਹਨ। ਇਹ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਕਈ ਲੋਕ ਆਪੋ-ਆਪਣੇ ਕੰਮਾਂ-ਕਾਰਾਂ ਲਈ ਸਾਈਕਲ ਉਪਰ ਜਾਂਦੇ ਹਨ। ਕਈ ਮੀਡੀਆ ਅਦਾਰੇ ਵੀ ਸਾਈਕਲ ਨੂੰ ਹੱਲਾਸ਼ੇਰੀ ਦੇ ਰਹੇ ਹਨ। ਸੰਸਥਾਵਾਂ ਵੀ ਕਈ ਵਾਰ ਮੁਹਿੰਮਾਂ ਚਲਾਉਂਦੀਆਂ ਹਨ। ਆਸ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਜਿਹੀਆਂ ਮੁਹਿੰਮਾਂ ਦਾ ਅਸਰ ਕਬੂਲ ਕਰਕੇ ਘਰ ਵਿੱਚ ਇੱਕ ਹੋਰ ਕਾਰ ਲੈ ਕੇ ਆਉਣ ਦੀ ਬਜਾਏ ਸਾਈਕਲ ਰੱਖਣ ਨੂੰ ਤਰਜੀਹ ਦੇਵੇਗੀ ਤਾਂ ਕਿ ਪ੍ਰਦੂਸ਼ਣ ਤੋਂ ਰਾਹਤ ਮਿਲੇ ਅਤੇ ਸਿਹਤ ਵੀ ਬਰਕਰਾਰ ਰਹੇ।

Have something to say? Post your comment