Welcome to Canadian Punjabi Post
Follow us on

12

July 2025
 
ਨਜਰਰੀਆ

ਛੇਹਰਟੇ ਵਾਲੇ ਬਾਬਿਆਂ ਦੀ ਦਾਸਤਾਨ

February 11, 2020 09:05 AM

-ਡਾ. ਸੁਖਦੇਵ ਸਿੰਘ ਸੇਖੋਂ
ਇਹ ਗੱਲ ਕੋਈ ਪੰਜ ਕੁ ਸਾਲ ਪਹਿਲਾਂ ਦੀ ਹੈ। ਦਸਵੀਂ-ਬਾਰ੍ਹਵੀਂ ਦੇ ਸਾਲਨਾ ਇਮਤਿਹਾਨਾਂ ਵਿੱਚ ਮੇਰੀ ਸੁਪਰਡੈਂਟ ਵਜੋਂ ਡਿਊਟੀ ਛੇਹਰਟਾ (ਅੰਮ੍ਰਿਤਸਰ) ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਲੱਗੀ ਸੀ। ਸਵੇਰ ਵੇਲੇ ਦਸਵੀਂ ਦਾ ਪੇਪਰ ਹੁੰਦਾ ਤੇ ਸ਼ਾਮ ਨੂੰ ਬਾਰ੍ਹਵੀਂ ਦਾ। ਦੋਵਾਂ ਜਮਾਤਾਂ ਦੇ ਪੇਪਰਾਂ ਵਿਚਾਲੇ ਦੋ ਘੰਟੇ ਦਾ ਵਕਫਾ ਹੁੰਦਾ ਸੀ। ਉਸ ਦੌਰਾਨ ਸਵੇਰ ਦੇ ਪੇਪਰ ਵੇਲੇ ਦਾ ਥੱਕਿਆ ਸਟਾਫ ਥੋੜ੍ਹਾ ਆਰਾਮ ਕਰ ਲੈਂਦਾ ਸੀ। ਬਾਰ੍ਹਵੀਂ ਦਾ ਪੇਪਰ ਸ਼ੁਰੂ ਹੋਣ ਨੂੰ ਉਸ ਦਿਨ ਪੰਦਰਾਂ-ਵੀਹ ਮਿੰਟ ਸਮਾਂ ਰਹਿੰਦਾ ਸੀ ਕਿ ਬੱਚੇ ਕੇਂਦਰ ਵਿੱਚ ਆਉਣ ਲੱਗ ਪਏ। ਪ੍ਰੀਖਿਆ ਕੇਂਦਰ ਸਕੂਲ ਦੀ ਇਮਾਰਤ ਵਿੱਚ ਤੀਸਰੀ ਮੰਜ਼ਿਲ 'ਤੇ ਸੀ। ਮੈਂ ਵੇਖਿਆ ਕਿ ਹੇਠੋਂ ਇੱਕ ਬਜ਼ੁਰਗ ਇੱਕ ਬੱਚੇ ਦੇ ਸਹਾਰੇ ਪੌੜੀਆਂ ਚੜ੍ਹ ਕੇ ਉਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਕਿ ਸਕੂਲ ਦਾ ਸੇਵਾਦਾਰ ਉਸ ਨੂੰ ਸਖ਼ਤੀ ਨਾਲ ਰੋਕ ਰਿਹਾ ਸੀ। ਉਹ ਬਜ਼ੁਰਗ ਵਾਰ-ਵਾਰ ਸੇਵਾਦਾਰ ਅੱਗੇ ਹੱਥ ਜੋੜ ਕੇ ਤਰਲੇ ਕੱਢ ਰਿਹਾ ਸੀ। ਉਹ ਕਹਿੰਦਾ ਸੀ, ‘ਮੈਨੂੰ ਬਸ ਇੱਕ ਵਾਰ ਸੁਪਰਡੈਂਟ ਸਾਹਿਬ ਨੂੰ ਮਿਲ ਲੈਣ ਦਿਓ। ਬਸ ਇੱਕੋ ਈ ਗੱਲ ਕਰਨੀ ਏ। ਮੈਨੂੰ ਜਾ ਲੈਣ ਦਿਓ। ਅਸੀਂ ਤਾਂ ਅੱਗੇ ਈ ਰੱਬ ਦੇ ਮਾਰੇ ਆਂ।’
ਮੈਨੂੰ 80-85 ਸਾਲ ਦੇ ਉਸ ਬਜ਼ੁਰਗ ਉਤੇ ਤਰਸ ਆ ਗਿਆ। ਮੈਂ ਉਹਨੂੰ ਆਪਣੇ ਕੋਲ ਬੁਲਾ ਲਿਆ ਅਤੇ ਬੈਠਣ ਲਈ ਕੁਰਸੀ ਦਿੱਤੀ। ਉਹ ਉਸੇ ਤਰ੍ਹਾਂ ਹੱਥ ਜੋੜੀ ਨਿਮਰਤਾ ਨਾਲ ਕਹਿਣ ਲੱਗਾ, ‘ਸਾਹਿਬ ਬਹਾਦਰ! ਮੈਂ ਇੱਕੋ ਬੇਨਤੀ ਕਰਨੀ ਏ। ਮੇਰੀ ਗੱਲ ਜ਼ਰੂਰ ਸੁਣ ਲਵੋ।’ ਮੈਂ ਉਸ ਨੂੰ ਕਿਹਾ ਕਿ ਛੇਤੀ ਦੱਸੋ। ਉਸ ਵੇਲੇ ਮੇਰੇ ਕੋਲ ਬਹੁਤਾ ਸਮਾਂ ਨਹੀਂ ਸੀ। ਉਹ ਆਪਣੇ ਨਾਲ ਖੜ੍ਹੇ ਮੁੰਡੇ (ਜਿਹੜਾ ਉਸ ਕੇਂਦਰ ਵਿੱਚ ਬਾਰ੍ਹਵੀਂ ਦਾ ਪੇਪਰ ਦੇਣ ਆਇਆ ਸੀ) ਵੱਲ ਇਸ਼ਾਰਾ ਕਰ ਕੇ ਕਹਿਣ ਲੱਗਾ, ‘ਆਹ ਮੁੰਡਾ ਮੇਰਾ ਦੋਹਤਾ ਏ। ਇਹ ਤਿੰਨਾਂ ਮਹੀਨਿਆਂ ਦਾ ਸੀ ਕਿ ਖਾੜਕੂਆਂ ਨੇ ਇਹਦੇ ਮਾਂ-ਪਿਉ, ਮੇਰੇ ਧੀ-ਜੁਆਈ ਨੂੰ ਮਾਰ ਦਿੱਤਾ ਸੀ। ਉਦੋਂ ਮੇਰੇ ਪਰਵਾਰ ਦੇ ਕੁੱਲ ਦਸ ਜੀਅ ਉਸ ਹਮਲੇ 'ਚ ਮਾਰੇ ਗਏ ਸਨ। ਉਸ ਦਿਨ ਤੋਂ ਮੈਨੂੰ ਈ ਪਤਾ ਏ ਕਿ ਮੈਂ ਇਹਨੂੰ ਕਿਵੇਂ ਪਾਲਿਆ?’ ਬਜ਼ੁਰਗ ਦਾ ਗੱਚ ਭਰ ਆਇਆ ਤੇ ਕਾਫ਼ੀ ਸਮਾਂ ਉਸ ਤੋਂ ਅੱਗੇ ਕੁਝ ਨਾ ਬੋਲਿਆ ਗਿਆ। ਉਸਦੀ ਗੱਲ ਸੁਣ ਕੇ ਮੇਰੇ ਮਨ 'ਤੇ ਘੋਰ ਉਦਾਸੀ ਛਾ ਗਈ।
ਮੈਨੂੰ 17-18 ਸਾਲ ਪਹਿਲਾਂ ਛੇਹਰਟੇ ਲਾਗਲੇ ਪਿੰਡ ਵਿੱਚ ਹੋਈ ਵਾਰਦਾਤ ਯਾਦ ਆ ਗਈ, ਜਦੋਂ ਕੁਝ ਅਣਪਛਾਤੇ ਬੰਦਿਆਂ ਨੇ ਇੱਕ ਵਿਆਹ ਵਾਲੇ ਘਰ ਗੋਲ਼ੀਆਂ ਚਲਾ ਕੇ ਇੱਕੋ ਪਰਵਾਰ ਦੇ ਦਰਜਨ ਦੇ ਕਰੀਬ ਮੈਂਬਰ ਮਾਰ ਦਿੱਤੇ ਸਨ। ਉਂਜ ਉਨ੍ਹੀਂ ਦਿਨੀਂ ਏਦਾਂ ਦੀਆਂ ਹੋਰ ਵੀ ਵਾਰਦਾਤਾਂ ਹੋਈਆਂ ਸਨ ਜਿਨ੍ਹਾਂ ਵਿੱਚ ਪਰਵਾਰ ਦੇ ਕਈ ਜੀਅ ਇਕੱਠੇ ਮਾਰੇ ਗਏ ਸਨ। ਬਜ਼ੁਰਗ ਕਹਿਣ ਲੱਗਾ, ‘ਬਸ ਮੈਂ ਤੁਹਾਨੂੰ ਇੰਨਾ ਈ ਦੱਸਣਾ ਸੀ ਕਿ ਜੇ ਹੋ ਸਕੇ ਤਾਂ ਆਪਣਾ ਬੱਚਾ ਸਮਝ ਕੇ ਥੋੜ੍ਹਾ-ਬਹੁਤ ਧਿਆਨ ਰੱਖ ਲੈਣਾ।’ ਇੰਨਾ ਕਹਿ ਕੇ ਬਾਬਾ ਉਠ ਪਿਆ। ਮੈਂ ਉਹਨੂੰ ਹੌਸਲਾ ਦੇ ਕੇ ਤੋਰਿਆ। ਉਹ ਤਾਂ ਚਲਾ ਗਿਆ, ਪਰ ਮੇਰਾ ਮਨ ਬਹੁਤ ਬੇਚੈਨ ਹੋ ਗਿਆ। ਇਸ ਬੇਚੈਨੀ ਦਾ ਕਾਰਨ ਇਕੱਲਾ ਇਹ ਬਾਬਾ ਨਹੀਂ, ਇਹਦੇ ਨਾਲ ਮੇਰੇ ਮਨ-ਮਸਤਕ ਵਿੱਚ ਵੱਸਿਆ ਇੱਕ ਹੋਰ ਬਾਬਾ ਵੀ ਸ਼ਾਮਲ ਹੋ ਗਿਆ ਸੀ।
ਇਹ ਇਸ ਤੋਂ ਇੱਕ ਦਹਾਕਾ ਹੋਰ ਪਹਿਲਾਂ ਦੀ ਗੱਲ ਸੀ। ਉਦੋਂ ਮੈਂ ਜਲੰਧਰ ਨੇੜਲੇ ਕਸਬੇ ਸੂਰਾਨਸੀ ਦੇ ਇੱਕ ਕ੍ਰਿਸਚੀਅਨ ਸਕੂਲ 'ਚ ਪੰਜਾਬੀ ਅਧਿਆਪਕ ਲੱਗਾ ਹੋਇਆ ਸਾਂ। ਸਕੂਲੋਂ ਛੁੱਟੀ ਹੋਣ ਉਤੇ ਮੈਂ ਕਰਤਾਰਪੁਰ ਆ ਜਾਂਦਾ ਤੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦੀ ਰੇਲ-ਗੱਡੀ ਫੜਦਾ। ਮੇਰੇ ਸਕੂਲੋਂ ਛੁੱਟੀ ਦੇ ਸਮੇਂ ਅਤੇ ਰੱਲ-ਗੱਡੀ ਦੇ ਆਉਣ ਦੇ ਸਮੇਂ ਵਿੱਚ ਕਾਫ਼ੀ ਵਕਫਾ ਹੁੰਦਾ ਸੀ, ਪਰ ਰੇਲ-ਗੱਡੀ ਦੇ ਸਸਤੇ ਪਾਸ ਦੇ ਲਾਲਚ ਕਾਰਨ ਮੈਂ ਇਹ ਵਕਫਾ ਕਿਸੇ ਨਾ ਕਿਸੇ ਤਰ੍ਹਾਂ ਲੰਘਾ ਲੈਂਦਾ। ਵਿਹਲੇ ਸਮੇਂ ਮੈਂ ਪਲੇਟਫਾਰਮ 'ਤੇ ਐਂਵੇਂ ਘੁੰਮਦਾ ਰਹਿੰਦਾ। ਸਰਦੀਆਂ ਦੇ ਉਨ੍ਹਾਂ ਦਿਨਾਂ ਵਿੱਚ ਮੁਸਾਫਰਖਾਨੇ ਦੀ ਇੱਕ ਨੁੱਕਰੇ ਗੰਦੀ ਜਿਹੀ ਰਜਾਈ ਜਾਂ ਕੰਬਲ ਦੀ ਬੁੱਕਲ ਮਾਰੀ ਇੱਕ ਬਾਬਾ ਬੈਠਾ ਹੁੰਦਾ। ਉਹਦੇ ਲਾਗੇ ਕਿੰਨੇ ਹੀ ਕੁੱਤੇ-ਕੁੱਤੀਆਂ ਇਸ ਤਰ੍ਹਾਂ ਬੈਠੇ ਹੁੰਦੇ, ਜਿਵੇਂ ਉਹਦੇ ਪਰਵਾਰ ਦੇ ਮੈਂਬਰ ਹੋਣ। ਜੇ ਉਹ ਕੁੱਤੇ-ਕੁੱਤੀਆਂ ਆਪਸ ਵਿੱਚ ਲੜ ਕੇ ਚਊਂ-ਚਾਊਂ ਕਰਨ ਲੱਗ ਪੈਂਦੇ ਤਾਂ ਬਾਬਾ ਆਪਣੇ ਉਚੇ ਗਰਜਵੇਂ ਬੋਲ ਵਿੱਚ ਉਹਨ੍ਹਾਂ ਨੂੰ ਦਬਕਾ ਮਾਰਦਾ। ਉਹ ਉਸ ਦੀ ਭਾਸ਼ਾ ਨੂੰ ਸਮਝਦੇ ਹੋਏ ਉਸੇ ਵੇਲੇ ਚੁੱਪ ਕਰ ਜਾਂਦੇ। ਉਹ ਬਾਬਾ ਰੇਲ-ਗੱਡੀ ਵਿੱਚ ਪਾਪੜ ਵੇਚ ਕੇ ਗੁਜ਼ਾਰਾ ਕਰਦਾ ਸੀ। ਜਦੋਂ ਗੱਡੀ ਆਉਂਦੀ ਤਾਂ ਉਹ ਫੁਰਤੀ ਨਾਲ ਉਠਦਾ ਤੇ ਪਾਪੜ ਵਾਲਾ ਛਿੱਕੂ ਚੁੱਕ ਕੇ ਗੱਡੀ ਵਿੱਚ ਚੜ੍ਹ ਜਾਂਦਾ। ਉਹਦੇ ਜਾਣ ਪਿੱਛੋਂ ਕੁੱਤੇ-ਕੁੱਤੀਆਂ ਓਥੇ ਹੀ ਉਹਦੇ ਬਿਸਤਰੇ 'ਤੇ ਪਏ ਹੋਰ ਸਾਮਾਨ ਦੀ ਰਾਖੀ ਕਰਦੇ। ਮੈਂ ਹਰ ਵਕਤ ਉਸ ਨੂੰ ਉਸੇ ਮੁਸਾਫਰਖਾਨੇ ਵਿੱਚ ਬੈਠੇ ਨੂੰ ਵੇਖਿਆ ਸੀ। ਉਹਦੇ ਲਾਗੇ ਪਏ ਕੱਪੜੇ-ਲੀੜਿਆਂ ਅਤੇ ਹੋਰ ਨਿਕ-ਸੁੱਕ ਨੂੰ ਵੇਖ ਕੇ ਲੱਗਦਾ ਸੀ, ਜਿਵੇਂ ਇਹੋ ਮੁਸਾਫਰਖਾਨਾ ਉਸ ਦਾ ਪੱਕਾ ਟਿਕਾਣਾ ਹੋਵੇ। ਇੱਕ ਦਿਨ ਬੱਦਲਵਾਈ ਦਾ ਮੌਸਮ ਹੋਣ ਕਾਰਨ ਠੰਢ ਕਾਫੀ ਵਧ ਗਈ ਸੀ। ਮੈਂ ਵੇਖਿਆ ਕਿ ਬਾਬਾ ਕੰਬਲ ਦੀ ਬੁੱਕਲ ਮਾਰੀ ਮੁਸਾਫਰਖਾਨੇ ਦੀ ਇੱਕ ਗੁੱਠ ਵਿੱਚ ਕੰਧ ਨਾਲ ਢਾਹ ਲਾਈ ਖਊਂ-ਖਊਂ ਕਰ ਰਿਹਾ ਸੀ। ਉਸ ਦੇ ਨੇੜੇ ਪਈ ਪਾਪੜਾਂ ਵਾਲੀ ਅੰਗੀਠੀ ਅੱਜ ਠੰਢੀ ਪਈ ਸੀ। ਬਾਬਾ ਬਿਮਾਰ ਲੱਗਦਾ ਸੀ।
ਮੈਂ ਅੱਗੇ ਕਦੇ ਉਸ ਤੋਂ ਉਹਦੇ ਘਰ-ਬਾਰ ਬਾਰੇ ਨਹੀਂ ਸੀ ਪੁੱਛਿਆਂ। ਅੱਜ ਹੌਸਲਾ ਕਰਕੇ ਪੁੱਛ ਲਿਆ।
‘ਇਹੋ ਈ ਆ ਮੇਰਾ ਘਰ, ਜਿੱਥੇ ਮੈਂ ਬੈਠਾਂ।’ ਉਸ ਨੇ ਆਪਣੇ ਸੁਭਾਅ ਮੁਤਾਬਕ ਬੜੀ ਬੇਰੁਖ਼ੀ ਨਾਲ ਸੰਖੇਪ ਜਿਹਾ ਜਵਾਬ ਦਿੱਤਾ।
‘ਤੁਹਾਡੇ ਬਾਲ-ਬੱਚੇ, ਘਰਵਾਲੀ।’ ਮੈਂ ਡਰਦੇ-ਡਰਦੇ ਨੇ ਫਿਰ ਪੁੱਛ ਲਿਆ।
ਮੈਂ ਸੋਚਦਾ ਸਾਂ ਕਿ ਸ਼ਾਇਦ ਕਿਸੇ ਦੂਰ-ਦੁਰਾਡੇ ਪਿੰਡ ਵਿੱਚ ਉਸ ਦੇ ਘਰਦੇ ਰਹਿੰਦੇ ਹੋਣਗੇ ਤੇ ਬਾਬਾ ਇਥੇ ਸ਼ਹਿਰ ਦਾ ਟਿਕਾਣਾ ਵੇਖ ਕੇ ਪਾਪੜ ਵੇਚਣ ਲੱਗਾ ਹੋਵੇਗਾ, ਪਰ ਉਸ ਦਾ ਜਵਾਬ ਸੁਣ ਕੇ ਮੈਂ ਸੁੰਨ ਹੋ ਗਿਆ।
‘ਮੇਰਾ ਘਰ ਅੰਮ੍ਰਿਤਸਰ ਨੇੜੇ ਛੇਹਰਟੇ ਵਿੱਚ ਸੀ। ਸੰਨ 1965 ਦੀ ਜੰਗ ਵਿੱਚ ਇੱਕ ਬੰਬ ਮੇਰੇ ਘਰ 'ਤੇ ਡਿੱਗਿਆ। ਮੇਰੀ ਘਰਵਾਲੀ ਅਤੇ ਦੋਵੇਂ ਬੱਚੇ ਮਾਰੇ ਗਏ। ਮੈਂ ਬਾਹਰ ਮਜ਼ਦੂਰੀ ਕਰਨ ਗਿਆ ਹੋਣ ਕਾਰਨ ਬਚ ਗਿਆ। ਹੌਲੀ-ਹੌਲੀ, ਕਈ ਥਾਂ ਥੱਕੇ ਖਾਂਦਾ ਮੈਂ ਇਥੇ ਆ ਟਿਕਿਆ।’
‘ਤੇ ਕੋਈ ਰਿਸ਼ਤੇਦਾਰ ਨਹੀਂ ਤੁਹਾਡਾ?’ ਮੈਂ ਉਸ ਨੂੰ ਸਰਸਰੀ ਪੁੱਛਿਆ।
ਉਹਦੇ ਚਿਹਰੇ 'ਤੇ ਵਿਅੰਗ ਭਰੀ ਮੁਸਕਰਾਹਟ ਫੈਲ ਗਈ, ‘ਮੁਸੀਬਤ ਮਾਰਿਆਂ ਦਾ ਕੌਣ ਰਿਸ਼ਤੇਦਾਰ ਬਣਦਾ ਏ ਗ਼ਰੀਬਾਂ ਦਾ?’
ਮੈਂ ਉਸ ਨੂੰ ਪੁੱਛਿਆ ਕਿ ਕੀ ਇਥੇ ਜੀਅ ਲੱਗਾ ਰਹਿੰਦਾ ਹੈ ਤੁਹਾਡਾ? ਉਸ ਨੇ ਕਿਹਾ, ‘ਜੀਅ ਨੂੰ ਕੀ ਆ, ਟਾਈਮ ਈ ਪਾਸ ਕਰਨਾ ਹੈ। ਬਸ, ਮਸਤ ਹੋ ਕੇ ਇਥੇਹੀ ਪਏ ਰਹੀਦਾ ਹੈ ਅਤੇ ਰਾਤ ਨੂੰ ਢਾਬੇ ਤੋਂ ਰੋਟੀ ਖਾ ਲਈਦੀ ਹੈ।’
ਇੰਨੇ ਨੂੰ ਰੇਲ-ਗੱਡੀ ਆ ਗਈ ਅਤੇ ਮੈਂ ਭਰੇ ਮਨ ਨਾਲ ਗੱਡੀ ਚੜ੍ਹਨ ਲਈ ਮੁਸਾਫਰਖਾਨੇ ਤੋਂ ਬਾਹਰ ਆ ਗਿਆ। ਇਸ ਘਟਨਾ ਨੇ ਕਈ ਦਿਨ ਮੇਰੇ ਮਨ ਨੂੰ ਉਦਾਸ ਕਰੀ ਰੱਖਿਆ ਸੀ। ਅੱਜ ਫਿਰ ਲਗਭਗ ਦਸਾਂ ਸਾਲਾਂ ਬਾਅਦ ਉਹ ਘਟਨਾ ਮੇਰੇ ਮਨ ਦੀ ਰੀਲ੍ਹ 'ਤੇ ਪੂਰੀ ਤਰ੍ਹਾਂ ਘੁੰਮ ਗਈ। ਦਸ ਸਾਲ ਪਹਿਲਾਂ ਵਾਲੇ ਤੇ ਅੱਜ ਵਾਲੇ ਬਾਬੇ ਵਿੱਚ ਕਿੰਨੀ ਸਮਾਨਤਾ ਸੀ। ਉਹ ਦੋਵੇਂ ਛੇਹਰਟੇ ਦੇ ਰਹਿਣ ਵਾਲੇ ਸਨ। ਦੋਵੇਂ ਜਦੋਂ ਮੈਨੂੰ ਮਿਲੇ, ਉਮਰ ਦੇ ਆਖਰੀ ਡੰਡੇ 'ਤੇ ਖੜ੍ਹੇ ਸਨ। ਇੱਕ ਬਾਬੇ ਦੇ ਪਰਵਾਰ ਨੂੰ ਗੁਆਂਢੀ ਦੇਸ਼ ਨਾਲ ਲੱਗੀ ਜੰਗ ਨੇ ਖਾ ਲਿਆ ਸੀ ਤੇ ਦੂਸਰੇ ਨੂੰ ਆਪਣੇ ਦੇਸ਼ ਵਿੱਚ ਲੱਗੀ ਅੱਗ ਨਿਗਲ ਗਈ। ਮੇਰਾ ਮਨ ਅੱਜ ਫਿਰ ਉਦਾਸ ਹੋ ਗਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ