Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਨਜਰਰੀਆ

ਪਿੱਛਾ ਕਰਦੇ ਸਵਾਲ

February 10, 2020 07:44 AM

-ਪ੍ਰਿੰਸੀਪਲ ਵਿਜੈ ਕੁਮਾਰ
ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਕਈ ਜ਼ਿਲ੍ਹਿਆਂ ਵਿੱਚੋਂ ਧੜੱਲੇ ਨਾਲ ਹੋ ਰਹੀ ਨਕਲ ਦੀਆਂ ਖ਼ਬਰਾਂ ਛਪਣ ਨਾਲ ਸਿੱਖਿਆ ਵਿਭਾਗ ਪੱਬਾਂ ਭਾਰ ਹੋ ਗਿਆ। ਵਿਭਾਗ ਨੇ ਨਕਲ ਦੇ ਸੱਚਮੁੱਚ ਨਕਲ ਵਿਰੋਧੀ ਉਚ ਸਿੱਖਿਆ ਅਫ਼ਸਰਾਂ ਨੂੰ ਅੰਤਰ-ਜ਼ਿਲ੍ਹਾ ਉਡਣ ਦਸਤਿਆਂ ਦੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਨੂੰ ਸਖ਼ਤੀ ਨਾਲ ਨਕਲ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ।
ਸਾਡੇ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਵੀ ਨਕਲ ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਵੀ ਆਪਣੇ ਸਕੂਲ ਵਿੱਚ ਕਦੇ ਨਕਲ ਨਹੀਂ ਸੀ ਹੋਣ ਦਿੱਤੀ। ਫੌਜੀ ਅਫ਼ਸਰ ਰਹਿਣ ਕਾਰਨ ਉਹ ਅਸੂਲਾਂ ਦੇ ਪੱਕੇ ਸਨ। ਮੇਰਾ ਉਨ੍ਹਾਂ ਨਾਲ ਸੰਪਰਕ ਸੀ। ਰਾਤ ਦੇ ਅੱਠ-ਨੌ ਵੱਜੇ ਹੋਣਗੇ, ਉਨ੍ਹਾਂ ਫੋਨ ਕਰਕੇ ਕਿਹਾ, ‘‘ਸਵੇਰੇ ਜਲਦੀ ਤਿਆਰ ਰਹੀਂ, ਕੱਲ੍ਹ ਮੇਰੇ ਨਾਲ ਚੱਲਣਾ ਹੈ।'' ਉਨ੍ਹਾਂ ਜਾਣ ਦਾ ਕੋਈ ਕਾਰਨ ਨਹੀਂ ਸੀ ਦੱਸਿਆ, ਮੈਂ ਵੀ ਨਾ ਪੁੱਛਿਆ।
ਅਸੀਂ ਦੋਵੇਂ ਉਨ੍ਹਾਂ ਦੀ ਗੱਡੀ ਵਿੱਚ ਸਵੇਰੇ ਛੇ ਵਜੇ ਨਿਕਲ ਗਏ। ਉਨ੍ਹਾਂ ਰਾਹ ਵਿੱਚ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨੀ ਹੈ। ਮੰਤਰੀ ਦਾ ਹੁਕਮ ਸੀ ਕਿ ਜਿਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚੋਂ ਨਕਲ ਦੇ ਕੇਸ ਫੜੇ ਜਾਣ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਪ੍ਰੀਖਿਆ ਕੇਂਦਰਾਂ ਦੀ ਰਿਪੋਰਟ ਉਸੇ ਦਿਨ ਨਾਲੋ-ਨਾਲ ਦਿੱਤੀ ਜਾਣੀ ਸੀ।
ਪਰਚਾ ਸ਼ੁਰੂ ਹੋਣ ਤੋਂ ਅੱਧੇ ਕੁ ਘੰਟੇ ਬਾਅਦ ਅਸੀਂ ਚੈਕਿੰਗ ਸ਼ੁਰੂ ਕਰ ਦਿੱਤੀ। ਪ੍ਰੀਖਿਆ ਕੇਂਦਰਾਂ ਵਿੱਚ ਕਾਫ਼ੀ ਨਕਲ ਕਰਵਾ ਰਹੇ ਸਨ। ਮੇਰੇ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਨੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਕੇ ਉਨ੍ਹਾਂ ਦੇ ਸਕੂਲਾਂ ਵਿੱਚ ਭੇਜ ਦਿੱਤਾ ਤੇ ਉਸ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਨੂੰ ਫੋਨ ਕਰਕੇ ਉਨ੍ਹਾਂ ਦੀ ਥਾਂ ਹੋਰ ਅਧਿਆਪਕ ਲਾ ਦਿੱਤੇ, ਨਾਲ ਕੇਂਦਰ ਕੰਟਰੋਲਰਾਂ ਨੂੰ ਚਿਤਾਵਨੀ ਦੇ ਦਿੱਤੀ। ਇੱਕ ਪ੍ਰੀਖਿਆ ਕੇਂਦਰ ਵਿੱਚ ਚੈਕਿੰਗ ਦੌਰਾਨ ਇੱਕ ਪ੍ਰੀਖਿਆਰਥੀ ਤੋਂ ਪਰਚੀਆਂ ਨਿਕਲ ਆਈਆਂ। ਮੈਂ ਉਸ ਵਿਦਿਆਰਥੀ ਨੂੰ ਸਵਾਲ ਕੀਤਾ, ‘ਕਾਕਾ, ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਪਰਚੀਆਂ ਲੈ ਕੇ ਆਇਆ ਹੋਇਆ? ਜੇ ਮੈਂ ਕੇਸ ਬਣਾ ਦਿੱਤਾ ਤਾਂ ਤੇਰੀ ਜ਼ਿੰਦਗੀ ਖਰਾਬ ਹੋ ਜਾਵੇਗੀ।’ ਮੇਰਾ ਦਬਕਾ ਸੁਣ ਕੇ ਉਹ ਕੁਝ ਨਹੀਂ ਬੋਲਿਆ ਤੇ ਖੜ੍ਹਾ ਰਿਹਾ। ਉਸ ਕਮਰੇ ਵਿੱਚ ਸੁਪਰਵਾਈਜ਼ਰ ਤੇ ਡਿਪਟੀ ਸੁਪਰਡੈਂਟ ਦੀ ਡਿਊਟੀ ਨਿਭਾਅ ਰਹੇ ਅਧਿਆਪਕਾਂ ਨੂੰ ਪੁੱਛਿਆ ਕਿ ਉਹ ਕਰ ਕੀ ਰਹੇ ਹਨ? ਬੱਚਿਆਂ ਤੋਂ ਪਰਚੀਆਂ ਕਿਉਂ ਨਹੀਂ ਫੜੀਆਂ? ਉਹ ਦੋਵੇਂ ਕੁਝ ਨਹੀਂ ਬੋਲੇ, ਪਰ ਜਦੋਂ ਉਨ੍ਹਾਂ ਦੀ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਵਿੱਚੋਂ ਇੱਕ ਬੋਲ ਪਿਆ, ‘‘ਸਰ, ਅਸੀਂ ਇਨ੍ਹਾਂ ਤੋਂ ਪਹਿਲਾਂ ਬਹੁਤ ਪਰਚੀਆਂ ਫੜ ਚੁੱਕੇ ਹਾਂ, ਇਹ ਫਿਰ ਕੱਢ ਲੈਂਦੇ ਹਨ। ਇਹ ਪਰਚੀਆਂ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਜੇ ਦੇਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਦੀਆਂ ਉਤਰ ਕਾਪੀਆਂ ਚੈਕ ਕਰ ਲਓ।''
ਉਸ ਅਧਿਆਪਕ ਦੀ ਗੱਲ ਸੁਣ ਕੇ ਮੈਂ ਬੱਚਿਆਂ ਨੂੰ ਪ੍ਰਸ਼ਨ ਕੀਤਾ, ‘‘ਤੁਹਾਨੂੰ ਅਧਿਆਪਕ ਪੜ੍ਹਾਉਂਦੇ ਹਨ?'' ਜਿਸ ਬੱਚੇ ਤੋਂ ਮੈਂ ਪਰਚੀਆਂ ਫੜੀਆਂ ਸੀ, ਉਹ ਬੋਲਿਆ, ‘‘ਸਰ, ਅਧਿਆਪਕ ਪੜ੍ਹਾਉਣਗੇ ਤਾਂ, ਜੇ ਸਕੁੂਲ ਵਿੱਚ ਅਧਿਆਪਕ ਹੋਣਗੇ। ਸਾਡੇ ਸਕੂਲ ਵਿੱਚ ਨਾ ਅੰਗਰੇਜ਼ੀ ਦਾ ਅਧਿਆਪਕ ਹੈ, ਨਾ ਸਾਇੰਸ ਅਤੇ ਨਾ ਹਿਸਾਬ ਦਾ। ਜੇ ਕੋਈ ਅਧਿਆਪਕ ਆਉਂਦਾ ਹੈ ਤਾਂ ਦੋ ਮਹੀਨੇ ਬਾਅਦ ਬਦਲੀ ਕਰਵਾ ਲੈਂਦਾ ਹੈ। ਸਕੂਲ ਮੁਖੀ ਚੰਡੀਗੜ੍ਹ ਤੋਂ ਆਉਂਦੇ ਹਨ। ਉਹ ਮਹੀਨੇ ਵਿੱਚ ਇੱਕ-ਅੱਧੀ ਵਾਰ ਆਉਂਦੇ ਹਨ। ਸਕੂਲ ਦੀਆਂ ਬਾਰਾਂ ਪੋਸਟਾਂ ਖਾਲੀ ਹੈ। ਚੰਗੀ ਗੱਲ ਹੈ ਕਿ ਤੁਸੀਂ ਸਾਡੇ ਉਤੇ ਕੇਸ ਬਣਾ ਦਿਓ। ਘੱਟੋ-ਘੱਟ ਅਸੀਂ ਪੜ੍ਹਾਈ ਛੱਡ ਕੇ ਕੋਈ ਦਿਹਾੜੀ ਦੱਪਾ ਕਰਨ ਲੱਗ ਪਈਏ।''
ਇਸ ਦੇ ਬਾਅਦ ਖਾਮੋਸ਼ ਹੋਣ ਦੀ ਵਾਰੀ ਮੇਰੀ ਸੀ। ਸੱਚਮੁੱਚ ਮੇਰੇ ਕੋਲ ਬੱਚੇ ਦੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਸੀ। ਬੱਚਿਆਂ ਦੇ ਸਵਾਲ ਸੁਣ ਕੇ ਕਲੇਜਾ ਵਲੂੰਧਰਿਆ ਗਿਆ। ਪਤਾ ਨਾ ਲੱਗੇ ਕਿ ਉਸ ਨੂੰ ਕੀ ਜਵਾਬ ਦਿਆਂ! ਥੋੜ੍ਹਾ ਚਿਰ ਚੁੱਪ ਰਹਿਣ ਤੋਂ ਬਾਅਦ ਮੈਂ ਉਸ ਵਿਦਿਆਰਥੀ ਨੂੰ ਕਿਹਾ, ‘ਬੇਟਾ ਕੋਈ ਟਿਊਸ਼ਨ ਵਗੈਰਾ ਰੱਖ ਲੈਣੀ ਸੀ।’ ਮੇਰੀ ਸੁਰ ਵੀ ਢੈਲੀ ਪੈ ਚੁੱਕੀ ਸੀ। ਹਮਰਦਰਦੀ ਭਰੀ ਗੱਲ ਸੁਣ ਕੇ ਕਮਰੇ ਵਿੱਚ ਬੈਠਾ ਕੋਈ ਹੋਰ ਬੱਚਾ ਬੋਲਿਆ, ‘ਸਰ, ਸਾਨੂੰ ਟਿਊਸ਼ਨ ਵੀ ਕੋਈ ਨਹੀਂ ਪੜ੍ਹਾਉਂਦਾ। ਪ੍ਰਾਈਵੇਟ ਸਕੂਲਾਂ ਵਿੱਚ ਅਮੀਰ ਲੋਕਾਂ ਦੇ ਪੜ੍ਹਦੇ ਬੱਚੇ ਹੀ ਉਨ੍ਹਾਂ ਅਧਿਆਪਕ ਕੋਲ ਪੜ੍ਹਦੇ ਹਨ ਕਿਉਂਕਿ ਉਹ ਟਿਊਸ਼ਨ ਦੇ ਵੱਧ ਪੈਸੇ ਦਿੰਦੇ ਹਨ। ਸਾਡੇ ਮਾਪਿਆਂ ਕੋਲ ਮਹਿੰਗੀ ਟਿਊਸ਼ਨ ਪੜ੍ਹਾਉਣ ਦੀ ਹਿੰਮਤ ਨਹੀਂ।''
ਮੈਨੂੰ ਉਥੇ ਖੜ੍ਹਨਾ ਮੁਸ਼ਕਲ ਲੱਗ ਰਿਹਾ ਸੀ। ਡਿਊਟੀ ਨਿਭਾ ਰਹੇ ਅਧਿਆਪਕ ਮੇਰੇ ਵੱਲ ਦੇਖ ਰਹੇ ਸਨ। ਉਨ੍ਹਾਂ ਮੇਰੇ ਚਿਹਰੇ ਤੋਂ ਬੇਵਸੀ ਪੜ੍ਹ ਲਈ। ਮੈਂ ਆਪਣਾ ਪਿੱਛਾ ਛੁਡਾਉਣ ਲਈ ਆਪਣੇ ਹੱਥ ਵਿੱਚ ਫੜੀਆ ਪਰਚੀਆਂ ਉਨ੍ਹਾਂ ਦੇ ਹਵਾਲੇ ਕਰਦਿਆਂ ਕਿਹਾ, ‘ਇਨ੍ਹਾਂ ਬੱਚਿਆਂ ਤੋਂ ਪਰਚੀਆਂ ਕਢਵਾ ਲਓ, ਜੇ ਸਰ ਆ ਗਏ ਤਾਂ ਉਹ ਕੇਸ ਬਣਾ ਦੇਣਗੇ।’ ਬੱਚਿਆਂ ਦੇ ਇਨ੍ਹਾਂ ਸਵਾਲਾਂ ਨੇ ਅੱਜ ਤੱਕ ਮੇਰਾ ਪਿੱਛਾ ਨਹੀਂ ਛੱਡਿਆ।

Have something to say? Post your comment