Welcome to Canadian Punjabi Post
Follow us on

24

March 2019
ਨਜਰਰੀਆ

ਰੇਲ ਹਾਦਸੇ ਲਈ ਜ਼ਿੰਮੇਵਾਰ ਕੌਣ?

October 25, 2018 08:31 AM

-ਧਰਮਿੰਦਰ ਸਿੰਘ ਚੱਬਾ
19 ਅਕਤੂਬਰ ਸ਼ੁੱਕਰਵਾਰ ਨੂੰ ਦੁਸਹਿਰੇ ਦਾ ਦਿਨ ਉਨ੍ਹਾਂ ਪਰਵਾਰਾਂ ਲਈ ਮਨਹੂਸ ਹੋ ਨਿੱਬੜਿਆ ਜਿਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਅੰਮ੍ਰਿਤਸਰ ਦੇ ਜੌੜਾ ਫਾਟਕ ਕੋਲ ਰਾਵਣ ਦਹਿਨ ਸਮੇਂ ਖੂਨੀ ਟਰੇਨ ਦੀ ਲਪੇਟ ਵਿੱਚ ਆ ਕੇ ਦੁਨੀਆ ਤੋਂ ਰੁਖ਼ਸਤ ਹੋ ਗਿਆ। ਕਈ ਪਰਵਾਰਾਂ ਦੇ ਇਕ ਤੋਂ ਵੱਧ ਜੀਅ ਇਸ ਹਾਦਸੇ ਦੀ ਭੇਟ ਚੜ੍ਹ ਗਏ। ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਸੀ? ਕਿਸ-ਕਿਸ ਕੋਲੋਂ ਗਲਤੀ ਹੋਈ? ਇਸ ਬਾਰੇ ਫਿਲਹਾਲ ਜਿੰਨੇ ਮੂੰਹ, ਓਨੀਆਂ ਹੀ ਗੱਲਾਂ ਹਨ।
ਸਰਸਰੀ ਤੌਰ 'ਤੇ ਦੇਖਿਆ ਜਾਵੇ ਤਾਂ ਗਲਤੀ ਸਾਰਿਆਂ ਕੋਲੋਂ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਸਾਰੇ ਪੱਲਾ ਝਾੜ ਰਹੇ ਹਨ ਤੇ ਨਜ਼ਲਾ ਇਕ ਦੂਜੇ 'ਤੇ ਸੁੱਟ ਕੇ ਬਚਣਾ ਚਾਹੁੰਦੇ ਹਨ। ਜਦੋਂ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ ਤਾਂ ਉਸ ਸਮਾਗਮ 'ਚ ਬੀਬੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਸਨ। ਰਾਵਣ ਸਾੜਨ ਦਾ ਸਮਾਂ ਸ਼ਾਮ ਛੇ ਵਜੇ ਸੀ, ਪਰ ਬੀਬੀ ਨਵਜੌਤ ਕੌਰ ਸਿੱਧੂ ਆਪਣੇ ਰੁਝੇਵਿਆਂ ਕਾਰਨ ਲੇਟ ਹੋ ਗਏ ਤੇ ਹਨੇਰਾ ਹੋ ਗਿਆ। ਜਦੋਂ ਰਾਵਣ ਨੂੰ ਅੱਗ ਲਾਈ ਗਈ ਤਾਂ ਪਟਾਕਿਆਂ ਦਾ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ। ਉਸੇ ਵਕਤ ਜਲੰਧਰ ਵਾਲੇ ਪਾਸਿਓਂ ਡੀ ਐਮ ਯੂ ਗੱਡੀ ਆ ਗਈ।
ਲੋਕ ਦੁਸਹਿਰੇ ਦੇ ਪ੍ਰੋਗਰਾਮ ਦੀ ਵੀਡੀਓ ਬਣਾ ਰਹੇ ਸਨ। ਇਕ ਸ਼ੋਰ ਸ਼ਰਾਬਾ ਤੇ ਦੂਜਾ ਧਿਆਨ ਵੀਡੀਓ ਬਣਾਉਣ ਵੱਲ ਰਿਹਾ ਤੇ ਗੱਡੀ ਟਰੈਕ 'ਤੇ ਖੜੇ ਲੋਕਾਂ ਲਈ ਕਾਲ ਬਣ ਗਈ। ਇਹ ਸਾਰੀ ਤ੍ਰਾਸਦੀ ਦਸ ਸੈਂਕਿੰਡ ਵਿੱਚ ਵਾਪਰ ਗਈ। ਇਕਦਮ ਚੀਕ ਚਿਹਾੜਾ ਮਚ ਗਿਆ। ਰੇਲਵੇ ਟਰੈਕ 'ਤੇ ਕੱਟੀਆਂ ਵੱਢੀਆਂ ਲਾਸ਼ਾਂ ਸਨ ਤੇ ਜ਼ਖਮੀ ਤੜਫ ਰਹੇ ਸਨ। ਬੜਾ ਭਿਆਨਕ ਮੰਜ਼ਰ ਸੀ। ਉਸ ਜਗ੍ਹਾ ਹਨੇਰਾ ਸੀ। ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਗਿਆ। ਰਾਵਣ ਦਹਿਨ ਸਮਾਗਮ ਲਈ ਜੋ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਸੀ, ਉਹ ਵੀ ਪ੍ਰਬੰਧਕਾਂ ਨੇ ਤਰੀਕੇ ਨਾਲ ਪੂਰੀ ਨਹੀਂ ਕੀਤੀ। ਸਿਰਫ ਇਲਾਕੇ ਦੇ ਐਸ ਐਚ ਓ ਕੋਲੋਂ ਐਨ ਓ ਸੀ ਲੈ ਕੇ ਕੰਮ ਸਾਰ ਲਿਆ ਗਿਆ। ਰੇਲ ਮੰਤਰਾਲੇ ਕੋਲੋਂ ਵੀ ਮਨਜ਼ੂਰੀ ਨਹੀਂ ਲਈ ਗਈ। ਦੂਜੀਆਂ ਕਾਨੂੰਨੀ ਕਾਰਵਾਈਆਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਦੂਸਰੀ ਗਲਤੀ ਪੁਲਸ ਵੱਲੋਂ ਹੋਈ ਕਿ ਐਨੀ ਵੱਡੀ ਭੀੜ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ।
ਤੀਸਰੀ ਗਲਤੀ ਜਿਸ ਜਗ੍ਹਾ ਪ੍ਰੋਗਰਾਮ ਹੋ ਰਿਹਾ ਸੀ, ਉਹ ਗਰਾਊਂਡ ਹੈ। ਉਸ ਗਰਾਊਂਡ ਦੀ ਰੇਲਵੇ ਲਾਈਨ ਵੱਲ ਚਾਰ ਪੰਜ ਫੁੱਟ ਦੀ ਚਾਰਦੀਵਾਰੀ ਹੈ। ਫਿਰ ਉਸ ਕੰਧ ਤੋਂ ਰੇਲਵੇ ਲਾਈਨ ਤੱਕ ਕਾਫੀ ਖਾਲੀ ਜਗ੍ਹਾ ਹੈ। ਥੋੜ੍ਹਾ ਅੱਗੇ ਜਾ ਕੇ ਰੇਲਵੇ ਟਰੈਕ ਹੈ, ਜਿਥੇ ਭਿਆਨਕ ਹਾਦਸਾ ਹੋਇਆ ਹੈ। ਇਥੇ ਤਾਂ ਹੋਣਾ ਇਹ ਚਾਹੀਦਾ ਸੀ ਕਿ ਲੋਕ ਗਰਾਊਂਡ 'ਚ ਬੈਠ ਕੇ ਜਾਂ ਖੜੋ ਕੇ ਦੁਸਹਿਰਾ ਵੇਖਦੇ, ਪਰ ਲੋਕ ਦੀਵਾਰ ਟੱਪ ਕੇ ਖਾਲੀ ਜਗ੍ਹਾ ਲੰਘ ਕੇ ਰੇਲਵੇ ਲਾਈਨ 'ਤੇ ਖੜੋ ਕੇ ਪ੍ਰੋਗਰਾਮ ਦੇਖ ਰਹੇ ਸਨ ਤੇ ਨਾਲੇ ਵੀਡੀਓ ਬਣਾ ਰਹੇ ਸਨ, ਜੋ ਰੇਲਵੇ ਦੇ ਕਾਨੂੰਨ ਮੁਤਾਬਕ ਗਲਤ ਹੈ। ਰੇਲਵੇ ਲਾਈਨ ਤੋ ਗੁਜ਼ਰਨ ਦਾ ਪਹਿਲਾ ਹੱਕ ਰੇਲ ਦਾ ਹੁੰਦਾ ਹੈ। ਜੇ ਕੋਈ ਐਸੀ ਗਲਤੀ ਕਰਦਾ ਹੈ ਤਾਂ ਰੇਲਵੇ ਉਸ ਵਿਅਕਤੀ 'ਤੇ ਐਫ ਆਈ ਆਰ ਦਰਜ ਕਰ ਸਕਦਾ ਹੈ। ਇਸ ਹਾਦਸੇ ਵਿੱਚ ਵੀ ਇਕ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਗਿਆ ਹੈ। ਚੌਥੀ ਗਲਤੀ ਰੇਲਵੇ ਦੀ ਹੈ। ਉਹ ਇਹ ਕਿ ਹਾਦਸਾ ਕਰਨ ਵਾਲੀ ਗੱਡੀ ਦੇ ਇੰਜਣ ਦੀ ਟਾਪ ਲਾਈਟ ਬੰਦ ਸੀ, ਹੇਠਾਂ ਵਾਲੀ ਲਾਈਟ ਹੀ ਜਗਦੀ ਸੀ। ਇਹ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਟਾਪ ਲਾਈਟ ਜਗਦੀ ਹੁੰਦੀ ਤਾਂ ਸ਼ਾਇਦ ਰੇਲਵੇ ਲਾਈਨ 'ਤੇ ਖੜੇ ਲੋਕਾਂ ਨੂੰ ਗੱਡੀ ਦੇ ਆਉਣ ਦਾ ਪਤਾ ਲੱਗ ਜਾਂਦਾ ਤੇ ਇਹ ਹਾਦਸਾ ਹੋਣ ਤੋਂ ਬਚ ਜਾਂਦਾ।
ਪੰਜਵੀਂ ਗਲਤੀ ਰਾਵਣ ਦਹਿਨ ਦਾ ਪ੍ਰੋਗਰਾਮ ਕਰਵਾ ਰਹੇ ਪ੍ਰਬੰਧਕਾਂ ਨੇ ਕੀਤੀ। ਇਕ ਤਾਂ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਤੇ ਦੂਜਾ ਜਦੋਂ ਇਹ ਹਾਦਸਾ ਹੋਇਆ ਤਾਂ ਉਥੋਂ ਖਿਸਕਣ ਵਿੱਚ ਭਲਾ ਸਮਝਿਆ। (ਕਾਰ ਵਿੱਚ ਦੌੜਦਿਆਂ ਦੀ ਵੀਡੀਓ ਵਾਇਰਲ ਹੋਈ ਹੈ)। ਕਈ ਪ੍ਰਬੰਧਕਾਂ ਨੇ ਲੋਕਾਂ ਦੀ ਮਦਦ ਵੀ ਕੀਤੀ, ਜੋ ਸਮੇਂ ਦੀ ਜ਼ਰੂਰਤ ਸੀ।
ਇਸ ਭਿਆਨਕ ਹਾਦਸੇ 'ਤੇ ਵਿਰੋਧੀ ਪਾਰਟੀਆਂ ਸਿਆਸੀ ਰੋਟੀਆਂ ਸੇਕਦੀਆਂ ਨਜ਼ਰ ਆਈਆਂ, ਪਰ ਇਹੋ ਜਿਹੇ ਵਕਤ ਵਿੱਚ ਸਿਆਸਤ ਤੋਂ ਉਪਰ ਉਠ ਕੇ ਇਨਸਾਨੀਅਤ ਦਾ ਫਰਜ਼ ਨਿਭਾਉਣਾ ਚਾਹੀਦਾ ਸੀ, ਕਿਉਂਕਿ ਇਨਸਾਨੀਅਤ ਤੋਂ ਉਪਰ ਕੁਝ ਨਹੀਂ ਹੈ। ਹਸਪਤਾਲਾਂ ਵਿੱਚ ਚੀਕ ਚਿਹਾੜਾ ਪਿਆ ਸੀ। ਲੋਕ ਆਪਣਿਆਂ ਨੂੰ ਲੱਭਣ ਵਿੱਚ ਕੀ ਸਰਕਾਰੀ ਤੇ ਕੀ ਨਿੱਜੀ, ਸਭ ਹਸਪਤਾਲਾਂ ਵਿੱਚ ਘੁੰਮ ਰਹੇ ਸਨ, ਪਰ ਉਨ੍ਹਾਂ ਨੂੰ ਉਘ ਸੁੱਘ ਨਹੀਂ ਲੱਗ ਰਹੀ ਸੀ। ਅਨੇਕਾਂ ਡਾਕਟਰਾਂ, ਕਈ ਲੋਕਾਂ, ਸਮਾਜ ਸੇਵੀ ਸੰਸਥਾਵਾਂ, ਖਾਲਸਾ ਏਡ ਵਰਗੀਆਂ ਸੰਸਥਾਵਾਂ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਮਦਦ ਕੀਤੀ। ਲੋੜਵੰਦਾਂ ਲਈ ਲੋਕ ਖੂਨ ਦੇਣ ਲਈ ਅੱਗੇ ਆਏ, ਲੰਗਰ ਲਗਾਏ ਗਏ, ਛਬੀਲਾਂ ਲਾਈਆਂ ਗਈਆਂ। ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਫਤ ਇਲਾਜ ਦਾ ਐਲਾਨ ਕੀਤਾ ਗਿਆ ਤੇ ਲੰਗਰ ਲਾਏ ਗਏ। ਮ੍ਰਿਤਕਾਂ ਦੇ ਪਰਵਾਰਾਂ ਨੂੰ ਉਨ੍ਹਾਂ ਦੇ ਆਪਣਿਆਂ ਦੀਆਂ ਲਾਸ਼ਾਂ ਨਹੀਂ ਮਿਲ ਰਹੀਆਂ ਸਨ। ਲੋਕਾਂ ਵਿੱਚ ਗੁੱਸਾ ਸੀ ਕਿ ਜੋ ਗਿਣਤੀ ਸਰਕਾਰ ਮ੍ਰਿਤਕਾਂ ਦੀ ਦੱਸ ਰਹੀ ਹੈ, ਉਹ ਗਲਤ ਹੈ। ਲੋਕਾਂ ਦਾ ਕਹਿਣਾ ਸੀ ਕਿ ਮੌਤਾਂ ਵੱਧ ਹੋਈਆਂ ਹਨ ਤੇ ਸਰਕਾਰ ਨੇ ਲਾਸ਼ਾਂ ਗਾਇਬ ਕਰਵਾ ਦਿੱਤੀਆਂ ਹਨ। ਇਸ ਗੱਲ ਨੂੰ ਲੈ ਕੇ ਲੋਕਾਂ ਨੇ ਅਗਲੇ ਦਿਨ ਯਾਨੀ 20 ਤੇ 21 ਤਰੀਕ ਨੂੰ ਸੜਕਾਂ 'ਤੇ ਜਾਮ ਲਗਾ ਦਿੱਤਾ ਤੇ ਪੁਲਸ 'ਤੇ ਪੱਥਰਬਾਜ਼ੀ ਵੀ ਕੀਤੀ। ਪੁਲਸ ਵੱਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ।
ਆਪਣਿਆਂ ਦੇ ਵਿਛੋੜੇ ਦਾ ਦਰਦ ਝੱਲ ਰਹੇ ਲੋਕ ਵਿਲ੍ਹਕ ਰਹੇ ਹਨ। ਕਈਆਂ ਦਾ ਪੂਰੇ ਦਾ ਪੂਰਾ ਘਰ ਉਜੜ ਗਿਆ ਹੈ। ਜਿਨ੍ਹਾਂ ਦੇ ਘਰ ਉਜੜੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਆਪਣਿਆਂ ਦੇ ਵਿਛੋੜੇ ਦਾ ਦਰਦ ਕੀ ਹੁੰਦਾ ਹੈ। ਕਈ ਘਰਾਂ ਵਿੱਚ ਤਾਂ ਸਿਆਣੇ ਜਵਾਨ ਹਾਦਸੇ ਦੀ ਭੇਟ ਚੜ੍ਹ ਗਏ ਹਨ ਤੇ ਪਿੱਛੇ ਦਸ-ਦਸ ਮਹੀਨੇ ਦੇ ਬੱਚੇ ਹੀ ਬਚੇ ਹਨ, ਹੋਰ ਕੋਈ ਮੈਂਬਰ ਬਚਿਆ ਹੀ ਨਹੀਂ। ਉਨ੍ਹਾਂ ਬੱਚਿਆਂ ਦਾ ਕੀ ਬਣੇਗਾ? ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ। ਭੰਨ ਤੋੜ ਸਾੜ ਫੂਕ ਮਸਲੇ ਦਾ ਹੱਲ ਨਹੀਂ। ਸਰਕਾਰ ਨੇ ਜਾਂਚ ਕਮਿਸ਼ਨ ਕਮੇਟੀ ਬਣਾ ਦਿੱਤੀ ਹੈ, ਜਿਸ ਨੂੰ ਚਾਰ ਹਫਤਿਆਂ ਵਿੱਚ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਜੋ ਵੀ ਦੋਸ਼ੀ ਸਿੱਧ ਹੋਇਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਹੋਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਹਾਦਸੇ ਲਈ ਜੋ ਖਾਮੀਆਂ ਪਾਈਆਂ ਜਾਣ, ਉਹ ਤੁਰੰਤ ਦੂਰ ਕੀਤੀਆਂ ਜਾਣ ਤਾਂ ਜੋ ਅਗਾਂਹ ਤੋਂ ਐਸੇ ਭਿਆਨਕ ਹਾਦਸੇ ਰੋਕੇ ਜਾ ਸਕਣ। ਸਰਕਾਰਾਂ ਵੱਲੋਂ ਮ੍ਰਿਤਕਾਂ ਦੇ ਪਰਵਾਰਾਂ ਲਈ ਜੋ ਮਦਦ ਦਾ ਐਲਾਨ ਕੀਤਾ ਗਿਆ ਹੈ, ਉਹ ਜਲਦੀ ਉਨ੍ਹਾਂ ਨੂੰ ਦਿੱਤੀ ਜਾਵੇ। ਗਰੀਬਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।

 

Have something to say? Post your comment