Welcome to Canadian Punjabi Post
Follow us on

28

February 2020
ਨਜਰਰੀਆ

ਦੁਨੀਆ ਲਈ ਚੁਣੌਤੀ ਬਣਿਆ ਈ-ਵੇਸਟ

January 14, 2020 08:01 AM

-ਹਰੀ ਕ੍ਰਿਸ਼ਨ ਮਾਇਰ
ਇਲੈਕਟ੍ਰਾਨਿਕ ਕੂੜੇ ਨੂੰ ਈ-ਵੇਸਟ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਐਨਾਲੌਗ ਤਕਨੀਕ ਦੀ ਥਾਂ ਡਿਜੀਟਲ ਤਕਨੀਕ ਨੇ ਲੈ ਲਈ ਹੈ। ਸਾਰੀ ਦੁਨੀਆ ਵਿੱਚ ਬਿਜਲਈ ਵਸਤਾਂ ਤੇ ਇਲੈਕਟ੍ਰਾਨਿਕ ਸਰਕਟਾਂ ਦੀ ਮੰਗ ਬਹੁਤ ਵਧੀ ਹੈ। ਇਲੈਕਟ੍ਰਾਨਿਕ ਸਰਕਟਾਂ ਦੀ ਵਰਤੋਂ ਕਾਰਨ ਇਨ੍ਹਾਂ ਦੀ ਟੁੱਟ-ਭੱਜ ਤੇ ਇਨਾਂ ਦੇ ਸੜਨ ਨਾਲ ਉਤਪੰਨ ਹੁੰਦਾ ਕੂੜਾ ਈ-ਵੇਸਟ ਅਖਵਾਉਂਦਾ ਹੈ। ਈ-ਵੇਸਟ ਵਿੱਚ ਵਰਤੇ ਤੇ ਮੁਰੰਮਤ ਵਾਲੇ ਕੰਪਿਊਟਰ, ਲੈਪਟਾਪ, ਟੈਲੀਵਿਜ਼ਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮੋਬਾਈਲ ਫੋਨ, ਕੈਥੋਡ ਰੇਅ ਟਿਊਬਾਂ, ਟੇਪਾਂ, ਕੈਮਰੇ ਤੇ ਮਿਊਜ਼ਿਕ ਸਿਸਟਮ ਆਦਿ ਸ਼ੁਮਾਰ ਹਨ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੁੰਦੀ ਹੈ ਤੇ ਜੋ ਵਰਤਣ ਯੋਗ ਨਹੀਂ ਰਹਿੰਦੇ।
ਇੱਕ ਰਿਪੋਰਟ ਅਨੁਸਾਰ ਵਿਕਸਿਤ ਦੇਸ਼ਾਂ ਨੇ ਸਾਲ 2011 ਦੌਰਾਨ 215000 ਟਨ ਈ-ਕਬਾੜ ਘਾਨਾ ਨੂੰ ਘੱਲਿਆ ਸੀ। ਇਸ ਵਿੱਚ ਤੀਹ ਫੀਸਦੀ ਨਵੇਂ ਨਕੋਰ ਇਲੈਕਟ੍ਰਾਨਿਕ ਜੰਤਰ ਸ਼ਾਮਲ ਸਨ। ਸੱਤ ਫੀਸਦੀ ਉਹ ਕੂੜਾ ਕਬਾੜ ਸੀ ਜਿਸ ਨੂੰ ਛਾਂਟੀ ਕਰਨ ਵੇਲੇ ਰੱਦੀ ਬਣਾ ਦਿੱਤਾ ਗਿਆ ਸੀ। ਇਸ ਈ-ਵੇਸਟ ਦਾ ਅੱਸੀ ਫੀਸਦੀ ਹਿੱਸਾ ਮੂਲ ਰੂਪ ਵਿੱਚ ਘਾਨਾ ਦੀ ਜ਼ਮੀਨ ਥੱਲੇ ਦਬਾ ਦਿੱਤਾ ਗਿਆ।
ਇੱਕ ਵਾਤਾਵਰਣ ਬਚਾਓ ਸੰਸਥਾ ਦੀ ਰਿਪੋਰਟ ਮੁਤਾਬਕ ਇਲੈਕਟ੍ਰਾਨਿਕ ਕਚਰੇ 'ਚੋਂ 15 ਫੀਸਦੀ ਮੁੜ ਵਰਤਣ ਯੋਗ ਬਣਾਇਆ ਜਾ ਸਕਦਾ ਹੈ। ਬਾਕੀ ਦਾ 85 ਫੀਸਦੀ ਕਚਰਾ ਟੋਏ ਪੁੱਟ ਕੇ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਹੈ ਜਾਂ ਅੱਗ ਦੀ ਭੱਠੀ ਵਿੱਚ ਭਸਮ ਕਰ ਦਿੱਤਾ ਜਾਂਦਾ ਹੈ।
ਦੁਨੀਆ ਭਰ 'ਚ ਈ-ਕੂੜਾ ਪੈਦਾ ਕਰਨ ਵਿੱਚ ਅਮਰੀਕਾ ਸਭ ਤੋਂ ਮੋਹਰੀ ਹੈ। ਹਰ ਵਰ੍ਹੇ ਇਥੇ ਤੀਹ ਲੱਖ ਟਨ ਈ-ਕੂੜਾ ਪੈਦਾ ਹੁੰਦਾ ਹੈ। ਦੂਜੇ ਨੰਬਰ ਉਤੇ ਚੀਨ ਹਰ ਵਰ੍ਹੇ ਅੰਦਾਜ਼ਨ 23 ਲੱਖ ਟਨ ਈ-ਕਚਰਾ ਪੈਦਾ ਕਰਦਾ ਹੈ। ਭਾਰਤ ਹਰ ਵਰ੍ਹੇ ਅੰਦਾਜ਼ਨ ਚਾਰ ਲੱਖ ਟਨ ਈ-ਕੂੜਾ ਉਤਪਨ ਕਰਦਾ ਹੈ। ਚੀਨ ਦੇ ਸ਼ਾਂਤੋਊ ਖੇਤਰ ਵਿੱਚ ਗੂਈਯੂ ਵਿੱਚ ਇਲੈਕਟ੍ਰਾਨਿਕ ਕੂੜੇ ਦੀ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਉਦਯੋਗ ਚੱਲ ਰਿਹਾ ਹੈ। ਗੂਈਯ ਨੂੰ ਲੋਕ ਈ ਕਚਰੇ ਦੀ ਵਿਸ਼ਵ ਦੀ ਰਾਜਧਾਨੀ ਵੀ ਕਹਿੰਦੇ ਹਨ। ਇਥੇ ਡੇਢ ਲੱਖ ਤੋਂ ਵੱਧ ਕਾਰੀਗਰ ਅਤੇ ਕਾਮੇ ਈ ਕੂੜੇ ਦੀਆਂ ਵਰਕਸ਼ਾਪਾਂ 'ਚ ਦਿਨ ਦੇ ਸੋਲਾਂ ਸੌਲਾਂ ਘੰਟੇ ਕੰਮ ਕਰਦੇ ਹਨ। ਈ ਕੂੜੇ ਵਿੱਚੋਂ ਮੁੜ ਵਰਤੇ ਜਾ ਸਕਣ ਵਾਲੇ ਹਿੱਸੇ ਅਤੇ ਬਾਜ਼ਾਰ ਵਿੱਚ ਵਿਕ ਸਕਣ ਵਾਲੇ ਪੁਰਜ਼ੇ ਵੱਖ ਕਰਨ, ਮੁਢਲੀਆਂ ਚਿੱਪਾਂ ਨੂੰ ਸਰਕਟ ਬੋਰਡਾਂ ਤੋਂ ਉਤਾਰਨ, ਕੰਪਿਊਟਰ ਦੇ ਹੋਰ ਜੰਤਰਾਂ ਦੇ ਬਾਹਰੀ ਢਾਂਚੇ ਦੇ ਪਲਾਸਟਿਕ ਨੂੰ ਨਿੱਕੇ ਨਿੱਕੇ ਟੁਕੜਿਆਂ ਵਿੱਚ ਤੋੜ ਕੇ ਪੀਸਣ, ਤਾਰਾਂ ਤੋੜ ਕੇ ਛਿੱਲਣ ਅਤੇ ਕੁਤਰਨ ਉਪਰੰਤ ਤਾਂਬਾ ਵੱਖ ਕਰਨ ਲਈ ਵੱਖ-ਵੱਖ ਵਰਕਸ਼ਾਪਾਂ ਸਥਾਪਤ ਕੀਤੀਆਂ ਗਈਆਂ ਹਨ।
ਈ-ਕੂੜੇ ਵਿੱਚ 60 ਵੱਖੋ-ਵੱਖਰੇ ਤੱਤਾਂ ਦੀ ਮੌਜੂਦਗੀ ਦੀ ਨਿਸ਼ਾਨਦੇਹੀ ਹੋਈ ਹੈ। ਇਨ੍ਹਾਂ ਵਿੱਚੋਂ ਟੀਨ, ਤਾਂਬਾ, ਸਿਲੀਕਾਨ, ਬਿ੍ਲੀਅਮ, ਲੋਹਾ, ਕਾਰਬਨ ਅਤੇ ਐਲੂਮੀਨੀਅਮ ਆਦਿ ਕਈ ਤੱਤ ਸ਼ਾਮਲ ਹਨ। ਕੈਡਮੀਅਮ, ਪਾਰਾ, ਥੈਲੀਅਮ, ਸੋਨਾ, ਚਾਂਦੀ ਵੀ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਹੁੰਦੇ ਹਨ। ਕੂੜੇ ਤੋਂ ਪ੍ਰਾਪਤ ਧਾਤਾਂ ਦੀ ਮੁੜ ਵਰਤੋਂ ਹੋ ਸਕਦੀ ਹੈ। ਇਸ ਤੋਂ ਮਿਲੇ ਪੁਰਜ਼ੇ ਨਵੇਂ ਕੰਪਿਊਟਰ ਤਿਆਰ ਕਰਨ ਲਈ ਵਰਤ ਸਕਦੇ ਹਾਂ। ਇਨ੍ਹਾਂ ਨੂੰ ਬਾਜ਼ਾਰਾਂ ਵਿੱਚ ਵੇਚਿਆ ਵੀ ਜਾ ਸਕਦਾ ਹੈ।
ਭਾਰਤ ਵਿੱਚ ਦਸ ਸੂਬੇ ਸੱਤਰ ਫੀਸਦੀ ਈ-ਕੂੜਾ ਪੈਦਾ ਕਰਦੇ ਹਨ। ਸਾਰਿਆਂ ਤੋਂ ਵੱਧ ਈ-ਵੇਸਟ ਮਹਾਰਾਸ਼ਟਰ ਪੈਦਾ ਕਰਦਾ ਹੈ। ਇਸ ਤੋਂ ਬਾਅਦ ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਉਤਰ ਪ੍ਰਦੇਸ਼, ਪੱਛਮੀ ਬੰਗਾ, ਦਿੱਲੀ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼ ਤੇ ਪੰਜਾਬ ਆਉਂਦੇ ਹਨ। ਸ਼ਹਿਰਾਂ 'ਚੋਂ ਮੁੰਬਈ ਸਭ ਤੋਂ ਵਧੇਰੇ ਈ-ਕੂੜਾ ਪੈਦਾ ਕਰਦਾ ਹੈ। ਇਸ ਤੋਂ ਬਾਅਦ ਦਿੱਲੀ, ਬੰਗਲੌਰ, ਚੇਨਈ, ਕੋਲਕਾਤਾ, ਅਹਿਮਦਾਬਾਦ, ਹੈਦਰਾਬਾਦ, ਪੁਣੇ, ਸੂਰਤ, ਨਾਗਪੁਰ ਦੇ ਨਾਂਅ ਹਨ। ਇਸ ਦੇਸ਼ ਵਿੱਚ ਸੱਤਰ ਫੀਸਦੀ ਈ-ਵੇਸਟ ਸਰਕਾਰੀ, ਜਨਤਕ ਜਾਂ ਪ੍ਰਾਈਵੇਟ ਉਦਯੋਗਿਕ ਖੇਤਰ ਪੈਦਾ ਕਰਦੇ ਹਨ ਜਦੋਂ ਕਿ 15 ਫੀਸਦੀ ਨਿੱਜੀ ਘਰਾਂ ਅਤੇ 15 ਫੀਸਦੀ ਬਾਕੀ ਉਤਪਾਦਕਾਂ ਤੋਂ ਪੈਦਾ ਹੁੰਦਾ ਹੈ। ਇਸ ਈ-ਵੇਸਟ ਵਿੱਚ ਟੈਲੀਵਿਜ਼ਨ, ਡੀ ਟੀ ਪੀ ਸਰਵਰ ਅਤੇ ਮੋਬਾਈਲ ਸ਼ਾਮਲ ਹਨ। ਇਸ ਸਾਲ ਪੁਰਾਣੇ ਕੰਪਿਊਟਰਾਂ ਤੇ ਮੋਬਾਈਲਾਂ ਤੋਂ ਉਪਜਦਾ ਈ-ਵੇਸਟ 400 ਫੀਸਦੀ ਤੇ ਭਾਰਤ ਵਿੱਚ 500 ਫੀਸਦੀ ਵਧਣ ਦਾ ਖਤਰਾ ਹੈ।
ਯੂਨਾਈਟਿਡ ਨੇਸ਼ਨਜ਼ ਐਨਵਾਇਰਮੈਂਟ ਪ੍ਰੋਗਰਾਮ ਦੀ ਇੱਕ ਰਿਪੋਰਟ ਮੁਤਾਬਕ ਆਉਂਦੇ ਵਰ੍ਹਿਆਂ ਵਿੱਚ ਚੀਨ, ਭਾਰਤ, ਬਰਾਜ਼ੀਲ, ਮੈਕਸੀਕੋ ਅਤੇ ਕੁਝ ਹੋਰ ਮੁਲਕਾਂ ਨੂੰ ਵਾਤਾਵਰਣਨਕ ਤਬਦੀਲੀਆਂ ਅਤੇ ਸਿਹਤ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਸਾਡੀ ਸਿਹਤ ਅਤੇ ਈ-ਵੇਸਟ-ਈ-ਵੇਸਟ ਅੱਜ ਮਨੁੱਖੀ ਸਿਹਤ ਲਈ ਬੜੀ ਵੱਡੀ ਸਮੱਸਿਆ ਬਣ ਚੁੱਕਾ ਹੈ। ਪੋਲੀਵਿਨਾਈਲ ਕੇਬਲ ਜਦੋਂ ਬਲਦਾ ਹੈ ਤਾਂ ਇਸ ਨੂੰ ਧ੍ਰਤੀ ਥੱਲੇ ਦੱਬਿਆ ਜਾਂਦਾ ਹੈ। ਇਹ ਡਾਈਆਕਸਿਨ ਛੱਡਦਾ ਹੈ, ਜੋ ਮਨੁੱਖਾਂ ਦੀ ਰੋਗਾਂ ਨਾਲ ਲੜਨ ਅਤੇ ਸੰਤਾਨ ਉਤਪਤੀ ਦੀ ਸਮਰੱਥਾ ਨੂੰ ਖੋਰਾ ਲਾਉਂਦਾ ਹੈ। ਪ੍ਰਕਾਸ਼ ਉਤਪੰਨ ਕਰਨ ਵਾਲੇ ਯੰਤਰਾਂ ਵਿੱਚ, ਫਲੈਟ ਸਕਰੀਨ ਡਿਸਪਲੇਅ 'ਚ ਵਰਤਿਆ ਜਾਂਦਾ ਪਾਰਾ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਨਸ ਪ੍ਰਬੰਧ ਨੂੰ ਵਿਗਾੜਦਾ ਹੈ। ਇਹ ਮਾਂ ਦੇ ਦੁੱਧ ਰਾਹੀਂ ਬੱਚੇ ਨਾਲ ਸੰਪਰਕ ਬਣਾ ਲੈਂਦਾ ਹੈ। ਬਿਜਲਈ ਵਸਤਾਂ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮੌਜੂਦਗੀ ਦੀ ਇੱਕ ਲੰਬੀ ਸੂਚੀ ਬਣਾਈ ਜਾ ਸਕਦੀ ਹੈ।
ਈ-ਕਚਰਾ ਖੁੱਲ੍ਹੀ ਹਵਾ ਵਿੱਚ ਭੱਠੀ 'ਚ ਸਾੜਨ ਨਾਲ ਘਾਤਕ ਵਾਤਾਵਰਣ ਵਿਗਾੜ ਪੈਦਾ ਹੁੰਦੇ ਹਨ। ਸਿਹਤ ਲਈ ਮਾਰੂ ਅਲਾਮਤਾਂ ਸਿਰ ਚੁੱਕਦੀਆਂ ਹਨ। ਪੀਣ ਵਾਲਾ ਅਤੇ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੁੰਦਾ ਹੈ। ਹਵਾ, ਸਮੁੰਦਰੀ ਜੀਵ, ਪਸ਼ੂ ਤੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਚੀਨ ਦੇ ਗੂਈਯੂ ਖੇਤਰ ਵਿੱਚ ਵਿਸ਼ੈਲੇ ਵਾਤਾਵਰਣ ਸੰਬੰਧੀ ਇੱਕ ਅਧਿਐਨ ਮੁਤਾਬਕ ਉਥੋਂ ਦੇ 82 ਫੀਸਦੀ ਬੱਚਿਆਂ ਦੇ ਖੂਨ ਵਿੱਚ ਸਿੱਕੇ ਦੀ ਬਹੁਤਾਤ ਹੈ, ਜੋ ਕੌਮਾਂਤਰੀ ਸੁਰੱਖਿਆ ਹੱਦ ਤੋਂ ਕਿਤੇ ਜ਼ਿਆਦਾ ਸੀ। ਇਸ ਨਾਲ ਬੱਚਿਆਂ ਦੇ ਆਈ ਕਿਊ 'ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦਾ ਨਾੜੀ ਪ੍ਰਬੰਧ ਪ੍ਰਭਾਵਤ ਹੋ ਸਕਦਾ ਹੈ, ਜਿਨ੍ਹਾਂ ਬੱਚਿਆਂ ਦੇ ਖੂਨ ਵਿੱਚ ਸਿੱਕੇ ਦੀ ਬਹੁਤਾਤ ਸੀ, ਉਨ੍ਹਾਂ ਦੇ ਮਾਪੇ ਈ-ਕਚਰੇ ਦੀਆਂ ਵਾਰਕਸ਼ਾਪਾਂ ਵਿੱਚ ਮਜ਼ਦੂਰ ਸਨ। ਉਥੇ ਦੀਆਂ ਸੜਕਾਂ ਉਤੇ ਉਡਦੀ ਧੂੜ ਅਤੇ ਹਵਾ ਭਾਰੀ ਤੇ ਜ਼ਹਿਰੀਲੀਆਂ ਧਾਤਾਂ ਦੇ ਵਾਸ਼ਪਾਂ ਨਾਲ ਭਰਪੂਰ ਸੀ। ਖੇਤਾਂ ਵਿੱਚ ਫਸਲਾਂ ਵੀ ਈ-ਕਚਰੇ ਦੀ ਮਾਰ ਝੱਲ ਰਹੀਆਂ ਸਨ।
ਵਿਕਸ਼ਤ ਦੇਸ਼ ਆਪਣਾ ਈ-ਕਚਰਾ ਚੋਰੀ ਛੁਪੇ ਗੈਰ ਕਾਨੂੁੰਨੀ ਢੰਗ ਨਾਲ ਸਮੰੁਦਰੀ ਜਹਾਜ਼ਾਂ ਵਿੱਚ ਗਰੀਬ ਏਸ਼ੀਅਨ ਮੁਲਕਾਂ ਨੂੰ ਭੇਜ ਰਹੇ ਹਨ। ਵਿਕਾਸਸ਼ੀਲ ਦੇਸ਼ ਇਸ ਈ-ਕੂੜੇ ਨੂੰ ਮੁੜ ਵਰਤੋਂ 'ਚ ਲਿਆਉਣ ਲਈ ਨੁਕਸਾਨਦੇਹ ਤਕਨੀਕਾਂ ਵਰਤਦੇ ਹਨ। ਆਪਣੇ ਮੁਲਕਾਂ ਦੀ ਹਵਾ ਨੂੰ ਕਾਰਸਿਨੋਜਿਨ ਜ਼ਹਿਰਾਂ ਨਾਲ ਭਰ ਰਹੇ ਹਨ। ਸੀਵਰੇਜ ਰਾਹੀਂ ਇਹ ਜ਼ਹਿਰਾਂ ਸਮੰਦਰ ਤੀਕ ਜਾ ਪਹੁੰਚਦੀਆਂ ਹਨ। ਵਿਕਸਿਤ ਮੁਲਕ ਆਪਣੇ ਖੇਤਰ ਵਿੱਚ ਈ-ਕੂੜੇ ਦੀ ਰਿਸਾਈਕਲਿੰਗ ਕਿਉਂ ਨਹੀਂ ਕਰਦੇ? ਪੂਰੀ ਦੁਨੀਆ ਵਿੱਚ ਈ-ਕੂੜੇੇ ਨੂੰ ਸਮੇਟਣ ਲਈ ਕੋਈ ਠੋਸ ਯੋਜਨਾਬੰਦੀ, ਪ੍ਰਬੰਧ ਜਾਂ ਅਸੂਲ ਨਹੀਂ। ਬੱਸ ਗਰੀਬੀ ਦੂਰ ਕਰਨ ਦਾ ਪਾਖੰਡ ਸਿਰਜ ਕੇ ਈ-ਕਚਰਾ ਗਰੀਬ ਮੁਲਕਾਂ ਦੀ ਜ਼ਮੀਨ ਹੇਠ ਦੱਬਿਆ ਜਾ ਰਿਹਾ ਹੈ। ਲੋਕ ਚੇਤੰਨ ਤਾਂ ਹੋ ਰਹੇ ਹਨ, ਪਰ ਅਜੇ ਏਨੇ ਨਹੀਂ। ਇਸੇ ਲਈ ਐਨਵਾਇਰਮੈਂਟ ਗਰੀਨ ਪੀਸ ਸੰਸਥਾ ਨੇ 2008 ਵਿੱਚ ਆਕਲੈਂਡ ਬੰਦਰਗਾਹ ਤੋਂ ਸੈਂਸੂਈ ਆ ਰਿਹਾ ਈ-ਕਚਰੇ ਦਾ ਕੰਟੇਨਰ ਰਾਹ ਵਿੱਚ ਰੋਕ ਲਿਆ ਸੀ।
ਕੀ ਇਹ ਜ਼ੁਲਮ ਨਹੀਂ ਕਿ ਲੁਧਿਆਣਾ ਲਾਗੇ ਵਿਦੇਸ਼ਾਂ ਤੋਂ ਆਏ ਕਬਾੜ ਵਿੱਚ ਜਿਊਂਦੇ ਰਾਕਟ ਲਾਂਚਰ, ਹੱਥ ਗੋਲੇ ਮਿਲੇ ਸਨ। ਕੀ ਦਿੱਲੀ 'ਚ ਮਾਇਆਪੁਰੀ ਇਲਾਕੇ ਵਿੱਚ ਕੋਬਾਲਟ 60 ਦੀਆਂ ਵਿਕੀਰਨਾਂ ਦੀ ਤ੍ਰਾਸਦੀ ਖਤਰੇ ਦੀ ਘੰਟੀ ਨਹੀਂ ਵਜਾ ਰਹੀ। ਕੀ ਇਨ੍ਹਾਂ ਮੁਲਕਾਂ ਦੀ ਧਰਤੀ ਥੱਲੜੇ ਪਾਣੀ ਪਲੀਤ ਨਹੀਂ ਹੋਣਗੇ।
ਇਹ ਚਾਹੀਦਾ ਹੈ ਕਿ ਇਲੈਕਟ੍ਰਾਨਿਕ ਕੰਪਨੀਆਂ ਵਾਤਾਵਰਣ ਪੱਖੀ ਜੰਤਰ ਤਿਆਰ ਕਰਨ। ਆਪਣੇ ਤਿਆਰ ਕੀਤੇ ਸਾਜੋ ਸਾਮਾਨ ਦੀ ਮਿਆਦ ਪੂਰੀ ਹੋਣ ਪਿੱਛੋਂ ਈ-ਕਬਾੜ ਆਪ ਇਕੱਠਾ ਕਰਨ ਤੇ ਉਸ ਦੀ ਰੀਸਾਈਕਲ ਕਰਨ। ਈ ਕੂੜੇ ਨਾਲ ਨਿਪਟਣ ਲਈ ਸਖਤ ਕਾਨੂੰਨ ਬਣਾਏ ਜਾਣ। ਜਨਤਕ ਥਾਵਾਂ 'ਤੇ ਵੱਖਰੇ ਈ-ਕੂੜਾਦਾਨ ਹੋਣ। ਲੋਕ ਜਾਂ ਕੰਪਨੀਆਂ ਰਜਿਸਟਰਡ ਈ-ਸਾਈਕਲਿੰਗ ਇਕਾਈਆਂ ਕੋਲ ਈ-ਵੇਸਟ ਭੇਜਣ। ਇਹ ਘਰੇਲੂ ਕੂੜੇ ਵਿੱਚ ਨਾ ਸੁੱਟਿਆ ਜਾਵੇ। ਵਰਤੇ ਈ-ਉਪਕਰਨ, ਮੋਬਾਈਲ ਫੋਨ ਆਦਿ ਈ-ਵੇਸਟ ਇਕੱਤਰਨ ਕੇਂਦਰ ਰਾਹੀਂ ਇਕੱਤਰ ਕੀਤੇ ਜਾਣ। ਮਈ 2012 ਦਾ ਈ-ਵੇਸਟ ਮੈਨੇਜਮੈਂਟ ਅਤੇ ਹੈਂਡਲਿੰਗ ਕਾਨੂੰਨ ਉਤਪਾਦਕਾਂ ਅਤੇ ਖਪਤਕਾਰਾਂ 'ਤੇ ਸਖਤੀ ਨਾਲ ਲਾਗੂ ਕੀਤਾ ਜਾਵੇ। ਈ-ਕੂੜਾ ਵੇਚਣ ਵਾਲੇ ਮੁਲਕਾਂ ਉਪਰ ਨਜ਼ਰਸਾਨੀ ਹੋਣੀ ਚਾਹੀਦੀ ਹੈ।

Have something to say? Post your comment