Welcome to Canadian Punjabi Post
Follow us on

06

April 2020
ਬ੍ਰੈਕਿੰਗ ਖ਼ਬਰਾਂ :
ਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ `ਤੇ ਵੱਡੀ ਕਾਰਵਾਈ, ਫੀਸ ਮੰਗਣ ਵਾਲੇ 6 ਸਕੂਲਾਂ ਨੂੰ ਭੇਜਿਆ ਕਾਰਨ ਦੱਸੋ ਨੋਟਿਸ ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ
ਨਜਰਰੀਆ

ਪੜ੍ਹਨਾ ਅਤੇ ਗੁੜ੍ਹਨਾ

January 14, 2020 07:59 AM

-ਗੁਰਸ਼ਰਨ ਕੌਰ ਮੋਗਾ
ਦੋ ਕੁ ਮਹੀਨੇ ਪਹਿਲਾਂ ਗੱਡੀ ਰਾਹੀਂ ਮੋਗੇ ਤੋਂ ਚੰਡੀਗੜ੍ਹ ਜਾ ਰਹੇ ਸਾਂ। ਸੜਕ 'ਤੇ ਵਾਹਨ ਤੇਜ਼ੀ ਨਾਲ ਆਪੋ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਇੱਕ ਇੱਕ ਲਾਈਨ 'ਚ ਅੱਠ ਜਾਂ ਦਸ ਗੱਡੀਆਂ ਦੌੜ ਰਹੀਆਂ ਸਨ। ਨੀਲੋਂ ਪੁਲ ਕੋਲ ਪਹੁੰਚ ਕੇ ਸਭ ਤੋਂ ਮੂਹਰਲੀ ਗੱਡੀ ਦੇ ਡਰਾਈਵਰ ਨੇ ਥੋੜ੍ਹਾ ਜਿਹਾ ਪਾਸੇ ਕਰ ਕੇ ਗੱਡੀ ਰੋਕੀ ਅਤੇ ਫਟਾਫਟ ਤਾਕੀ ਖੋਲ੍ਹ ਕੇ ਪਿੱਛੇ ਆਉਂਦੀਆਂ ਗੱਡੀਆਂ ਵੱਲੋਂ ਬੇਧਿਆਨਾ ਹੋ ਕੇ ਉਤਰਨ ਲੱਗਾ। ਪਿੱਛੇ ਆ ਰਹੇ ਸਾਰੇ ਵਾਹਨ ਮਸਾਂ ਸੰਭਲੇ। ਉਸ ਗੱਡੀ ਵਿੱਚੋਂ ਇੱਕ ਔਰਤ ਹੱਥ ਵਿੱਚ ਲਾਲ ਰੰਗ ਦੀ ਪੋਟਲੀ ਲੈ ਕੇ ਬਾਹਰ ਨਿਕਲੀ ਤੇ ਦੋਵੇਂ ਜਣੇ ਪੋਟਲੀ ਵਿਚਲਾ ਸਾਮਾਨ ਨਹਿਰ ਵਿੱਚ ਸੁੱਟਣ ਲੱਗੇ। ਬਾਅਦ ਵਿੱਚ ਲਾਲ ਕੱਪੜਾ ਵੀ ਸੁੱਟ ਦਿੱਤਾ। ਨਹਿਰ ਦਾ ਪਾਣੀ ਸਭ ਕੁਝ ਆਪਣੇ ਨਾਲ ਲੈ ਤੁਰਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਜੋੜਾ ਨੌਜਵਾਨ ਸੀ ਅਤੇ ਪੜ੍ਹਿਆ ਲਿਖਿਆ ਜਾਪਦਾ ਸੀ।
ਆਪਣੇ ਬੇਟੇ ਨੂੰ ਗੱਡੀ ਆਰਾਮ ਨਾਲ ਚਲਾਉਣ ਦੀ ਨਸੀਹਤ ਦੇ ਕੇ ਮੈਂ ਆਪਣੇ ਬੀਤੇ ਵਿੱਚ ਗੁਆਚ ਗਈ। ਸਾਡੇ ਪਿੰਡ ਪ੍ਰਾਇਮਰੀ ਸਕੂਲ ਵਿੱਚ ਮੈਂ ਤੀਜੀ ਜਮਾਤ ਦੀ ਵਿਦਿਆਰਥਣ ਸੀ। ਸਾਡਾ ਸਕੂਲ ਮੁਸਲਮਾਨਾਂ ਦੇ ਕਬਰਿਸਤਾਨ ਉਤੇ ਬਣਾਇਆ ਹੋਇਆ ਸੀ, ਵਡੇਰਿਆਂ ਨੇ ਸਾਨੂੰ ਇਹੋ ਦੱਸਿਆ ਸੀ। ਸਕੂਲ ਬੜਾ ਖੁੱਲ੍ਹਾ ਡੁੱਲ੍ਹਾ ਸੀ ਅਤੇ ਇਮਾਰਤ ਤੋਂ ਥੋੜ੍ਹਾ ਜਿਹਾ ਅੱਗੇ ਕਿਆਰੀਆਂ ਬਣਾ ਕੇ ਬੜੇ ਸੁੰਦਰ ਫੁੱਲ ਬੂਟੇ ਲਾਏ ਹੁੰਦੇ ਸਨ। ਖੇਡ ਦੇ ਮੈਦਾਨ ਤੋਂ ਪਰ੍ਹੇ ਵੀ ਕੁਝ ਕਬਰਾਂ ਸਨ ਜਿੱਥੇ ਪਿੰਡ ਵਿੱਚ ਵੱਸਦਾ ਮੁਸਲਮਾਨ ਭਾਈਚਾਰਾ ਮੁਰਦੇ ਦਫਨਾਉਂਦਾ ਸੀ। ਇਨ੍ਹਾਂ ਕਬਰਾਂ ਉਤੇ ਮਲ੍ਹੇ ਉਗੇ ਹੋਏ ਸਨ। ਇਥੇ ਜਾਣ ਦੀ ਵਿਦਿਆਰਥੀਆਂ ਨੂੰ ਮਨਾਹੀ ਨਹੀਂ ਸੀ, ਪਰ ਕੁਝ ਸ਼ਰਾਰਤੀ ਬੱਚੇ ਅਧਿਆਪਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਅੱਧੀ ਛੁੱਟੀ ਵੇਲੇ ਬੇਰ ਤੋੜ ਕੇ ਖਾਂਦੇ। ਸਾਰੇ ਵਿਦਿਆਰਥੀਆਂ ਦੇ ਘਰ ਦਿਆਂ ਨੇ ਅਧਿਆਪਕਾਂ ਨੂੰ ਪੱਕੀ ਕੀਤੀ ਹੋਈ ਸੀ ਕਿ ਉਹ ਸਾਨੂੰ ਕਬਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਨਾ ਖਾਣ ਦੇਣ, ਖਾਸ ਕਰ ਕੇ ਹਸਨੇ ਦੀ ਕਬਰ 'ਤੇ ਉਗੀ ਬੇਰ ਦੇ ਤਾਂ ਬਿਲਕੁਲ ਨਹੀਂ ਕਿਉਂਕਿ ਹਸਨਾ ਔਂਤ ਮਰਿਆ ਸੀ। ਬੱਚਿਆਂ ਨੂੰ ਹਸਨੇ ਦਾ ਭੂਤ ਚਿੰਬੜ ਜਾਵੇਗਾ। ਅਧਿਆਪਕ ਪਿੰਡ ਦੇ ਲੋਕਾਂ ਨੂੰ ਹੂੰ ਹਾਂ ਕਰ ਛੱਡਦੇ, ਸਵੇਰ ਦੀ ਸਭਾ ਵਿੱਚ ਚਿਤਾਵਨੀ ਵੀ ਦੇ ਦਿੰਦੇ ਕਿ ਕੋਈ ਬੱਚਾ ਕਬਰਾਂ ਦੀਆਂ ਬੇਰੀਆਂ ਤੋਂ ਬੇਰ ਤੋੜ ਕੇ ਨਹੀਂ ਖਾਵੇਗਾ, ਕਿਉਂਕਿ ਉਸ ਦੇ ਬੇਰ ਗਲਘੋਟੂ ਹਨ, ਖਾ ਕੇ ਬਿਮਾਰ ਹੋ ਜਾਉਂਗੇ। ਬੱਚਿਆਂ ਨੂੰ ਉਸੇ ਬੇਰੀ ਦੇ ਬੇਰ ਸੁਆਦ ਲੱਗਦੇ ਸਨ। ਉਹ ਕਿਵੇਂ ਨਾ ਕਿਵੇਂ ਉਸੇ ਬੇਰੀ ਤੋਂ ਬੇਰ ਤੋੜ ਲਿਆਉਂਦੇ ਤੇ ਸਾਰੀ ਜਮਾਤ ਨਾਲ ਵੰਡ ਕੇ ਖਾਂਦੇ। ਇਸ ਤਰ੍ਹਾਂ ਵੰਡ ਕੇ ਖਾਣ ਨਾਲ ਏਕਾ ਉਪਜਦਾ ਤੇ ਕੋਈ ਵੀ ਘਰ ਜਾ ਕੇ ਬੇਰ ਖਾਣ ਦੀ ਗੱਲ ਨਾ ਦੱਸਦਾ। ਆਪਣੀ ਦਾਦੀ ਦੀ ਨਸੀਹਤ ਦੇ ਬਾਵਜੂਦ ਆਪਣੇ ਹਿੱਸੇ ਆਏ ਬੇਰ ਮੈਂ ਵੀ ਡਰਦੀ ਡਰਦੀ ਖਾ ਲੈਂਦੀ। ਕਦੇ ਵੀ ਕੋਈ ਵਿਦਿਆਰਥੀ ਬੇਰ ਖਾ ਕੇ ਬਿਮਾਰ ਨਹੀਂ ਸੀ ਹੋਇਆ। ਬੇਰ ਤੋੜਨ ਵਾਲੇ ਬੱਚੇ ਹੱਸ ਕੇ ਕਹਿੰਦੇ, ‘ਹਸਨਾ ਨਿਆਣਿਆਂ ਨੂੰ ਕੁਝ ਨਹੀਂ ਕਹਿੰਦਾ, ਪਰ ਵੱਡਿਆਂ ਨੂੰ ਬੇਰੀ ਨੂੰ ਹੱਥ ਨਹੀਂ ਲਾਉਣ ਦਿੰਦਾ।” ਅਧਿਆਪਕ ਆਪੋ ਵਿੱਚ ਗੱਲਾਂ ਕਰਦੇ ਕਹਿੰਦੇ, ‘ਇਸ ਪਿੰਡ ਦੇ ਲੋਕ ਬੜੇ ਵਹਿਮੀ ਹਨ। ਆਪਣੇ ਕੋਲ ਚਾਰ ਸੌ ਬੱਚੇ ਅਤੇ ਦਸ ਬਾਰ੍ਹਾਂ ਜਣੇ ਆਪਾਂ ਸਾਰਾ ਦਿਨ ਸਕੂਲ ਵਿੱਚ ਹੀ ਰਹਿੰਦੇ ਹਾਂ, ਕੋਈ ਭੂਤ ਪ੍ਰੇਤ ਕਬਰਾਂ ਵਿੱਚੋਂ ਨਿਕਲ ਕੇ ਨਹੀਂ ਚਿੰਬੜਿਆ ਕਿਸੇ ਨੂੰ, ਬੇਰੀਆਂ ਵਿੱਚ ਕਿਹੜੇ ਭੂਤਨੇ ਤੁਰੇ ਫਿਰਦੇ ਆ?” ਇਹ ਗੱਲ ਸੁਣ ਕੇ ਬੱਚੇ ਵੀ ਖੁਸ਼ ਹੋ ਜਾਂਦੇ।
ਦੂਜੀ ਗੱਲ ਸਾਡੇ ਘਰ ਮੱਝਾਂ ਚਰਾਉਣ ਵਾਲੇ ਮੁੰਡੇ ਤਾਰੇ ਨਾਲ ਸੰਬੰਧਤ ਹੈ। ਉਹ ਨੌਂ ਦਸ ਸਾਲਾਂ ਦਾ ਸਿਹਤ ਪੱਖੋਂ ਤਕੜਾ ਅਤੇ ਨਿਡਰ ਸੀ। ਸਾਡਾ ਪਿੰਡ ਬਠਿੰਡਾ ਬ੍ਰਾਂਚ ਨਹਿਰ ਕਿਨਾਰੇ ਵੱਸਿਆ ਸੀ। ਪਿੰਡ ਦੇ ਲੋਕ ਨਹਿਰ ਵਿੱਚ ਹੀ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਨਹਾਉਣ ਲਈ ਲਿਜਾਂਦੇ ਸਨ। ਤਾਰਾ ਵੀ ਮੱਝਾਂ ਉਥੇ ਲੈ ਜਾਂਦਾ। ਆਪਣੇ ਹਮਉਮਰ ਪਾਲੀਆਂ ਨਾਲ ਉਹ ਨਹਿਰ ਵਿੱਚ ਪਸ਼ੂਆਂ ਨੂੰ ਛੱਡ ਕੇ ਆਪ ਵੀ ਤਾਰੀਆਂ ਲਾਉਂਦਾ। ਇੱਕ ਦਿਨ ਉਹ ਮੱਝਾਂ ਨੁਹਾ ਕੇ ਲਿਆਇਆ ਤਾਂ ਉਸ ਨੇ ਆਪਣੇ ਝੋਲੇ ਵਿੱਚੋਂ ਲਾਲ ਤੇ ਹਰੇ ਰੰਗ ਦੀਆਂ ਚੂੜੀਆਂ ਕੱਢ ਕੇ ਸਾਨੂੰ ਦਿਖਾਈਆਂ। ਮੈਂ ਉਦੋਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸਾਂ ਤੇ ਆਪਣੀਆਂ ਸਹੇਲੀਆਂ ਨਾਲ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ। ਤਾਰੇ ਨੇ ਦੱਸਿਆ ਕਿ ਉਸ ਨੇ ਇਹ ਚੂੜੀਆਂ, ਨਾਰੀਅਲ ਤੇ ਹੋਰ ਨਿੱਕ ਸੁੱਕ ਨਹਿਰ ਵਿੱਚੋਂ ਕੱਪੜੇ ਵਿੱਚ ਬੱਧਾ ਹੋਇਆ ਕੱਢਿਆ ਹੈ। ਨਾਰੀਅਲ ਅਤੇ ਚੂੜੀਆਂ ਕੱਢ ਕੇ ਬਾਕੀ ਸਭ ਕੁਝ ਫੇਰ ਨਹਿਰ ਵਿੱਚ ਰੋੜ੍ਹ ਦਿੱਤਾ। ਨਾਰੀਅਲ ਅਸੀਂ ਭੰਨ ਕੇ ਖਾ ਲਿਆ। ‘‘ਚੂੜੀਆਂ ਮੈਂ ਆਪਣੀ ਭੈਣ ਛਿੰਦੋ ਨੂੰ ਦੇਵਾਂਗਾ। ਉਹ ਮਾਘੀ ਮੇਲੇ ਵੇਲੇ ਵੰਗਾਂ ਚੜ੍ਹਾਉਣ ਨੂੰ ਕਹਿੰਦੀ ਸੀ, ਪਰ ਮੇਰੀ ਬੇਬੇ ਨੇ ਉਸ ਨੂੰ ਪਵਾ ਕੇ ਨਹੀਂ ਦਿੱਤੀਆ। ਭੈਣੇ ਜੇ ਤੁਸੀਂ ਪਾਉਣੀਆਂ ਤਾਂ ਤੁਸੀਂ ਪਾ ਲਵੋ”। ਉਹ ਗੰਭੀਰ ਜਿਹਾ ਹੋ ਕੇ ਬੋਲਿਆ।
ਅਸੀਂ ਚੂੜੀਆਂ ਫੜ ਕੇ ਦੇਖੀਆਂ। ਮੇਰੀ ਇੱਕ ਦੋ ਸਹੇਲੀਆਂ ਹੱਥਾਂ ਵਿੱਚ ਪਾ ਕੇ ਛਣਕਾਉਣ ਲੱਗੀਆਂ। ਫਿਰ ਯਾਦ ਆਇਆ, ਕੱਲ੍ਹ ਨੂੰ ਸਕੂਲ ਜਾਣਾ ਹੈ ਅਤੇ ਸਕੂਲ ਵਿੱਚ ਚੂੜੀਆਂ ਪਾਉਣ ਤੋਂ ਮਨ੍ਹਾ ਕੀਤਾ ਹੋਇਆ ਹੈ, ਨਾਲੇ ਇਹ ਤਾਰੇ ਨੇ ਆਪਣੀ ਭੈਣ ਵਾਸਤੇ ਲਿਆਂਦੀਆਂ ਹਨ, ਇਸ ਲਈ ਇਹ ਛਿੰਦੋ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ। ਅਸੀਂ ਚੂੜੀਆਂ ਤਾਰੇ ਨੂੰ ਦੇ ਦਿੱਤੀਆਂ। ਆਪਣੇ ਘਰ ਜਾ ਕੇ ਤਾਰੇ ਨੇ ਚਾਈਂ ਚਾਈਂ ਛਿੰਦੋ ਨੂੰ ਚੂੜੀਆਂ ਪਵਾ ਦਿੱਤੀਆਂ। ਕਾਫੀ ਹਨੇਰੇ ਜਿਹੇ ਤਾਰੇ ਦੀ ਮਾਂ ਹਫਦੀ ਹੋਈ ਸਾਡੇ ਘਰ ਆਈ ਤੇ ਘਰਦਿਆਂ ਨੂੰ ਕਹਿਣ ਲੱਗੀ, ‘‘ਤੁਹਾਡੇ ਬੱਚਿਆਂ ਨੇ ਟੂਣੇ ਦੀਆਂ ਚੀਜ਼ਾਂ ਨੂੰ ਹੱਥ ਲਾ ਲਏ ਹਨ। ਕੋਈ ਓਹੜ ਪੋਹੜ ਕਰੋ।” ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਤਾਰੇ ਨੂੰ ਚੰਗਾ ਫੈਂਟਾ ਚਾੜ੍ਹਿਆ ਹੈ ਅਤੇ ਛਿੰਦੋ ਤੋਂ ਚੂੜੀਆਂ ਲੁਹਾ ਕੇ ਬਾਹਰ ਸੁੱਟ ਦਿੱਤੀਆਂ ਹਨ। ਉਹ ਸਹਿਮੀ ਖੜ੍ਹੀ ਸੀ, ਸਾਨੂੰ ਬੱਚਿਆਂ ਨੂੰ ਪਤਾ ਸੀ ਕਿ ਤਾਰਾ ਪਹਿਲਾਂ ਵੀ ਨਹਿਰ ਵਿੱਚੋਂ ਨਾਰੀਅਲ ਕੱਢ ਕੇ ਖਾਂਦਾ ਸੀ, ਉਸ ਨੂੰ ਕਦੇ ਕੁਝ ਨਹੀਂ ਹੋਇਆ ਤੇ ਚੂੜੀਆਂ ਮੇਰੀਆਂ ਸਾਰੀਆਂ ਸਹੇਲੀਆਂ ਨੇ ਪਾ ਕੇ ਦੇਖੀਆਂ ਸਨ, ਜੋ ਸਹੀ ਸਲਾਮਤ ਸਨ। ਉਸ ਦੇ ਜਾਣ ਮਗਰੋਂ ਅਸੀਂ ਘਰ ਦਿਆਂ ਨੂੰ ਸਾਰੀ ਕਹਾਣੀ ਦੱਸ ਦਿੱਤੀ। ਠੰਢ ਦੀ ਰੁੱਤ ਵਿੱਚ ਸਾਨੂੰ ਉਸੇ ਵੇਲੇ ਨਹਾਉਣ ਦਾ ਹੁਕਮ ਮਿਲਿਆ, ਜੋ ਸਾਨੂੰ ਨਾ ਚਾਹੁੰਦਿਆਂ ਵੀ ਪੂਰਾ ਕਰਾ ਪਿਆ। ਸਾਡਾ ਵਿਸ਼ਵਾਸ ਫਿਰ ਵੀ ਮਹਾਨ ਵਿਗਿਆਨੀ ਗਲੀਲਿਓ ਜਿੰਨਾ ਪੱਕਾ ਸੀ ਕਿ ਟੂਣੇ ਨਾਲ ਕੁਝ ਨਹੀਂ ਹੁੰਦਾ।

Have something to say? Post your comment