Welcome to Canadian Punjabi Post
Follow us on

03

July 2025
 
ਨਜਰਰੀਆ

ਅਵਾਜ਼ਾਰ ਹੋਏ ਲੋਕ ਅਗਲੀਆਂ ਚੋਣਾਂ ਬਾਰੇ ਅਗੇਤੇ ਹੀ ਗੱਲਾਂ ਕਰਨ ਲੱਗੇ ਹਨ

January 13, 2020 09:45 AM

-ਜਤਿੰਦਰ ਪਨੂੰ
ਹਾਲਾਤ ਇਸ ਵਕਤ ਬਿਨਾਂ ਸ਼ੱਕ ਸਾਡੇ ਦੇਸ਼ ਦੇ ਵੀ ਚੰਗੇ ਨਹੀਂ ਤੇ ਦੁਨੀਆ ਦੇ ਵੀ ਸੁਖਾਵੇਂ ਨਹੀਂ। ਨਰਿੰਦਰ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਪਿੱਛੋਂ ਧੱਕੇ ਨਾਲ ਲਾਗੂ ਕਰਨ ਦਾ ਰਾਹ ਵੀ ਫੜ ਲਿਆ ਹੈ। ਇਸ ਬਾਰੇ ਨੋਟੀਫਿਕੇਸ਼ਨ ਜਿਸ ਤਰ੍ਹਾਂ ਕਾਹਲੀ ਵਿੱਚ ਜਾਰੀ ਕੀਤਾ ਗਿਆ ਅਤੇ ਰਾਜ ਸਰਕਾਰਾਂ ਦੇ ਵਿਰੋਧ ਨੂੰ ਟਿੱਚ ਜਾਣਿਆ ਹੈ, ਇਸ ਦੇ ਨਾਲ ਵਿਰੋਧ ਦੀ ਲਹਿਰ ਹੋਰ ਵਧ ਸਕਦੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਬਾਰੇ ਦਿੱਲੀ ਦੇ ਪੁਲਸ ਅਧਿਕਾਰੀ ਭਾਵੇਂ ਕੇਂਦਰੀ ਹਾਕਮਾਂ ਦੇ ਇਸ਼ਾਰੇ ਉੱਤੇ ਇੱਕ-ਤਰਫਾ ਰਿਪੋਰਟਾਂ ਦੇਈ ਜਾ ਰਹੇ ਹਨ, ਭਾਜਪਾ ਦੇ ਨਾਲ ਨੇੜਤਾ ਵਾਲੇ ਨਿਊਜ਼ ਚੈਨਲ ਦੇ ਸਟਿੰਗ ਅਪਰੇਸ਼ਨ ਤੋਂ ਵੀ ਸਾਫ ਹੋ ਗਿਆ ਹੈ ਕਿ ਹਿੰਸਾ ਭੜਕਾਉਣ ਲਈ ਬਾਹਰੋਂ ਆਉਣ ਵਾਲੇ ਲੋਕ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਨਾਲ ਸੰਬੰਧ ਵਾਲੇ ਸਨ ਤੇ ਉਹ ਇਸ ਨੂੰ ਲੁਕਾਉਂਦੇ ਵੀ ਨਹੀਂ। ਭਾਜਪਾ ਦੇ ਨਾਲ ਬਹੁਤਾ ਹੇਜ ਵਿਖਾਉਣ ਵਾਲੇ ਨਿਤੀਸ਼ ਕੁਮਾਰ ਦੀਆਂ ਜੜ੍ਹਾਂ ਟੁੱਕਣ ਲਈ ਉਸ ਦੀ ਸਰਕਾਰ ਵਿਚਲੇ ਇੱਕ ਭਾਜਪਾਈ ਮੰਤਰੀ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਬਿਹਾਰ ਦੇ ਲੋਕ ਅਗਲੀ ਵਾਰੀ ਭਾਜਪਾ ਦਾ ਮੁੱਖ ਮੰਤਰੀ ਚਾਹੁੰਦੇ ਹਨ। ਪੱਛਮੀ ਬੰਗਾਲ ਅਤੇ ਕੇਰਲਾ ਦੀਆਂ ਸਰਕਾਰਾਂ ਇਸ ਵਕਤ ਨਿਸ਼ਾਨੇ ਉੱਤੇ ਦੱਸੀਆਂ ਜਾ ਰਹੀਆਂ ਹਨ ਤੇ ਭਾਜਪਾ ਨਾਲ ਨੇੜ ਵਾਲੀ ਧਾੜ ਇਸ ਵੇਲੇ ਉਨ੍ਹਾਂ ਦੋ ਰਾਜਾਂ ਵੱਲ ਨੂੰ ਧਾਈ ਕਰੀ ਜਾ ਰਹੀ ਹੈ। ਉਨ੍ਹਾਂ ਨੂੰ ਇੱਕ ਸਾਲ ਦੌਰਾਨ ਛੇ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਡਿੱਗਣ ਦੇ ਦੁੱਖ ਨਾਲੋਂ ਵੱਧ ਚਿੰਤਾ ਇਸ ਵਕਤ ਦਿੱਲੀ ਵਿੱਚ ਕੁਝ ਕਰ ਵਿਖਾਉਣ ਦੀ ਵੀ ਹੈ।
ਅਸੀਂ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਬਾਰੇ ਵੀ ਅਵੇਸਲੇ ਨਹੀਂ ਹੋ ਸਕਦੇ, ਪਰ ਇਸ ਸਾਰੇ ਕੁਝ ਦੀ ਚਿੰਤਾ ਦੌਰਾਨ ਪੰਜਾਬ ਵਿੱਚ ਜੋ ਕੁਝ ਹੋ-ਵਾਪਰ ਰਿਹਾ ਹੈ, ਉਸ ਨੂੰ ਅੱਖੋਂ ਪਰੋਖੇ ਕਰਨਾ ਔਖਾ ਹੈ। ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਰਾਜ ਦੇ ਲੋਕਾਂ ਦੀਆਂ ਵੋਟਾਂ ਨਾਲ ਮੁੱਖ ਵਿਰੋਧੀ ਧਿਰ ਬਣਨ ਦੇ ਬਾਅਦ ਆਪਣੀ ਜਿ਼ਮੇਵਾਰੀ ਨੂੰ ਕਦੇ ਸਮਝ ਵੀ ਨਹੀਂ ਸਕੀ ਤੇ ਨਿਭਾ ਵੀ ਨਹੀਂ ਸਕੀ। ਪਹਿਲਾਂ ਉਸ ਅੰਦਰ ਪਾਟਕ ਪੈ ਗਿਆ ਅਤੇ ਫਿਰ ਜਦੋਂ ਕੁਝ ਲੋਕ ਬਾਹਰ ਨਿਕਲਣ ਮਗਰੋਂ ਬਾਕੀ ਪਾਰਟੀ ਇੱਕ-ਸੁਰ ਜਾਪਦੀ ਸੀ, ਇਹ ਏਦਾਂ ਸੋਚ ਬੈਠੀ ਕਿ ਉਸ ਨੂੰ ਕੁਝ ਕਰਨ ਦੀ ਲੋੜ ਨਹੀਂ, ਵਿਰੋਧੀ ਧਿਰ ਦਾ ਦਰਜਾ ਸਾਡਾ ਹੈ, ਇਹ ਕਿਤੇ ਜਾਣਾ ਨਹੀਂ। ਕਈ ਹਫਤਿਆਂ ਤੀਕਰ ਪੰਜਾਬ ਵਿੱਚ ਦੋ ਪੁਰਾਣੀਆਂ ਰਾਜਸੀ ਧਿਰਾਂ ਦਾ ਆਢਾ ਲੱਗਾ ਰਿਹਾ ਅਤੇ ਬਿਆਨਬਾਜ਼ੀ ਚੱਲਦੀ ਰਹੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਦਰਜਾ ਰੱਖਦੀ ਇਹ ਪਾਰਟੀ ਕਦੇ ਰੜਕੀ ਹੀ ਨਹੀਂ। ਇਸ ਹਫਤੇ ਇਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਘੇਰਨ ਦਾ ਇੱਕ ਪ੍ਰੋਗਰਾਮ ਕੀਤਾ ਹੈ। ਅੱਗੋਂ ਇਹ ਕੀ ਕਰੇਗੀ, ਕਿਸੇ ਨੂੰ ਪਤਾ ਨਹੀਂ। ਸ਼ਾਇਦ ਇਹ ਦਿੱਲੀ ਦੀਆਂ ਚੋਣਾਂ ਹੋਣ ਤੱਕ ਅਗਲਾ ਸਮਾਂ ਓਥੇ ਲਾਵੇਗੀ ਤੇ ਪੰਜਾਬ ਦਾ ਮੈਦਾਨ ਫਿਰ ਦੋ ਰਿਵਾਇਤੀ ਧਿਰਾਂ ਲਈ ਵਿਹਲਾ ਰਹੇਗਾ।
ਇਸ ਦੌਰਾਨ ਪੰਜਾਬ ਵਿੱਚ ਦੋਵਾਂ ਰਿਵਾਇਤੀ ਧਿਰਾਂ ਦੀ ਖਹਿਬੜ ਅੰਤ ਨੂੰ ਇੱਕ ਕਾਂਗਰਸੀ ਆਗੂ ਅਤੇ ਦੋ ਅਕਾਲੀ ਆਗੂਆਂ, ਜਿਹੜੇ ਅਸਲ ਵਿੱਚ ਇੱਕ ਪਰਵਾਰ ਦੇ ਜੀਅ ਹਨ, ਵਿਚਾਲੇ ਸੀਮਤ ਹੋ ਗਈ ਹੈ। ਕਾਂਗਰਸ ਵੱਲੋਂ ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਿਆਨਬਾਜ਼ੀ ਕਰਦਾ ਹੈ ਅਤੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਸਿਆਸੀ ਲੜਾਈ ਲੜਨ ਦੀ ਥਾਂ ਇਸ ਗੱਲ ਦੁਆਲੇ ਘੁੰਮਦੇ ਹਨ ਕਿ ਗੁੰਡਿਆਂ ਦੇ ਗੈਂਗਾਂ ਨੂੰ ਕੌਣ ਕਿੰਨੀ ਸਰਪ੍ਰਸਤੀ ਦੇਂਦਾ ਹੈ ਤੇ ਇਸ ਸਾਰੀ ਲੜਾਈ ਵਿੱਚ ਬਾਕੀ ਕਾਂਗਰਸ ਚੁੱਪ ਰਹਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਮਸਲਿਆਂ ਦੀ ਚਰਚਾ ਹੋਣ ਦੀ ਥਾਂ ਬਦਮਾਸ਼ਾਂ ਨਾਲ ਰਾਜਸੀ ਆਗੂਆਂ ਦੇ ਸੰਬੰਧਾਂ ਦੀ ਚਰਚਾ ਵੱਧ ਮਹੱਤਵ ਵਾਲੀ ਬਣਨ ਲੱਗ ਪਈ ਹੈ। ਪੰਜਾਬ ਦੀ ਰਾਜਨੀਤੀ ਵਿੱਚ ਬਦਮਾਸ਼ਾਂ ਦਾ ਦਖਲ ਮਾੜੀ ਗੱਲ ਹੈ, ਪਰ ਏਦਾਂ ਦਾ ਦਖਲ ਤਾਂ ਪ੍ਰਤਾਪ ਸਿੰਘ ਕੈਰੋਂ ਦੇ ਵਕਤ ਤੋਂ ਚੱਲਦਾ ਹੈ, ਜਦੋਂ ਇੱਕ ਵਾਰ ਫੌਜ ਦੀਆਂ ਟੁਕੜੀਆਂ ਵੱਲੋਂ ਅੰਮ੍ਰਿਤਸਰ ਦੇ ਇੱਕ ਸਿਨੇਮਾ ਘਰ ਨੂੰ ਘੇਰਾ ਪਾਉਣ ਦੀ ਨੌਬਤ ਆਈ ਸੀ। ਅੱਜ ਦੀ ਤਰੀਕ ਵਿੱਚ ਇਨ੍ਹਾਂ ਦੋਵਾਂ ਧਿਰਾਂ ਵਿੱਚੋਂ ਜਿਹੜਾ ਵੀ ਇਹ ਕਹੇ ਕਿ ਉਸ ਦਾ ਬਦਮਾਸ਼ਾਂ ਨਾਲ ਕੋਈ ਸੰਬੰਧ ਨਹੀਂ, ਝੂਠ ਕਹੇਗਾ, ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਦੋਵਾਂ ਧਿਰਾਂ ਦੇ ਨਾਲ ਛੱਟੇ-ਫੂਕੇ ਬੰਦੇ ਸਰੇਆਮ ਤੁਰੇ ਫਿਰਦੇ ਹਨ। ਇੱਕ ਦਿਨ ਇਹ ਗੱਲ ਸੁਣੀ ਜਾਂਦੀ ਹੈ ਕਿ ਅਕਾਲੀ ਦਲ ਦਾ ਇੱਕ ਆਗੂ ਜਾਂ ਵਰਕਰ ਕਿਸੇ ਥਾਂ ਬਦਮਾਸ਼ੀ ਕਰਦਾ ਲੋਕਾਂ ਨੇ ਘੇਰਿਆ ਹੈ ਤੇ ਉਸ ਗੁੰਡੇ ਦੇ ਨਾਂਅ ਦੇ ਨੀਂਹ-ਪੱਥਰ ਓਸੇ ਇਲਾਕੇ ਵਿੱਚ ਚਮਕਦੇ ਪਏ ਹਨ ਤੇ ਦੂਸਰੇ ਦਿਨ ਕਿਸੇ ਇਹੋ ਜਿਹੇ ਕਾਂਗਰਸੀ ਬਦਮਾਸ਼ ਦੀ ਖਬਰ ਮਿਲ ਜਾਂਦੀ ਹੈ। ਭਾਰਤ ਦੀ ਪਾਰਲੀਮੈਂਟ ਵਿੱਚ ਪਿਛਲੀ ਵਾਰੀ ਇੱਕ ਸੌ ਤਿਰਾਸੀ ਉਹ ਲੋਕ ਚੁਣੇ ਗਏ ਸਨ, ਜਿਨ੍ਹਾਂ ਦੇ ਖਿਲਾਫ ਕਤਲ ਤੇ ਬਲਾਤਕਾਰ ਸਮੇਤ ਹਰ ਕਿਸੇ ਕਿਸਮ ਦੇ ਅਪਰਾਧਾਂ ਦੇ ਕੇਸ ਚੱਲਦੇ ਸਨ ਅਤੇ ਇਸ ਵਾਰੀ ਉਨ੍ਹਾਂ ਦੀ ਗਿਣਤੀ ਪੰਜਾਹ ਹੋਰ ਵਧ ਕੇ ਦੋ ਸੌ ਤੇਤੀ ਹੋ ਗਈ ਹੈ, ਸ਼ਾਇਦ ਅਗਲੀ ਵਾਰੀ ਪੰਜਾਹ ਹੋਰ ਵਧ ਕੇ ਉਨ੍ਹਾਂ ਦੀ ਆਪਣੀ ‘ਬਹੁ-ਸੰਮਤੀ’ ਹੋ ਜਾਵੇਗੀ। ਪੰਜਾਬ ਦੀ ਵਿਧਾਨ ਸਭਾ ਵਿੱਚ ਇਹੋ ਜਿਹੇ ਕਿੰਨੇ ਹਨ, ਸਾਨੂੰ ਇਸ ਦਾ ਰਿਕਾਰਡ ਤਾਂ ਨਹੀਂ ਮਿਲ ਸਕਿਆ, ਪਰ ਜਾਣਨ ਵਾਲੇ ਸਾਫ ਕਹਿੰਦੇ ਹਨ ਕਿ ਇਸ ਪੱਖ ਤੋਂ ਸਾਡੇ ਪੰਜਾਬ ਦੀ ਵਿਧਾਨ ਸਭਾ ਵੀ ਦਾਗੀ ਹੋਣ ਤੋਂ ਬਚੀ ਨਹੀਂ ਰਹਿ ਸਕੀ। ਸਭ ਥਾਂਈਂ ਇਹੋ ਹਾਲ ਹੈ।
ਜਿੱਥੋਂ ਤੱਕ ਆਮ ਲੋਕਾਂ ਦੇ ਮੁੱਦਿਆਂ ਦਾ ਸਵਾਲ ਹੈ, ਉਹ ਕਿਸੇ ਪਾਸੇ ਨਹੀਂ ਲੱਗ ਸਕੇ। ਸੜਕਾਂ ਪਿਛਲੀ ਸਰਕਾਰ ਦੇ ਵਕਤ ਵੀ ਟੁੱਟੀਆਂ ਸਨ ਤੇ ਇਸ ਸਰਕਾਰ ਦੇ ਤਿੰਨ ਸਾਲ ਲੰਘਣ ਦੇ ਬਾਅਦ ਵੀ ਟੁੱਟੀਆਂ ਹਨ। ਜਿਹੜੀ ਸੜਕ ਬਣਦੀ ਦਿਖਾਈ ਦੇਂਦੀ ਹੈ, ਪੁੱਛਣ ਉੱਤੇ ਪਤਾ ਲੱਗਦਾ ਹੈ ਕਿ ਫਲਾਣੇ ਮੰਤਰੀ, ਚੇਅਰਮੈਨ ਜਾਂ ਵਿਧਾਇਕ ਦੇ ਘਰ ਜਾਂ ਰਿਸ਼ਤੇਦਾਰ ਦੇ ਘਰ ਨੂੰ ਜਾਣ ਵਾਲੀ ਹੈ, ਇਸ ਲਈ ਬਣਾਈ ਜਾਣੀ ਹੈ, ਬਾਕੀ ਟੁੱਟੀਆਂ ਰਹਿੰਦੀਆਂ ਹਨ। ਨੌਕਰੀਆਂ ਨਾ ਮਿਲਣ ਕਰ ਕੇ ਹੁਨਰਮੰਦ ਲੋਕ ਪਿਛਲੀ ਸਰਕਾਰ ਦੇ ਵਕਤ ਵੀ ਸੜਕਾਂ ਉੱਤੇ ਮੁ਼ਜ਼ਾਹਰੇ ਕਰਦੇ ਤੇ ਪੁਲਸ ਦੀ ਕੁੱਟ ਖਾਂਦੇ ਮਿਲਦੇ ਸਨ ਤੇ ਇਸ ਸਰਕਾਰ ਦੇ ਵੇਲੇ ਵੀ ਉਨ੍ਹਾਂ ਦਾ ਨਸੀਬ ਨਹੀਂ ਬਦਲ ਸਕਿਆ। ਭ੍ਰਿਸ਼ਟਾਚਾਰ ਪਿਛਲੀ ਸਰਕਾਰ ਦੇ ਵਕਤ ਜਿੰਨਾ ਸੀ, ਇਸ ਸਰਕਾਰ ਦੇ ਆਉਣ ਨਾਲ ਮਕਾਨਾਂ ਦੇ ਮਾਲਕ ਬਦਲਣ ਨਾਲ ਮਕਾਨ-ਕਿਰਾਇਆ ਵਧਣ ਵਾਂਗ ਇਹ ਵੀ ਵਧਣ ਦੀ ਗੱਲ ਸਾਰਿਆਂ ਨੂੰ ਪਤਾ ਹੈ। ਖਜ਼ਾਨਾ ਆਮ ਲੋਕਾਂ ਵਾਸਤੇ ਪਿਛਲੀ ਸਰਕਾਰ ਵੇਲੇ ਵੀ ਖਾਲੀ ਸੀ, ਅੱਜ ਵੀ ਖਜ਼ਾਨਾ ਭਰਨ ਦੀ ਥਾਂ ਖਾਲੀ ਗਾਗਰ ਖੜਕਦੀ ਸੁਣੀ ਜਾਂਦੀ ਹੈ। ਲੋਕ ਇਸ ਦਾ ਕਾਰਨ ਨਹੀਂ ਜਾਣ ਸਕਦੇ। ਜਿਨ੍ਹਾਂ ਨੂੰ ਕਾਰਨਾਂ ਬਾਰੇ ਪਤਾ ਹੈ ਤੇ ਉਨ੍ਹਾਂ ਦੀ ਇਹ ਕਾਰਨ ਦੂਰ ਕਰਨ ਦੀ ਜਿ਼ਮੇਵਾਰੀ ਹੈ, ਉਹ ਮੁੱਦੇ ਦੀ ਗੱਲ ਕਰਨ ਦੀ ਥਾਂ ਰਾਜਨੀਤਕ ਬਿਆਨਾਂ ਦੀ ਲੜੀ ਬੰਨ੍ਹਣ ਰੁੱਝੇ ਰਹਿੰਦੇ ਹਨ। ਸਰਕਾਰ ਦੇ ਤਿੰਨ ਸਾਲ ਬੀਤਣ ਨੂੰ ਆਏ ਹੋਣ ਤਾਂ ਪਿਛਲੀ ਸਰਕਾਰ ਦੇ ਮਿਹਣੇ ਮਾਰ ਕੇ ਡੰਗ ਸਾਰਨ ਦਾ ਯਤਨ ਕਰਨਾ ਲੋਕਾਂ ਦੇ ਮਨਾਂ ਨੂੰ ਤਸੱਲੀ ਨਹੀਂ ਦੇ ਸਕਦਾ। ਕੁਝ ਤਾਂ ਕਰਨਾ ਚਾਹੀਦਾ ਹੈ।
ਹਾਲ ਦੀ ਘੜੀ ਇਹ ਅੰਦਾਜ਼ਾ ਲਾਉਣ ਔਖਾ ਹੈ ਕਿ ਅਕਾਲੀ ਦਲ ਵਿੱਚ ਚੱਲ ਰਹੀ ਟੁੱਟ-ਭੱਜ ਕੀ ਸਿੱਟੇ ਕੱਢੇਗੀ ਤੇ ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਏਕੇ ਵੱਲ ਮੁੜੇਗੀ ਜਾਂ ਹੋਰ ਖੱਖੜੀਆਂ ਦਾ ਖਿਲਾਰਾ ਬਣੇਗੀ, ਪਰ ਆਮ ਲੋਕ ਏਦਾਂ ਦੇ ਕਿਆਫੇ ਲਾਉਣ ਦੀ ਥਾਂ ਅਗਲੀ ਵਿਧਾਨ ਸਭਾ ਚੋਣ ਬਾਰੇ ਗੱਲਾਂ ਕਰਦੇ ਸੁਣੇ ਜਾਣ ਲੱਗ ਪਏ ਹਨ। ਏਨੇ ਅਗੇਤੇ ਆਮ ਲੋਕ ਓਦੋਂ ਗੱਲਾਂ ਕਰਦੇ ਹਨ, ਜਦੋਂ ਬਾਹਲੇ ਅਵਾਜ਼ਾਰ ਹੋਣ ਅਤੇ ਬਿਨਾਂ ਸ਼ੱਕ ਇਸ ਵਾਰ ਉਹ ਅਵਾਜ਼ਾਰ ਹੋ ਚੁੱਕੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ