ਬਰੇਲੀ, 9 ਜਨਵਰੀ (ਪੋਸਟ ਬਿਊਰੋ)- ਸ਼ਹਿਰ ਵਿੱਚ ਇੱਕ ਸਨਸਨੀਖੇਜ ਵਾਰਦਾਤ ਹੋਈ ਹੈ ਜਿਸ ਵਿੱਚ ਤਾਂਤਰਿਕ ਜੇਠ, ਨਨਾਣ ਅਤੇ ਨਣਦੋਈ ਨੇ ਘਰ ਦੀ ਨੂੰਹ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਹਿਲਾ ਦੇ ਸਰੀਰ 'ਤੇ ਚਾਕੂਆਂ ਨਾਲ ਲੱਗੇ 101 ਜ਼ਖਮਾਂ 'ਤੇ ਡਾਕਟਰਾਂ ਨੂੰ 300 ਟਾਂਕੇ ਲਗਾਉਣੇ ਪਏ।
ਇਹ ਮਾਮਲਾ ਇਸ ਸ਼ਹਿਰ ਦੇ ਬਾਰਾਦਰੀ ਥਾਣੇ ਹੇਠਲੇ ਮੁਹੱਲਾ ਸਿਕਲਾਪੁਰ ਦਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਨਨਾਣ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਤੰਤਰਿਕ ਜੇਠ ਅਤੇ ਨਣਦੋਈਆ ਫਰਾਰ ਹਨ। ਭੋਜੀਪੁਰਾ ਦੇ ਮਾਡਰਨ ਵਿਲੇਜ ਘੰਘੋਰਾ ਪਿੰਡ ਦੀ ਰੇਣੂ ਦਾ ਵਿਆਹ ਅੱਠ ਸਾਲ ਪਹਿਲਾਂ ਸਿਕਲਾਪੁਰ ਵਿੱਚ ਧਰਮਸ਼ਾਲਾ ਵਾਲੀ ਗਲੀ ਦੇ ਸੰਜੀਵ ਨਾਲ ਹੋਇਆ ਸੀ। ਦੋਵਾਂ ਦੇ ਇੱਕ ਬੇਟੀ ਵੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਰੇਣੂ ਦੇ ਸਹੁਰੇ ਜਗਦੀਸ਼ ਬਿਮਾਰ ਸਨ। ਰੇਣੂ ਦੇ ਜੇਠ ਮੂਲੀ ਅਤੇ ਨਨਾਣ ਮੋਨੀ ਤੰਤਰਿਕ ਕਿਰਿਆ ਕਰਦੇ ਹਨ। ਤਿੰਨਾਂ ਨੇ ਮਿਲ ਕੇ ਪਿਤਾ ਨੂੰ ਤੰਤਰ ਵਿਦਿਆ ਨਾਲ ਠੀਕ ਕਰਨ ਲਈ ਰੇਣੂ ਦੀ ਬਲੀ ਦੇਣ ਦੀ ਸਾਜ਼ਿਸ਼ ਰਚੀ। ਫਿਰ ਐਤਵਾਰ ਦੇਰ ਰਾਤ ਉਸ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਰੇਣੂ ਦੇ ਚਿਹਰੇ ਸਮੇਤ ਪੂਰੇ ਸਰੀਰ 'ਤੇ ਚਾਕੂ ਨਾਲ 101 ਜ਼ਖਮ ਕੀਤੇ ਗਏ ਸਨ। ਇਸ ਦੌਰਾਨ ਕਿਸੇ ਤਰ੍ਹਾਂ ਰੇਣੂ ਜਾਨ ਬਚਾ ਕੇ ਘਰੋਂ ਭੱਜ ਨਿਕਲੀ ਸੀ।