-ਡਾ. ਜੋਗਿੰਦਰ ਸਿੰਘ
ਭਾਈ ਵੀਰ ਸਿੰਘ ਦਾ ਜਨਮ ਡਾ. ਚਰਨ ਸਿੰਘ ਤੇ ਬੀਬੀ ਉਤਰ ਕੌਰ ਦੇ ਘਰ 5 ਦਸੰਬਰ 1872 ਈ. ਨੂੰ ਕੱਟੜਾ ਗਰਬਾ ਸਿੰਘ ਅੰਮ੍ਰਿਤਸਰ ਵਿੱਚ ਹੋਇਆ। ਚਰਨ ਸਿੰਘ ਹੋਮਿਓਪੈਥੀ ਦੇ ਮਾਹਰ ਸਨ। ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਗਿਆਨੀ ਸਕੂੂਲ ਦੇ ਵਿਦਾਵਾਨ ਸਨ। ਸਿੱਖ ਧਰਮ ਅਤੇ ਇਤਿਹਾਸ ਦੇ ਅਧਿਐਨ ਲਈ ਭਾਈ ਸਾਹਿਬ ਨੇ ਨਿੱਜੀ ਲਾਇਬਰੇਰੀ ਤਿਆਰ ਕੀਤੀ, ਜਿਸ ਵਿੱਚ ਅਨੇਕਾਂ ਭਾਸ਼ਾਵਾਂ ਦੇ ਐਨਸਾਈਕਲੋਪੀਡੀਆ, ਡਿਕਸ਼ਨਰੀਆਂ ਤੇ ਸਾਹਿਤ ਦੀਆਂ ਪੁਸਤਕਾਂ ਇਕੱਠੀਆਂ ਕੀਤੀਆਂ। ਸਮਕਾਲੀ ਵਿਦਵਾਨਾਂ ਦੀ ਸੰਗਤ ਨਾਲ ਉਨ੍ਹਾ ਨੇ ਕਲਾਸੀਕਲ ਭਾਸ਼ਾਵਾਂ (ਸੰਸਕ੍ਰਿਤ, ਫਾਰਸੀ ਤੇ ਬ੍ਰਜ ਭਾਸ਼ਾ) ਦਾ ਗਿਆਨ ਹਾਸਲ ਕੀਤਾ ਅਤੇ ਸਿੱਖ ਗ੍ਰੰਥਾਂ ਦਾ ਅਧਿਐਨ ਕੀਤਾ। ਗਿਆਨੀ ਹਰਭਜਨ ਸਿੰਘ ਨੇ ਇਸ ਅਧਿਐਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਨਵੀਨ ਵਿਦਿਆ ਦੀ ਪੜ੍ਹਾਈ ਦਾ ਆਰੰਭ ਭਾਈ ਸਾਹਿਬ ਨੇ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ ਦਾਖਲਾ ਲੈ ਕੇ ਕੀਤਾ। 1891 ਈ. ਵਿੱਚ ਭਾਈ ਸਾਹਿਬ ਨੇ ਦਸਵੀਂ ਦੀ ਪ੍ਰੀਖਿਆ ਜ਼ਿਲ੍ਹੇ ਵਿੱਚੋਂ ਅੱਵਲ ਰਹਿ ਕੇ ਪਾਸ ਕੀਤੀ। ਇਸ ਦੌਰਾਨ ਉਨ੍ਹਾਂ ਪੱਛਮੀ ਸਾਇੰਸ ਤੇ ਸਾਹਿਤ ਦਾ ਗਿਆਨ ਹਾਸਲ ਕੀਤਾ। ਮੁੱਢਲੇ ਜੀਵਨ ਵਿੱਚ ਭਾਈ ਸਾਹਿਬ ਨੂੰ ਸ਼ੱਕ ਹੋ ਗਿਆ ਕਿ ਈਸਾਈ ਧਰਮ ਦੇ ਪ੍ਰਚਾਰ ਦਾ ਪ੍ਰਭਾਵ ਸਿੱਖਾਂ ਦੀ ਨੌਜਵਾਨ ਪੀੜ੍ਹੀ 'ਤੇ ਪੈ ਸਕਦਾ ਹੈ। ਇਸ ਤੋਂ ਬਚਣ ਲਈ ਇਤਿਹਾਸਕ ਸਿੱਖ ਸਾਹਿਤ ਦੀ ਰਚਨਾ ਅਤੇ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਬਣ ਗਿਆ ਸੀ। ਈਸਾਈ ਮਿਸ਼ਨਰੀਆਂ ਦੀ ਤਰਜ 'ਤੇ ਸਿੱਖ ਸਕੂਲ ਤੇ ਕਾਲਜ ਖੋਲ੍ਹਣੇ ਜ਼ਰੂਰੀ ਸਨ ਤਾਂ ਕਿ ਨੌਜਵਾਨ ਸਿੱਖ ਪੀੜ੍ਹੀ ਨੂੰ ਪੱਛਮੀ ਵਿਦਿਆ ਦੇ ਨਾਲ-ਨਾਲ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ।
ਭਾਈ ਸਾਹਿਬ ਆਪਣੀ ਵਿਦਿਅਕ ਯੋਗਤਾ ਅਤੇ ਪਰਿਵਾਰਕ ਮਦਦ ਨਾਲ ਸਰਕਾਰੀ ਨੌਕਰੀ ਸਹਿਜ-ਭਾ ਲੈ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ। ਇਸ ਦੀ ਜਗ੍ਹਾ ਉਨ੍ਹਾਂ ਨੇ ਆਪਣਾ ਜੀਵਨ ਪੰਜਾਬੀ ਸਾਹਿਤ ਦੇ ਅਧਿਐਨ ਤੇ ਪਸਾਰ ਲਈ ਸਮਰਪਿਤ ਕੀਤਾ। ਸਾਹਿਤ ਸਿਰਜਣਾ ਦਾ ਕੰਮ ਉਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਕਰ ਲਿਆ ਸੀ। ਭਾਈ ਸਾਹਿਬ ਵੱਲੋਂ ਪੰਜਾਬੀ ਬੋਲੀ (ਗੁਰਮੁੱਖੀ ਲਿਪੀ) ਨੂੰ ਮਾਧਿਅਮ ਬਣਾਉਣ ਦੇ ਕਈ ਕਾਰਨ ਸਨ। ਪਹਿਲਾ, ਉਨ੍ਹਾਂ ਨੂੰ ਗਿਆਨ ਸੀ ਕਿ ਸਿੱਖਾਂ ਦੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਦੇ ਮੁੱਢਲੇ ਸਰੋਤ ਗੁਰਮੁੱਖੀ ਲਿਪੀ ਦੇ ਵਿਕਾਸ ਲਈ ਯਤਨ ਕੀਤੇ। ਦੂਸਰਾ ਕਾਰਨ ਸਿੰਘ ਸਭਾ ਲਹਿਰ ਦਾ ਮੁੱਢਲਾ ਉਦੇਸ਼ ਵੀ ਸਿੱਖ ਗ੍ਰੰਥਾਂ ਦੀ ਸੰਪਾਦਨਾ ਕਰਕੇ ਉਨ੍ਹਾਂ ਨੂੰ ਗੁਰਮੁੱਖੀ ਲਿਪੀ ਵਿੱਚ ਛਾਪਣਾ ਤੇ ਇਸ ਲਈ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬੀ ਪੱਤਰਕਾਰੀ ਨੂੰ ਮਧਿਅਮ ਬਣਾਉਣਾ ਸੀ। ਇਸ ਪੱਖ ਤੋਂ ਓਰੀਐਟਲ ਵਿਦਵਾਨਾਂ ਖਾਸ ਕਰਕੇ ਡਾ. ਜੀ. ਡਬਲਯੂ ਲਾਇਤਨਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਰਦਾਰ ਅਤਰ ਸਿੰਘ ਭਦੌੜ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਨਵ-ਸਥਾਪਿਤ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਕਾਲਜ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਵਿਸ਼ੇਸ਼ ਪ੍ਰਬੰਧ ਕਰਵਾਉਣ ਲਈ ਯਤਨ ਕੀਤੇ।
ਸਹਿਤਕ ਪ੍ਰਾਪਤੀਆਂ ਦੀ ਸ਼ੁਰੂਆਤ ਭਾਈ ਸਾਹਿਬ ਨੇ ਆਪਣੇ ਪਿਤਾ ਅਤੇ ਉਨ੍ਹਾਂ ਦੇ ਦੋਸਤ ਵਜ਼ੀਰ ਸਿੰਘ ਦੀ ਫਰਮ ਵਜ਼ੀਰ ਹਿੰਦ ਪ੍ਰੈਸ ਵਿੱਚ ਕੰਮ ਕਰਨ ਨਾਲ ਕੀਤੀ। ਸ਼ਾਇਦ ਅੰਮ੍ਰਿਤਸਰ ਵਿੱਚ ਇਹ ਪਹਿਲੀ ਪੱਥਰ ਦੇ ਛਾਪੇ ਨਾਲ ਛਪਾਈ ਕਰਨ ਵਾਲੀ ਪ੍ਰੈਸ ਸੀ। ਭਾਈ ਵੀਰ ਸਿੰਘ ਨੇ ਸਾਧੂ ਸਿੰਘ ਧੂਪੀਏ ਨਾਲ ਰਲ ਕੇ ਸੰਨ 1893 ਈ. ਵਿੱਚ ਖਾਲਸਾ ਟੈ੍ਰਕਟ ਸੁਸਾਇਟੀ ਸਥਾਪਤ ਕੀਤੀ। ਇਸ ਸੁਸਾਇਟੀ ਨੇ ਅੰਮ੍ਰਿਤਸਰ ਸ੍ਰੀ ਗੁਰੂ ਸਿੰਘ ਸਭਾ ਦੇ ਸਿੱਖ ਧਰਮ ਅਤੇ ਇਤਿਹਾਸ ਦੇ ਪ੍ਰਚਾਰ ਦੇ ਉਦੇਸ਼ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ। ਇਹ ਸਿੰਘ ਸਭਾ ਜੁਲਾਈ 1873 ਈ. ਨੂੰ ਬਣੀ ਸੀ। ਸੰਨ 1897 ਈ. ਵਿੱਚ ਇਸ ਦੇ ਬਰਾਬਰ ਦੀ ਵਿਚਾਰਧਾਰਾ ਵਾਲੀ ਸਿੰਘ ਸਭਾ ਲਾਹੌਰ ਸ਼ਹਿਰ ਵਿੱਚ 1899 ਈ. ਵਿੱਚ ਸ਼ੁਰੂ ਹੋਈ। ਸੰਨ 1873 ਤੋਂ 1899 ਈ. ਤੱਕ ਇਨ੍ਹਾਂ ਦੋ ਸਭਾਵਾਂ ਦੇ ਆਗੂਆਂ ਵਿਚਾਲੇ ਗੰਭੀਰ ਵਿਚਾਰਧਾਰਕ ਮੱਤਭੇਦ ਪੈਦਾ ਹੋ ਗਏ, ਪਰ ਭਾਈ ਸਾਹਿਬ ਨੇ ਸਿੰਘ ਸਭਾ ਲਹਿਰ ਦੇ ਬੁਨਿਆਦੀ ਉਦੇਸ਼ ਦਾ ਸਮਰਥਨ ਕੀਤਾ, ਅਰਥਾਤ ਸਿੱਖ ਧਰਮ `ਚੋਂ ਉਹ ਰੀਤੀ-ਰਿਵਾਜ ਕੱਢਣ ਦਾ ਹੀਲਾ ਕੀਤਾ, ਜਿਹੜੇ ਗੁਰਬਾਣੀ ਦੇ ਆਦੇਸ਼ ਅਨੁਸਾਰ ਨਹੀਂ ਸਨ। ਸਿੱਖ ਧਰਮ ਦੀ ਨਿਵੇਕਲੀ ਪਛਾਣ ਸਥਾਪਿਤ ਕਰਨ ਲਈ ਖਾਲਸਾ ਟੈ੍ਰਕਟ ਸੁਸਾਇਟੀ ਨੇ ‘ਨਿਰਗੁਣਿਆਰਾ' ਪੱਤਿ੍ਰਕਾ ਸ਼ੁਰੂ ਕੀਤੀ। ਇਸ ਵਿੱਚ ਸਿੱਖ ਧਰਮ, ਇਤਿਹਾਸ ਤੇ ਸਭਿਆਚਾਰ ਦੇ ਪ੍ਰਚਾਰ ਲਈ ਲੇਖ ਤੇ ਕਹਾਣੀਆਂ ਛਾਪੀਆਂ। ‘ਨਿਰਗੁਣਿਆਰਾ' ਦੀ ਜਾਣ-ਬੁਝ ਕੇ ਘੱਟ ਕੀਮਤ ਰੱਖੀ ਤਾਂ ਕਿ ਸਧਾਰਨ ਪਾਠਕ ਇਸ ਨੂੰ ਪੜ੍ਹ ਸਕੇ। ਇਹ ਪੱਤਰ ਥੋੜ੍ਹੀ ਹੀ ਦੇਰ ਚੱਲਿਆ। ਸਿੱਖ ਧਰਮ ਤੇ ਇਸ ਦੇ ਫ਼ਲਸਫ਼ੇ ਦੇ ਪ੍ਰਚਾਰ ਲਈ ਭਾਈ ਸਾਹਿਬ ਨੇ ‘ਸੁਧਾਰਕ' ਪਰਚਾ ਸ਼ੁਰੂ ਕੀਤਾ ਪਰ 1888 ਈ. ਵਿੱਚ ਬੰਦ ਹੋ ਗਿਆ।
1899 ਈ. ਵਿੱਚ ਉਨ੍ਹਾਂ ਸਪਤਾਹਕ ਪੰਜਾਬੀ ਅਖ਼ਬਾਰ ‘ਖਾਲਸਾ ਸਮਾਚਾਰ’ ਸ਼ੁਰੂ ਕੀਤਾ। ਸ਼ੁਰੂ ਵਿੱਚ ਭਾਈ ਵੀਰ ਸਿੰਘ ਪ੍ਰਬੰਧਕ ਤੇ ਉਨ੍ਹਾਂ ਦੇ ਪਿਤਾ ਡਾਕਟਰ ਚਰਨ ਸਿੰਘ ਇਸ ਦੇ ਸੰਪਾਦਕ ਰਹੇ। ਡਾਕਟਰ ਚਰਨ ਸਿੰਘ ਚੀਫ਼ ਖਾਲਸਾ ਦੀਵਾਨ ਦੇ ਮੋਢੀ ਮੈਂਬਰਾਂ 'ਚੋਂ ਸਨ। ਪਿਤਾ ਨਾਲ ਭਾਈ ਵੀਰ ਸਿੰਘ ਵੀ ਇਸ ਦੀ ਸੰਪਾਦਕੀ ਕਰਨ ਲੱਗ ਪਏ। ਕੁਝ ਸਮੇਂ ਲਈ ਧਨੀ ਰਾਮ ਚਾਤਿ੍ਰਕ ਨੇ ਇਸ ਪੱਤਰ ਦੀ ਸੰਪਾਦਕੀ ਕੀਤੀ। ਫਿਰ ਭਾਈ ਸੇਵਾ ਸਿੰਘ ਅਤੇ ਇਨ੍ਹਾਂ ਪਿੱਛੋਂ ਗਿਆਨੀ ਮਹਾਂ ਸਿੰਘ ਨੇ ਸੰਪਾਦਕੀ ਕੀਤੀ। ਇਸ ਦੌਰਾਨ ਭਾਈ ਵੀਰ ਸਿੰਘ ਨੇ ਕਵਿਤਾ (ਦਿਲ ਤਰੰਗ, ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ, ਮੇਰੇ ਸਾਈਆਂ ਜੀਓ ਤੇ ਰਾਣਾ ਸੂਰਤ ਸਿੰਘ ਨਾਂ ਦਾ ਮਹਾਂਕਾਵਿ), ਨਾਵਲ (ਸੰੁਦਰੀ, ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ), ਨਾਟਕ (ਰਾਜਾ ਲਖਦਾਤਾ ਸਿੰਘ), ਜੀਵਨੀਆਂ (ਸ੍ਰੀ ਗੁਰੂ ਨਾਨਕ ਚਮਤਕਾਰ, ਸ੍ਰੀ ਅਸ਼ਟ ਗੁਰੂ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ) ਨਿਬੰਧ ਆਦਿ ਮੌਲਿਕ ਰਚਨਾਵਾਂ ਸਿਰਜੀਆਂ। ਉਨ੍ਹਾਂ ਦੀਆਂ ਆਰੰਭਕ ਦੌਰ ਦੀਆਂ ਰਚਨਾਵਾਂ ਦਾ ਉਦੇਸ਼ ਅਠਾਰਵੀਂ ਸ਼ਤਾਬਦੀ ਦੇ ਸਿੱਖ ਇਤਿਹਾਸ ਦੇ ਨਾਇਕਾਂ ਦੀ ਪਾਤਰ ਉਸਾਰੀ ਰਾਹੀਂ ਆਪਣੇ ਸਮਕਾਲੀ ਸਿੱੱਖਾਂ ਅੰਦਰ ਉਤਸ਼ਾਹ, ਸਿਦਕ ਤੇ ਸ੍ਰੈਮਾਣ ਦੀ ਭਾਵਨਾ ਭਰਨਾ ਸੀ। ਇੱਕ ਪਾਸੇ ਸਿੱਖ ਆਗੂਆਂ ਨੂੰ ਸਿੱਖ ਰਾਜ ਦੇ ਖੁੱਸ ਜਾਣ ਦਾ ਹੇਰਵਾ ਸੀ, ਦੂਸਰੇ ਪਾਸੇ ਹਿੰਦੂ, ਮੁਸਲਿਮ ਤੇ ਈਸਾਈ ਸੰਗਠਨਾਂ ਦੇ ਪੰਜਾਬ ਵਿੱਚ ਪਸਾਰ ਨੇ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਅੰਗਰੇਜ਼ ਇਤਿਹਾਸਕਾਰ ਸਿੱਖ ਰਾਜ ਕਾਲ ਨੂੰ ਅਸਭਿਅਕ ਤੇ ਬਰਤਾਨਵੀ ਰਾਜ ਨੂੰ ਆਦਰਸ਼ਕ ਦੱਸ ਰਹੇ ਸਨ। ਜਦੋਂ ਭਾਈ ਸਾਹਿਬ ਨੇ ਅਠਾਰਵੀਂ ਸ਼ਤਾਬਦੀ ਦੇ ਸਿੱਖ ਨਾਇਕਾਂ ਦੀ ਪਾਤਰ ਉਸਾਰੀ ਕੀਤੀ ਤਾਂ ਉਨ੍ਹਾਂ ਦੇ ਮਨ ਵਿੱੱਚ ਇਹ ਦੋਹਰਾ ਸੰਕਟ ਸੀ। ਭਾਈ ਸਾਹਿਬ ਦੇ ਇਹ ਪਾਤਰ ਸਿੱਖੀ ਸਿਦਕ ਦੇ ਆਸਰੇ ਹਰ ਸੰਕਟ ਨਾਲ ਜੂਝਦੇ ਅਤੇ ਫ਼ਤਹਿ ਪਾਉਂਦੇ ਹਨ। ਭਾਈ ਸਾਹਿਬ ਨੇ ਸਿੱਖੀ ਦੇ ਆਦਰਸ਼ ਪਾਤਰ ਘੜੇ ਤਾਂ ਕਿ ਇਹ ਸਮਕਾਲੀ ਸਿੱਖਾਂ ਲਈ ਉਤਸ਼ਾਹ ਅਤੇ ਸਿਦਕ ਦਾ ਸ੍ਰੋਤ ਬਣ ਸਕਣ। ਉਨ੍ਹਾਂ ਨੇ ‘ਖਾਲਸਾ ਸਮਾਚਾਰ' ਤੇ ‘ਨਿਰਗੁਣਿਆਰਾ' ਪੱਤਿ੍ਰਕਾਵਾਂ ਦੁਆਰਾ ਜਨ ਸਾਧਾਰਨ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਰੀਤੀ-ਰਿਵਾਜ਼ ਨਿਭਾਉਣ ਤੇ ਸਮਾਜਕ ਕੁਰੀਤੀਆਂ ਜਿਵੇਂ ਕਿ ਬਾਲ-ਵਿਆਹ, ਦਾਜ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਰਗੀਆਂ ਕੁਰੀਤੀਆਂ ਨੂੰ ਤਿਆਗਣ। ਦੋਨੋਂ ਪੱਤਿ੍ਰਕਾਵਾਂ ਨੇ ‘ਇਸਤਰੀ ਸੁਧਾਰ' ਵੱਲੋ ਉਚੇਚਾ ਧਿਆਨ ਦਿੱਤਾ। ਭਾਈ ਵੀਰ ਸਿੰਘ ਅਨੁਸਾਰ ਨਵੀਂ ਵਿਦਿਆ ਕੇਵਲ ਨੌਜਵਾਨ ਲੜਕਿਆਂ ਲਈ ਨਹੀਂ, ਲੜਕੀਆਂ ਲਈ ਵੀ ਲਾਜ਼ਮੀ ਸੀ। ਉਨ੍ਹਾ ਦਾ ਵਿਸ਼ਵਾਸ ਸੀ ਕਿ ਅਨਪੜ੍ਹ ਤੇ ਅਗਿਆਨੀ ਮਾਤਾਵਾਂ ਧਰਮ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੀਆਂ। ਇਸ ਨਿਵੇਕਲੀ ਪਛਾਣ ਦਾ ਪਾਸਾਰ ਕੇਵਲ ਸਿੱਖਿਅਤ ਇਸਤਰੀਆਂ ਹੀ ਕਰ ਸਕਦੀਆਂ ਹਨ। ਇਸ ਲਈ ਉਨ੍ਹਾਂ ਹਰ ਕਸਬੇ ਵਿੱਚ ਸਿੱਖ ਸਕੂਲ ਅਤੇ ਕਾਲਜ ਖੋਲ੍ਹਣ ਦੀ ਵਕਾਲਤ ਕੀਤੀ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਵਿਧਵਾ ਵਿਆਹ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ।
ਭਾਈ ਵੀਰ ਸਿੰਘ ਨੂੰ ਪੂਰਾ ਅਹਿਸਾਸ ਸੀ ਕਿ ਸਿੱਖ ਧਾਰਮਿਕ ਸਾਹਿਤ ਨੂੰ ਸਮਝਣ ਲਈ ਟੀਕਾਕਾਰੀ/ਕੋਸ਼ਾਕਾਰੀ ਅਤੇ ਮਹਾਨਕੋਸ਼ ਲਿਖਣ ਦੀ ਵਿਸ਼ੇਸ਼ ਲੋੜ ਹੈ। ਭਾਈ ਸਾਹਿਬ ਨੇ ਗਿਆਨੀ ਹਜ਼ਾਰਾ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਕੋਸ਼ (1898) ਸੁਧਾਈ ਅਤੇ ਵਿਸਤ੍ਰਿਤ ਕਰਕੇ 1927 ਨੂੰ ਛਪਵਾਇਆ। ਭਾਈ ਸਾਹਿਬ ਨੇ ਅਨੇਕਾਂ ਸਿੱਖ ਗ੍ਰੰਥ ਆਲੋਚਨਾਤਮਕ ਸੰਪਾਦਨਾ ਕਰਕੇ ਛਪਵਾਏ। ਇਨ੍ਹਾਂ ਵਿੱਚੋਂ ਸਿੱਖਾਂ ਦੀ ਭਗਤਮਾਲਾ (1912), ਪ੍ਰਾਚੀਨ ਪੰਥ ਪੋਥੀ (1950) ਪ੍ਰਸਿੱਧ ਹਨ। ਉਨ੍ਹਾਂ ਦੀ ਸੰਪਾਦਨਾ ਅਤੇ ਸੁਧਾਈ ਦਾ ਮੁੱਢਲਾ ਉਦੇਸ਼ ਸਿੱਖ ਧਰਮ ਦੀ ਨਿਵੇਕਲੀ ਪਛਾਣ ਸਥਾਪਿਤ ਕਰਨਾ ਸੀ, ਜਿਸ ਦੇ ਫਲਸਰੂਪ ਕੁਝ ਖਰੜਿਆਂ ਦੇ ਮੌਲਿਕ ਅਤੇ ਸੰਪਾਦਕੀ ਸਰੂਪਾਂ 'ਚ ਫ਼ਰਕ ਪੈ ਗਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਲਈ ‘ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ' ਦੀ ਰਚਨਾ ਸ਼ੁਰੂ ਕੀਤੀ, ਪਰ 607 ਪੰਨੇ ਤੱਕ ਹੀ ਲਿਖੀ ਜਾ ਸਕੀ।
ਭਾਈ ਸਾਹਿਬ ਦੇ ਪੰਜਾਬੀ ਸਾਹਿਤ ਦੇ ਮੁੱਲਵਾਨ ਯੋਗਦਾਨ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਉਨ੍ਹਾ ਨੂੰ ਡਾਕਟਰ ਆਫ਼ ਓਰੀਐਂਟਲ ਲਰਨਿੰਗ ਆਨਰੇਰੀ ਡਿਗਰੀ 1949 ਈ. ਵਿੱਚ ਪ੍ਰਦਾਨ ਕੀਤੀ। ਆਜ਼ਾਦੀ ਤੋਂ ਬਾਅਦ ਭਾਈ ਸਾਹਿਬ ਪਹਿਲੇ ਵਿਦਾਵਾਨ ਸਨ, ਜਿਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1955 ਈ. ਵਿੱਚ ਉਨ੍ਹਾਂ ਨੂੰ ਪੁਸਤਕ ‘ਮੇਰੇ ਸਾਈਆਂ ਜੀਓ' ਲਈ ਸਾਹਿਤ ਅਕਾਦਮੀ, ਨਵੀਂ ਦਿੱਲੀ ਪੁਰਸਕਾਰ ਮਿਲਿਆ। ਜਨਵਰੀ 1956 ਈ. ਵਿੱਚ ਭਾਰਤ ਸਰਕਾਰ ਨੇ ਭਾਈ ਸਾਹਿਬ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ। ਭਾਈ ਸਾਹਿਬ ਆਪਣੇ ਨਿਵਾਸ ਅਸਥਾਨ ਅੰਮ੍ਰਿਤਸਰ ਵਿੱਚ 10 ਜੂਨ 1957 ਨੂੰ ਪਰਲੋਕ ਸਧਾਰ ਗਏ।