Welcome to Canadian Punjabi Post
Follow us on

06

August 2020
ਬ੍ਰੈਕਿੰਗ ਖ਼ਬਰਾਂ :
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨਬੈਰੂਤ ਵਿੱਚ ਹੋਏ ਧਮਾਕੇ ਵਿੱਚ 100 ਦੇ ਲੱਗਭਗ ਲੋਕ ਹਲਾਕ, ਹਜ਼ਾਰਾਂ ਜ਼ਖ਼ਮੀਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਹੋਇਆ ਜ਼ੋਰਦਾਰ ਧਮਾਕਾਕੈਪਟਨ ਨੇ ਕਿਹਾ: ਨਕਲੀ ਸ਼ਰਾਬ ਦੇ ਮਾਮਲੇ ’ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾਸਿੱਸਵਾਂ ਫਾਰਮ ਹਾਊਸ 'ਚ ਕੈਪਟਨ ਨੂੰ ਲੱਭਣ ਗਏ ਮਾਨ, ਚੀਮਾ ਸਮੇਤ 'ਆਪ' ਵਿਧਾਇਕਾਂ ਤੇ ਲੀਡਰਾਂ ਨੂੰ ਪੁਲਸ ਨੇ 2 ਘੰਟੇ ਤੱਕ ਥਾਣੇ 'ਚ ਡੱਕਿਆ
ਨਜਰਰੀਆ

ਫੁੱਲਾਂ ਬਾਝ ਫਲਾਹੀਆਂ

December 04, 2019 09:01 AM

-ਡਾ. ਬਲਵਿੰਦਰ ਸਿੰਘ ਲੱਖੇਵਾਲੀ

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫਲਾਹੀਆਂ।
ਲੋਕ-ਬੋਲੀ ਦੀ ਇਹ ਝਲਕ ਸ਼ਾਇਦ ਅੱਜ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਰੁੱਖਾਂ ਹੇਠ ਥੜ੍ਹਿਆਂ ਉੱਪਰ ਰਲ ਬੈਠ ਵਕਤ ਗੁਜ਼ਾਰਨ ਦਾ ਰੁਝਾਨ ਦਿਨੋ-ਦਿਨ ਘਟਦਾ ਜਾਂਦਾ ਹੈ। ਪਿੰਡਾਂ ਵਿਚਲਾ ਸਹਿ-ਚਾਰ ਤੇ ਮੋਹ ਦੀਆਂ ਤੰਦਾਂ ਘਟਣ ਕਾਰਨ ਲੋਕ ਜ਼ਿਆਦਾ ਸਮਾਂ ਘਰੀਂ ਰਹਿਣ ਨੂੰ ਪਹਿਲ ਦੇਣ ਲੱਗੇ ਹਨ। ਜਿਨ੍ਹਾਂ ਰੁੱਖਾਂ ਹੇਠ ਮਹਿਫ਼ਲਾਂ ਸਜਿਆ ਕਰਦੀਆਂ ਸਨ, ਉਹ ਵੀ ਦਿਨੋ-ਦਿਨ ਲੋਪ ਹੁੰਦੇ ਜਾ ਰਹੇ ਹਨ। ਸਾਡੇ ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਆਦਿ ਪੱਖਾਂ ਨਾਲ ਜੁੜਿਆ ਰੁੱਖ ਫਲਾਹੀ ਵੀ ਉਨ੍ਹਾਂ ਵਿਚੋਂ ਇਕ ਹੈ, ਜਿਸ ਨੂੰ ਅੱਜਕੱਲ੍ਹ ਲੱਭਣਾ ਪੈਂਦਾ ਹੈ, ਪਹਿਲਾਂ ਆਮ ਹੀ ਮਿਲ ਜਾਂਦਾ ਸੀ। ਨਿੰਮ, ਕਿੱਕਰ ਵਾਂਗ ਪਹਿਲਾਂ ਫਲਾਹੀ ਦੀ ਦਾਤਣ ਕਰਨ ਦਾ ਰੁਝਾਨ ਵੀ ਆਮ ਸੀ, ਜਿਸ ਦੀ ਗਵਾਹੀ ਲੋਕ ਬੋਲੀ ਬਾਖੂਬੀ ਭਰਦੀ ਹੈ:
ਵਿਹੜੇ ਤਾਂ ਸਾਡੇ ਹਰੀਓ ਫਲਾਹੀ
ਵੇ ਬੀਬਾ! ਮੋੜ ਘੋੜਾ
ਦਾਤਣ ਕਰ ਜਾਣਾ ਜੀ।
ਦਾਤਣ ਵੀ ਕਰ ਗਿਆ
ਗੱਲਾਂ ਵੀ ਕਰ ਗਿਆ
ਇਹੋ ਜੋਗੀ, ਨੀਂ ਸਈਓ
ਇਹੋ ਜੋਗੀ ਸਾਨੂੰ ਛਲ ਗਿਆ ਨੀਂ।
ਤਰੱਕੀ ਦੀ ਪੌੜੀ ਚੜ੍ਹਦਿਆਂ ਅਸੀਂ ਕਾਫ਼ੀ ਅੱਗੇ ਲੰਘ ਆਏ ਹਾਂ। ਕੁਦਰਤੀ ਨਿਆਮਤਾਂ ਤੇ ਕੁਦਰਤੀ ਮਾਹੌਲ ਤੋਂ ਟੁੱਟ ਕੇ ਬਣਾਵਟੀ ਵਸਤਾਂ ਤੇ ਬਣਾਵਟੀ ਜ਼ਿੰਦਗੀ ਨੂੰ ਹੀ ਜ਼ਿੰਦਗੀ ਸਮਝਣ ਲੱਗੇ ਹਾਂ। ਕਦੇ ਸਾਡੇ ਪੰਜਾਬ ਵਿਚ ਰੁੱਖ-ਬੂਟੇ ਬਹੁਤ ਹੁੰਦੇ ਸਨ, ਜਿਨ੍ਹਾਂ ਸਦਕਾ ਪਸ਼ੂ-ਪੰਛੀ ਸਭ ਆਨੰਦਮਈ ਜੀਵਨ ਜਿਊਂਦੇ ਸਨ। ਹਰੀ ਕ੍ਰਾਂਤੀ ਨੇ ਆਰਥਿਕਤਾ ਨੂੰ ਤਾਂ ਹੁਲਾਰਾ ਦਿੱਤਾ, ਪਰ ਕੁਦਰਤੀ ਨਿਆਮਤਾਂ ਖ਼ਾਸ ਕਰ ਰੁੱਖ-ਪੌਦੇ ਸਾਥੋਂ ਖੋਹ ਲਏ। ਜਦੋਂ ਅਸੀਂ ਪੁਰਾਤਨ ਬੋਲੀਆਂ-ਗੀਤਾਂ ਜਾਂ ਸਿੱਠਣੀਆਂ ਆਦਿ ਉੱਤੇ ਝਾਤੀ ਮਾਰਦੇ ਹਾਂ ਤਾਂ ਸਾਨੂੰ ਅਨੇਕਾਂ ਵੰਨਗੀਆਂ ਵੇਖਣ ਨੂੰ ਮਿਲਦੀਆਂ ਹਨ:
ਲਾੜਿਆ ਵੇ ਤੇਰੀ
ਭੈਣ ਬੜੀ ਕੁਪੱਤੀ

ਵੇ ਉਹ ਖਾਵੇ ਬਾਜਰਾ
ਤੇ ਦੱਸਦੀ ਹੈ ਮੱਕੀ

ਵੇ ਉਹ ਚੜ੍ਹਦੀ ਫਲਾਹੀ
ਤੇ ਦੱਸਦੀ ਹੈ ਢੱਕੀਂ

ਵੇ ਉਹ ਬੈਤਲ
ਨਾ ਰਹਿੰਦੀ ਡੱਕੀ
ਉਹਨੂੰ ਰੋਕ ਲਾੜਿਆ
ਨੱਕ `ਤੇ ਨਾ ਬਹਿਣ
ਦੇਵੇ ਵੇ ਉਹ ਮੱਖੀ।
ਜਦੋਂ ਫਲਾਹੀ ਦੇ ਰੁੱਖ ਦੀ ਗੱਲ ਚੱਲਦੀ ਹੈ ਤਾਂ ਸਾਡੇ ਸਾਹਮਣੇ ਧਾਰਮਿਕ ਪੱਖ ਉਜਾਗਰ ਹੁੰਦਾ ਹੈ। ਕਹਿਣ ਦਾ ਭਾਵ ਖ਼ਾਸ ਕਰ ਸਿੱਖ ਧਰਮ ਵਿੱਚ ਫਲਾਹੀ ਦਾ ਜ਼ਿਕਰ ਖ਼ਾਸ ਵੇਖਣ ਨੂੰ ਮਿਲਦਾ ਹੈ। ਲੁਧਿਆਣਾ ਤੋਂ ਮਾਲੇਰਕੋਟਲਾ ਜਾਂਦਿਆਂ ਕੈਂਡ ਪਿੰਡ ਨੇੜਲੀ ਨਹਿਰ ਦੇ ਨੇੜੇ ਦੁਲੇਅ ਪਿੰਡ ਵਿਖੇ ਦਸਵੀਂਪਾਤਸ਼ਾਹੀ ਨਾਲ ਸਬੰਧਤ ਗੁਰਦੁਆਰਾ ਫਲਾਹੀ ਸਾਹਿਬ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਆਲਮਗੀਰ ਤੋਂ ਘੋੜੇ ਉੱਤੇ ਸਵਾਰ ਹੋ ਕੇ ਇਸ ਅਸਥਾਨ ਉੱਤੇ ਪੁੱਜੇ ਸਨ ਤਾਂ ਉਨ੍ਹਾਂ ਆਪਣਾ ਘੋੜਾ ਫਲਾਹੀ ਦੇ ਰੁੱਖ ਨਾਲ ਬੰਨ੍ਹਿਆ ਸੀ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿਚ ਮੌਜੂਦ ਲੱਖੀ ਜੰਗਲ ਵਿਚਲੇ ਗੁਰੂ ਘਰ ਨੇੜੇ ਫਲਾਹੀ ਸਾਹਿਬ ਦਾ ਪੁਰਾਤਨ ਰੁੱਖ ਹੈ। ਕਾਦੀਆਂ ਰੋਡ ਉੱਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਅਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਪਿੱਛੋਂ ਆਏ ਸਨ ਅਤੇ ਉਨ੍ਹਾਂ ਦਾਤਣ ਗੱਡੀ ਸੀ, ਜੋ ਅੱਜ ਵਿਸ਼ਾਲ ਰੁੱਖ ਦਾ ਰੂਪ ਲੈ ਚੁੱਕੀਹੈ।
ਫਲਾਹੀ ਰੁੱਖ ਦਾ ਮੂਲ ਸਥਾਨ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਭਾਰਤ ਦੇ ਪੰਜਾਬ ਤੇ ਉੱਤਰ ਪ੍ਰਦੇਸ਼ ਸੂਬੇ ਮੁੱਖ ਰੂਪ ਵਿਚ ਮੰਨੇ ਜਾਂਦੇ ਹਨ। ਇਸ ਰੁੱਖ ਦਾ ਵਿਗਿਆਨਕ ਨਾਮ ‘ਅਕੇਸ਼ੀਆ ਮੋਡੈਸਟਾ` ਹੈ, ਜਿਹੜਾ ਪੰਜਾਬ ਦੇ ਕੰਢੀ ਖੇਤਰ, ਪਹਾੜੀ ਖੇਤਰ ਅਤੇ ਖੁਸ਼ਕ ਇਲਾਕਿਆਂ ਵਿਚ ਵੇਖਣ ਨੂੰ ਮਿਲਦਾ ਹੈ। ਦਰਮਿਆਨੇ ਕੱਦ ਦਾ ਇਹ ਪੱਤਝੜੀ ਰੁੱਖ ਜਨਵਰੀ ਮਹੀਨੇ ਪੱਤਹੀਣ ਹੋ ਜਾਂਦਾ ਹੈ। ਮਾਰਚ ਦੇ ਅਖੀਰ ਤੋਂ ਲੈ ਕੇ ਅਪਰੈਲ ਮਈ ਦੇ ਮਹੀਨੇ ਤਕ ਛੋਟੇ-ਛੋਟੇ ਸਫ਼ੈਦ ਕਰੀਮ ਜਿਹੇ ਫੁੱਲ ਨਜ਼ਰੀਂ ਆਉਂਦੇ ਹਨ, ਜੋ ਸਮਾਂ ਪਾ ਕੇ ਚਮਟੀਆਂ ਜਿਹੀਆਂ ਫਲੀਆਂ ਵਿਚ ਬਦਲ ਜਾਂਦੇ ਹਨ ਅਤੇ ਇਹ ਫਲੀਆਂ ਕਈ ਮਹੀਨੇ ਰੁੱਖ ਉੱਪਰ ਲਟਕਦੀਆਂਂ ਹਨ। ਫੁੱਲਾਂ ਵਿਚੋਂ ਹਲਕੀ ਮਹਿਕ ਮਹਿਸੂਸ ਕੀਤੀ ਜਾਂਦੀਹੈ। ਰੁੱਖ ਦਾ ਸੱਕ ਖੁਰਦਰਾ ਤੇ ਵਿੰਗ-ਤੜਿੰਗੇ ਕਟਾਵਾਂ ਵਾਲਾ ਹੁੰਦਾ ਹੈ। ਇਸ ਦੀਆਂ ਟਾਹਣੀਆਂ ਉੱਪਰ ਗੁਲਾਬ ਦੀ ਤਰ੍ਹਾਂ ਜੋੜਿਆਂ ਵਿਚ ਕੰਡੇ ਵੇਖਣ ਨੂੰ ਮਿਲਦੇ ਹਨ। ਇਨ੍ਹਾਂ ਕੰਡਿਆਂ ਦੇ ਹੋਣ ਕਾਰਨ ਪੁਰਾਤਨ ਵੇਲਿਆਂ ਵਿਚ ਫਲਾਹੀ ਤੋਂ ਵਾੜ ਦਾ ਕੰਮ ਵੀ ਲਿਆ ਜਾਂਦਾ ਸੀ।
ਪੁਰਾਣੇ ਵੇਲਿਆਂ ਵਿਚ ਫੁਲਾਹੀ ਨੂੰ ਬਾਲਣ ਜਾਂ ਫਿਰ ਬੱਕਰੀਆਂ, ਊਠ ਤੇ ਹੋਰ ਜਾਨਵਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਸੀ। ਫਲਾਹੀ ਦੀ ਲੱਕੜ ਸਖ਼ਤ ਜਾਨ ਹੋਣ ਕਰਕੇ ਮਜ਼ਬੂਤੀ ਕਾਰਨ ਲੋਕ ਖੇਤੀ ਸੰਦ, ਘੁਲਾੜੀ, ਖੂਹ ਆਦਿ ਦੇ ਲਈ ਵਰਤਦੇ ਸਨ। ਇਸ ਰੁੱਖ ਦੇ ਤਣੇ ਵਿਚੋਂ ਗੂੰਦ ਨਿਕਲਦੀ ਹੈ ਅਤੇ ਇਸੇ ਕਰਕੇ ਫਲਾਹੀ ਨੂੰ ਅਕਸਰ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿਚ ‘ਅੰਮ੍ਰਿਤਸਰੀ ਗਮ` ਦੇ ਨਾਂ ਨਾਲ ਵੀ ਜਾਣਦੇ ਹਨ। ਇਹ ਗੂੰਦ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਪੁਰਾਣੇ ਵੇਲਿਆਂ ਵਿਚ ਔਰਤਾਂ ਨੂੰ ਜਣੇਪੇ ਤੋਂ ਬਾਅਦ ਫਲਾਹੀ ਦੀ ਗੂੰਦ, ਕਣਕ, ਬਾਦਾਮ ਅਤੇ ਮੱਖਣ ਦਾ ਮਿਸ਼ਰਣ ਬਣਾ ਕੇ ਦਿੱਤਾ ਜਾਂਦਾ ਸੀ ਤਾਂ ਜੋ ਸਰੀਰਿਕ ਕਮਜ਼ੋਰੀ ਤੋਂ ਬਚਾਅ ਕੀਤਾ ਜਾ ਸਕੇ, ਦੂਸਰਾ ਪਿੱਠ ਦੇ ਹੇਠਲੇ ਪਾਸੇ ਤੋਂ ਨਿਕਲਣ ਵਾਲੀ ਪੀੜ ਦੇ ਇਲਾਜ ਲਈ ਵੀ ਖ਼ਾਸ ਨੁਸਖੇ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਫਲਾਹੀ ਦੇ ਵੱਖ-ਵੱਖ ਭਾਗਾਂ ਤੋਂ ਅਧਰੰਗ, ਦਸਤ ਰੋਗ, ਅੰਤੜੀ ਰੋਗ, ਕੋਹੜ, ਖੰਘ ਆਦਿ ਅਨੇਕਾਂ ਰੋਗਾਂ ਦੇ ਇਲਾਜ ਲਈ ਨੁਸਖੇ ਤਿਆਰ ਕੀਤੇ ਜਾਂਦੇ ਹਨ। ਦੰਦਾਂ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਫਲਾਹੀ ਦੀ ਦਾਤਣ ਵਿਸ਼ੇਸ਼ ਤੌਰ ਉੱਤੇ ਕੀਤੀ ਜਾਂਦੀ ਸੀ। ਕਈ ਸੱਜਣ ਫਲਾਹੀ ਦੇ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਖ਼ਾਸ ਤੌਰ ਉੱਤੇ ਖਾਣਾ ਪਸੰਦ ਕਰਦੇ ਹਨ।
ਫਲਾਹੀ ਦੇ ਰੁੱਖ ਨਰਸਰੀਆਂ ਵਿਚ ਬੜਾ ਘੱਟ ਮਿਲਦੇ ਹਨ, ਪਰ ਇਸ ਦੇ ਬੀਜ ਇਕੱਠੇ ਕਰਕੇ ਖ਼ੁਦ ਬੂਟੇ ਤਿਆਰ ਕੀਤੇ ਜਾ ਸਕਦੇ ਹਨ। ਤਾਜ਼ੇ ਬੀਜਾਂ ਨੂੰ ਸਿੱਧੇ ਹੀ ਅਤੇ ਪੁਰਾਣੇ ਬੀਜਾਂ ਨੂੰ ਤਕਰੀਬਨ 24 ਘੰਟੇ ਭਿਉਂ ਕੇ ਬੀਜਣਾ ਲਾਭਕਾਰੀ ਹੁੰਦਾ ਹੈ। ਕੁੱਲ ਮਿਲਾ ਕੇ ਸਾਨੂੰ ਸਾਡੇ ਪੁਰਾਤਨ ਤੇ ਵਿਰਾਸਤੀ ਰੁੱਖਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਵਿਉਂਤਬੰਦੀ ਕਰਦੇ ਸਮੇਂ ਫਲਾਹੀ ਵਰਗੇ ਰੁੱਖਾਂ ਨੂੰ ਢੁੱਕਵੇਂ ਸਥਾਨ ਉੱਤੇ ਲਾਉਣਾ ਚਾਹੀਦਾ ਹੈ। ਪੰਜਾਬੀਆਂ ਚਾਹੀਦਾ ਹੈ ਕਿ ਅਸੀਂ ਰਲ ਮਿਲ ਕੇ ਪੰਜਾਬ ਨੂੰ ਮੁੜ ਤੋਂ ਫੁੱਲ-ਬੂਟਿਆਂ ਸੰਗ ਰੰਗਣਾ ਸ਼ੁਰੂ ਕਰੀਏ।
ਫੁੱਲਾਂ ਦੀ ਫਲਾਹੀ ਮਾਹੀਆ
ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ `ਤੇ ਪਾਈ ਮਾਹੀਆ।

Have something to say? Post your comment