Welcome to Canadian Punjabi Post
Follow us on

11

August 2020
ਨਜਰਰੀਆ

ਮੈਡੀਕਲ ਕਿੱਤੇ ਵਿੱਚ ਵੀ ‘ਲਾਭ-ਹਾਨੀ' ਦਾ ਵਹੀ-ਖਾਤਾ ਚਲਦਾ ਹੈ

November 28, 2019 08:01 AM

-ਪੂਰਨ ਚੰਦ ਸਰੀਨ
ਕਿਸੇ ਵੀ ਸਮਾਜ 'ਚ ਜੇ ਈਸ਼ਵਰ ਵਾਂਗ ਜਾਂ ਉਸ ਦੇ ਬਰਾਬਰ ਹੀ ਆਦਰ ਅਤੇ ਸਮਾਨ ਦਿਵਾਉਣ ਵਾਲਾ ਕੋਈ ਕਿੱਤਾ ਹੈ ਤਾਂ ਉਸ ਵਿੱਚ ਮੈਡੀਕਲ ਅਤੇ ਉਸ ਨਾਲ ਜੁੜੇ ਉਹ ਸਭ ਲੋਕ ਆਉਂਦੇ ਹਨ, ਜੋ ਇੱਕ ਤਰ੍ਹਾਂ ਮਨੁੱਖ ਨੂੰ ਬੀਮਾਰੀ, ਹਾਦਸੇ ਜਾਂ ਕੁਦਰਤੀ ਆਫਤ ਵਿੱਚ ਫਸੇ ਲੋਕਾਂ ਦੀ ਜੀਵਨ ਰੱਖਿਆ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚ ਡਾਕਟਰ, ਨਰਸ ਇਨਸਾਨ ਦੇ ਰੱਖਿਅਕ ਅਤੇ ਹਸਪਤਾਲ, ਡਿਸਪੈਂਸਰੀ ਤੋਂ ਲੈ ਕੇ ਦਵਾਈਆਂ ਦੀਆਂ ਦੁਕਾਨਾਂ, ਬੀਮਾਰ ਦਾ ਇਲਾਜ ਕਰਨ ਦੇ ਸਾਧਨ ਦੇ ਰੂੂਪ ਵਿੱਚ ਮੰਨੇ ਜਾਂਦੇ ਹਨ। ਹਰ ਕਿੱਤੇ ਦਾ ਆਰਥਿਕ ਲਾਭ-ਹਾਨੀ ਦਾ ਜੋ ਵਹੀ-ਖਾਤਾ ਚੱਲਦਾ ਹੈ, ਮੈਡੀਕਲ ਕਿੱਤੇ ਵਿੱਚ ਉਹ ਨਹੀਂ ਰੱਖਿਆ ਜਾ ਸਕਦਾ ਅਤੇ ਇਸੇ ਲਈ ਇਸ ਨੂੰ ਸੇਵਾ ਦਾ ਜ਼ਰੀਆ ਸਮਝਿਆ ਜਾਂਦਾ ਰਿਹਾ ਹੈ। ਅੱਜ ਸਥਿਤ ਲਗੱਭਗ ਉਲਟੀ ਹੋ ਗਈ ਹੈ ਤੇ ਇਸ ਨੂੰ ਵੀ ਉਸੇ ਤਰ੍ਹਾਂ ਧਨ ਲਾਭ ਕਮਾਉਣ ਦਾ ਜ਼ਰੀਆ ਮੰਨਣ ਦਾ ਚਲਨ ਸ਼ੁਰੂੂ ਹੋ ਗਿਆ ਹੈ, ਜਿਵੇਂ ਦੂਜੇ ਕੰਮ-ਧੰਦਿਆਂ ਵਿੱਚ ਮੰਨਿਆ ਜਾਂਦਾ ਹੈ। ਇਸ ਦੀ ਮਿਸਾਲ ਇਹ ਹੈ ਕਿ ਪਹਿਲਾਂ ਖਪਤਕਾਰ ਸੁਰੱਖਿਆ ਕਾਨੂੰਨ ਵਿੱਚ ਸਿਹਤ ਦੀ ਦੇਖਭਾਲ ਕਾਰਨ ਹੋਰ ਸੇਵਾਵਾਂ ਵਾਂਗ ਸੇਵਾ ਦੇ ਘੇਰੇ ਵਿੱਚ ਰੱਖਿਆ ਗਿਆ ਸੀ ਅਤੇ ਜੇ ਮੈਡੀਕਲ ਸੇਵਾ ਵਿੱਚ ਕੋਈ ਖਾਮੀ ਹੁੰਦੀ ਸੀ ਤਾਂ ਇਸ ਕਾਨੂੰਨ ਦੇ ਘੇਰੇ ਵਿੱਚ ਸਜ਼ਾ ਦੇਣ ਦੀ ਵਿਵਸਥਾ ਸੀ, ਪਰ ਅੱਜ ਏਦਾਂ ਨਹੀਂ ਕਰ ਸਕਦੇ। ਪੀੜਤ ਨੂੰ ਆਮ ਮੁਕੱਦਮੇ ਵਾਂਗ ਵੱਖ-ਵੱਖ ਅਦਾਲਤਾਂ ਵਿੱਚ ਨਿਆਂ ਦੀ ਅਪੀਲ ਕਰਨੀ ਹੋਵੇਗੀ।
ਇੱਕ ਸਰਵੇ ਅਨੁਸਾਰ ਇਸ ਕਿੱਤੇ 'ਚ ਕੰਮ ਕਰਦੇ ਡਾਕਟਰ ਅਨੇਕ ਤਰ੍ਹਾਂ ਦੇ ਟੈਸਟ ਕਰਨ ਵਾਲੀਆਂ ਲੈਬਾਰਟੀਆਂ ਤੋਂ 40 ਤੋਂ 60 ਫੀਸਦੀ ਤੱਕ ਕਿੱਕਬੈਕ ਲੈਣ ਲੱਗੇ ਹਨ, ਜੋ ਉੁਨ੍ਹਾਂ ਨੂੰ ਮਰੀਜ਼ ਦੀ ਜੇਬ 'ਚੋਂ ਕਢਵਾਉਣ ਦੀ ਯੋਗਤਾ ਵਜੋਂ ਮਿਲਦਾ ਹੈ। ਇਸ ਵਿੱਚ ਗੈਰ ਜ਼ਰੂਰੀ ਟੈਸਟ ਵੀ ਰੋਗ ਨੂੰ ਦੂਰ ਕਰਨ ਲਈ ਜ਼ਰੂਰੀ ਦੱਸ ਕੇ ਮਰੀਜ਼ ਨੂੰ ਉਨ੍ਹਾਂ ਨੂੰ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇਨ੍ਹਾਂ ਟੈਸਟਾਂ ਲਈ ਕਰਾਉਣ ਲਈ ਮਰੀਜ਼ ਦਾ ਜੋ ਖੂਨ, ਯੂਰਿਨ, ਬਲਗਮ ਆਦਿ ਲਿਆ ਜਾਂਦਾ ਹੈ, ਨਾਲੀਆਂ ਵਿੱਚ ਵਹਾ ਦਿੱਤਾ ਜਾਂਦਾ ਹੈ। ਇਨ੍ਹਾਂ ਟੈਸਟਾਂ ਦੇ ਨਾਂ ਵੀ ਹਨ ਅਤੇ ਇਨ੍ਹਾਂ ਨੂੰ ਨਾਲੀ ਜਾਂ ਸਿੰਕ ਕਿਹਾ ਜਾਂਦਾ ਹੈ। ਕਿਸੇ ਵੀ ਲੈਬਾਰਟਰੀ ਵਿੱਚ ਕਿਸੇ ਕਰਮਚਾਰੀ ਨੂੰ ਭਰੋਸੇ ਵਿੱਚ ਲੈ ਕੇ ਇਹ ਸੱਚ ਪੁੱਛਿਆ ਜਾ ਸਕਦਾ ਹੈ।
ਕਿਸੇ ਵੀ ਭਾਰੀ ਫੀਸ ਲੈਣ ਵਾਲੇ ਸਪੈਸ਼ਲਿਸਟ ਨੂੰ ਰੈਫਰ ਕਰਨ ਲਈ ਡਾਕਟਰ ਨੂੰ 30 ਤੋਂ 40 ਫੀਸਦੀ ਤੱਕ ਮਿਲਦਾ ਹੈ ਤੇ ਲਗੱਭਗ ਇੰਨਾ ਹੀ ਹਸਪਤਾਲ ਦੀਆਂ ਸੇਵਾਵਾਂ ਤੋਂ ਮਿਲਦਾ ਹੈ। ਇਸ ਦੇ ਨਾਲ ਮੰਨੇ-ਪ੍ਰਮੰਨੇ ਹਸਪਤਾਲਾਂ ਦੇ ਪੈਨਲ 'ਚ ਬਣੇ ਰਹਿਣ ਲਈ ਡਾਕਟਰ ਨੂੰ ਉਨ੍ਹਾਂ ਵਿੱਚ ਮਰੀਜ਼ਾਂ ਨੂੰ ਭੇਜਣ ਲਈ ਆਪਣੇ ਨਿਰਧਾਰਿਤ ਕੋਟੇ ਨੂੰ ਪੂਰਾ ਕਰਨਾ ਹੁੰਦਾ ਹੈ, ਤਦੇ ਉਹ ਉਸ ਹਸਪਤਾਲ ਦੇ ਪੈਨਲ ਵਿੱਚ ਰਹਿ ਸਕਦਾ ਹੈ।
ਇੱਕ ਹੋਰ ਗੋਰਖਧੰਦਾ ਚੱਲਦਾ ਹੈ, ਜੋ ਆਮ ਤੌਰ ਉੱਤੇ ਡਾਕਟਰ ਜੋੜੇ ਚਲਾਉਂਦੇ ਹਨ। ਇਹ ਵਨ ਮੈਨ ਸ਼ੋਅ ਹੁੰਦਾ ਹੈ। ਪਤੀ-ਪਤਨੀ 'ਚੋਂ ਇੱਕ ਡਾਕਟਰ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਦੂਜਾ ਆਪਣੇ ਘਰ ਦੇ ਕੁਝ ਕਮਰਿਆਂ ਨੂੰ ਨਰਸਿੰਗ ਹੋਮ ਦੀ ਸ਼ਕਲ ਦੇ ਦਿੰਦਾ ਹੈ। ਇਸ ਵਿੱਚ 10ਵੀਂ ਫੇਲ ਨਰਸ, ਢਿੱਲੀ ਜਾਂ ਕੱਸੀ ਹੋਈ ਵਰਦੀ ਪਹਿਨੀ ਅਨਪੜ੍ਹ ਵਾਰਡ ਬੁਆਏ ਹੁੰਦੇ ਹਨ। ਨਰਸ ਰਿਸੈਪਸ਼ਨ ਤੋਂ ਲੈ ਕੇ ਇੰਜੈਕਸ਼ਨ ਲਾਉਣ, ਗੁਲੂਕੋਜ਼ ਚੜ੍ਹਾਉਣ ਤੋਂ ਲੈ ਕੇ ਆਪ੍ਰੇਸ਼ਨ ਸਹਾਇਕ ਤੱਕ ਦਾ ਕੰਮ ਕਰਦੀ ਹੈ ਅਤੇ ਰਾਤ ਆਈ ਸੀ ਯੂ ਦੇ ਬਾਹਰ ਵੀ ਬੈਠਦੀ ਹੈ, ਤਾਂ ਕਿ ਜੇ ਕੋਈ ਐਮਰਜੈਂਸੀ ਹੋਵੇ ਤਾਂ ਤੁਰੰਤ ਦੂਜੀ ਮੰਜ਼ਿਲ 'ਤੇ ਰਹਿਣ ਵਾਲੇ ਡਾਕਟਰ ਜੋੜੇ 'ਚੋਂ ਕਿਸੇ ਇੱਕ ਨੂੰ ਬੁਲਾ ਸਕੇ। ਇਥੋਂ ਤੱਕ ਦੇ ਕਿੱਸੇ ਹਨ ਕਿ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਨਕਲੀ ਆਪ੍ਰੇਸ਼ਨ ਦੀ ਢੌਂਗ ਰਚ ਕੇ ਮੋਟੀ ਰਕਮ ਵਸੂਲੀ ਜਾਂਦੀ ਹੈ। ਇਸ ਤਰ੍ਹਾਂ ਦੇ ਕਲੀਨਿਕ ਅਤੇ ਨਰਸਿੰਗ ਹੋਮ 'ਚ ਜ਼ਬਰਦਸਤ ਸਰਜਰੀ ਤੋਂ ਲੈ ਕੇ ਔਰਤਾਂ ਦੀ ਬੱਚੇਦਾਨੀ ਇਹ ਕਹਿ ਕੱਢੀ ਜਾਂਦੀ ਹੈ ਕਿ ਫਾਇਬ੍ਰਾਡ ਹੋ ਗਏ ਹਨ, ਜੋ ਹਰ ਮਹਿਲਾ 'ਚ ਹੁੰਦੇ ਹਨ। ਇਸ ਤਰ੍ਹਾਂ ਕਾਸਮੈਟਿਕ ਟ੍ਰੀਟਮੈਂਟ ਦੇ ਨਾਂ ਉੱਤੇ ਫੇਸ਼ੀਅਲ, ਵੈਕਸਿੰਗ ਕਰਨ ਦੀ ਗੱਲ ਕਹਿ ਕੇ ਚਮੜੀ ਦਾ ਇੰਨਾ ਬੁਰਾ ਹਾਲ ਕਰ ਦਿੰਦੇ ਹਨ, ਜਿਸ ਨਾਲ ਜਾਨ ਤੱਕ ਖਤਰੇ 'ਚ ਪੈ ਸਕਦੀ ਹੈ।
ਕਿਉਂਕਿ ਇਲਾਜ 'ਚ ਲਾਪਰਵਾਹੀ ਦੀ ਵਿਵਸਥਾ ਹੀ ਕਾਨੂੰਨ ਵਿੱਚ ਨਹੀਂ ਤਾਂ ਕਿਵੇਂ ਰੋਗੀ ਅਤੇ ਉਸ ਦੇ ਪਰਵਾਰ ਵਾਲੇ ਆਪਣੇ ਬਚਾਅ 'ਚ ਕੁਝ ਕਰ ਸਕਣਗੇ? ਇਹ ਸਾਡੇ ਨੀਤੀ ਨਿਰਧਾਰਨ ਕਰਨ ਵਾਲਿਆਂ ਲਈ ਸੋਚਣ ਦੀ ਹੀ ਨਹੀਂ, ਸਗੋਂ ਇਸ 'ਤੇ ਕੁਝ ਠੋਸ ਨਿਯਮ-ਕਾਨੂੰਨ ਬਣਾਉਣ ਦੀ ਵੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਭਾਰਤ ਦੇ ਮੈਡੀਕਲ ਕਿੱਤੇ ਦੀ ਸਭ ਤੋਂ ਪਹਿਲੀ ਕੜੀ ਸਰਕਾਰੀ ਹਸਪਤਾਲਾਂ ਦੀ ਹੈ, ਜੋ ਅਨੇਕ ਪ੍ਰਸ਼ਾਸਨਿਕ ਖਾਮੀਆਂ ਦੇ ਬਾਵਜੂਦ ਆਮ ਵਿਅਕਤੀ ਦੀ ਬਿਮਾਰੀ ਦੀ ਹਾਲਤ ਵਿੱਚ ਪਹਿਲੀ ਪਸੰਦ ਹੈ। ਇਨ੍ਹਾਂ ਵਿੱਚ ਭੀੜ ਇੰਨੀ ਹੁੰਦੀ ਹੈ ਕਿ ਡਾਕਟਰ ਦੇ ਮਨ ਵਿੱਚ ਮਰੀਜ਼ ਦਾ ਆਰਥਿਕ ਸ਼ੋਸ਼ਣ ਕਰਨ ਦੀ ਗੱਲ ਹੀ ਨਹੀਂ ਆਉਂਦੀ। ਦੂਸਰਾ, ਜ਼ਿਆਦਾਤਰ ਬੀਮਾਰ ਇਲਾਜ ਲਈ ਪੈਸਿਆਂ ਦੀ ਕਮੀ ਨਾਲ ਜੂਝਦੇ ਰਹਿੰਦੇ ਹਨ। ਜੋ ਖੁਸ਼ਹਾਲ ਹੁੰਦੇ ਹਨ, ਉਹ ਆਪਣੇ ਸਿਆਸੀ ਜਾਂ ਸਮਾਜਿਕ ਰੁਤਬੇ ਦੀ ਬਦੌਲਤ ਉਥੇ ਵੀ ਆਈ ਪੀ ਵਾਂਗ ਆਪਣਾ ਇਲਾਜ ਕਰਾਉਣ ਆਉਂਦੇ ਹਨ ਅਤੇ ਕਦੇ-ਕਦੇ ਜ਼ਰੂਰਤ ਨਾ ਹੋਣ 'ਤੇ ਵੀ ਵਾਰਡ ਵਿੱਚ ਟਿਕੇ ਰਹਿੰਦੇ ਹਨ ਅਤੇ ਮੁਫਤ ਵਿੱਚ ਮਹਿੰਗੀਆਂ ਤੋਂ ਮਹਿੰਗੀਆਂ ਸਹੂਲਤਾਂ ਦੀ ਵਰਤੋਂ ਕਰਦੇ ਰਹਿੰਦੇ ਹਨ।
ਦੂਸਰੀ ਕੜੀ ਹੈ ਇਲਾਜ ਨੂੰ ਸ਼ੁੱਧ ਕਾਰੋਬਾਰ ਅਤੇ ਜ਼ਬਰਦਸਤ ਮੁਨਾਫੇ ਦੇ ਧੰਦੇ ਵਜੋਂ ਦੇਖਣ ਵਾਲੇ ਵੱਡੇ ਕਾਰੋਬਾਰੀ ਤੇ ਉਦਯੋਗਿਕ ਘਰਾਣਿਆਂ ਵੱਲੋਂ ਬਣਾਏ ਫਾਈਵ ਸਟਾਰ ਹਸਪਤਾਲਾਂ ਦੀ, ਜਿੱਥੇ ਜਾਂ ਉਹ ਲੋਕ ਇਲਾਜ ਲਈ ਜਾਂਦੇ ਹਨ, ਜਿਨ੍ਹਾਂ ਕੋਲ ਪੈਸਾ ਸੁੱਟ ਕੇ ਤਮਾਸ਼ਾ ਦੇਖਣ ਦੀ ਤਾਕਤ ਹੈ ਜਾਂ ਜਿਨ੍ਹਾਂ ਦੀ ਬੀਮਾਰੀ ਦਾ ਖਰਚ ਬੀਮਾ ਕੰਪਨੀਆਂ ਚੁੱਕਦੀਆਂ ਹਨ। ਆਮ ਆਦਮੀ ਜਾਂ ਥੋੜ੍ਹੀ-ਬਹੁਤ ਹੈਸੀਅਤ ਰੱਖਣ ਅਤੇ ਇਲਾਜ ਦੇ ਖਰਚ ਦਾ ਜੁਗਾੜ ਕਰ ਸਕਣ ਵਾਲਾ ਇਨ੍ਹਾਂ ਵਿੱਚ ਚਲਾ ਗਿਆ ਤਾਂ ਉਸ ਹੀ ਹਾਲਤ ਗਲੇ ਵਿੱਚ ਹੱਡੀ ਵਾਂਗ ਹੋ ਜਾਂਦੀ ਹੈ, ਜੋ ਨਾ ਨਿਗਲਦੇ ਬਣਦੀ ਹੈ ਅਤੇ ਨਾ ਉਗਲਦੇ।
ਤੀਸਰੀ ਕੜੀ ਹੈ ਉਨ੍ਹਾਂ ਧਰਮਾਰਥ ਤੇ ਸ਼ੁੱਧ ਸੇਵਾ ਕਰਨ ਦੀ ਨੀਤ ਨਾਲ ਖੋਲ੍ਹੇ ਗਏ ਇਲਾਜ ਸੰਗਠਨਾਂ ਤੇ ਸੰਸਥਾਨਾਂ ਦੀ, ਜੋ ਲਗੱਭਗ ਮੁਫਤ ਇਲਾਜ ਦੀਆਂ ਸਹੂਲਤਾਂ ਦਿੰਦੇ ਹਨ। ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਨ੍ਹਾਂ ਵਿੱਚ ਇਲਾਜ ਦੇ ਉਚੇ ਪੈਮਾਨਿਆਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਕੁਝ ਦੀ ਪ੍ਰਸਿੱਧੀ ਕੌਮਾਂਤਰੀ ਪੱਧਰ 'ਤੇ ਵੀ ਹੈ।
ਇੱਕ ਚੌਥੀ ਕੜੀ ਹੈ, ਜੋ ਝੋਲਾਛਾਪ ਡਾਕਟਰਾਂ ਦੀ ਹੈ। ਝਾੜ-ਫੂਕ, ਤਾਵੀਤ, ਭੂਤ-ਪ੍ਰੇਤ ਦੇ ਡਰ ਵਰਗੀਆਂ ਗੱਲਾਂ ਨਾਲ ਇਲਾਜ ਕਰਨ ਦੇ ਬਹਾਨੇ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ। ਇਨ੍ਹਾਂ ਸਾਰੇ ਹਾਲਤ ਦੇ ਕਾਰਣ ਕੀ ਇਹ ਜ਼ਰੂਰੀ ਨਹੀਂ ਕਿ ਦੇਸ਼ ਵਿੱਚ ਹਰ ਨਾਗਰਿਕ ਨੂੰ ਸਿਹਤਮੰਦ ਰਹਿਣ ਦਾ ਅਧਿਕਾਰ ਮਿਲੇ ਅਤੇ ਇਸ ਦੇ ਲਈ ਸਾਰੇ ਸਿਆਸੀ ਦਲ ਇਕ ਸੁਰ ਨਾਲ ਸਰਕਾਰ ਤੋਂ ਕਾਨੂੰਨ ਬਣਾਉਣ ਦੀ ਮੰਗ ਕਰਨ, ਜਿਸ ਦਾ ਖਰੜਾ ਉਪਰ ਕਹੀਆਂ ਗਈਆਂ ਚਾਰ ਕੜੀਆਂ ਅਤੇ ਹੋਰ ਅਸਲੀਅਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇ?
ਦੁਨੀਆ ਦਾ ਕੋਈ ਵੀ ਦੇਸ਼ ਬੀਮਾਰ ਅਤੇ ਕਮਜ਼ੋਰ ਨਾਗਰਿਕਾਂ ਦੇ ਬਲ 'ਤੇ ਤਰੱਕੀ ਨਹੀਂ ਕਰ ਸਕਦਾ, ਇਸ ਲਈ ਸਿਹਤਮੰਦ ਰਹਿਣ ਨੂੰ ਸਰਵਉਚ ਤਰਜੀਹ ਮਿਲੇ ਅਤੇ ਸਭ ਦੇ ਲਈ ਇਕੋ ਜਿਹੀਆਂ ਮੈਡੀਕਲ ਸਹੂਲਤਾਂ ਹੋਣ ਅਤੇ ਇਸ ਲਈ ਅੰਦੋਲਨ ਵੀ ਕਰਨਾ ਪਵੇ ਤਾਂ ਉਸ ਤੋਂ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਇਹ ਜਨਹਿੱਤ ਦਾ ਮੁੱਦਾ ਹੈ।

 

Have something to say? Post your comment