Welcome to Canadian Punjabi Post
Follow us on

05

July 2020
ਨਜਰਰੀਆ

ਬਗਦਾਦੀ ਦੇ ਮਰਨ ਨਾਲ ਹੀ ਅੱਤਵਾਦ ਖਤਮ ਨਹੀਂ ਹੋ ਜਾਣਾ

November 19, 2019 09:01 AM

-ਸਈਦ ਸਲਮਾਨ
ਪਿਛਲੇ ਦਿਨੀਂ ਆਈ ਐੱਸ ਆਈ ਐੱਸ ਦੇ ਸਰਗਣੇ ਅਬੂ ਬਕਰ ਅਲ ਬਗਦਾਦੀ ਦੀ ਮੌਤ ਦੀ ਖਬਰ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਇਸ ਨਾਲ ਖਾਸ ਕਰ ਕੇ ਉਨ੍ਹਾਂ ਦੇਸ਼ਾਂ ਨੇ ਕੁਝ ਸੁੱਖ ਦਾ ਸਾਹ ਲਿਆ, ਜਿਨ੍ਹਾਂ ਵੱਲ ਆਈ ਐੱਸ ਆਈ ਐੱਸ ਨੇ ਹਿੰਸਕ ਕਹਿਰ ਮਚਾਇਆ ਪਿਆ ਹੈ। ਅਮਰੀਕਾ ਨੇ ਉਸ ਦੇ ਸਿਰ ਉੱਤੇ ਢਾਈ ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਉਸ ਦੇ ਮਾਰੇ ਜਾਣ ਦੀ ਖਬਰ ਕਈ ਵਾਰ ਪਹਿਲਾਂ ਵੀ ਆਈ ਸੀ। ਉਸ ਨੇ ਖੁਦ ਨੂੰ ਦੁਨੀਆ ਦੇ ਮੁਸਲਮਾਨਾਂ ਦਾ ‘ਖਲੀਫਾ’ ਐਲਾਨਿਆ ਹੋਇਆ ਸੀ। ਉਸ ਦੀ ਅਗਵਾਈ ਹੇਠ ਆਈ ਐੱਸ ਆਈ ਐੱਸ ਨੇ ਇਰਾਕ ਅਤੇ ਸੀਰੀਆ ਦੇ ਵੱਡੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਥੇ ਕੱਟੜਪੰਥੀ ਵਿਚਾਰਧਾਰਾ ਬਹੁਤ ਸਖਤੀ ਨਾਲ ਲਾਗੂ ਕੀਤੀ ਅਤੇ ਇਸਲਾਮਕ ਕਾਨੂੰਨ, ਭਾਵ ਸ਼ਰੀਅਤ ਨਾਲ ਚੱਲਦੀ ਸਰਕਾਰ ਬਣਾਈ ਸੀ।
ਆਈ ਐੱਸ ਆਈ ਐੱਸ ਵੱਲੋਂ ਗਲਤ ਢੰਗ ਨਾਲ ਇਸਲਾਮ ਦੇ ਨਾਂਅ 'ਤੇ ਫੈਲਾਈ ਗਈ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਕਈ ਦੇਸ਼ਾਂ ਦੇ ਗੁੰਮਰਾਹ ਨੌਜਵਾਨ ਉਸ ਨਾਲ ਜੁੜ ਗਏ ਅਤੇ ਕਈ ਹੋਰ ਅੱਤਵਾਦੀ ਸੰਗਠਨ ਵੀ ਆਈ ਐੱਸ ਆਈ ਐੱਸ ਨਾਲ ਜਾ ਜੁੜੇ ਅਤੇ ਉਨ੍ਹਾਂ ਨੇ ਬਗਦਾਦੀ ਦੀ ਅਗਵਾਈ ਨੂੰ ਸਵੀਕਾਰ ਕਰ ਲਿਆ ਸੀ। ਇਸ ਤੋਂ ਬਾਅਦ ਆਈ ਐੱਸ ਆਈ ਐੱਸ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਵਾਏ ਸਨ। ਬਗਦਾਦੀ ਪੂਰੀ ਦੁਨੀਆ ਲਈ ਅੱਤਵਾਦ ਦਾ ਸਭ ਤੋਂ ਡਰਾਉਣਾ ਚਿਹਰਾ ਬਣ ਗਿਆ ਸੀ। ਉਸ ਨੇ ਆਪਣਾ ਗਲਬਾ ਬਣਾਉਣ ਲਈ ਪੂਰੇ ਇਸਲਾਮ 'ਤੇ ਜਿਵੇਂ ਕਬਜ਼ਾ ਕਰ ਲਿਆ ਸੀ। ਆਪਣੀ ਧਾਰਮਿਕ ਕੱਟੜਤਾ ਅਤੇ ਦਹਿਸ਼ਤ ਕਾਰਨ ਉਹ ਪੂਰੀ ਦੁਨੀਆ ਦੇ ਮੀਡੀਆ ਵਿੱਚ ਛਾਇਆ ਰਿਹਾ। ਉਸ ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਅਮਰੀਕਾ ਉੱਤੇ ਅੱਤਵਾਦੀ ਹਮਲਾ ਕਰਨ ਕਰ ਕੇ ਸਭ ਤੋਂ ਵੱਡੇ ਅੱਤਵਾਦੀ ਮੰਨਿਆ ਜਾਂਦਾ ਸੀ, ਪਰ ਬਗਦਾਦੀ ਅਤੇ ਆਈ ਐੱਸ ਆਈ ਐੱਸ ਨੇ ਦੁਨੀਆ 'ਚ ਅੱਤਵਾਦੀ ਹਮਲੇ ਕਰ ਕੇ ਆਪਣੇ ਜ਼ੁਲਮਾਂ ਦਾ ਰਿਕਾਰਡ ਤੋੜਿਆ ਤੇ ਆਪਣੀ ਕੱਟੜਪੰਥੀ ਸੋਚ ਨਾਲ ਬਗਦਾਦੀ ਨੇ ਓਸਾਮਾ ਨੂੰ ਪਿੱਛੇ ਛੱਡ ਦਿੱਤਾ। ਆਈ ਐੱਸ ਆਈ ਐੱਸ ਲਾਦੇਨ ਦੇ ਸੰਗਠਨ ਅਲ ਕਾਇਦਾ ਤੋਂ ਵੀ ਕਈ ਗੁਣਾ ਵੱਧ ਕੱਟੜਪੰਥੀ ਸਿੱਧ ਹੋਇਆ।
ਦੁਨੀਆ ਭਰ ਵਿੱਚ ਬਗਦਾਦੀ ਦੀ ਮੌਤ ਬਾਰੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਕੁਝ ਲੋਕਾਂ ਨੇ ਇਸ ਨੂੰ ਅੱਤਵਾਦ ਵਿਰੁੱਧ ਵੱਡੀ ਜਿੱਤ ਦੱਸਿਆ ਤਾਂ ਕੁਝ ਨੇ ਇਸ ਨੂੰ ਬਹੁਤਾ ਧਿਆਨ ਨਹੀਂ ਦਿੱਤਾ। ਸਾਊਦੀ ਅਰਬ, ਤੁਰਕੀ, ਅਫਗਾਨਿਸਤਾਨ ਅਤੇ ਮਿਸਰ ਸਮੇਤ ਕਈ ਮੁਸਲਿਮ ਦੇਸ਼ਾਂ ਨੇ ਬਗਦਾਦੀ ਦੀ ਮੌਤ ਨੂੰ ਅੱਤਵਾਦ ਨਾਲ ਨਜਿੱਠਣ ਦੀ ਵੱਲ ਅਹਿਮ ਕਦਮ ਦੱਸਿਆ, ਪਰ ਈਰਾਨ ਦੀ ਪ੍ਰਤੀਕਿਰਿਆ ਇਨ੍ਹਾਂ ਤੋਂ ਵੱਖਰੀ ਸੀ। ਉਸ ਦੇ ਸੂਚਨਾ ਮੰਤਰੀ ਮੁਹੰਮਦ ਜਾਵੇਦ ਜਰੀਫ ਨੇ ਕਿਹਾ ਕਿ ਬਗਦਾਦੀ ਦੀ ਮੌਤ ਕੋਈ ਬਹੁਤ ਵੱਡੀ ਗੱਲ ਨਹੀਂ। ਕਿਉਂਕਿ ਨੇ ਆਪਣੇ ਹੀ ਜੀਵ ਨੂੰ ਮਾਰਿਆ ਹੈ। ਅਸਲ ਵਿੱਚ ਈਰਾਨ ਅਕਸਰ ਅਮਰੀਕਾ ਉੱਤੇ ਆਈ ਐੱਸ ਆਈ ਐੱਸ ਨੂੰ ਖੜ੍ਹਾ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ। ਈਰਾਨ ਅਤੇ ਅਮਰੀਕਾ ਦੇ ਕੁੜੱਤਣ ਭਰੇ ਰਿਸ਼ਤਿਆਂ ਤੋਂ ਪੂਰੀ ਦੁਨੀਆ ਵੀ ਜਾਣੂ ਹੈ। ਸਾਊਦੀ ਅਰਬ ਨੇ ਬਗਦਾਦੀ ਨੂੰ ਇਸਲਾਮ ਦਾ ਅਕਸ ਵਿਗਾੜਨ ਵਾਲਾ ਕਿਹਾ ਤੇ ਅੱਤਵਾਦੀ ਸੰਗਠਨਾਂ ਵਿਰੁੱਧ ਅਮਰੀਕੀ ਕਾਰਵਾਈ ਦੀ ਸ਼ਲਾਘਾ ਕੀਤੀ।
ਬਗਦਾਦੀ ਦੀ ਮੌਤ ਨਾਲ ਅੱਤਵਾਦ ਖਤਮ ਹੋ ਜਾਵੇਗਾ, ਇਹ ਸੋਚਣਾ ਜਾਂ ਕਹਿਣਾ ਹੀ ਮੂਰਖਤਾ ਹੋਵੇਗੀ। ਜਿਨ੍ਹਾਂ ਹਾਲਾਤ ਨੇ ਬਗਦਾਦੀ ਨੂੰ ਪੈਦਾ ਕੀਤਾ, ਜੇ ਉਨ੍ਹਾਂ ਦਾ ਹੱਲ ਨਹੀਂ ਨਿਕਲਦਾ ਤਾਂ ਕਦੋਂ ਕੋਈ ਹੋਰ ਓਸਾਮਾ ਜਾਂ ਬਗਦਾਦੀ ਉਠ ਖੜ੍ਹਾ ਹੋਵੇ, ਕਿਹਾ ਨਹੀਂ ਜਾ ਸਕਦਾ। ਬਗਦਾਦੀ ਕਾਂਡ ਦੇ ਬਹਾਨੇ ਉਨ੍ਹਾਂ ਸਵਾਲਾਂ 'ਤੇ ਸੋਚਣ ਦੀ ਲੋੜ ਹੈ, ਜੋ ਬਹੁਤ ਗੰਭੀਰ ਹਨ। ਇਨਸਾਨੀਅਤ ਦੀ ਸੁਰੱਖਿਆ ਅਤੇ ਸਹੀ ਇਸਲਾਮ ਦੀ ਸਿਖਿਆ ਲਈ ਉਨ੍ਹਾਂ ਦਾ ਜੁਆਬ ਲੱਭਣਾ ਜ਼ਰੂਰੀ ਹੈ।
ਇੱਕ ਸਵਾਲ ਇਹ ਹੈ ਕਿ ਆਖਰ 21ਵੀਂ ਸਦੀ ਵਿੱਚ ਮੁਸਲਿਮ ਨੌਜਵਾਨਾਂ ਅੰਦਰ ਬਗਦਾਦੀ ਵਰਗੇ ਆਦਮੀ ਅਤੇ ਉਸ ਵੱਲੋਂ ਕਾਇਮ ਕੀਤੀ ਇਸਲਾਮੀ ਖਿਲਾਫਤ ਪ੍ਰਤੀ ਖਿੱਚ ਕਿਵੇਂ ਪੈਦਾ ਹੁੰਦੀ ਹੈ? ਉਨ੍ਹਾਂ ਅੰਦਰ ਆਪਣਾ ਘਰ-ਪਰਵਾਰ ਛੱਡ ਕੇ, ਕੈਰੀਅਰ ਦਾਅ ਉਤੇ ਲਾ ਕੇ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਦਾ ਜਜ਼ਬਾ ਕਿਵੇਂ ਤੇ ਕਿਉਂ ਪੈਦਾ ਹੋ ਜਾਂਦਾ ਹੈ? ਕੀ ਬਗਦਾਦੀ ਅਤੇ ਆਈ ਐੱਸ ਆਈ ਐੱਸ ਦੇ ਖਾਤਮੇ ਨਾਲ ਇਸਲਾਮ ਦੇ ਨਾਂਅ 'ਤੇ ਫੈਲਾਏ ਜਾ ਰਹੇ ਅੱਤਵਾਦ ਦਾ ਵੀ ਖਾਤਮਾ ਹੋ ਜਾਵੇਗਾ? ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਆਈ ਐੱਸ ਆਈ ਐੱਸ ਵਿਰੁੱਧ ਚਿਰਾਂ ਤੋਂ ਜੰਗ ਛੇੜ ਰੱਖੀ ਹੈ, ਪਰ ਉਹ ਅਜੇ ਕਾਬੂ ਨਹੀਂ ਪਾ ਸਕੇ। ਆਈ ਐੱਸ ਆਈ ਐੱਸ ਦੇ ਅੱਤਵਾਦੀ ਅੱਜ ਵੀ ਕਈ ਥਾਂ ਫੈਲੇ ਹੋਏ ਤੇ ਦੁਨੀਆ ਲਈ ਚੁਣੌਤੀ ਬਣੇ ਹੋਏ ਹਨ। ਇਰਾਕ ਵਿੱਚ ਇਸਲਾਮੀ ਸੰਗਠਨ ਨਾਲ ਜੁੜੇ ਲੜਾਕੇ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਤੋਂ ਜੰਗ ਹਾਰਨ ਪਿੱਛੋਂ ਗੁਰਿੱਲਾ ਜੰਗ ਵਰਗੇ ਹੱਥਕੰਡਿਆਂ 'ਤੇ ਉਤਰ ਆਏ ਹਨ। ਅਮਰੀਕੀ ਫੌਜਾਂ ਦੇ ਹਮਲੇ ਤੋਂ ਬਾਅਦ ਇਸਲਾਮਕ ਸੰਗਠਨਾਂ ਦੇ ਕੈਂਪ ਬੰਦ ਹੋ ਗਏ ਹਨ, ਉਹ ਅੱਜ ਵੀ ਉਥੇ ਚੱਲਦੇ ਹਨ। ਆਈ ਐਸ ਆਈ ਐਸ ਦੇ ਲਗਭਗ 2000 ਲੜਾਕੇ ਅਗਵਾ, ਬਲਾਤਕਾਰ ਅਤੇ ਹੋਰ ਹਿੰਸਕ ਸਰਗਰਮੀਆਂ ਨਾਲ ਜੁੜੇ ਹੋਏ ਹਨ।
ਅਸਲ ਵਿੱਚ ਮੁਸਲਿਮ ਸ਼ਾਸਕਾਂ ਅਤੇ ਸਾਮਰਾਜਾਂ ਨੇ 18ਵੀਂ ਅਤੇ 19ਵੀਂ ਸਦੀ ਦੀ ਵਿਕਾਸਸ਼ੀਲ ਸਭਿਅਤਾ ਅਤੇ ਉਦਯੋਗਿਕ ਕ੍ਰਾਂਤੀ ਨੂੰ ਨਹੀਂ ਪਛਾਣਿਆ। ਵਿਗਿਆਨਕ ਵਿਜ਼ਨ, ਲੋਕਤੰਤਰਿਕ ਸਿਆਸਤ ਅਤੇ ਆਧੁਨਿਕ ਅਰਥ ਵਿਵਸਥਾ 'ਤੇ ਆਧਾਰਤ ਸਮਾਜਕ ਢਾਂਚਾ ਤਿਆਰ ਹੋਣ ਦੇ ਦੌਰ ਵਿੱਚ ਵੀ ਮੁਸਲਿਮ ਸੱਭਿਅਤਾ ਬਾਦਸ਼ਾਹੀ ਤੇ ਜਗੀਰਦਾਰੀ ਕਦਰਾਂ-ਕੀਮਤਾਂ 'ਤੇ ਚੱਲਦੀ ਹੈ। ਪਵਿੱਤਰ ਗ੍ਰੰਥ ਕੁਰਾਨ ਦੀ ਅਸਲ ਸਿਖਿਆ ਤੋਂ ਮੂੰਹ ਮੋੜ ਕੇ ਵੱਖ-ਵੱਖ ਵਿਚਾਰਾਂ ਰਾਹੀਂ ਇਸਲਾਮ ਨੂੰ ਆਪਣੀ ਜੇਬ ਵਿੱਚ ਰੱਖਣ ਵਾਲੇ ਕਥਿਤ ਉਲੇਮਾ ਦੀਆਂ ਕਿਤਾਬਾਂ ਦੇ ਹਿਸਾਬ ਨਾਲ ਧਰਮ ਦੀ ਵਿਆਖਿਆ ਹੁੰਦੀ ਹੈ। ਇਸ ਸਥਿਤੀ ਵਿੱਚ ਧਰਮ ਅਤੇ ਕਦਰਾਂ-ਕੀਮਤਾਂ ਦੇ ਆਧਾਰ 'ਤੇ ਮੁਸਲਮਾਨ ਦੁਨੀਆ ਨਾਲੋਂ ਟੁੱਟਣ ਲੱਗਾ, ਹਾਲਾਂਕਿ ਬਹੁਤ ਚਲਾਕੀ ਨਾਲ ਉਨ੍ਹਾਂ ਕਦਰਾਂ-ਕੀਮਤਾਂ ਨੂੰ ਧਾਰਮਿਕ ਪੁੱਠ ਦੇ ਕੇ ਮੁਸਲਮਾਨਾਂ ਨੂੰ ਵਰਗਲਾਇਆ ਗਿਆ ਹੈ।
ਕੁਰਾਨ ਨੇ ‘ਇਕਰਾ', ਭਾਵ ਪੜ੍ਹਨ ਦੀ ਸਿਖਿਆ ਦਿੱਤੀ, ਪਰ ਹੁਕਮਰਾਨਾਂ ਨੇ ਮੁਸਲਮਾਨਾਂ ਨੂੰ ਆਧੁਨਿਕ ਸਿਖਿਆ ਤੋਂ ਦੂਰ ਰੱਖਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਹਨ। ਅੱਜ ਵੀ ਕਈ ਮਦਰੱਸਿਆਂ ਵਿੱਚ ਆਧੁਨਿਕ ਸਿਖਿਆ ਨੂੰ ਲੈ ਕੇ ਉਦਾਸੀਨਤਾ ਹੈ। ਇਸੇ ਕਰ ਕੇ ਬੌਧਿਕ ਵਿਕਾਸ ਵਿੱਚ ਬੜੇ ਪਿੱਛੇ ਰਹਿ ਗਏ। ਮੁਸਲਿਮ ਨੌਜਵਾਨ ਵਰਗ ਨੂੰ ਕੱਟੜਵਾਦ ਦੀ ਅਫੀਮ ਦਾ ਨਸ਼ਾ ਦੇਣਾ ਸੌਖਾ ਹੁੰਦਾ ਗਿਆ ਤੇ ਓਸਾਮਾ, ਬਗਦਾਦੀ ਵਰਗੇ ਨਾਂਹਪੱਖੀ ਸੋਚ ਵਾਲੇ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਰਹੇ। ਸਮੱਸਿਆ ਇਸਲਾਮ ਜਾਂ ਮੁਸਲਮਾਨਾਂ ਦੀ ਨਹੀਂ, ਉਸ ਸਿਖਿਆ ਦੀ ਹੈ, ਜਿੱਥੇ ਧਰਮ ਦੇ ਨਾਂਅ ਉਤੇ ਹਿੰਸਾ ਨੂੰ ਜਾਇਜ਼ ਅਤੇ ਜੇਹਾਦ ਨੂੰ ਜੰਨਤ ਦਾ ਰਾਹ ਦੱਸਿਆ ਜਾਂਦਾ ਹੈ। ਹੋਣਾ ਇਹ ਚਾਹੀਦਾ ਸੀ ਕਿ ਕੁਰਾਨ ਦੀ ਸਿਖਿਆ ਨੂੰ ਆਮ ਬਣਾ ਕੇ ਆਧੁਨਿਕ ਸਿਖਿਆ ਨਾਲ ਜੋੜ ਕੇ ਚਲਾਇਆ ਜਾਂਦਾ। ਜੇ ਅੱਗੇ ਵੀ ਅਜਿਹਾ ਨਾ ਹੋਇਆ ਤਾਂ ਲਾਦੇਨ ਤੇ ਬਗਦਾਦੀ ਵਰਗਿਆਂ ਦੇ ਮਾਰੇ ਜਾਣ ਨਾਲ ਅੱਤਵਾਦ ਖਤਮ ਨਹੀਂ ਹੋਵੇਗਾ। ਅਜੇ ਵੀ ਮਸੂਦ ਅਜ਼ਹਰ ਵਰਗੀ ਵਿਚਾਰਧਾਰਾ ਮੌਜੂਦ ਹੈ, ਜੋ ਅੱਤਵਾਦ ਨੂੰ ਧਰਮ ਦੇ ਨਾਂਅ 'ਤੇ ਜਾਇਜ਼ ਠਹਿਰਾਉਂਦੀ ਹੈ।

 

Have something to say? Post your comment