Welcome to Canadian Punjabi Post
Follow us on

04

July 2020
ਨਜਰਰੀਆ

ਕੁੱਜਾ ਭੱਜੇ ਤਾਂ ਸੁੱਟਦੇ ਖੋਲਿਆਂ ਥੀਂ..

November 19, 2019 08:56 AM

-ਰਣਜੀਤ ਧੀਰ
ਭਾਰਤ ਤੋਂ ਚੰਗੀਆਂ ਖਬਰਾਂ ਘੱਟ ਹੀ ਆਉਂਦੀਆਂ ਹਨ। ਬਲਾਤਕਾਰ, ਭਿ੍ਰਸ਼ਟਾਚਾਰ, ਵੱਢੀਖੋਰੀ, ਬੈਂਕ ਘੁਟਾਲੇ ਤੇ ਜ਼ਹਿਰੀ ਪ੍ਰਦੂਸ਼ਣ ਦੀਆਂ ਖਬਰਾਂ ਨਿੱਤ ਇਥੋਂ ਦੇ ਅਖਬਾਰਾਂ ਵਿੱਚ ਛਪਦੀਆਂ ਹਨ। ਸਕੂਲੀ ਵਿਦਿਆਰਥਣਾਂ ਤੇ ਔਰਤਾਂ ਨਾਲ ਸਿਆਸੀ ਲੀਡਰਾਂ ਵੱਲੋਂ ਬਲਾਤਕਾਰ ਦੇ ਕਿਸੇ ਛਪਦੇ ਹਨ। ਸੰਸਾਰ ਪੱਧਰ 'ਤੇ ਭਾਰਤ ਦੇ ਅਕਸ ਵਿੱਚ ਚੀਨ ਵਾਲੀ ਟੌਹਰ ਨਹੀਂ। ਪੱਛਮੀ ਦੇਸ਼ਾਂ ਵਿੱਚ ਭਾਰਤ ਬਾਰੇ ਹਮਦਰਦੀ ਹੈ, ਪਰ ਨਿਰਾਸ਼ਾ ਵੀ ਕਿ ਐਡਾ ਵੱਡਾ ਦੇਸ਼ ਕਿਵੇਂ ਔਟਲਿਆ ਫਿਰਦੈ।
ਭਾਰਤੀ ਫੌਜ ਵਿੱਚ ਮੇਜਰ ਦੇ ਰੁਤਬੇ ਦੀ ਇੱਕ ਮਹਿਲਾ ਅਫਸਰ ਉੱਤੇ ਉਸ ਦੀ ਪਲਟਣ ਦੇ ਇੱਕ ਸਿਪਾਹੀ ਦੇ ਸੈਕਸੀ ਹਮਲੇ ਤੋਂ ਇਉਂ ਲੱਗਦਾ ਹੈ ਕਿ ਹਾਲਾਤ ਬੇਕਾਬੂ ਹੋ ਰਹੇ ਹਨ। ਕੁਝ ਸਾਲ ਪਹਿਲਾਂ ਦਿੱਲੀ ਵਿੱਚ ਇੱਕ ਬੇਟੀ ‘ਨਿਰਭੈਆ' ਦੇ ਵਹਿਸ਼ੀਆਨਾ ਕਤਲ ਪਿੱਛੋਂ ਵੱਡੇ-ਵੱਡੇ ਜਲਸੇ-ਜਲੂਸ ਨਿਕਲੇ। ਵੱਡੇ-ਵੱਡੇ ਭਾਸ਼ਣ ਦਿੱਤੇ ਗਏ। ਕਾਨੂੰਨ ਵੀ ਹੋਰ ਸਖਤ ਕੀਤੇ, ਪਰ ਕੋਈ ਫਰਕ ਨਹੀਂ ਪਿਆ। ਬ੍ਰਿਟੇਨ ਦੇ ਭਾਰਤੀ ਭਾਈਚਾਰੇ ਨੇ ਬਹੁਤ ਮੱਲਾਂ ਮਾਰੀਆਂ ਹਨ ਪਰ ਇਸ ਪ੍ਰਸੰਗ ਵਿੱਚ ਗੱਲ ਕਰੀਏ ਤਾਂ ਸਾਡੀਆਂ ਔਰਤਾਂ ਦੀ ਹਾਲਤ ਇਥੇ ਵੀ ਬਹੁਤੀ ਵਧੀਆ ਨਹੀਂ। ਇੱਕ ਖੁਸ਼ਹਾਲ ਸਮਾਜ ਵਿੱਚ ਰਹਿੰਦਿਆਂ ਸਾਨੂੰ ਬਹੁਤ ਫਾਇਦੇ ਹਨ, ਪਰ ਏਥੇ ਵੀ ਭਾਰਤ ਤੋਂ ਵਿਆਹ ਕੇ ਲਿਆਂਦੀਆਂ ਕੁੜੀਆਂ ਨਾਲ ਧੱਕਾ ਹੁੰਦੈ। ਨਰੜ ਵਿਆਹਾਂ, ਘਰੇਲੂ ਕੁੱਟਮਾਰ ਅਤੇ ਗਰਭਪਾਤ ਦੀਆਂ ਖਬਰਾਂ ਆਮ ਛਪਦੀਆਂ ਹਨ। ਤਾਂਹੀਓ ਤਾਂ ਅੰਗਰੇਜ਼ਾਂ ਵਿੱਚ ਸਾਡੇ ਬਾਰੇ ਧਾਰਨਾ ਬਣ ਚੁੱਕੀ ਹੈ ਕਿ ਇਕੱਲੇ ਭਾਰਤੀਆਂ ਨੂੰ ਨਹੀਂ, ਸਾਰੇ ਏਸ਼ੀਅਨ ਸਮਾਜ ਨੂੰ ਔਰਤਾਂ ਨਾਲ ਕੋਈ ਭਾਰੀ ਦਿੱਕਤ ਹੈ।
ਜਿਵੇਂ ਦੇਸ, ਤਿਵੇਂ ਪਰਦੇਸ। ਸਾਡੀਆਂ ਔਰਤਾਂ ਦੇ ਸਿਰਾਂ ਉੱਤੇ ਖਾਨਦਾਨੀ ਇੱਜ਼ਤਾਂ, ਪਿਉ ਦੀ ਪੱਗ ਅਤੇ ਸਮਾਜ ਵੱਲੋਂ ਲਿੰਗ ਨੈਤਿਕਤਾ ਦੀਆਂ ਭਾਰੀਆਂ ਪੰਡਾਂ ਚੁੱਕਣ ਲਈ ਔਰਤਾਂ ਨੂੰ ਆਪਣੀ ਸਰੀਰਕ ਆਜ਼ਾਦੀ ਤੇ ਆਪਣੀ ਕਾਮੁਕਤਾ ਦੀ ਬਲੀ ਦੇਣੀ ਪੈਦੀ ਹੈ। ਇਸ ਕਰਕੇ ਜੀਵਨ ਦੇ ਵੱਖ-ਵੱਖ ਪੜਾਵਾਂ 'ਤੇ ਉਸ ਦਾ ਭਰਾ, ਬਾਪ ਅਤੇ ਪਤੀ ਉਹਦੇ ਸਰੀਰ ਦੀ ਰਾਖੀ ਕਰਦੇ ਹਨ। ਨਤੀਜੇ ਵਜੋਂ ਉਹ ਆਜ਼ਾਦੀ ਦੇ ਨਾਲ ਇੱਕ ਔਰਤ ਵਾਂਗ ਆਪਣੀ ਜ਼ਿੰਦਗੀ ਜਿਉ ਨਹੀਂ ਸਕਦੀ। ਪੱਛਮੀ ਔਰਤਾਂ ਵਾਂਗ ਆਪਣੇ ਸਰੀਰ, ਆਪਣੇ ਜੀਵਨ ਬਾਰੇ, ਕਿਸੇ ਮੁੰਡੇ ਨਾਲ ਦੋਸਤੀ, ਪਿਆਰ ਜਾਂ ਵਿਆਹ ਦੇ ਬਾਰੇ ਆਜ਼ਾਦ ਤੌਰ 'ਤੇ ਆਪ ਫੈਸਲਾ ਨਹੀਂ ਕਰ ਸਕਦੀ।
ਪੱਛਮੀ ਔਰਤਾਂ ਇਸ ਤਰ੍ਹਾਂ ਦੀਆਂ ਸ਼ਖਸੀ ਆਜ਼ਾਦੀਆਂ ਦਾ ਭਵਸਾਗਰ ਪਾਰ ਕਰ ਚੁੱਕੀਆਂ ਹਨ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ਉਹ ਕੀ ਖਾਂਦੀਆਂ, ਕੀ ਪੀਂਦੀਆਂ, ਕਿਸ ਨਾਲ ਦੋਸਤੀ ਜਾਂ ਵਿਆਹ ਕਰਦੀਆਂ ਹਨ। ਆਰਥਿਕ ਖੁੱਲ੍ਹ ਕਾਰਨ ਪੱਛਮੀ ਔਰਤ ਦੀ ਹਾਲਤ ਬਹੁਤ ਬਿਹਤਰ ਹੈ। ਬੱਚੇ ਹੋ ਜਾਣ, ਤਲਾਕ ਹੋ ਜਾਵੇ ਤਾਂ ਵੀ ਉਸ ਨੂੰ ਕਿਸੇ ਮਰਦ ਦੀ ਧੌਂਸ ਬਰਦਾਸ਼ਤ ਕਰਨ ਦੀ ਲੋੜ ਨਹੀਂ। ਨੌਕਰੀ ਨਾ ਵੀ ਕਰਨੀ ਹੋਵੇ ਤਾਂ ਉਸ ਨੂੰ ਮਾਇਕ ਮਦਦ, ਘਰ, ਸਿਹਤ ਸੇਵਾਵਾਂ ਘਰ ਬੈਠੀ ਨੂੰ ਮਿਲਦੀਆਂ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਖਾਣਾ ਤੇ ਸਕੂਲੀ ਵਰਦੀਆਂ ਸਮੇਤ ਯੂਨੀਵਰਸਿਟੀ ਤੀਕ ਵਿੱਦਿਆ ਵੀ ਮੁਫਤ ਮਿਲਦੀ ਹੈ। ਭਾਰਤੀ ਔਰਤ ਨੂੰ ਏਥੇ ਇਹ ਸੁਰੱਖਿਆ ਨਹੀਂ। ਇਸ ਤੋਂ ਬਿਨ੍ਹਾਂ ਤਲਾਕ ਦਾ ਸਮਾਜੀ ਮਿਹਣਾ ਉਸ ਨੂੰ ਸ਼ਰਮ ਤੇ ਲਾਚਾਰੀ ਹੇਠਾਂ ਦੱਬੀ ਰੱਖਦੈ। ਜਿਵੇਂ ਕਹਿੰਦੇ ਹੁੰਦੇ ਐ ਧੀਆਂ ਉਹ ਵਸਦੀਆਂ ਹਨ ਜਿਨ੍ਹਾਂ ਦੇ ਪੇਕੇ ਤਕੜੇ ਹੋਣ। ਤਾਂਹੀਓ, ਸਾਡੇ ਸਮਾਜ ਵਿੱਚ ਧੀਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਕਦੇ ਖਤਮ ਨਹੀਂ ਹੁੰਦੀ। ਇਸੇ ਕਰਕੇ ਹੀ ਮਾਪਿਆਂ ਨੂੰ ਧੀਆਂ ਦੇ ਸਰੀਰ ਦੀ ਰਾਖੀ ਕਰਨੀ ਪੈਂਦੀ ਹੈ। ਕਿਉਂਕਿ ਹਰ ਮਰਦ, ਹਰ ਪਰਵਾਰ ਚਾਹੁੰਦੈ ਕਿ ਉਨ੍ਹਾਂ ਦੇ ਘਰ ਸੱਚੀ-ਸੁੱਚੀ, ਸਾਂਭ-ਸੁਆਰ ਕੇ ਰੱਖੀ ‘ਅਣਲੱਗ' ਵਹੁਟੀ ਆਵੇ, ਜਿਸ ਨੂੰ ਪਹਿਲਾਂ ਕਿਸੇ ਮਰਦ ਨੇ ਹੱਥ ਨਾ ਲਾਇਆ ਹੋਵੇ, ਪਰ ਸਭ ਰਾਖੀਆਂ ਦੇ ਬਾਵਜੂਦ ਵਿਆਹ ਟੁੱਟ ਗਿਆ ਤਾਂ ਜਿਵੇਂ ‘ਲੂਣਾਂ' ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਹੈ-
‘ਕੁੱਜਾ ਭੱਜੇ ਤਾਂ ਸੁੱਟਦੇ ਖੋਲਿਆਂ ਥੀਂ, ਨਾਰ ਭੱਜੇ ਤਾਂ ਮੁੜ ਜਾਏ ਮਾਪਿਆਂ ਦੇ।’
ਇਸ ਤ੍ਰਾਸਦੀ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਵਿਆਹ ਤੋਂ ਪਹਿਲਾਂ ਜਾਂ ਮਗਰੋਂ ਮਰਦ-ਔਰਤਾਂ ਦੇ ਆਪਸੀ ਸਬੰਧ, ਮੁਹੱਬਤ, ਮੇਲ-ਮਿਲਾਪ, ਸੰਜੋਗ ਸੱਭ ਕੁਦਰਤ ਦੇ ਅਸੂਲਾਂ ਵਾਂਗ ਸਿੱਧੇ-ਸਾਦੇ ਹਨ, ਪਰ ਨਿਸ਼ਚਿਤ ਵੀ ਹਨ। ਜਵਾਨ ਹੁੰਦੇ ਮੁੰਡੇ-ਕੁੜੀਆਂ ਇੱਕ-ਦੂਜੇ ਨਾਲ ਮਿਲਣਾ ਚਾਹੁੰਦੇ ਹਨ, ਇੱਕ-ਦੂਜੇ ਦਾ ਸਾਥ ਮਾਣਨਾ ਚਾਹੁੰਦੇ ਹਨ, ਪਰ ਇਨ੍ਹਾਂ ਕੁਦਰਤੀ ਤੇ ਪਵਿੱਤਰ ਭਾਵਨਾਵਾਂ ਦੁਆਲੇ ਸਾਡੇ ਸਮਾਜ ਨੇ ਬੇਤੁਕਾ, ਵਰਜਾਂ ਤੇ ਰੋਕਾਂ-ਟੋਕਾਂ ਦੀਆਂ ਕੰਧਾਂ ਖੜੀਆਂ ਕੀਤੀਆਂ ਹੋਈਆਂ ਹਨ। ਸਮਾਜੀ ਵਰਤਾਰੇ ਦੇ ਇਸ ਦਵੰਦ ਕਰਕੇ ਮਰਦਾਂ, ਔਰਤਾਂ ਅਤੇ ਪਰਿਵਾਰਾਂ ਵਿੱਚ ਇੱਕ ਅਸਾਵੀਂ ਮਾਨਸਿਕਤਾ ਪੈਦਾ ਹੋ ਚੁੱਕੀ ਹੈ। ਨੌਜਵਾਨਾਂ ਵਿੱਚ ਆਪਸੀ, ਸਾਥ ਸੰਗਤ ਦੀ ਤਾਂਘ 'ਤੇ ਸਾਡੇ ਸਮਾਜ ਨੇ ਬੇਸ਼ਰਮੀ ਦਾ ਲੇਬਲ ਲਾ ਰੱਖਿਆ ਹੈ। ਜੇ ਇਨ੍ਹਾਂ ਭਾਵਨਾਵਾਂ ਦੀ ਪੂਰਤੀ ਵਾਸਤੇ ਸਮਾਜਿਕ ਪ੍ਰਵਾਨਗੀ ਦਾ ਕੋਈ ਰਾਹ ਨਾ ਹੋਵੇ ਤਾਂ ਲੋਕ ਪੁੱਠੇ ਚੋਰ-ਮਘੋਰਿਆਂ ਦੇ ਰਾਹਾਂ ਦੀ ਤਲਾਸ਼ ਕਰਨਗੇ। ਔਰਤਾਂ ਪ੍ਰਤੀ ਹਿੰਸਾ, ਲੱਚਰ ਗੀਤ ਅਤੇ ਅਸ਼ਲੀਲ ਫਿਲਮਾਂ ਇਸੇ ਬਿਮਾਰ ਮਾਨਸਿਕਤਾ ਦੀ ਪੈਦਾਵਾਰ ਹਨ। ਭਾਰਤੀ ਸਿਨਮਿਆਂ ਦੀ ਸਕਰੀਨ ਉੱਤੇ ਨੱਚਦੀ ਕੁੜੀ ਦਾ ਕੋਈ ਅੰਗ ਨੰਗਾ ਰਹਿ ਜਾਵੇ ਤਾਂ ਅੰਦਰ ਬੈਠੇ ਮਰਦ ਭੂਸਰ ਕੇ ਦਹਾੜਾਂ ਮਾਰਦੇ ਹਨ। ਪੱਛਮੀ ਦੇਸ਼ਾਂ ਦੀਆਂ ਔਰਤਾਂ ਕਈ ਵਾਰ ਕਹਿੰਦੀਆਂ ਹਨ ਕਿ ਏਸ਼ੀਅਨ ਮਰਦਾਂ ਦੀ ਝਕਾਣੀ ਬਹੁਤ ਅਜੀਬ ਹੈ। ਔਰਤ ਦੇ ਕੱਪੜਿਆਂ ਵਿੱਚ ਦੀ ਲੰਘ ਕੇ ਓਹਦੇ ਜਿਸਮ ਨੂੰ ਛੋਂਹਦੀ ਹੈ। ਇਸੇ ਮਾਨਸਿਕਤਾ ਕਾਰਨ ਫੌਜ ਦੇ ਸਿਪਾਹੀ ਨੂੰ ਆਪਣੀ ਪਲਟਣ ਦੀ ਮਹਿਲਾ ਅਫਸਰ ਦੀ ਵਰਦੀ ਅਤੇ ਉਹਦੇ ਵੱਡਾ ਰੁਤਬਾ ਨਹੀਂ ਦਿਸਦਾ। ਓਹਨੂੰ ਸਿਰਫ ਔਰਤ ਦਾ ਸਰੀਰ ਦਿਸਦੈ।
ਇਸ ਦਾ ਹੱਲ ਕੀ ਹੋਵੇ? ਇੱਕ ਗੱਲ ਸਾਫ ਹੈ ਕਿ ਸਾਡੇ ਸੰਤ, ਮਹਾਤਮਾ, ਲੀਡਰ ਅਤੇ ਸਮਾਜ ਸੁਧਾਰਕ ਸਦੀਆਂ ਤੋਂ ਔਰਤਾਂ ਪ੍ਰਤੀ ਸਤਿਕਾਰ ਅਤੇ ਬਰਾਬਰੀ ਦੇ ਸੁਨੇਹੇ ਦਿੰਦੇ ਆ ਰਹੇ ਹਨ। ਦਾਨਿਸ਼ਵਰ ਨਿੱਤ ਦਿਨ ਇਨ੍ਹਾਂ ਮਸਲਿਆਂ ਬਾਰੇ ਸੈਮੀਨਾਰ ਕਰਵਾਉਂਦੇ ਹਨ, ਪਰਚੇ-ਪੁਸਤਕਾਂ ਲਿਖਦੇ ਹਨ, ਪਰ ਇਹ ਮਸਲਾ ਇਨ੍ਹਾਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਹੱਲ ਨਹੀਂ ਹੋਇਆ ਅਤੇ ਨਾ ਹੋਣੈ। ਪੰਜ ਹਜ਼ਾਰ ਸਾਲ ਪਹਿਲਾਂ ਸੀਤਾ ਇੱਕ ਹਲਵਾਹਕ ਨੂੰ ਆਪਣੇ ਖੇਤ ਵਿੱਚ ਇੱਕ ਘੜੇ ਵਿੱਚ ਦੱਬੀ ਲੱਭੀ ਸੀ। ਵੇਖ ਲਓ, ਇਹੋ ਕੁੜੀਮਾਰ ਰੁਝਾਨ ਸਦੀਆਂ ਤੋਂ ਸਾਡੀ ਮਾਨਸਿਕਤਾ ਅਤੇ ਸਾਡੇ ਸਮਾਜੀ ਡੀ ਐਨ ਏ ਦਾ ਹਿੱਸਾ ਬਣਿਆ ਤੁਰਿਆ ਆ ਰਿਹੈ। ਪੱਛਮੀ ਔਰਤਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਉਨ੍ਹਾਂ ਨੂੰ ਬਰਾਬਰੀ ਅਤੇ ਆਜ਼ਾਦੀ ਉਨ੍ਹਾਂ ਦੇ ਵਡੇਰਿਆਂ ਜਾਂ ਸੰਸਥਾਵਾਂ ਨੇ ਲੈ ਕੇ ਨਹੀਂ ਦਿੱਤੀ। ਇਸ ਆਜ਼ਾਦੀ ਦਾ ਹੱਕ ਉਨ੍ਹਾਂ ਆਪ ਲਿਆ ਹੈ। ਹਾਲਾਤ ਇਹੋ ਜਿਹੇ ਬਣੇ ਕਿ ਪਹਿਲੀ ਵੱਡੀ ਸੰਸਾਰ ਜੰਗ ਦੌਰਾਨ ਇਨ੍ਹਾਂ ਦੇ ਲੱਖਾਂ-ਕਰੋੜਾਂ ਮਰਦ ਜੰਗ ਵਿੱਚ ਮਾਰੇ ਗਏ। ਮਜ਼ਬੂਰੀ ਵੱਸ ਇਨ੍ਹਾਂ ਦੀਆਂ ਔਰਤਾਂ ਨੂੰ ਦੇਸ਼ ਦੀਆਂ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਤੇ ਸਨਅਤੀ ਕਾਰਖਾਨਿਆਂ ਤੋਂ ਲੈ ਕੇ ਬੱਸਾਂ, ਗੱਡੀਆਂ, ਦਫਤਰਾਂ ਵਿੱਚ ਕੰਮ ਕਰਨਾ ਪਿਆ। ਮਿਹਨਤ-ਮਜ਼ਦੂਰੀ ਕਰਦਿਆਂ ਇਨ੍ਹਾਂ ਨੂੰ ਤਨਖਾਹਾਂ ਮਿਲਣ ਲੱਗਆਂ। ਇਨ੍ਹਾਂ ਤਨਖਾਹਾਂ ਸਦਕਾ ਪੱਛਮੀ ਔਰਤਾਂ ਨੂੰ ਪਹਿਲੀ ਵਾਰ ਆਜ਼ਾਦੀ ਦਾ ਅਹਿਸਾਸ ਹੋਇਆ। ਆਪ ਖੁਦ ਕਮਾਇਆ ਪੈਸਾ ਆਪ ਕਿਤੇ ਵੀ ਖਰਚਣ, ਕਿਸੇ ਨਾਲ ਦੋਸਤੀ ਕਰਨ। ਇਸ ਆਰਥਿਕ ਆਜ਼ਾਦੀ ਨਾਲ ਇੱਥੋਂ ਦੀਆਂ ਔਰਤਾਂ ਹੌਲੀ-ਹੌਲੀ ਸ਼ਖਸੀ ਆਜ਼ਾਦੀ ਰਾਹੀਂ ਆਪਣੇ ਸਰੀਰ ਦੀਆਂ ਮਾਲਕ ਬਣ ਗਈਆਂ। ਔਰਤਾਂ ਦੀ ਭਾਰਤੀ ਆਜ਼ਾਦੀ ਦੀ ਸ਼ੁਰੂਆਤ ਔਰਤਾਂ ਨੇ ਹੀ ਕਰਨੀ ਹੈ। ਇਹ ਸ਼ੁਰੂਆਤ ਵੀ ਆਰਥਿਕ ਆਜ਼ਾਦੀ ਤੋਂ ਤੁਰਨੀ ਹੈ। ਧੀਆਂ-ਭੈਣਾਂ ਪੜ੍ਹਨਗੀਆਂ ਤਾਂ ਆਪਣੇ ਪੈਰਾਂ 'ਤੇ ਖੜ੍ਹਨ ਦੇ ਯੋਗ ਹੋ ਜਾਣਗੀਆਂ। ਫਿਰ ਉਨ੍ਹਾਂ ਦੇ ਸਰੀਰ ਦੀ ਰਾਖੀ ਕਰਨ ਦੀ ਲੋੜ ਨਹੀਂ ਰਹਿਣੀ। ਖਾਨਦਾਨੀ ਇੱਜ਼ਤ ਦਾ ਔਰਤ ਦੀ ਕਾਮੁਕਤਾ ਨਾਲ ਕੋਈ ਸਬੰਧ ਨਹੀਂ ਹੋਵੇਗਾ। ਕੁੜੀਆਂ ਆਪਣੇ ਜੀਵਨ ਸਾਥੀ ਆਪ ਚੁਣਨਗੀਆਂ ਤਾਂ ਦਹੇਜ ਦਾ ‘ਕੋਹੜ' ਵੀ ਖਤਮ ਹੋਵੇਗਾ ਅਤੇ ਮਾਪਿਆਂ ਦੇ ਸਿਰਾਂ ਤੋਂ ਕਿੰਨਾ ਹੀ ਭਾਰ ਲਹਿ ਜਾਵੇਗਾ।
ਮੁੰਡੇ-ਕੁੜੀਆਂ ਜਦ ਕੁਦਰਤੀ ਸਹਿਜ ਨਾਲ ਸਾਥ-ਸੰਗਤ ਕਰਨਗੇ ਤਾਂ ਉਨ੍ਹਾਂ ਵਿੱਚ ਆਪਣੇ ਸਬੰਧਾਂ ਨੂੰ ਇਖਲਾਕੀ ਤੌਰ 'ਤੇ ਨਿਯਮਤ ਕਰਨ ਦੀ ਸੋਝੀ ਖੁਦ-ਬ-ਖੁਦ ਪੈਦਾ ਹੋਵੇਗੀ। ਚੰਗੀ ਗੱਲ ਕਿ ਧੀਆਂ-ਭੈਣਾਂ ਨੂੰ ਪੜ੍ਹਾਉਣ ਦਾ ਵਰਤਾਰਾ ਤੇਜ਼ ਹੋ ਰਿਹਾ ਹੈ। ਪੜ੍ਹੀਆਂ-ਲਿਖੀਆਂ ਅਤੇ ਆਰਥਿਕ ਤੌਰ 'ਤੇ ਆਜ਼ਾਦ ਮਾਵਾਂ ਭਾਵੇਂ ‘ਸਤੀ-ਸਵਿੱਤਰੀ' ਦੀਆਂ ਕਿੰਨੀਆਂ ਕਥਾਵਾਂ ਸੁਣੀ ਜਾਣ ਅਤੇ ‘ਕਰਵਾ ਚੌਥ' ਦੇ ਵਰਤ ਰੱਖੀ ਜਾਣ, ਉਹ ਕਦੇ ਆਪਣੀਆਂ ਧੀਆਂ ਨੂੰ ਰੋਕਾਂ-ਟੋਕਾਂ ਦੀ ਸਾਹ ਘੋਟੂ ਜ਼ਿੰਦਗੀ ਜਿਊਣ ਲਈ ਮਜਬੂਰ ਨਹੀਂ ਕਰਨਗੀਆਂ। ਔਰਤਾਂ ਦੇ ਆਰਥਿਕ ਜ਼ੋਰ ਸਾਹਮਣੇ ਮਰਦ-ਪ੍ਰਧਾਨ ਸਮਾਜ ਦੀਆਂ ਕਦਰਾਂ-ਕੀਮਤਾਂ ਅੜ ਨਹੀਂ ਸਕਣਗੀਆਂ। ਇਹੋ ਜਿਹੇ ਸਮਾਜ ਵਿੱਚ ਸ਼ਿਵ ਕੁਮਾਰ ਵਾਲੀ ‘ਭੱਜੀ ਨਾਰ' ਨੂੰ ਖੋਲਿਆਂ 'ਚ ਸੁੱਟਣ ਦੀ ਲੋੜ ਵੀ ਨਹੀਂ ਪਵੇਗੀ। ਸ਼ੁਰੂਆਤ ਹੋ ਚੁੱਕੀ ਹੈ, ਪਰ ਮੰਜ਼ਿਲ ਹਾਲੇ ਦੂਰ ਹੈ।

Have something to say? Post your comment