ਕੁਵੈਤ ਸਿਟੀ, 14 ਨਵੰਬਰ, (ਪੋਸਟ ਬਿਊਰੋ)- ਕੁਵੈਤ ਦੇ ਮੰਤਰੀਮੰਡਲ ਨੇ ਅੱਜ ਵੀਰਵਾਰ ਅਸਤੀਫਾ ਦੇ ਦਿੱਤਾ। ਇਸ ਤੋਂ ਕੁਝ ਦਿਨ ਪਹਿਲਾਂ ਦੇਸ਼ ਦੀ ਲੋਕ ਨਿਰਮਾਣ ਮੰਤਰੀ ਜੇਨਿਨ ਮੋਸਿਨ ਰਮਾਦਾਨ ਬੁਸ਼ਹਿਰੀ ਨੇ ਪਾਰਲੀਮੈਂਟ ਮੈਂਬਰਾਂ ਵੱਲੋਂ ਪੁੱਛਗਿੱਛ ਕੀਤੇ ਜਾਣ ਕਾਰਨ ਅਸਤੀਫੇ ਦਾ ਐਲਾਨ ਕੀਤਾ ਸੀ। ਕੁਝ ਪਾਰਲੀਮੈਂਟ ਮੈਂਬਰਾਂ ਨੇ ਉਸ ਉੱਤੇ ਦੋਸ਼ ਲਾਇਆ ਸੀ ਕਿ ਉਹ 2018 ਵਿਚ ਆਏ ਵੱਡੇ ਹੜ੍ਹ ਵਿਚ ਨੁਕਸਾਨੇ ਗਏ ਬੁਨਿਆਦੀ ਢਾਂਚਿਆਂ ਤੇ ਸੜਕਾਂ ਦੀ ਮੁਰੰਮਤ ਕਰਾਉਣ ਵਿਚ ਅਸਫਲ ਰਹੀ ਹੈ। ਇਸ ਨੁਕਤਾਚੀਨੀ ਤੋਂ ਬਾਅਦ ਉਸ ਨੇ ਅਸਤੀਫੇ ਦਾ ਐਲਾਨ ਕੀਤਾ ਸੀ।
ਸਥਾਨਕ ਮੀਡੀਆ ਮੁਤਾਬਕ 10 ਪਾਰਲੀਮੈਂਟ ਮੈਂਬਰਾਂ ਨੇ ਮੰਤਰੀ ਜੇਨਿਨ ਮੋਸਿਨ ਰਮਾਦਾਨ ਦੇ ਵਿਰੁੱਧ ਹੀ ਨਹੀਂ, ਸਰਕਾਰ ਦੇ ਵਿਰੁੱਧ ਵੀ ਬੇਰਭਰੋਸਗੀ ਦਾ ਮਤਾ ਪੇਸ਼ ਕੀਤਾ ਸੀ। ਮੰਤਰੀਰਮਦਾਨ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਵਿੱਚ ਲੰਬੇ ਸਮੇਂ ਤੋਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਮੁੱਦਿਆਂ ਦਾ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ, ਜੋ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦੇ ਹਨ। ਵਰਨਣ ਯੋਗ ਹੈ ਕਿ ਕੁਵੈਤ ਵਿਚ ਸਰਕਾਰ ਨੇ ਪਹਿਲਾਂ ਵੀ ਅਸਤੀਫਾ ਦੇ ਦਿੱਤਾ ਸੀ, ਜਦੋਂ ਉਸ ਨੇ ਬੇਭਰੋਸਗੀ ਮਤੇ ਅਤੇ ਰਾਜ ਪਰਿਵਾਰ ਦੇ ਮੈਂਬਰਾਂ ਦੀ ਪੁੱਛਗਿੱਛ ਦਾ ਸਾਹਮਣਾ ਕੀਤਾ ਸੀ।
ਕੁਵੈਤ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਸਬਾਹ ਨੇ ਦੇਸ਼ ਦੇ ਸ਼ਾਸਕ ਸ਼ੇਖ ਸਬਾਹ ਅਲ ਸਬਾਹ ਨੂੰ ਆਪਣੇ ਮੰਤਰੀਮੰਡਲ ਦਾ ਅਸਤੀਫਾ ਰਸਮੀ ਤੌਰ ਉੱਤੇ ਸੌਂਪ ਦਿੱਤਾ ਹੈ। ਇਸ ਦੇ ਬਾਅਦ ਦੇਸ਼ ਵਿਚ ਪਾਰਲੀਮੈਂਟਰੀ ਚੋਣਾਂ 2020 ਦੀ ਸ਼ੁਰੂਆਤ ਵਿਚ ਹੋਣ ਦੀ ਆਸ ਹੈ।