Welcome to Canadian Punjabi Post
Follow us on

01

June 2020
ਨਜਰਰੀਆ

ਜਦੋਂ ਮੈਨੂੰ ਆਪਣੇ ਝੂਠ ਬੋਲਣ ਦੀ ਸ਼ਰਮਿੰਦਗੀ ਝੱਲਣੀ ਪਈ

November 07, 2019 08:35 AM

-ਪ੍ਰਿੰਸੀਪਲ ਵਿਜੇ ਕੁਮਾਰ
ਮੈਂ ਆਪਣੇ ਬਚਪਨ ਤੋਂ ਹੀ ਆਪਣੇ ਪਾਪਾ ਤੇ ਬੀਜੀ ਨੂੰ ਇਹ ਕਹਿੰਦਿਆਂ ਸੁਣਦਾ ਹੁੰਦਾ ਸੀ ਕਿ ਝੂਠ-ਝੂਠ ਹੀ ਹੁੰਦਾ ਹੈ ਅਤੇ ਸੱਚ ਸੱਚ ਹੀ ਹੁੰਦਾ ਹੈ। ਜਦੋਂ ਝੂਠ ਦੀ ਪੋਲ ਖੋਲ੍ਹਦੀ ਹੈ ਤਾਂ ਬੰਦਾ ਮੂੰਹ ਦੇਣ ਯੋਗ ਨਹੀਂ ਰਹਿੰਦਾ। ਅੱਵਲ ਤਾਂ ਝੂਠ ਬੋਲੋ ਹੀ ਨਾ, ਪਰ ਜੇ ਬੋਲਣਾ ਹੈ ਤਾਂ ਉਹ ਕੁਝ ਬੋਲੋ ਜਿਸ ਨਾਲ ਤੁਹਾਨੂੰ ਪਛਤਾਉਣਾ ਨਾ ਪਵੇ। ਮੈਨੂੰ ਆਪਣੇ ਮਾਂ ਬਾਪ ਦੀ ਇਹ ਨਸੀਹਤ ਕਦੇ ਨਹੀਂ ਭੁੱਲਦੀ ਕਿ ਝੂਠ ਬੋਲਣ ਨਾਲ ਕਿਸੇ ਦਾ ਬਚਾਅ ਹੁੰਦਾ ਹੋਵੇ ਤਾਂ ਉਸ ਦਾ ਬਚਾਅ ਕਰਨ ਲਈ ਥੋੜ੍ਹਾ ਬਹੁਤ ਝੂਠ ਬੋਲ ਲੈਣਾ ਚਾਹੀਦਾ ਹੈ। ਉਹ ਝੂਠ ਵੀ ਸੱਚ ਵਰਗਾ ਹੁੰਦਾ ਹੈ। ਮੈਂ ਇਸ ਕਥਨ ਨੂੰ ਆਪਣੇ ਮਨ ਵਿੱਚੋਂ ਵਿਸਾਰਿਆ ਨਹੀਂ ਸੀ। ਜ਼ਿੰਦਗੀ ਦੇ ਇਸੇ ਤਜਰਬੇ ਨਾਲ ਜੁੜੀ ਇੱਕ ਘਟਨਾ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ।
ਦਸ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਪਿੰਡ ਵਾਲਿਆਂ ਨੇ ਇੱਕ ਅਧਿਆਪਕ ਦੀ ਸ਼ਿਕਾਇਤ ਨਿਵਾਰਨ ਕਮੇਟੀ ਅੱਗੇ ਕਰ ਦਿੱਤੀ। ਸ਼ਿਕਾਇਤ ਦਾ ਮੁੱਦਾ ਕਾਫੀ ਗੰਭੀਰ ਤੇ ਗੁੰਝਲਦਾਰ ਸੀ। ਵਿਭਾਗ ਦੇ ਮੰਤਰੀ ਨੇ ਜ਼ਿਲਾ ਸਿਖਿਆ ਅਫਸਰ ਤੋਂ ਤੁਰੰਤ ਜਵਾਬ ਮੰਗਿਆ ਕਿ ਅਧਿਆਪਕ ਬਾਰੇ ਪਤਾ ਕਰ ਕੇ ਮੈਨੂੰ ਦੱਸੋ। ਜ਼ਿਲਾ ਸਿਖਿਆ ਅਫਸਰ ਨੇ ਆਪਣੇ ਕਲਰਕ ਨੂੰ ਬੁਲਾ ਕੇ ਕਿਹਾ, ‘ਬਾਊ ਜੀ, ਮੰਤਰੀ ਦਾ ਸੁਭਾਅ ਬਹੁਤ ਤਲਖ ਹੈ। ਉਨ੍ਹਾਂ ਨੂੰ ਗਲਤ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਮੈਨੂੰ ਇਸ ਅਧਿਆਪਕ ਬਾਰੇ ਕਿਸੇ ਅਜਿਹੇ ਵਿਅਕਤੀ ਤੋਂ ਜਾਣਕਾਰੀ ਲੈ ਕੇ ਦਿਓ, ਜੋ ਬਹੁਤ ਇਮਾਨਦਾਰੀ ਨਾਲ ਇਸ ਅਧਿਆਪਕ ਬਾਰੇ ਦੱਸ ਸਕੇ ਤਾਂ ਕਿ ਮੰਤਰੀ ਸਾਹਿਬ ਕੋਲ ਇਸ ਅਧਿਆਪਕ ਦੀ ਠੀਕ ਸੂਚਨਾ ਪਹੁੰਚ ਸਕੇ।’ ਜ਼ਿਲਾ ਸਿਖਿਆ ਅਫਸਰ ਦੇ ਉਸ ਕਲਰਕ ਨੇ ਮੈਨੂੰ ਠੀਕ ਬੰਦਾ ਸਮਝਿਆ। ਉਸ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ ਹੋਇਆ ਕਿ ‘ਸਰ, ਘੰਟੇ ਕੁ ਵਿੱਚ ਮੈਨੂੰ ਇਹ ਜਾਣਕਾਰੀ ਪਤਾ ਕਰ ਕੇ ਦਿਓ, ਸਰ ਨੇ ਅੱਗੇ ਮੰਤਰੀ ਨੂੰ ਜਵਾਬ ਦੇਣਾ ਹੈ।’ ਉਸ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਦੋਸ਼ ਕਾਫੀ ਗੰਭੀਰ ਹੈ।
ਮੈਂ ਉਸ ਅਧਿਆਪਕ ਬਾਰੇ ਏਨਾ ਕੁ ਸੁਣ ਰੱਖਿਆ ਸੀ ਕਿ ਉਸ ਵਿੱਚ ਇੱਕ ਚੰਗੇ ਅਧਿਆਪਕ ਵਾਲੇ ਗੁਣ ਨਹੀਂ ਹਨ, ਪਰ ਉਸ ਵਿੱਚ ਹੋਰ ਕਈ ਔਗੁਣ ਹਨ ਤੇ ਉਹ ਆਪਣੇ ਕਿੱਤੇ ਪ੍ਰਤੀ ਉਕਾ ਹੀ ਵਫਾਦਾਰ ਨਹੀਂ, ਇਸ ਗੱਲੋਂ ਮੈਂ ਜਾਣੂ ਨਹੀਂ ਸਾਂ। ਮੈਂ ਇਸ ਜਾਣਕਾਰੀ ਤੋਂ ਵੀ ਦੂਰ ਸਾਂ ਕਿ ਉਸ ਅਧਿਆਪਕ ਦੀ ਸ਼ਿਕਾਇਤ ਪਿੰਡ ਵਾਲਿਆਂ ਨੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਨੂੰ ਕਰ ਦਿੱਤੀ ਹੈ। ਮੈਂ ਮਨ ਹੀ ਸੋਚ ਰਿਹਾ ਸਾਂ ਕਿ ਮੈਂ ਉਸ ਜ਼ਿਲਾ ਸਿਖਿਆ ਦਫਤਰ ਦੇ ਕਲਰਕ ਨੂੰ ਉਸ ਦੇ ਬਾਰੇ ਕੀ ਜਾਣਕਾਰੀ ਦਿਆਂ। ਮੈਨੂੰ ਉਹ ਕਥਨ ਯਾਦ ਆ ਗਿਆ ਕਿ ਜਿਸ ਝੂਠ ਨਾਲ ਕਿਸੇ ਦੀ ਜਾਨ ਬਚਦੀ ਹੋਵੇ ਤਾਂ ਝੂਠ ਬੋਲਣ ਦਾ ਕੋਈ ਹਰਜ ਨਹੀਂ ਹੁੰਦਾ ਤੇ ਉਹ ਝੂਠ ਬੋਲ ਲੈਣਾ ਚਾਹੀਦਾ ਹੈ। ਮੈਂ ਉਸ ਕਲਰਕ ਨੂੰ ਉਸ ਅਧਿਆਪਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਬਾਊ ਜੀ, ਸਾਹਿਬ ਨੂੰ ਸੂਚਨਾ ਦੇ ਦਿਓ ਕਿ ਅਧਿਆਪਕ ਵਿੱਚ ਥੋੜ੍ਹਾ ਬਹੁਤ ਨੁਕਸ ਤਾਂ ਹੈ, ਪਰ ਬੰਦਾ ਮਾੜਾ ਨਹੀਂ। ਪਿੰਡ ਵਾਲਿਆਂ ਨੇ ਲਾਗ ਡਾਟ ਵਿੱਚ ਉਸ ਦੀ ਸ਼ਿਕਾਇਤ ਕਰ ਦਿੱਤੀ ਹੈ, ਪਰ ਫਿਰ ਵੀ ਜੇ ਤੁਹਾਡੀ ਮਰਜ਼ੀ ਹੋਵੇ ਤਾਂ ਉਸ ਅਧਿਆਪਕ ਬਾਰੇ ਹੋਰਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਲਈ ਜਾਵੇ ਤਾਂ ਕਿ ਮੰਤਰੀ ਸਾਹਿਬ ਤੱਕ ਠੀਕ ਸੂਚਨਾ ਪਹੁੰਚ ਸਕੇ।’
ਉਸ ਕਲਰਕ ਨੇ ਮੇਰੇ 'ਤੇ ਵਿਸ਼ਵਾਸ ਕਰ ਕੇ ਜ਼ਿਲਾ ਸਿਖਿਆ ਅਫਸਰ ਨੂੰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਉਸੇ ਤਰ੍ਹਾਂ ਦੇ ਦਿੱਤੀ। ਜ਼ਿਲਾ ਸਿਖਿਆ ਅਫਸਰ ਸਾਹਿਬ ਨੇ ਮੇਰੇ ਵੱਲੋਂ ਦਿੱਤੀ ਸੂਚਨਾ ਨਾਲ ਮੰਤਰੀ ਸਾਹਿਬ ਦੀ ਤਸੱਲੀ ਕਰਵਾ ਦਿੱਤੀ, ਪਰ ਉਸ ਅਧਿਆਪਕ ਨੇ ਆਪਣੇ ਆਪ ਨੂੰ ਬਦਲਿਆ ਨਾ। ਉਸ ਨੇ ਆਪਣੀਆਂ ਕਰਤੂਤਾਂ ਛੱਡੀਆਂ ਨਾ। ਉਸ ਨੇ ਇੱਕ ਦਿਨ ਘੁੱਟ ਲਾ ਕੇ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਕਿ ਉਨ੍ਹਾਂ ਨੇ ਉਸ ਦੀ ਸ਼ਿਕਾਇਤ ਕਰ ਕੇ ਉਸ ਦਾ ਕੀ ਵਿਗਾੜ ਲਿਆ ਹੈ? ਪਿੰਡ ਵਾਲਿਆਂ ਨੇ ਪਹਿਲਾਂ ਉਸ ਦੀ ਸ਼ਿਕਾਇਤ ਕੇਵਲ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਕੋਲ ਕੀਤੀ ਸੀ, ਪਰ ਇਸ ਵਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੋਲ ਇਕੱਠੇ ਹੋ ਕੇ ਪਹੰੁਚ ਗਏ। ਨਾਲ ਲੱਗਦੇ ਹੀ ਉਨ੍ਹਾਂ ਨੇ ਜ਼ਿਲਾ ਸਿਖਿਆ ਦਫਤਰਾਂ ਤੇ ਸਿਖਿਆ ਮੰਤਰੀ ਤੱਕ ਪਹੁੰਚ ਕਰ ਲਈ। ਮਾਮਲਾ ਏਨਾ ਭਖ ਗਿਆ ਕਿ ਜ਼ਿਲਾ ਸਿਖਿਆ ਅਫਸਰ ਨੂੰ ਆਪਣੀ ਜਾਨ ਛੁਡਾਉਣੀ ਔਖੀ ਹੋ ਗਈ। ਉਨ੍ਹਾਂ ਨੂੰ ਉਸ ਅਧਿਆਪਕ ਦੀ ਬਦਲੀ ਕਰਵਾ ਕੇ ਸਿਖਿਆ ਮੰਤਰੀ ਸਾਹਿਬ ਤੋਂ ਆਪਣਾ ਪਿੱਛਾ ਛੁਡਾਉਣਾ ਪਿਆ। ਜ਼ਿਲਾ ਸਿਖਿਆ ਅਫਸਰ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਉਸ ਮੁਸੀਬਤ ਵਿੱਚੋਂ ਕੱਢ ਲਿਆ। ਉਨ੍ਹਾਂ ਨੇ ਆਪਣਾ ਗੁੱਸਾ ਆਪਣੇ ਕਲਰਕ 'ਤੇ ਕੱਢਿਆ। ਉਨ੍ਹਾਂ ਨੇ ਉਸ ਤੋਂ ਪੁੱਛਿਆ ਕਿ ‘‘ਉਸ ਨੇ ਉਸ ਅਧਿਆਪਕ ਬਾਰੇ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਸੀ?” ਉਸ ਨੇ ਜ਼ਿਲਾ ਸਿਖਿਆ ਅਫਸਰ ਕੋਲ ਮੇਰਾ ਨਾਂਅ ਲੈ ਦਿੱਤਾ।
ਜ਼ਿਲਾ ਸਿਖਿਆ ਅਫਸਰ ਨੇ ਮੇਰੀ ਉਸ ਗਲਤੀ ਨੂੰ ਭੁਲਾਇਆ ਨਹੀਂ। ਇੱਕ ਦਿਨ ਉਨ੍ਹਾਂ ਨੇ ਮੈਨੂੰ ਆਪਣੇ ਦਫਤਰ ਬੁਲਾ ਲਿਆ। ਉਸ ਨੇ ਮੈਨੂੰ ਪ੍ਰਸ਼ਨ ਕੀਤਾ, ‘ਸ੍ਰੀਮਾਨ ਜੀ, ਜੇ ਮੇਰੇ ਕਲਰਕ ਨੇ ਤੁਹਾਡੇ 'ਤੇ ਭਰੋਸਾ ਕਰ ਕੇ ਉਸ ਅਧਿਆਪਕ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਮੰਗ ਹੀ ਲਈ ਤਾਂ ਉਸ ਤੋਂ ਕੀ ਗੁਨਾਹ ਹੋ ਗਿਆ? ਤੁਸੀਂ ਅਧਿਆਪਕ ਹੋ ਕੇ ਝੂਠ ਬੋਲਣ ਲੱਗਿਆਂ ਇਹ ਨਾ ਸੋਚਿਆ ਕਿ ਤੁਸੀਂ ਕਿੰਨਾ ਗਲਤ ਕੰਮ ਕਰ ਰਹੇ ਹੋ? ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੱਧਰ 'ਤੇ ਝੂਠ ਬੋਲੇ ਜਾਣ ਨਾਲ ਮੈਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ ਹੈ?’ ਮੈਂ ਧਰਤੀ ਵਿੱਚ ਨਿਘਰਦਾ ਜਾ ਰਿਹਾ ਸੀ। ਮੇਰੀ ਜ਼ੁਬਾਨ ਤੇ ਸ਼ਬਦ ਇੱਕ ਦੂਜੇ ਦਾ ਸਾਥ ਛੱਡਦੇ ਜਾ ਰਹੇ ਸਨ। ਮੈਂ ਜ਼ਿਲਾ ਸਿਖਿਆ ਅਫਸਰ ਨੂੰ ਇਹ ਕਹਿਣ ਯੋਗ ਵੀ ਨਹੀਂ ਸਾਂ ਕਿ ਮੈਂ ਉਸ ਅਧਿਆਪਕ ਦਾ ਬਚਾਅ ਕਰਨ ਲਈ ਝੂਠ ਬੋਲਿਆ ਸੀ। ਮੈਂ ਦੂਜਾ ਝੂਠ ਬੋਲ ਕੇ ਆਪਣੇ ਲਈ ਨਵੀਂ ਮੁਸੀਬਤ ਨਹੀਂ ਖੜੀ ਕਰਨਾ ਚਾਹੁੰਦਾ ਸਾਂ। ਮੈਂ ਬਹੁਤ ਹੀ ਤਹੱਮਲ ਭਰੇ ਲਹਿਜ਼ੇ ਵਿੱਚ ਕਿਹਾ, ‘‘ਸਰ ਸੱਚ ਤਾਂ ਇਹ ਹੈ ਕਿ ਮੇਰੇ ਕੋਲੋਂ ਬਹੁਤ ਵੱਡੀ ਅਣਗਹਿਲੀ ਹੋ ਗਈ ਹੈ, ਪਰ ਕੌੜਾ ਸੱਚ ਇਹ ਹੈ ਕਿ ਮੈਨੂੰ ਅਧਿਆਪਕ ਬਾਰੇ ਬਹੁਤ ਜ਼ਿਆਦਾ ਪਤਾ ਨਹੀਂ ਸੀ ਕਿ ਉਸ ਵਿੱਚ ਏਨੀਆਂ ਜ਼ਿਆਦਾ ਘਾਟਾਂ ਹਨ। ਭਵਿੱਖ ਵਿੱਚ ਮੈਂ ਕਦੇ ਇਹ ਗਲਤੀ ਨਹੀਂ ਕਰਾਂਗਾ। ਮੈਨੂੰ ਆਪਣੀ ਉਹ ਗਲਤੀ ਕਦੇ ਵੀ ਭੁੱਲੇਗੀ ਨਹੀਂ।”

 

Have something to say? Post your comment