Welcome to Canadian Punjabi Post
Follow us on

13

July 2025
 
ਨਜਰਰੀਆ

ਜੇਲ੍ਹ ਦੀ ਰੋਟੀ ਅਤੇ ਛੱਤ

November 07, 2019 08:32 AM

-ਸਤਪਾਲ ਸਿੰਘ ਦਿਉਲ
ਆਜ਼ਾਦ ਭਾਰਤ ਵਿੱਚ ਜੇਲ੍ਹਾਂ ਕੈਦੀਆਂ ਨੂੰ ਆਪਣੀ ਸਮਰੱਥਾ ਤੋਂ ਵੱਧ ਗਿਣਤੀ ਵਿੱਚ ਸਾਂਭ ਰਹੀਆਂ ਹਨ। ਅੰਗਰੇਜ਼ਾਂ ਵੇਲੇ ਜੇਲ੍ਹ ਵਿੱਚ ਕੋਈ ਸਹੁਲਤ ਨਹੀਂ ਹੁੰਦੀ ਸੀ। ਉਦੋਂ ਜੇਲ੍ਹਾਂ ਤਸ਼ੱਦਦ ਘਰ ਸਨ। ਮਨੁੱਖੀ ਜ਼ਿੰਦਗੀ ਦੀ ਕੀਮਤ ਉਨ੍ਹਾਂ ਦੇ ਲਈ ਜਾਨਵਰਾਂ ਦੀ ਨਿਆਈ ਹੁੰਦੀ ਸੀ, ਜਿਨ੍ਹਾਂ ਨੂੰ ਮੌਤ ਦਾ ਸਾਹਮਣਾ ਕਿਸੇ ਵੀ ਵਕਤ ਕਰਨਾ ਪੈ ਸਕਦਾ ਸੀ। ਸਮੇਂ ਨਾਲ ਮਨੁੱਖੀ ਹੱੱਕਾਂ ਦੇ ਲਈ ਜੇਲ੍ਹਾਂ ਵਿੱਚ ਕਾਫੀ ਸੁਧਾਰ ਕੀਤਾ ਗਿਆ। ਆਜ਼ਾਦੀ ਤੋਂ ਬਾਅਦ ਜੇਲ੍ਹਾਂ ਨਾਲ ਸਬੰਧਤ ਨਿਯਮਾਂ ਵਿੱਚ ਜ਼ਰੂਰੀ ਸੁਧਾਰ ਕੀਤੇ ਗਏ, ਭਾਵੇਂ ਅਪਰਾਧਿਕ ਰੁਝਾਨ ਵਾਲੇ ਲੋਕਾਂ ਨੇ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗਣ ਲਈ ਨਵੇਂ-ਨਵੇਂ ਤਰੀਕੇ ਕੱਢ ਲਏ ਹਨ। ਸਮੁੱਚੇ ਜੇਲ੍ਹ ਪ੍ਰਬੰਧ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਭਿ੍ਰਸ਼ਟਾਚਾਰ ਜੋ ਕੌਮੀ ਸਮੱਸਿਆ ਹੈ, ਉਹ ਵੀ ਜੇਲ੍ਹ ਪ੍ਰਬੰਧ ਨੂੰ ਨਿਗਲ ਰਿਹਾ ਹੈ।
ਬੇਰੁਜ਼ਗਾਰੀ ਭਾਰਤ ਵਿੱਚ ਭਿਆਨਕ ਰੂਪ ਲੈ ਚੁੱਕੀ ਹੈ। ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਕਿਸੇ ਗਰੀਬ ਲਈ ਬਹੁਤ ਮੁਸ਼ਕਿਲ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਭੀਖ ਮੰਗਣ ਦੇ ਖਿਲਾਫ ਕਾਨੂੰਨ ਵੀ ਬਣਾਏ ਹਨ, ਪਰ ਉਨ੍ਹਾਂ ਮੁਲਕਾਂ ਵਿੱਚ ਅਜਿਹੇ ਕਾਨੂੰਨ ਵੀ ਹਨ ਕਿ ਭੁੱਖਮਰੀ ਨਾਲ ਕਿਸੇ ਬੰਦੇ ਨੂੰ ਕੋਈ ਜੁਰਮ ਨਾ ਕਰਨਾ ਪਵੇ ਅਤੇ ਰੋਟੀ ਦੀ ਜ਼ਰੂਰਤ ਸਭ ਦੀ ਪੂਰੀ ਹੋਵੇ। ਫਿਰ ਵੀ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦੀਆਂ ਜ਼ਰੂਰਤਾਂ ਅਸੀਮਤ ਹੁੰਦੀਆਂ ਹਨ ਜਿਸ ਕਾਰਨ ਵਿਕਸਤ ਕਹਾਉਣ ਵਾਲੇ ਮੁਲਕਾਂ ਵਿੱਚ ਵੀ ਅਪਰਾਧ ਦਾ ਗ੍ਰਾਫ ਉਚਾ ਹੈ।
ਕਾਫੀ ਅਰਸਾ ਪਹਿਲਾਂ ਸਾਡੀ ਅਦਾਲਤ ਵਿੱਚ ਬੜੇ ਤਜਰਬੇਕਾਰ ਇਮਾਰਦਾਰ ਜੁਡੀਸ਼ੀਅਲ ਅਫਸਰ ਤਬਦੀਲ ਹੋ ਕੇ ਆਏ, ਜਿਨ੍ਹਾਂ ਨਾਲ ਸਾਰੀ ਬਾਰ ਐਸੋਸੀਏਸ਼ਨ ਨੂੰ ਕੰਮ ਕਰਨ ਵਿੱਚ ਕਦੇ ਮੁਸ਼ਕਲ ਪੇਸ਼ ਨਹੀਂ ਆਈ। ਸੁਭਾਅ ਪੱਖੋਂ ਵੀ ਉਹ ਬੜੇ ਨਰਮ ਦਿਲ ਇਨਸਾਨ ਸਨ। ਉਹ ਆਪਣੇ ਤਜਰਬੇ ਸਦਾ ਵਕੀਲਾਂ ਨਾਲ ਸਾਂਝੇ ਕਰਦੇ ਰਹਿੰਦੇ। ਹਰ ਮਹੀਨੇ ਚਾਹ ਦੇ ਕੱਪ ਤੇ ਉਨ੍ਹਾਂ ਨਾਲ ਸਾਂਝਾਂ ਪੈਦੀਆਂ।
ਉਨ੍ਹਾਂ ਦੇ ਦੱਸਣ ਮੁਤਾਬਕ ਜਦੋਂ ਉਹ ਕਿਸੇ ਵੱਡੇ ਸ਼ਹਿਰ ਦੀ ਅਦਾਲਤ ਵਿੱਚ ਬਤੌਰ ਮੈਜਿਸਟਰੇਟ ਤਾਇਨਾਤ ਸਨ ਤਾਂ ਸਰਦੀ ਸ਼ੁਰੂ ਹੁੰਦਿਆਂ ਸਾਰ ਹੀ ਅਦਾਲਤ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਇਆ ਕਰੇ। ਇਹ ਕੇਸ ਛੋਟੇ ਮੋਟੇ ਅਪਰਾਧਾਂ ਵਾਲੇ ਹੁੰਦੇ ਸਨ ਤੇ ਦੋਸ਼ੀ ਦੇ ਜ਼ਮਾਨਤ ਹੁਕਮ ਹੋਣ ਦੇ ਬਾਵਜੂਦ ਜ਼ਮਾਨਤ ਤਸਦੀਕ ਕਰਾਉਣ ਕੋਈ ਨਾ ਆਇਆ ਕਰੇ। ਉਨ੍ਹਾਂ ਇਸ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਦਿਨ ਅਚਾਨਕ ਇੱਕ ਅਪਰਾਧੀ ਨੂੰ ਛੋਟੇ ਜਿਹੇ ਜੁਰਮ ਵਿੱਚ ਨਿੱਜੀ ਮੁਚਲਕੇ 'ਤੇ ਰਿਹਾਅ ਕਰਨ ਹੁਕਮ ਕਰ ਦਿੱਤਾ ਗਿਆ ਤਾਂ ਉਸ ਨੇ ਬੜਾ ਝੰਜੋੜਨ ਵਾਲਾ ਉਤਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੰਮ ਮਿਲ ਜਾਂਦਾ ਹੈ ਤਾਂ ਰੋਟੀ ਦਾ ਜੁਗਾੜ ਹੋ ਜਾਂਦਾ ਹੈ, ਗਰਮੀ ਰੁੱਤੇ ਉਹ ਗੁਰਦੁਆਰੇ ਲੰਗਰ ਛਕ ਕੇ ਫੁੱਟਪਾਥਾਂ ਜਾਂ ਰੇਲਵੇ ਸ਼ਟੇਸ਼ਨਾਂ ਉਤੇ ਰਾਤ ਕੱਟ ਲੈਂਦੇ ਹਨ ਪਰ ਸਰਦੀ ਵਿੱਚ ਠੰਢ ਤੋਂ ਬਚਣ ਲਈ ਕੋਈ ਆਹਰ ਨਹੀਂ ਹੁੰਦਾ। ਜੇਲ੍ਹ ਵਿੱਚ ਰੋਟੀ ਤੇ ਛੱਤ ਦਾ ਪ੍ਰਬੰਧ ਹੋ ਜਾਂਦਾ ਹੈ। ਇਸ ਲਈ ਉਹ ਛੋਟੇ ਮੋਟੇ ਅਪਰਾਧ ਕਰਦਾ ਹੈ, ਸਾਹਬ! ਉਸ ਨੂੰ ਰਿਹਾਅ ਨਾ ਕੀਤਾ ਜਾਵੇ।
ਇਸ ਤਰ੍ਹਾਂ ਦੀਆਂ ਅਨੇਕ ਘਟਨਾਵਾਂ ਸੁਹਿਰਦ ਲੋਕਾਂ ਨੂੰ ਝੰਜੋੜ ਜਾਂਦੀਆਂ ਹਨ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਅਸੀਂ ਆਪਣੇ ਨਾਗਰਿਕਾਂ ਨੂੰ ਰੋਟੀ ਤੇ ਛੱਤ ਨਹੀਂ ਦੇ ਸਕੇ! ਜਿਸ ਦੇਸ਼ ਦੇ ਨਾਗਰਿਕ ਰੋਟੀ ਤੇ ਛੱਤ ਲਈ ਜੇਲ੍ਹ ਜਾਣ ਤੋਂ ਨਾ ਕਤਰਾਉਂਦੇ ਹੋਣ, ਉਥੇ ਅਪਰਾਧ ਦੇ ਵਧਣ ਫੁੱਲਣ ਲਈ ਉਪਜਾਊ ਜ਼ਮੀਨ ਸਮਝੀ ਜਾਣੀ ਚਾਹੀਦੀ ਹੈ। ਛੋਟੇ ਅਪਰਾਧ ਆਖਿਰ ਇੱਕ ਦਿਨ ਵੱਡੇ ਅਪਰਾਧਾਂ ਵਿੱਚ ਵੀ ਤਬਦੀਲ ਹੋਣਗੇ। ਸਰਕਾਰਾਂ ਦੀਆਂ ਨਜ਼ਰਾਂ ਨਾਗਰਿਕ ਹਨ ਲੋਕਾਂ ਨੂੰ ਮੁੱਢਲੀਆਂ ਲੋੜਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ