ਮੁੰਬਈ, 9 ਅਕਤੂਬਰ (ਪੋਸਟ ਬਿਊਰੋ)- ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪਿਛਲੇ ਪੰਜ ਸਾਲ ਤੋਂ ਮਹਾਰਾਸ਼ਟਰ 'ਚ ਸਰਕਾਰ ਦਾ ਹਿੱਸਾ ਹੈ ਅਤੇ ਉਸ ਨੇ ਇਸ ਸਮੇਂ ਦੌਰਾਨ ਸਰਕਾਰ ਨੂੰ ਡੇਗਣ ਦੀ ਕਦੇ ਵੀ ਕੋਈ ਸਾਜ਼ਿਸ਼ ਨਹੀਂ ਰਚੀ। ਆਪਣੀ ਪਾਰਟੀ ਦੇ ਰਸਾਲੇ ਸਾਮਨਾ ਨੂੰ ਦਿੱਤੀ ਇੰਟਰਵਿਊ ਦੇ ਦੂਜੇ ਹਿੱਸੇ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਕਦੇ ਕਿਸੇ ਨੂੰ ਕੋਈ ਧੋਖਾ ਨਹੀਂ ਦਿੱਤਾ, ਉਂਝ ਹਰ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਨੂੰ ਚੌਕਸੀ ਵਰਤਣੀ ਪੈਂਦੀ ਹੈ ਅਤੇ ਸ਼ਿਵ ਸੈਨਾ ਨੇ ਵੀ ਇਸ ਮਾਮਲੇ ਵਿੱਚ ਚੌਕਸੀ ਵਰਤੀ ਸੀ।
ਮੁੰਬਈ ਦੇ ਇੱਕ ਇਲਾਕੇ ਆਰੇ ਵਿਖੇ ਰੁੱਖਾਂ ਨੂੰ ਵੱਢੇ ਜਾਣ ਬਾਰੇ ਊਧਵ ਠਾਕਰੇ ਨੇ ਆਪਣੀ ਪਾਰਟੀ ਦੇ ਵਿਰੋਧ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਮੈਟਰੋ ਕਾਰ ਸ਼ੈੱਡ ਦੇ ਵਿਰੁੱਧ ਨਹੀਂ, ਪਰ ਉਸ ਖਾਸ ਥਾਂ ਦੇ ਵਿਰੁੱਧ ਹਨ, ਜਿਸ ਦੀ ਆਗਿਆ ਦਿੱਤੀ ਗਈ ਹੈ। ਲੋਕਾਂ ਦੀਆਂ ਪਰੇਸ਼ਾਨੀਆਂ ਦੀ ਕੀਮਤ ਉੱਤੇ ਵਿਕਾਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇ ਚੋਣਾਂ 'ਚ ਭਾਜਪਾ-ਸ਼ਿਵ ਸੈਨਾ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਅਸੀਂ ਲੋਕਾਂ ਨੂੰ ਵਧੀਆ ਸਰਕਾਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੈਟਰੋ ਚਾਹੁੰਦੇ ਹਾਂ, ਸ਼ਹਿਰ ਦਾ ਵਿਕਾਸ ਚਾਹੁੰਦੇ ਹਾਂ, ਪਰ ਅਜਿਹਾ ਕੁਝ ਨਹੀਂ ਚਾਹੁੰਦੇ, ਜੋ ਕਿਸੇ ਦਾ ਨੁਕਸਾਨ ਕਰੇ।
ਇਸ ਦੌਰਾਨ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਦੌਰਾਨ ਮੁੱਖ ਮੁਕਾਬਲਾ ਭਾਵੇਂ ਭਾਜਪਾ-ਸ਼ਿਵ ਸੈਨਾ ਗਠਜੋੜ ਅਤੇ ਕਾਂਗਰਸ-ਐੱਨ ਸੀ ਪੀ ਗਠਜੋੜ ਦਾ ਹੈ, ਪਰ ਕੁਝ ਛੋਟੀਆਂ ਪਾਰਟੀਆਂ ਵੀ ਮੈਦਾਨ ਵਿੱਚ ਹਨ। ਉਨ੍ਹਾਂ ਦੀ ਭੂਮਿਕਾ ਨੂੰ ਕਿਸੇ ਹੱਦ ਤੱਕ ਅਹਿਮ ਮੰਨਿਆ ਜਾਂਦਾ ਹੈ। ਰਾਜ ਠਾਕਰੇ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੀ ਸੂਬਾਈ ਸਿਆਸਤ ਵਿੱਚ ਆਪਣੀ ਵੱਖਰੀ ਪਛਾਣ ਹੈ। ਪਾਰਟੀ ਮੌਜੂਦਾ ਅਸੈਂਬਲੀ ਚੋਣਾਂ ਆਪਣੇ ਦਮ 'ਤੇ ਲੜ ਰਹੀ ਹੈ। ਕੁਝ ਸੀਟਾਂ ਉਤੇ ਉਸ ਪਾਰਟੀ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ਦਾ ਸਮਝੌਤਾ ਹੋਇਆ ਹੈ।