Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਪੰਜਾਬੀ ਲੋਕਧਾਰਾ ਵਿੱਚ ਰਵਾਇਤੀ ਸਵਾਰੀ

October 09, 2019 12:54 PM

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਸਫਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਜੇ ਉੱਤੇ ਪਿਆ ਬੱਚਾ ਉਪਰ-ਥੱਲੇ, ਅੱਗੇ-ਪਿੱਛੇ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਬੈਠਦਾ ਹੈ, ਖੜ੍ਹਾ ਹੁੰਦਾ ਹੈ, ਕਦਮ ਪੁੱਟਦਾ ਹੈ ਤੇ ਹੌਲੀ-ਹੌਲੀ ਉਸ ਦਾ ਤੁਰਨ ਦਾ ਸਫਰ ਸ਼ੁਰੂ ਹੁੰਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਜੀਵਨ ਦੇ ਸਫਰ, ਚਾਲ, ਹਰ ਮੋੜ, ਰੰਗ-ਢੰਗ, ਹਰ ਦੌਰ ਦੇ ਪੜਾਵਾਂ, ਸਫਰ ਸਾਧਨਾਂ ਅਤੇ ਸਫਰ ਦੇ ਅਨੁਭਵ ਦਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਿਕਰ ਹੁੰਦਾ ਆਇਆ ਹੈ। ਪੈਦਲ ਤੁਰਦਿਆਂ ਸੈਂਕੜੇ ਕੋਹਾਂ ਦਾ ਪੈਂਡਾ ਕਰਦੇ ਰਹਿਣ ਤੋਂ ਲੈ ਕੇ ਲੋਕ ਊਠਾਂ-ਬੋਤਿਆਂ, ਘੋੜੇ-ਘੋੜੀਆਂ, ਗੱਡੇ, ਟਾਂਗਿਆਂ, ਯੱਕੇ, ਬੱਘੀਆਂ, ਪਾਲਕੀਆਂ, ਰੱਥਾਂ ਆਦਿ ਦੀ ਸਵਾਰੀ ਕਰਦੇ ਆਏ ਹਨ। ਮਨੁੱਖ ਨੇ ਪੈਦਲ ਚੱਲਦਿਆਂ ਸਦੀਆਂ ਲੰਮਾ ਪੰਧ ਤੈਅ ਕੀਤਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਲੰਮੇ ਪੈਂਡਿਆਂ 'ਤੇ ਪੈਦਲ ਤੁਰਨ ਦੀ ਗੱਲ ਹੁੰਦੀ ਆਈ ਹੈ।
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਹਾਏ ਪੁਆੜਾ ਪੈ ਗਿਆ
ਯੱਕਾ ਤਾਂ ਭਾੜੇ ਕੋਈ ਨਾ ਕੀਤਾ,
ਮਾਹੀਆ ਪੈਦਲ ਲੈ ਗਿਆ
ਫਿਰ ਬੋਤੇ ਦੀ ਸਵਾਰੀ ਕਰਕੇ ਦੂਰ-ਨੇੜੇ ਆਉਣ ਜਾਣ ਦੀ ਸਹੂਲਤ ਮਿਲ ਜਾਣ 'ਤੇ ਪੈਦਲ ਚੱਲਣ ਵਾਲਾ ਸਵਾਰੀ ਨੂੰ ਮਾਣ, ਟੌਹਰ ਤੇ ਸ਼ਾਨ ਵਾਲੀ ਗੱਲ ਸਮਝਿਆ ਜਾਂਦਾ ਸੀ।
* ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
ਸੋਨੇ ਦੇ ਤਵੀਤਾਂ ਵਾਲਿਆਂ
* ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ
ਬੋਤਾ ਜੀਵੇ ਚੀਨੇ ਰੰਗ ਦਾ।
* ਤੇਰਾ ਦਿਓਰ, ਜੇਠ,ਘਰ ਵਾਲਾ
ਬੋਤੇ ਉਤੇ ਤਿੰਨ ਗੱਭਰੂ।
* ਬੋਤਾ ਹੌਲੀ ਤੋਰ ਮਿੱਤਰਾ
ਮੇਰਾ ਨਰਮ ਕਾਲਜਾ ਧੜਕੇ
ਪੁਰਾਣੇ ਸਮਿਆਂ ਵਿੱਚ ਊਠ ਮਨੁੱਖ ਦਾ ਨੇੜਲਾ ਸਾਥੀ ਸਮਝਿਆ ਜਾਂਦਾ ਸੀ। ਪੰਜਾਬ ਦੇ ਮਾਲਵਾ ਖਿੱਤੇੇ ਵਿੱਚ ਬੋਤਾ ਸਰਦੇ-ਪੁੱਜਦੇ ਘਰਾਂ ਦੀ ਸ਼ਾਨ ਹੁੰਦਾ ਸੀ। ਮਾਲਵੇ ਬਹੁਤਾ ਕਰ ਕੇ ਊਠ ਕਿਹਾ ਜਾਂਦਾ ਸੀ। ਪੰਜਾਬੀ ਲੋਕ ਜੀਵਨ ਵਿੱਚ ਊਠ ਦਾ ਆਰਥਿਕ ਅਤੇ ਸਮਾਜਿਕ ਮਹੱਤਵ ਬਣਿਆ ਰਿਹਾ ਹੈ। ਮਾਲਵੇ ਵਿੱਚ ਹੀ ਨਹੀਂ, ਸਾਰੇ ਪੰਜਾਬੀਆਂ ਵਿੱਚ ਊਠ ਨੂੰ ਬੋਤਾ ਕਹਿ ਕੇ ਵਡਿਆਉਣ ਵਧੇਰੇ ਪ੍ਰਚੱਲਿਤ ਰਿਹਾ ਹੈ। ਆਵਾਜਾਈ, ਢੋਆ-ਢੋਆਈ ਅਤੇ ਸਫਰ ਲਈ ਉਹ ਮਨੁੱਖ ਵਾਸਤੇ ਬੇਹੱਦ ਉਪਯੋਗੀ ਜਾਨਵਰ ਹੈ। ਦੂਰ-ਨੇੜੇ ਸਾਕਾਦਾਰੀ ਵਿੱਚ ਆਉਣ-ਜਾਣ, ਮੌਜ-ਮਸਤੀ ਕਰਨ ਜਾਂ ਮੇਲੇ ਜਾਣ ਲਈ ਊਠਾਂ ਤੇ ਘੋੜਿਆਂ ਨੂੰ ਸ਼ਿੰਗਾਰਿਆ ਜਾਂਦਾ ਸੀ ਤੇ ਉਨ੍ਹਾਂ 'ਤੇ ਸਵਾਰੀ ਕੀਤੀ ਜਾਂਦੀ ਸੀ.
* ਸੋਹਣੀ ਰੰਨ ਦੇ ਮੁਕੱਦਮੇ ਜਾਣਾ,
ਊਠਣੀ ਸਿ਼ੰਗਾਰ ਮੁੰਡਿਆ।
* ਊਠਾਂ ਵਾਲਿਓ ਵੇ ਊਠ ਲੱਦੇ ਗੰਗਾ ਨੂੰ
ਚੰਦਰੀ ਦਾ ਪੁੱਤ ਪੈਸੇ ਦੇਂਦਾ ਨਹੀਂ ਵੰਗਾਂ ਨੂੰ
* ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀ ਮਾਏ
ਤੜਕੇ ਉੱਠ ਕੇ ਲੱਦ ਜਾਣਗੇ।
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ।
ਘੋੜਾ ਮਨੁੱਖ ਦੇ ਮਿੱਤਰ ਤੇ ਵਫਾਦਾਰ ਜਾਨਵਰਾਂ ਵਿੱਚੋਂ ਬੜੇ ਸੁੰਦਰ ਤੇ ਚੁਸਤ ਜਾਨਵਰ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਦੌੜਨ ਦੀ ਸਮਰੱਥਾ/ ਸ਼ਕਤੀ ਉਸ ਦੇ ਦੌੜਨ ਦੀ ਗਤੀ ਤੇ ਉਸ ਦੇ ਫੁਰਤੀਲੇਪਣ ਤੋਂ ਕੁੱਲ ਦੁਨੀਆਂ ਵਾਕਿਫ ਹੈ। ਘੋੜੇ ਨੂੰ ਲੰਮੀ ਦੌੜ ਦੌੜਨ ਵਾਲੇ ਬੇਹੱਦ ਤਾਕਤਵਰ ਜਾਨਵਰ ਵਜੋਂ ਜਾਣਿਆ ਜਾਂਦਾ ਹੈ। ਘੋੜੇ ਦੀ ਸਵਾਰੀ ਕਰਨ ਵਿੱਚ ਮਨੁੱਖ ਹਮੇਸ਼ਾਂ ਮਾਣ ਮਹਿਸੂਸ ਕਰਦਾ ਆਇਆ ਹੈ।
* ਤੰੂ ਘੋੜੇ, ਮੈਂ ਪਾਲਕੀ
ਚੱਲਾਂਗੇ ਹੰਸਾਂ ਦੀ ਚਾਲ, ਮੈਂ ਵਾਰੀ..
* ਵਿਹੜੇ ਤਾਂ ਸਾਡੀ ਹਰੀ ਫੁਲਾਹੀ
ਮੋੜ ਘੋੜਾ ਬਹਿ ਜਾਈਂ
ਛਾਵੇਂ ਵੀ ਬਹਿ ਗਿਆ, ਗੱਲਾਂ ਵੀ ਕਰ ਗਿਆ
ਉਹੋ ਮਾਹੀ ਸਾਨੂੰ ਛਲ ਗਿਆ
* ਘੋੜਾ ਪੀੜ ਕੇ ਮੋੜਨ ਭੱਜਾ
ਮਗਰੇ ਵਾਹੋ ਦਾਹ, ਸ਼ਾਵਾ!
ਆਖੇ, ਆਹ ਲੈ ਪੰਜ ਰੁਪਈਏ,
ਵੰਗਾਂ ਹੋਰ ਚੜ੍ਹਾ ਜਾਵਾਂ।
* ਦਿਓਰਾ ਖਿੱਦੋ ਖੇਡਦਿਆਂ ਵੇ,
ਅੱਜ ਘਰ ਆਇਆ ਵੀਰ
ਹੱਥ ਤਲਵਾਰ, ਘੋੜੇ ਅਸਵਾਰ, ਅਸਾਂ ਪੇਕੇ ਜਾਣਾ ਹੋ..
ਊਠ ਅਤੇ ਘੋੜੇ ਦੀ ਸਵਾਰੀ ਦੇ ਨਾਲ ਹਾਥੀ ਦੀ ਸਵਾਰੀ ਵੀ ਸ਼ਾਹੀ ਸਵਾਰੀ ਸਮਝੀ ਜਾਂਦੀ ਸੀ। ਰਾਜੇ-ਮਹਾਰਾਜੇ ਹਾਥੀ ਦੀ ਸਵਾਰੀ ਕਰਦੇ ਸਨ। ਕਾਫਲਿਆਂ ਵਿੱਚ ਸ਼ਾਹੀ ਠਾਠ ਨਾਲ ਨਿਕਲਦੇ ਸਨ। ਪੰਜਾਬੀ ਲੋਕ ਜੀਵਨ ਵਿੱਚ ਗੱਡੇ ਦੀ ਸਵਾਰੀ ਦਾ ਆਪਣਾ ਇੱਕ ਦੌਰ ਵੀ ਰਿਹਾ ਹੈ ਤੇ ਮਹੱਤਵ ਵੀ। ਗੱਡਾ ਅਸਲ ਵਿੱਚ ਭਾਰ ਢੋਣ ਵਾਲੀ ਅਤੇ ਆਵਾਜਾਈ ਵਾਸਤੇ ਵਰਤੋਂ ਵਿੱਚ ਲਿਆਉਣ ਵਾਲੀ ਬੈਲ ਗੱਡੀ ਹੁੰਦੀ ਸੀ। ਇਸ 'ਤੇ ਘਰ ਦਾ ਸਾਜ਼ੋ ਸਾਮਾਨ, ਖੇਡਾਂ ਵਿੱਚ ਵਰਤਣ ਵਾਲੀਆਂ ਚੀਜ਼ਾਂ ਤੇ ਫਸਲ ਦੀਆਂ ਜਿਣਸਾਂ ਨੂੰ ਢੋਇਆ ਜਾਂਦਾ ਸੀ। ਸਮਾਜਿਕ ਇਕੱਠਾਂ ਤੇ ਵਿਆਹਾਂ 'ਤੇ ਜਾਣ ਲਈ ਵੀ ਬੈਲ ਗੱਡੀ ਬੜੀ ਉਪਯੋਗੀ ਸਵਾਰੀ ਹੁੰਦੀ ਸੀ। ਲੰਮੇ ਸਫਰ 'ਤੇ ਨਿਕਲਣ ਲਈ ਬੈਲ ਗੱਡੀ ਦੇ ਪਿੱਛੇ ਇੱਕ ਵਾਧੂ ਬਲਦ ਬੰਨ੍ਹ ਲਿਆ ਜਾਂਦਾ ਸੀ। ਖਾਣ-ਪੀਣ ਦੇ ਪਦਾਰਥ ਵੀ ਨਾਲ ਲੈ ਲਏ ਜਾਂਦੇ ਸਨ। ਪਸ਼ੂਆਂ ਲਈ ਪੱਠ-ਦੱਥਾ ਵੀ ਗੱਡੇ 'ਤੇ ਰੱਖ ਲਿਆ ਜਾਂਦਾ ਸੀ। ਗੱਡੇ ਥੱਲੇ ਇੱਕ ਲਾਲਟੈਣ ਵੀ ਬੰਨ੍ਹ ਲਈ ਜਾਂਦੀ ਸੀ, ਜਿਸ ਨੂੰ ਹਨੇਰਾ ਹੋਣ 'ਤੇ ਜਗਾ ਲਿਆ ਜਾਂਦਾ ਸੀ। ਜਿਨ੍ਹਾਂ ਲੋਕਾਂ ਕੋਲ ਗੱਡੇ ਹੁੰਦੇ ਸਨ, ਉਹ ਸਰਦੇ-ਪੁੱਜਦੇ ਹੁੰਦੇ ਸਨ ਤੇ ਇਸ ਦੋਪਹੀਆ ਵਾਹਨ ਨੂੰ ਠੇਲ੍ਹਾ ਵੀ ਕਹਿ ਲਿਆ ਜਾਂਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਗੱਡੇ ਦਾ ਜ਼ਿਕਰ ਕਈ ਕੋਣਾਂ ਤੋਂ ਕੀਤਾ ਗਿਆ ਮਿਲਦਾ ਹੈ.
* ਗੱਡ ਗਡੀਰੇ ਵਾਲਿਆ ਗੱਡ ਹੌਲੀ-ਹੌਲੀ ਤੋਰ
ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ ਤੇ
ਦਿਲ ਨੂੰ ਪੈਂਦੇ ਹੌਲ
* ਸਣੇ ਬਲਦ ਗੱਡਾ ਪੁੰਨ ਕੀਤਾ
ਵੀਰ ਮੇਰੇ ਧਰਮੀ ਨੇ।
* ਗੱਡਾ ਆ ਗਿਆ ਸੰਦੂਕੋਂ ਖਾਲੀ
ਬਹੁਤਿਆਂ ਭਰਾਵਾਂ ਵਾਲੀਏ।
ਗੱਡੇ ਨੂੰ ਘੋੜੇ, ਖੱਚਰ, ਬਲਦ ਆਦਿ ਜਾਨਵਰਾਂ ਨਾਲ ਖਿੱਚਿਆ ਜਾ ਸਕਦਾ ਹੈ। ਗੱਡੇ ਨੂੰ ਖਿੱਚਣ ਵਾਲੇ ਜਾਨਵਰ ਅਨੁਸਾਰ ਉਸ ਨੂੰ ਬੈਲ ਗੱਡੀ, ਘੋੜਾ ਗੱਡੀ ਜਾਂ ਖੱਚਰ ਗੱਡੀ ਜਾਂ ਖੱਚਰ ਰੇਹੜਾ ਕਹਿ ਲਿਆ ਜਾਂਦਾ ਹੈ। ਪਹਿਲਾਂ ਗੱਡੇ ਦੇ ਪਹੀਏ ਲੱਕੜ ਦੇ ਬਣੇ ਹੁੰਦੇ ਸਨ। ਫਿਰ ਹੌਲੀ-ਹੌਲੀ ਟਾਇਰ-ਟਿਊਬ ਵਾਲੇ ਪਹੀਆਂ ਵਾਲੇ ਗੱਡਿਆਂ ਦਾ ਪ੍ਰਚਲਨ ਹੁੰਦਾ ਗਿਆ।
ਰੱਥ 'ਤੇ ਸਵਾਰੀ ਕਰਨ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਦੋ ਗੁੰਬਦਾਂ ਦੀ ਸ਼ਕਲ ਵਾਲੇ ਰੱਥ ਨੂੰ ਬਲਦਾਂ ਦੀ ਜੋੜੀ ਖਿੱਚਦੀ ਸੀ। ਰੱਥ 'ਤੇ ਬਹੁਤ ਜਚਦੇ-ਫੱਬਦੇ ਤੇ ਸੋਹਣੇ ਲੱਗਣ ਵਾਲੇ ਝੁੰਮਣ ਪਾਏ ਹੁੰਦੇ ਸਨ ਤੇ ਬਲਦਾਂ ਦੇ ਗਲਾਂ ਵਿੱਚ ਰੰਗਦਾਰ ਰੱਸੀਆਂ ਵਿੱਚ ਘੁੰਗਰੂ, ਮਣਕੇ, ਟੱਲੀਆਂ ਤੇ ਫੁੰਮਣੀਆਂ ਪਰੋ ਕੇ ਪਾਈਆਂ ਹੁੰਦੀਆਂ ਸਨ। ਬਲਦਾਂ ਨੂੰ ਬਹੁ-ਰੰਗੀਆਂ ਰੱਸੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ। ਉਨ੍ਹਾਂ ਦੇ ਸਿੰਗਾਂ 'ਤੇ ਰੰਗ-ਬਿਰੰਗੀਆਂ ਚੁੰਨੀਆਂ ਬੰਨ੍ਹੀਆਂ ਜਾਂਦੀਆਂ ਸਨ। ਇੰਜ ਉਹ ਰੱਥ ਬੜੇ ਸੋਹਣੇ ਲੱਗਦੇ ਸਨ। ਬਰਾਤਾਂ ਰੱਥਾਂ, ਬਲਦਾਂ ਵਾਲੇ ਗੱਡੇ-ਗੱਡੀਆਂ, ਟਾਂਗਿਆਂ ਆਦਿ 'ਤੇ ਜਾਂਦੀਆਂ ਸਨ। ਵਿਆਹੁਲੀ ਲੜਕੀ ਨੂੰ ਡੋਲੀ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਸੀ। ਡੋਲੀ ਨੂੰ ਕੁਹਾਰ ਚੁੱਕਦੇ ਸਨ। ਉਸ ਸਮੇਂ ਨਾਲ ਸਬੰਧਿਤ ਪੰਜਾਬੀ ਦੇ ਕੁਝ ਲੋਕ ਗੀਤਾਂ ਦੀਆਂ ਤੁਕਾਂ ਲੋਕ ਮਨਾਂ ਨੂੰ ਟੁੰਬਦੀਆਂ ਆਈਆਂ ਹਨ.
* ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ
ਬਾਬਲ ਡੋਲਾ ਨਹੀਂ ਲੰਘਣਾ
ਇੱਕ ਇੱਟ ਪੁਟਾ ਦੇਵਾਂ
ਧੀਏ ਘਰ ਜਾ ਆਪਣੇ
* ਮੇਰੀ ਡੋਲੀ 'ਤੇ ਲੱਗੇ ਹੀਰ ਨੀਂ ਮਾਂ
ਮੈਨੂੰ ਵਿਦਾ ਕਰਨ ਮੇਰੇ ਵੀਰ ਨੀਂ ਮਾਂ
ਸ਼ਾਹੀ ਘਰਾਣਿਆਂ, ਪੈਸੇ ਵਾਲੇ ਲੋਕਾਂ ਅਤੇ ਸਾਧਨ ਸੰਪੰਨ ਲੋਕਾਂ ਵੱਲੋਂ ਆਪਣੇ ਘਰਾਂ ਦੀਆਂ ਠਾਠ-ਬਾਠ ਵਾਲੀਆਂ ਔਰਤਾਂ ਦੇ ਆਉਣ-ਜਾਣ ਲਈ ਪਾਲਕੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਰਾਜੇ-ਮਹਰਾਜੇ ਹਾਥੀ-ਘੋੜਿਆਂ ਦੀ ਸਵਾਰੀ ਤਾਂ ਕਰਦੇ ਹੀ ਸਨ, ਉਹ ਪਾਲਕੀ ਦੀ ਸਵਾਰੀ ਕਰਨ ਦਾ ਸ਼ੌਕ ਵੀ ਰੱਖਦੇ ਸਨ।
* ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ
ਵੇ ਨਿੱਕਿਆ, ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ
ਵੇ ਨਿੱਕਿਆ, ਘੋੜੀ 'ਤੇ ਮੇਰਾ ਸੋਹਣਾ ਵੀਰ ਚੜ੍ਹੇ..
ਹਾਥੀਆਂ-ਘੋੜਿਆਂ 'ਤੇ ਆਉਂਦੀਆਂ ਬਰਾਤਾਂ ਨੂੰ ਠਹਿਰਾਉਣ ਤੇ ਹਾਥੀ-ਘੋੜਿਆਂ ਨੂੰ ਬੰਨ੍ਹਣ ਦਾ ਯਥਾ ਯੋਗ ਪ੍ਰਬੰਧ ਕੀਤਾ ਜਾਂਦਾ ਸੀ। ਗੱਡੇ ਤੋਂ ਪਿੱਛੋਂ ਟਾਂਗੇ ਜਾਂ ਯੱਕੇ ਦੀ ਸਵਾਰੀ ਤਾਂ ਮਨੁੱਖ ਦੀ ਵੱਡੀ ਰੀਝ ਪੂਰੀ ਕਰ ਦਿੰਦੀ ਹੈ। ਟਾਂਗਾ ਮਨੁੱਖ ਵਾਸਤੇ ਸ਼ਾਹੀ ਸਵਾਰੀ ਬਣ ਕੇ ਪ੍ਰਗਟ ਹੁੰਦਾ ਹੈ। ਟਾਂਗੇ ਤੇ ਯੱਕੇ ਦੀ ਸਵਾਰੀ ਦੀ ਸਹੂਲਤ ਮਨੁੱਖ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਦੀ ਹੈ। ਸਮੇਂ ਦੀ ਤੋਰ ਦੇ ਨਾਲ ਪੰਜਾਬੀ ਲੋਕ ਗੀਤ ਵੀ ਟਾਂਗਿਆਂ-ਯੱਕਿਆਂ ਦੀ ਸਵਾਰੀ ਕਰਦੇ ਪ੍ਰਤੀਤ ਹੁੰਦੇ ਹਨ.
* ਵੱਟਾ ਮਾਰਿਆ ਟਾਂਗੇ ਨੂੰ
ਹੀਰ ਜੇ ਨਾ ਜੰਮਦੀ,
ਦੁੱਖ ਲੱਗਦੇ ਨਾ ਰਾਂਝੇ ਨੂੰ।
* ਚੜ੍ਹ ਗਿਆ ਡਾਕ ਗੱਡੀ
ਮੈਨੂੰ ਦੇ ਗਿਆ ਯੱਕੇ ਦਾ ਭਾੜਾ।
ਸਮਾਂ ਬੀਤਦਾ ਜਾਂਦਾ ਹੈ। ਜਿਨ੍ਹਾਂ ਰਾਹਾਂ 'ਤੇ ਊਠਾਂ, ਘੋੜਿਆਂ, ਹਾਥੀਆਂ, ਟਾਂਗਿਆਂ ਆਦਿ ਸਵਾਰੀਆਂ ਦਾ ਡੰਕਾ ਵੱਜਦਾ ਸੀ, ਉਨ੍ਹਾਂ ਰਾਹਾਂ 'ਤੇ ਸਾਈਕਲ ਆ ਚੜ੍ਹਦਾ ਹੈ। ਸਾਈਕਲ ਦੀ ਟੌਹਰ ਉਦੋਂ ਤੱਕ ਦੀਆਂ ਬਾਕੀ ਸਵਾਰੀਆਂ ਦੇ ਰੰਗ ਨੂੰ ਫਿੱਕਾ ਪਾ ਦਿੰਦੀ ਹੈ। ਮਨੁੱਖ ਦੇ ਪੈਂਡੇ ਲੰਮੇਰੇ ਹਨ। ਪੰਜਾਬੀ ਲੋਕ ਧਾਰਾ ਦੇ ਪੈਰਾਂ ਤੇ ਪਹੀਆਂ 'ਤੇ ਸਵਾਰੀ ਕਰਦਾ ਆਉਂਦਾ ਮਨੁੁੱਖ ਬਹੁਤ ਦੂਰ ਤੱਕ ਨਿਕਲ ਆਇਆ ਹੈ। ਉਸ ਨੇ ਬੱਸਾਂ, ਲਾਰੀਆਂ, ਟਰੱਕਾਂ, ਕਾਰਾਂ, ਰੇਲ ਗੱਡੀ ਆਦਿ 'ਤੇ ਸਵਾਰੀ ਕਰਦਿਆਂ ਲੱਖਾਂ-ਕਰੋੜਾ ਕੋਹਾਂ ਦਾ ਪੰਧ ਤੈਅ ਕਰ ਲਿਆ ਹੈ। ਹੋਰ ਲੰਮੀਆਂ ਵਾਟਾਂ ਅਜੇ ਬਾਕੀ ਹਨ।

Have something to say? Post your comment