Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਵਿਅੰਗ: ਇਥੇ ਗੋਡੇ, ਚੂਲੇ, ਸਟੈਂਟਸ, ਲੈੱਨਜ਼ ਮਿਲਦੇ ਹਨ

October 09, 2019 12:52 PM

-ਨੂਰ ਸੰਤੋਖਪੁਰੀ
ਸਿਹਤ ਵਿਗਿਆਨ ਵਿੱਚ ਹੋਈ ਚੋਖੀ ਤਰੱਕੀ ਕਾਰਨ ਤੇ ਨਵੀਆਂ ਨਵੀਆਂ ਜੀਵਨ-ਰੱਖਿਅਕ ਦਵਾਈਆਂ ਦੀ ਖੋਜ ਕਾਰਨ ਦੋ-ਪਾਏ ਪ੍ਰਾਣੀਆਂ ਦੀ ਔਸਤ ਉਮਰ ਵਿੱਚ ਬੇਸ਼ੱਕ ਵਾਧਾ ਹੋਇਆ ਹੈ, ਪਰ ਲੰਮੀ ਉਮਰ 'ਚ ਵਾਧਾ ਨਹੀਂ ਹੋਇਆ। ਅੱਜਕੱਲ੍ਹ ਦੇ ਬਹੁਤੇ ਦੋ-ਪਾਏ ਪ੍ਰਾਣੀ ਚਾਲੀ ਸਾਲ ਦੀ ਉਮਰ ਦੀ ਹੱਦ ਟੱਪਦਿਆਂ ਸਾਰ ਮਾੜਾ ਮੋਟਾ ਕੰਮ ਕਰਦਿਆਂ ਹਫਣ-ਹੌਂਕਣ ਲੱਗ ਪੈਂਦੇ ਹਨ ਅਤੇ ਚਾਲੀ ਕੁ ਕਦਮ ਪੈਦਲ ਟੁਰਨੇ ਵੀ ਉਨ੍ਹਾਂ ਲਈ ਮਾਊਂਟ ਐਵਰੈਸਟ ਦੀ ਟੀਸੀ 'ਤੇ ਚੜ੍ਹਨ ਵਾਂਗ ਮੁਸ਼ਕਲ ਹੋ ਜਾਂਦੇ ਹਨ। ਪੰਜਾਹ ਵਰ੍ਹਿਆਂ ਦੀ ਉਮਰ ਨੂੰ ਹੱਥ ਲਾਉਣ ਵਾਲੇ ਕਈ ਲੋਕ ਬੜੇ ਔਖੇ ਹੋ ਕੇ ਜ਼ਿੰਦਗੀ ਦੀ ਕੌੜ-ਕਬੱਡੀ ਖੇਡਦੇ ਹਨ। ਕਿਸੇ ਨਾਲ ਮਾੜੀ-ਮੋਟੀ ਲੜਾਈ ਜਾਂ ਬਹਿਸ ਕਰਨ ਲੱਗਿਆਂ ਉਨ੍ਹਾਂ ਨੂੰ ਗੱਡੇ ਅੱਗੇ ਜੁਪੇ ਝੋਟਿਆਂ ਨੂੰ ਚੜ੍ਹਦੇ ਸਾਹ ਵਾਂਗ ਸਾਹ ਚੜ੍ਹ ਜਾਂਦਾ ਹੈ। ਜੇ ਸੱਠ ਸਾਲ ਤੋਂ ਉਪਰ ਜਿਊਂਦਾ-ਜਾਗਦਾ ਠੀਕ-ਠਾਕ ਟੁਰਦਾ-ਫਿਰਦਾ ਕੋਈ ਮਨੁੱਖ ਨਜ਼ਰ ਆ ਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਉਸ ਦੀ ਮੁਕੱਰਰ ਉਮਰ ਦਾ ਕੋਟਾ ਖਤਮ ਹੋ ਚੁੱਕਾ ਹੈ ਅਤੇ ਉਹ ਬੋਨਸ 'ਤੇ ਮਿਲੇ ਵਾਧੂ ਸਾਲਾਂ ਦਾ ਲਾਭ ਉਠਾ ਰਿਹਾ ਹੈ। ਉਸ ਉੱਤੇ ਰਸ਼ਕ ਕਰਨਾ ਸਾਡਾ ਹੱਕ ਬਣਦਾ ਹੈ। ਕਈ ਸਰਕਾਰੀ ਨੌਕਰ, ਚਾਕਰ, ਅਫਸਰ ਵਗੈਰਾ ਰਿਟਾਇਰਮੈਂਟ ਦੀ ਨਿਰਧਾਰਤ ਅਠਵੰਜਾ ਸੱਠ ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਪੱਕੇ ਤੌਰ 'ਤੇ ਸੇਵਾਮੁਕਤ ਹੋ ਜਾਂਦੇ ਹਨ ਅਤੇ ਰੱਬ ਦੇ ਦਫਤਰ ਵਿੱਚ ਜਾ ਕੇ ਆਪਣੀ ਹਾਜ਼ਰੀ ਲੁਆਉਂਦੇ ਨੇ।
ਅੱਜ ਕੱਲ੍ਹ ਸ਼ਾਇਦ ਹੀ ਕੋਈ ਦੋ-ਪਾਇਆ (ਟੋ-ਟੰਗਾ) ਪ੍ਰਾਣੀ ਹੋਵੇਗਾ, ਜਿਸ ਦੇ ਚਿਹਰੇ ਉਪਰ ਖਿੜੇ ਫੁੱਲਾਂ ਵਰਗਾ ਖੇੜਾ, ਹਾਸਾ ਨਜ਼ਰ ਆਉਂਦਾ ਹੋਵੇ। ਕੁਦਰਤੀ ਚਮਕ-ਦਮਕ-ਅਕਹਿ-ਅਕੱਥ ਖੁਸ਼ੀ ਨਜ਼ਰ ਆਉਂਦੀ ਹੋਵੇ। ਲੋਕਾਂ ਦੀ ਲੰਮੀ ਉਮਰ ਸੁਆਹ ਅਤੇ ਖੇਹ ਹੋਣੀ ਏਂ। ਕਈਆਂ ਦੇ ਭੱਖੜੇ ਵਰਗੇ ਮੁਖੜਿਆਂ 'ਤੇ ਖਿੱਝ ਤੇ ਕ੍ਰੋਧ ਦੇ ਉਗੇ ਹੋਏ ਕੰਡੇ ਵਿਖਾਈ ਦਿੰਦੇ ਹਨ। ਮਾਯੂਸੀ ਤੇ ਉਦਾਸੀ ਦੀਆਂ ਝਾੜੀਆਂ ਵਿਖਾਈ ਦਿੰਦੀਆਂ ਹਨ। ਉਹ ਹਾਲਾਤ ਅਤੇ ਜ਼ਿੰਦਗੀ ਹੱਥੋਂ ਇੰਨੇ ਵਾਧੂ (ਜ਼ਿਆਦਾ) ਸਤਾਏ ਹੋਏ, ਤੰਗ-ਪਰੇਸ਼ਾਨ ਕੀਤੇ ਤੇ ਥੱਕੇ-ਟੁੱਟੇ ਹਾਰੇ ਹੋਏ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਚਿਹਰਿਆਂ 'ਤੇ ਜਿਊਣ ਦਾ ਝੋਰਾ ਸਾਫ ਨਜ਼ਰ ਆਉਂਦਾ ਹੈ। ਜਿਊਂਦੇ ਚਲੇ ਜਾਣ ਦੀ ਮਜਬੂਰੀ ਤੇ ਨਾ-ਖੁਸ਼ੀ ਨਜ਼ਰ ਆਉਂਦੀ ਹੈ। ਸਾਲੀ (ਜਾਂ ਘਰ ਵਾਲੀ) ਐਨੀ ਜ਼ਿਆਦਾ ਨਿਰਾਸ਼ਾ ਮਾਯੂਸੀ ਵੀ ਕੀ ਹੋਈ? ਚੜ੍ਹਦੀ ਕਲਾ 'ਚ ਰਹਿਣ ਵਾਲਿਆਂ ਦੇ ਮੁਖੜਿਆਂ 'ਤੇ ਲਾਲੀ ਚੜ੍ਹੀ ਰਹਿੰਦੀ ਏ ਅਤੇ ਢਹਿੰਦੀ ਕਲਾਂ 'ਚ ਰਹਿਣ ਵਾਲਿਆਂ ਦੇ ਚਿਹਰਿਆਂ 'ਤੇ ਵੀਰਾਨੀ ਜਿਹੀ ਢਲੀ ਹੋਈ ਨਜ਼ਰ ਆਉਂਦੀ ਏ। ਇਹ ਬੰਦੇ ਅੰਤਾਂ ਦੇ ਅਸੰਤੁਸ਼ਟ ਤੇ ਨਾ-ਖੁਸ਼ ਹੁੰਦੇ ਨੇ।
ਅੱਜ ਕੱਲ੍ਹ ਕਈ ਵਿਅਕਤੀ ਤੁਰਦੇ-ਫਿਰਦੇ ਸਪੇਅਰ ਪਾਰਟਸ ਦੇ ਸਟੋਰਸ ਨਜ਼ਰ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰਾਂ 'ਤੇ ਡਾਕਟਰਾਂ ਨੇ ਨਕਲੀ ਜਾਂ ਕਹਿ ਲਵੋ ਸਪੇਅਰ ਪੁਰਜ਼ੇ ਭਵ ਪਾਰਟਸ ਫਿੱਟ ਕੀਤੇ ਹੁੰਦੇ ਹਨ। ਉਨ੍ਹਾਂ ਦੇ ਕੁਦਰਤੀ ਕਲ ਪੁਰਜ਼ੇ ਰੋਗਾਂ ਜਾਂ ਹਾਦਸਿਆਂ ਨਾਲ ਕੰਡਮ (ਨਕਾਰਾ) ਹੋ ਚੁੱਕੇ ਹੁੰਦੇ ਨੇ। ਕੋਈ ਵਿਅਕਤੀ ਨਕਲੀ ਗੋਡੇ ਪੁਆਈ ਫਿਰਦਾ ਹੈ। ਲੱਤਾਂ-ਬਾਹਾਂ ਦਆਂ ਹੱਡੀਆਂ ਤੇ ਜੋੜ ਕਈ ਲੋਕ ਪੁਆਈ ਫਿਰਦੇ ਹਨ। ਸਪੇਅਰ ਨਾੜਾਂ ਪੁਆਈ ਫਿਰਦੇ ਹਨ। ਬੇਸ਼ੁਮਾਰ ਲੋਕਾਂ ਦੇ ਨਕਲੀ ਚੂਲੇ ਡਾਕਟਰਾਂ ਨੇ ਫਿੱਟ ਕੀਤੇ ਪਏ ਨੇ ਐਨ ਚੰਗੀ ਤਰ੍ਹਾਂ ਨਟ-ਬੋਲਟ ਕੱਸ ਕੇ। ਚਿੱਟੇ ਮੋਤੀਏ ਨਾਲ ਜਿਨ੍ਹਾਂ ਦੀਆਂ ਅੱਖਾਂ ਦੇ ਅਸਲੀ ਲੈਨਜ਼ ਖਰਾਬ ਹੋ ਚੁੱਕੇ ਹੁੰਦੇ ਹਨ, ਉਨ੍ਹਾਂ ਦੀਆਂ ਅੱਖਾਂ 'ਚ ਮਾਹਿਰ ਡਾਕਟਰਾਂ ਨੇ ਨਕਲੀ ਲੈਨਜ਼ ਪਾਏ ਹੋਏ ਹਨ। ਕਾਲੇ ਮੋਤੀਏ ਦਾ ਫੌਰਨ ਆਪਰੇਸ਼ਨ ਹੀ ਕਰਵਾਉਣਾ ਪੈਂਦਾ ਹੈ। ਧੰਨ ਹਨ ਉਹ ਦਾਨੀ ਜਿਨ੍ਹਾਂ ਵੱਲੋਂ ਦਾਨ ਕੀਤੀਆਂ ਅੱਖਾਂ ਖਰਾਬ ਹੋ ਚੁੱਕੀਆਂ ਪੁਤਲੀਆਂ ਵਾਲੇ ਨੇਤਰਹੀਣ ਲੋਕਾਂ ਨੂੰ ਨਜ਼ਰ ਦੀ ਰੋਸ਼ਨੀ ਬਖਸ਼ਦੀਆਂ ਹਨ। ਇਹੋ ਜਿਹੇ ਦਾਨੀ ਤਾਰੀਫ ਅਤੇ ਧੰਨਵਾਦ ਦੇ ਸਹੀ ਹੱਕਦਾਰ ਹੁੰਦੇ ਹਨ। ਦਿਲ ਦਾ ਮਾਮਲਾ ਓਨਾ ਗੰਭੀਰ ਨਹੀਂ ਰਿਹਾ, ਜਿੰਨਾ ਪਹਿਲਾਂ ਹੁੰਦਾ ਸੀ। ਅੱਜ ਕੱਲ੍ਹ ਦਿਲ ਨੂੰ ਲਗਾਤਾਰ ਧੜਕਦੇ-ਫੜਕਦੇ ਤੇ ਬਹਿਕਦੇ ਰੱਖਣ ਲਈ ਤੁਰੰਤ ਸਟੈਂਟਸ ਪਾ ਦਿੱਤੇ ਜਾਂਦੇ ਹਨ। ਦਿਲ ਤਾਂ ਆਖਰ ਦਿਲ ਹੈ। ਸਟੈਂਟਸ ਫਿੱਟ ਕੀਤੇ ਦਿਲ ਨਾਲ ਮਿਲ ਸਕਦਾ ਹੈ। ਟਾਂਕਾ ਮਿਲਾ ਸਕਦਾ ਹੈ। ਨਜ਼ਰ ਦੀਆਂ ਐਨਕਾਂ ਲੱਗੀਆਂ ਹੋਣ ਤਾਂ ਅੱਖਾਂ ਚਾਰ ਕਰਨ ਵਿੱਚ ਕੁਝ ਮੁਸ਼ਕਲ ਹੋ ਸਕਦੀ ਹੈ। ਨਕਲੀ ਲੈੱਨਜ਼ ਪੁਆਈਆਂ ਅੱਖਾਂ ਨਾਲ ਅੱਖਾਂ ਚਾਰ ਕਰਨ ਵਿੱਚ ਕੋਈ ਔਕੜ ਪੇਸ਼ ਨਹੀਂ ਆਉਂਦੀ। ਜੇ ਸਟੈਂਟਸ ਫਿੱਟਡ ਦਿਲ ਕਿਸੇ 'ਤੇ ਫਿਦਾ ਹੋ ਜਾਵੇ, ਕੁਰਬਾਨ ਹੋ ਜਾਵੇ ਤਾਂ ਫਿਰ ਕੀ ਹੋਇਆ? ਬੱਸ ਦਿਲ ਸਾਲਾ ਤੰਦਰੁਸਤ ਤੇ ਖੁਸ਼ ਰਹਿਣਾ ਚਾਹੀਦਾ ਹੈ।
ਹੋਰ ਇਸ ਜ਼ਾਲਮ ਜ਼ਮਾਨੇ 'ਚ ਰੱਖਿਆ ਕੀ ਐ? ਨਫਰਤ ਹੀ ਨਫਰਤ, ਈਰਖਾ ਹੀ ਈਰਖਾ। ਇਸ ਤਕਨੀਕੀ ਤੇ ਵਿਕਸ ਯੁੱਗ 'ਚ ਸਕੂਟਰ, ਕਾਰ, ਆਟੋ, ਬਸ, ਟਰੱਕ, ਟਰੈਕਟਰ ਆਦਿ ਵਗੈਰਾ ਦੀ ਰਿਪੇਅਰ ਕਰਨ ਵਾਲੇ ਮਕੈਨਿਕ ਆਪੋ ਆਪਣੀ ਵਰਕਸ਼ਾਪ ਅੰਦਰ ਓਨੇ ਰੁੱਝੇ ਹੋਏ ਨਜ਼ਰ ਨਹੀਂ ਆਉਂਦੇ ਜਿੰਨੇ ਵੱਖ-ਵੱਖ ਤਰ੍ਹਾਂ ਦੇ ਸਪੇਅਰ ਪਾਰਟਸ ਮਰੀਜ਼ਾਂ ਦੇ ਸਰੀਰਾਂ 'ਚ ਫਿੱਟ ਕਰਨ ਵਾਲੇ ਮਾਹਰ ਡਾਕਟਰ ਆਪੋ ਆਪਣੇ ਮਲਟੀ ਜਾਂ ਸੁਪਰ ਸਪੈਸ਼ਲਿਟੀ ਹਸਪਤਾਲਾਂ ਅੰਦਰ ਰੁੱਝੇ ਹੁੰਦੇ ਹਨ। ਉਥੇ ਲਾਈਨਾਂ ਲੱਗੀਆਂ ਹੁੰਦੀਆਂ ਹਨ। ਛੇਤੀ ਵਾਰੀ ਨਹੀਂ ਆਉਂਦੀ। ਇਹ ਧਨ ਦਾ ਚਮਤਕਾਰ ਹੈ ਤੇ ਗਰੀਬ ਵਿਚਾਰੇ ਤਾਂ ਗਰੀਬੀ, ਮਹਿੰਗਾਈ, ਫਟੇਹਾਲੀ, ਮੰਦਹਾਲੀ ਅਤੇ ਰੋਗਾਂ ਨਾਲ ਲੜਦੇ-ਘੁਲਦੇ-ਮਰ-ਖਪ ਜਾਂਦੇ ਹਨ। ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਿੱਤ ਹੋ ਜਾਂਦੇ ਹਨ। ਉਹ ਕਿਸੇ ਗਿਣਤੀ ਵਿੱਚ ਨਹੀਂ ਹਨ। ਉਹ ਦਿਨ ਦੂਰ ਨਹੀਂ ਜਦੋਂ ਮੋਟਰ ਗੱਡੀਆਂ, ਲਾਰੀਆਂ ਵਗੈਰਾ ਦੇ ਸਪੇਅਰ ਪਾਰਟਸ ਵੇਚਣ ਵਾਲੀਆਂ ਦੁਕਾਨਾਂ ਵਾਂਗ ਥਾਂ-ਥਾਂ ਮਨੁੱਖੀ ਸਰੀਰਾਂ ਦੇ ਸਪੇਅਰ ਪਾਰਟਸ ਵੇਚਣ ਵਾਲੀਆਂ ਕੰਪਨੀਆਂ ਅਤੇ ਦੁਕਾਨਾਂ ਖੁੱਲ੍ਹ ਜਾਣਗੀਆਂ ਤੇ ਇਨ੍ਹਾਂ ਦਾ ਹਰ ਕਾਰੋਬਾਰੀ ਤੇ ਵਪਾਰੀ ਆਪੋ ਆਪਣੇ ਸਾਈਨ ਬੋਰਡ 'ਤੇ ਲਿਖਵਾਇਆ ਕਰੇਗਾ, ‘ਇਥੇ ਨੈਸ਼ਨਲ ਤੇ ਇੰਟਰਨਸ਼ਨਲ ਮਾਰਕੀਟ ਨਾਲੋਂ ਸਸਤੇ ਮੁੱਲ 'ਤੇ ਮਨੁੱਖੀ ਸਰੀਰ ਦੇ ਹਰ ਤਰ੍ਹਾਂ ਦੇ ਸਪੇਅਰ ਪਾਰਟਸ ਮਿਲਦੇ ਹਨ।’
ਈ-ਕਾਮਰਸ ਭਾਵ ਈ-ਟ੍ਰੇਡਸ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਪੁਰਾਣੇ ਪੈਦਲ ਤੇ ਢਿਚਕੂੰ-ਢਿਚਕੂੰ, ਚੀਕੰੂ-ਚੀਕੰੂ ਯੁੱਗ ਅੰਦਰ ਭਾਵੇਂ ਮਨੁੱਖ ਦੀ ਔਸਤ ਉਮਰ ਘੱਟ ਹੁੰਦੀ ਸੀ ਪਰ ਜਿਨ੍ਹਾਂ ਚੀੜ੍ਹੇ, ਐਨ ਠਕਾਠਕ, ਗੜ੍ਹਕਦਾਰ ਲੋਕਾਂ ਦੀ ਉਮਰ ਹੁੰਦੀ ਸੀ, ਉਨ੍ਹਾਂ ਦੀ ਉਮਰ ਕਾਫੀ ਲੰਮੀ ਹੁੰਦੀ ਸੀ। ਉਹ ਛੇਤੀ-ਛੇਤੀ ਮਰਦ ਨਹੀਂ ਸਨ ਤੇ ਛੇਤੀ ਛੇਤੀ ਪਲੰਗ, ਮੰਜੇ ਖਾਲੀ ਕਰਦੇ ਨਹੀਂ ਸਨ। ਸ਼ੁੱਧ ਖੁਰਾਕਾਂ ਖਾਣ ਵਾਲੇ, ਸਾਫ ਅਤੇ ਸਵੱਛ ਪਾਣੀ, ਅੰਮ੍ਰਿਤ ਵਰਗਾ ਪਾਣੀ ਪੀਣ ਵਾਲੇ, ਸਾਫ-ਸੁਥਰੀ ਹਵਾ 'ਚ ਸਾਹ ਲੈਣ ਵਾਲੇ, ਖੁੱਲ੍ਹੇ-ਡੁੱਲੇ ਮਾਹੌਲ ਵਿੱਚ ਰਹਿਣ ਵਾਲੇ, ਖੁੱਲ੍ਹੇ ਡੁੱਲੇ ਲਿਬਾਸ ਪਹਿਨਣ ਵਾਲੇ, ਨਫਰਤ, ਈਰਖਾ, ਹਸਦ (ਸਾੜਾ), ਵੈਰ-ਵਿਰੋਧ ਤੋਂ ਦੂਰ ਰਹਿਣ ਵਾਲੇ ਉਹ ਲੋਕ ਸਰੀਰਕ ਤੌਰ 'ਤੇ ਤਾਂ ਤੰਦਰੁਸਤ ਹੁੰਦੇ ਹੀ ਸਨ, ਮਾਨਸਿਕ ਤੇ ਆਤਮਿਕ ਤੌਰ 'ਤੇ ਵੀ ਕਾਫੀ ਤੰਦਰੁਸਤ ਅਤੇ ਬਲਵਾਨ ਹੁੰਦੇ ਸਨ।

Have something to say? Post your comment