Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਨਮਕ ਹਲਾਲ

October 02, 2019 10:37 AM

-ਲਖਵਿਦੰਰ ਸਿੰਘ ਬਾਜਵਾ
‘‘ਅਰੇ ਤੁਮ ਅਕੇਲੇ ਹੀ ਕਿਉਂ ਆਜ?'' ਮੈਂ ਸਵਾਲ ਕੀਤਾ ਤਾਂ ਉਸ ਨੇ ਖਾਈ ਪੁੱਟਦੇ ਹੋਏ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ।
ਫਿਰ ਹੌਲੀ ਜਿਹੀ ਬੋਲਿਆ, ‘‘ਬਾਕੀ ਸਬ ਚਲੇ ਗਏ ਹੈਂ ਸਿਰਦਾਰ ਜੀ। ਮੈਂ ਭੀ ਕਲ ਕੋ ਚਲਾ ਜਾਉਗਾ। ਆਪ ਕੀ ਤਾਰ ਡਾਲਨੀ ਥੀ ਨਾ।''
‘‘ਤਾਰ..? ਠੇਕੇਦਾਰ ਮਾਨ ਗਿਆ ਕਿਆ?'' ਮੈਂ ਹੈਰਾਨੀ ਨਾਲ ਪੁੱਛਿਆ।
‘‘ਨਹੀਂ, ਵੋ ਤੋ ਨਹੀਂ ਮਾਨਾ, ਮਗਰ ਮੈਂ ਖੁਦ ਹੀ ਖਾਈ ਖੋਦ ਕਰ ਡਾਲੰੂਗਾ।''
ਫਿਰ ਉਹ ਕੁਝ ਰੁਕ ਕੇੇ ਬੋਲਿਆ, ‘‘ਏਕ ਮਹੀਨਾ ਆਪ ਕਾ ਨਮਕ ਖਾਇਆ ਹੈ ਨਾ।''
ਮੈਂ ਉਹਦੇ ਵੱਲ ਵੇਖਦਾ ਰਹਿ ਗਿਆ। ਇਕ ਮਹੀਨਾ ਪਹਿਲਾਂ ਦੀ ਗੱਲ ਹੈ। ਸਾਡੇ ਇਲਾਕੇ ਵਿਚ ਟੈਲੀਫੋਨ ਦੀ ਜ਼ਮੀਨਦੋਜ਼ ਤਾਰ ਵਿਛਾਈ ਜਾ ਰਹੀ ਸੀ। ਕੁਝ ਪਰਵਾਸੀ ਮਜ਼ਦੂਰ ਕੰਮ `ਤੇ ਲੱਗੇ ਹੋਏ ਸਨ। ਪੱਕੀ ਸੜਕ ਦੇ ਕਿਨਾਰੇ ਇਕ ਪਾਸੇ ਤਿੰਨ ਫੁੱਟ ਡੂੰਘੀ ਖਾਈ ਪੁੱਟੀ ਜਾ ਰਹੀ ਸੀ। ਇਸ ਤੋਂ ਪਹਿਲਾਂ ਏਥੇ ਕੋਈ ਟੈਲੀਫੋਨ ਕੁਨੈਕਸ਼ਨ ਨਹੀਂ ਸੀ। ਮੋਬਾਈਲ ਵੀ ਅਜੇ ਨਹੀਂ ਆਏ ਸਨ। ਦੋ ਤਿੰਨ ਕਿਲੋਮੀਟਰ ਖਾਈ ਪੁੱਟਣ ਤੋਂ ਬਾਅਦ ਉਸ ਵਿਚ ਮੋਟੀ ਕੇਬਲ ਵਿਛਾ ਕੇ ਖਾਈ ਨੂੰ ਮਿੱਟੀ ਨਾਲ ਪੂਰ ਦਿੱਤਾ ਜਾਂਦਾ ਸੀ।
ਤਿੰਨ ਕੁ ਦਿਨ ਤੋਂ ਇਹ ਮਜ਼ਦੂਰ ਸਾਡੇ ਪਿੰਡ ਦੀ ਹੱਦ ਵਿਚ ਕੰਮ ਕਰ ਰਹੇ ਸਨ। ਸਵੇਰ ਹੁੰਦਿਆਂ ਹੀ ਸਾਰੇ ਪਿੰਡ ਵਿਚ ਘਰ ਘਰ ਰੋਟੀ ਮੰਗਣ ਤੁਰ ਜਾਂਦੇ। ਲੋਕ ਇਕ ਇਕ ਦੋ ਦੋ ਰੋਟੀਆਂ ਦੇ ਦੇਂਦੇ। ਮਜ਼ਦੂਰ ਆਪਣੇ ਟਿਕਾਣੇ ਬੈਠ ਕੇ ਰੋਟੀ ਖਾਂਦੇ ਤੇ ਫੇਰ ਸਾਰਾ ਦਿਨ ਖਾਈ ਪੁੱਟਦੇ ਰਹਿੰਦੇ। ਸ਼ਾਮ ਨੂੰ ਰੋਟੀ ਦੇ ਵਕਤ ਫੇਰ ਪਿੰਡ ਵਿੱਚੋਂ ਰੋਟੀ ਮੰਗਣ ਸਾਡੇ ਘਰ ਵੀ ਆ ਰਹੇ ਸਨ। ਇਹ ਵੇਖ ਕੇ ਮੈਨੂੰ ਬੜਾ ਅਜੀਬ ਲੱਗਾ। ਰੋਟੀ ਤਾਂ ਅਸੀਂ ਦੇ ਦੇਂਦੇ, ਪਰ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਮਜ਼ਦੂਰੀ ਕਰਦੇ ਹਨ ਤਾਂ ਰੋਟੀ ਮੰਗ ਕੇ ਕਿਉਂ ਖਾਂਦੇ ਹਨ। ਅਸੀਂ ਪਹਿਲਾਂ ਕੋਈ ਮਜ਼ਦੂਰ ਰੋਟੀ ਮੰਗ ਕੇ ਖਾਂਦਾ ਨਹੀ ਵੇਖਿਆ ਸੀ ਜੋ ਸਰਕਾਰੀ ਜਾਂ ਕਿਤੇ ਹੋਰ ਥਾਂ ਮਜ਼ਦੂਰੀ ਕਰਦਾ ਹੋਵੇ। ਅਸੀ ਆਪਣੇ ਕੰਮ ਉੱਤੇ ਲਾਏ ਮਜ਼ਦੂਰਾਂ ਨੂੰ ਰੋਟੀ ਜ਼ਰੂਰ ਦੇਂਦੇ ਸਾਂ। ਮੈਂ ਸੋਚਦਾ ਸਾਂ ਕਿ ਇਹ ਮਜ਼ਦੂਰੀ ਕਰਦੇ ਹਨ ਫਿਰ ਰੋਟੀ ਮੰਗ ਕੇ ਕਿਉਂ ਖਾਂਦੇ ਹਨ। ਇਹੀ ਗੱਲ ਅਜੀਬ ਲੱਗ ਰਹੀ ਸੀ। ਉਂਜ, ਉਹ ਲੋਕ ਸਿਰਫ ਪੱਕੀ ਹੋਈ ਰੋਟੀ ਮੰਗਦੇ ਸਨ, ਆਟਾ ਦਾਲ ਵਗੈਰ ਜਾਂ ਪੈਸੇ ਨਹੀਂ। ਸਾਡੀ ਪ੍ਰੰਪਰਾ ਵੀ ਹੈ ਕਿ ਘਰ ਆਏ ਨੂੰ ਪੱਕਾ ਭੋਜਨ ਦੇਣਾ ਧਰਮ ਸਮਝਿਆ ਜਾਂਦਾ ਹੈ। ਲੰਗਰ ਦੀ ਪ੍ਰੰਪਰਾ ਦਾ ਵੀ ਇਹੀ ਮਕਸਦ ਹੈ ਕਿ ਕੋਈ ਲੋੜਵੰਦ ਭੁੱਖਾ ਨਾ ਰਹੇ। ਫਿਰ ਵੀ ਮੈਂ ਸੋਚ ਰਿਹਾ ਸੀ ਕਿ ਇਹ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ ਤਾਂ ਆਪ ਪੱਕਾ ਕੇ ਕਿਉਂ ਨਹੀ ਖਾਂਦੇ? ਚਲੋ ਕਿਸੇ ਕਾਰਨ ਨਾ ਪਕਾ ਸਕੇ ਤਾਂ ਅਲਗ ਗੱਲ ਹੈ, ਪਰ ਤਾਂ ਰੋਜ਼ ਹੀ..।
ਅਗਲੇ ਦਿਨ ਉਹ ਫੇਰ ਆਏ। ਆ ਕੇ ਝਕਦਿਆਂ ਝਕਦਿਆਂ ਪੁੱਛਿਆ, ‘‘ਰੋਟੀ ਚਾਹੀਏ ਸਿਰਦਾਰ ਜੀ।''
ਰੋਟੀ ਪੱਕਣ ਵਿਚ ਅਜੇ ਕੁਝ ਦੇਰ ਸੀ। ਮੈਂ ਉਨ੍ਹਾਂ ਨੂੰ ਦਸ ਮਿੰਟ ਰੁਕਣ ਲਈ ਕਿਹਾ। ਉਹ ਇੱਕ ਕੰਧ ਨਾਲ ਲੱਗ ਕੇ ਭੁੰਜੇ ਬੈਠ ਗਏ। ਮੈਂ ਉਨ੍ਹਾਂ ਦੇ ਮੰੂਹ ਵੱਲ ਵੇਖਿਆ। ਡਰੇ ਜਿਹੇ ਚਿਹਰੇ, ਮਾਸੂਮ ਜਿਹੇ ਜਿਨ੍ਹਾਂ ਵਿਚੋਂ ਮਜ਼ਬੂਰੀ ਦੀ ਝਲਕ ਪੈ ਰਹੀ ਸੀ। ਮੂੰਹ ਉੱਤੇ ਆਤਮ-ਗਿਲਾਨੀ ਦੇ ਭਾਵ ਸਾਫ ਵੇਖੇ ਜਾ ਸਕਦੇ ਸਨ। ਮੰਗਤਿਆ ਦੇ ਮੰੂਹ `ਤੇ ਆਤਮ-ਗਿਲਾਨੀ ਦੇ ਭਾਵ ਨਹੀਂ ਹੰੁਦੇ, ਉਹ ਨਿਝੱਕ ਮੰਗਦੇ ਹਨ। ਇਹ ਜਿਸ ਤਰ੍ਹਾਂ ਕਿਸੇ ਮਜਬੂਰੀ ਵੱਸ ਰੋਟੀ ਮੰਗਣ ਆਉਂਦੇ ਸਨ। ਕੀ ਪਤਾ ਅੱਗੋਂ ਕਈ ਘਰਾਂ ਤੋਂ ਝਿੜਕਾਂ ਵੀ ਪੈ ਜਾਂਦੀਆਂ ਹੋਣਗੀਆਂ, ਲੋਕਾਂ ਲਈ ਤਾਂ ਇਹ ਮੰਗਤੇ ਹੀ ਸਨ।
ਮੈ ਹੌਲੀ ਜਿਹੀ ਉਨ੍ਹਾਂ ਨੂੰ ਪੁੱਛਿਆ, ‘‘ਆਪ ਕਾਮ ਕਰਤੇ ਹੋ ਤੋ ਫਿਰ ਮਾਂਗ ਕਰ ਕਿਉਂ ਖਾਤੇ ਹੋ?''
ਇਹ ਸੁਣ ਕੇ ਉਨ੍ਹਾਂ ਦੇ ਚਿਹਰੇ ਉੱਤੇ ਸ਼ਰਮਿੰਦਗੀ ਭਰੀ ਪਿਲੱਤਣ ਫਿਰ ਗਈ। ਫਿਰ ਧੀਮੀ ਆਵਾਜ਼ ਵਿੱਚ ਬੋਲੇ, ‘ਕਿਆ ਕਰੇਂ ਸਿਰਦਾਰ ਜੀ, ਬਹੁਤ ਗਰੀਬ ਹੈਂ। ਮਜ਼ਦੂਰੀ ਬਹੁਤ ਕਮ ਮਿਲਤੀ ਹੈ। ਅਗਰ ਮਜ਼ਦੂਰੀ ਕੇ ਪੈਸੋਂ ਸੇ ਰੋਟੀ ਖਾਏਂ ਤੋ ਘਰ ਕਿਆ ਲੇਕਰ ਜਾਏਂਗੇ। ਬੀਵੀ ਬੱਚੇ ਹਮਾਰਾ ਇੰਤਜ਼ਾਰ ਕਰ ਰਹੇ ਹੈਂ।'
‘‘ਕਹਾਂ ਕੇ ਰਹਿਨੇ ਵਾਲੇ ਹੋ?'' ਮੈਂ ਅਗਲਾ ਸਵਾਲ ਕੀਤਾ।
‘‘ਪੁਣਛ ਰਾਜੌਰੀ ਕੇ।''
‘‘ਯੇ ਕਹਾਂ ਹੈਂ?''
ਮੈਨੂੰ ਹੋਰ ਜਾਣਕਾਰੀ ਦਾ ਲੋੜ ਸੀ। ਕਾਰਗਿਲ ਯੁੱਧ ਨੇ ਇਹ ਇਲਾਕਾ ਪਿੱਛੋਂ ਭਾਵੇਂ ਕਾਫੀ ਮਸ਼ਹੂਰ ਕਰ ਦਿੱਤਾ ਸੀ, ਪਰ ਉਦੋਂ ਮੈਂ ਘੱਟ ਜਾਣਦਾ ਸਾਂ। ਹਾਂ, ਇਤਿਹਾਸ ਵਿਚ ਬਾਬਾ ਬੰਦਾ ਬਹਾਦਰ ਦਾ ਜ਼ਿਕਰ ਪੜ੍ਹਿਆ ਸੀ ਕਿ ਉਹ ਕਸ਼ਮੀਰ ਦੇ ਪੁਣਛ ਰਾਜੌਰੀ ਦਾ ਰਾਜਪੂਤ ਸੀ। ਇਹ ਵੀ ਸੋਚ ਆਈ ਕਿ ਉਸ ਬਹਾਦਰ ਸੂਰਮੇ ਦੇ ਇਲਾਕੇ ਦੇ ਲੋਕ ਮੰਗਤੇ?
‘‘ਕਸ਼ਮੀਰ ਮੇਂ,'' ਉਸ ਨੇ ਆਖਿਆ।
‘‘ਕਸ਼ਮੀਰ ਮੇਂ ਕਹਾਂ?''
‘‘ਪਾਕਿਸਤਾਨ ਕੇ ਕਬਜ਼ੇ ਵਾਲੇ ਕਸ਼ਮੀਰ ਕੀ ਸੀਮਾ ਕੇ ਬਿਲਕੁੁਲ ਪਾਸ।''
ਸੁੁਣਿਆ ਸੀ ਕਿ ਉਥੋਂ ਦੇ ਲੋਕ ਅਤਿਵਾਦੀ ਹਨ ਜਾਂ ਉਨ੍ਹਾਂ ਦਾ ਸਾਥ ਦਿੰਦੇ ਹਨ। ਮਨ ਵਿਚ ਨਫਰਤ ਜਿਹੀ ਜਾਗੀ। ਪਰ ਫਿਰ ਵੀ ਪੁੱਛਿਆਂ, ‘‘ਵਹਾਂ ਕਾ ਜਨ ਜੀਵਨ ਕੈਸਾ ਹੈ?''
‘‘ਬਹੁਤ ਕਠਿਨ ਹੈ ਸਿਰਦਾਰ ਜੀ, ਪਹਾੜੀ ਇਲਾਕਾ ਹੈ। ਕੋਈ ਸਹੂਲੀਅਤ ਨਹੀਂ। ਬਾਰਹ ਮੀਲ ਪੈਦਲ ਚਲ ਕਰ ਬੱਸ ਪਕੜਤੇ ਹੈਂ। ਪੀ ਸੀ ਓ ਚਾਲੀਸ ਮੀਲ ਦੂਰ ਕਸਬੇ ਮੇਂ ਹੈ। ਹਮਾਰੀ ਪਤਨੀ ਵਹਾਂ ਪੈਦਲ ਜਾਤੀ ਔਰ ਹਮਾਰੇ ਫੋਨ ਕਾ ਇੰਤਜ਼ਾਰ ਕਰਤੀ ਹੈ। ਹਮ ਨੇ ਬਤਾ ਰਖਾ ਹੈ ਕਿ ਹਮ ਇਤਵਾਰ ਕੋ ਫੋਨ ਕਰੇਗੇ। ਹਮ ਨੇ ਭੀ ਪੀ ਸੀ ਓ ਪਰ ਜਾਕਰ ਹੀ ਕਰਨਾ ਹੋਤਾ ਹੈ। ਪੱਕਾ ਨੰਬਰ ਤੋ ਹਮ ਭੀ ਨਹੀ ਦੇ ਸਕਤੇ। ਕਭੀ ਕਹਾਂ ਕਭੀ ਕਹਾਂ।'' ਉਹ ਇਕੋ ਸਾਹੇ ਆਪਣੀ ਜਾਣਕਾਰੀ ਸੁਣਾ ਗਿਆ ਜੋ ਉਸ ਦੀ ਗਰੀਬੀ ਦੀ ਦਾਸਤਾਨ ਵੀ ਸੀ। ਸਾਡੇ ਵੀ ਸਭ ਤੋਂ ਨਜ਼ਦੀਕ ਦਾ ਪੀ ਸੀ ਓ ਰਾਣੀਆਂ ਸੀ ਜੋ ਬਾਰਾਂ ਕਿਲੋਮੀਟਰ ਸੀ। ਉਹ ਵੀ ਓਥੇ ਜਾ ਕੇ ਫੋਨ ਕਰਦੇ ਸਨ।
‘‘ਹਮ ਇਤਵਾਰ ਕੋ ਰਾਣੀਆ ਜਾ ਕਰ ਫੋਨ ਕਰਤੇ ਹੈਂ। ਵੋ ਬੇਚਾਰੀ ਕਿਤਨੀ ਦੇਰ ਇੰਤਜ਼ਾਰ ਕਰਤੀ ਹੈ। ਤਬ ਕਭੀ ਬਾਤ ਹੋ ਪਾਤੀ ਹੈ।'' ਉਸ ਨੇ ਉਦਾਸ ਸੁਰ ਵਿਚ ਕਿਹਾ।
‘‘ਕਿਆ ਫਸਲ ਹੋਤੀ ਹੈ ਵਹਾਂ?''
‘‘ਪਹਾੜੀ ਢਾਲਾਨੋ, ਪਰ ਦਸ ਬੀਸ ਮਰਲੇ ਕੀ ਕਿਆਰੀਓ ਮੇ ਮੱਕਾ ਬੋਤੇ ਹੈਂ। ਉਸ ਸੇ ਪਰਿਵਾਰ ਕਾ ਪੇਟ ਕਹਾਂ ਭਰਤਾ ਹੈ! ਬਹੁਤ ਗਰੀਬੀ ਹੈ ਵਹਾਂ।''
‘‘ਤੁਮਹਾਰਾ ਨਾਮ?''
‘‘ਜੀ ਸਾਕਿਬ।''
ਮੈਨੂੰ ਉਸ ਦੀ ਕਹਾਣੀ ਸੁਣ ਕੇ ਤਰਸ ਵੀ ਆਇਆ ਤੇ ਅਫਸੋਸ ਵੀ ਹੋਇਆ ਕਿ ਇਹ ਵੀ ਏਸੇ ਦੇਸ਼ ਦੇ ਬਾਸ਼ਿੰਦੇ ਹਨ, ਉਹ ਵੀ ਉਸ ਥਾਂ ਦੇ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕੀ ਇਹ ਉਸ ਸਵਰਗ ਵਿਚ ਨਰਕਾਂ ਵਰਗੀ ਜ਼ਿੰਦਗੀ ਭੋਗ ਰਹੇ ਹਨ?''
ਮੈਂ ਸੋਚ ਰਿਹਾ ਸਾਂ ਕਿ ਉਸ ਨੇ ਕਿਹਾ, ‘ਸਿਰਦਾਰ ਜੀ, ਖਾਨਾ ਦੋ, ਹਮ ਲੇਟ ਹੋ ਰਹੇ ਹੈਂ।'
ਮੈਂ ਕਿਹਾ, ‘ਸਾਕਿਬ, ਤੁਮ ਐਸੇ ਕਰੋ ਜਿਤਨੇ ਦਿਨ ਯਹਾਂ ਕਾਮ ਕਰਤੇ ਹੋ, ਔਰ ਕਹੀਂ ਮਤ ਜਾਨਾ, ਹਮਾਰੇ ਯਹਾਂ ਆਕਰ ਖਾਨਾ ਖਾ ਜਾਇਆ ਕਰੋ।'
‘‘ਠੀਕ ਹੈ ਸਿਰਦਾਰ ਜੀ।''
ਏਨੇ ਚਿਰ ਨੂੰ ਰੋਟੀ ਆ ਗਈ। ਉਹ ਰੋਟੀ ਖਾਣ ਲੱਗੇ। ਪਹਿਲਾਂ ਉਹ ਇਕ-ਇਕ ਦੋ-ਦੋ ਰੋਟੀਆ ਘਰ ਘਰ ਜਾ ਕੇ ਮੰਗਦੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਜਣੇ ਏਥੇ ਬੈਠ ਕੇ ਭਰ ਪੇਟ ਖਾਣਾ ਖਾ ਜਾਇਆ ਕਰੋ। ਹੋਰ ਕਿਤੇ ਰੋਟੀ ਮੰਗਣ ਨਾ ਜਾਇਓ। ਉਸ ਨੇ ਹਾਂ ਵਿਚ ਸਿਰ ਹਿਲਾਇਆ, ਰੋਟੀ ਖਾਧੀ ਤੇ ਚੁੱਪਚਾਪ ਉੱਠ ਕੇ ਚਲੇ ਗਏ।
ਫਿਰ ਉਹ ਸਵੇਰੇ ਸ਼ਾਮ ਵਕਤ ਸਿਰ ਆ ਜਾਂਦੇ। ਚੁੱਪਚਾਪ ਆ ਕੇ ਕੰਧ ਨਾਲ ਲੱਗ ਕੇ ਬੈਠ ਜਾਂਦੇ। ਜਿਸ ਤਰਾਂ੍ਹ ਸਾਡੇ ਖੇਤ ਵਿਚ ਮਜ਼ਦੂਰੀ ਕਰ ਰਹੇ ਹੋਣ, ਇਸ ਤਰ੍ਹਾਂ ਉਹ ਮਹੀਨਾ ਭਰ ਰੋਟੀ ਖਾਂਦੇ ਰਹੇ। ਜਦੋਂ ਸਾਡੇ ਪਿੰਡ ਤਾਰ ਵਿਛਾਈ ਜਾ ਰਹੀ ਸੀ ਤਾਂ ਇਕ ਦਿਨ ਮੈਂ ਠੇਕੇਦਾਰ ਨੂੰ ਕਿਹਾ, ‘‘ਸਾਡੇ ਘਰ ਤਕ ਵੀ ਤਾਰ ਵਿਛਾਉਗੇ?''
ਉਸ ਨੇ ਕਿਹਾ, ‘‘ਨਹੀਂ, ਤੁਹਾਡਾ ਘਰ ਪੱਕੀ ਸੜਕ ਤੋਂ ਤਿੰਨ ਸੌ ਗਜ਼ ਦੂਰ ਹੈ। ਅਸੀਂ ਸਿਰਫ ਸੜਕ ਤੇ ਗਲੀਆਂ ਵਿੱਚ ਹੀ ਤਾਰ ਵਿਛਾਵਾਂਗੇ। ਘਰਾਂ ਵਿਚ ਉੱਪਰ ਖੰਭਿਆਂ ਰਾਹੀਂ ਹੀ ਕੇਬਲ ਜਾਏਗੀ। ਸਾਰੇ ਪਿੰਡ ਵਿੱਚ ਕੁਨੈਕਸ਼ਨ ਇਉਂ ਹੀ ਕੀਤੇ ਜਾਣਗੇ। ਤੁਸੀਂ ਢਾਣੀ ਵਿੱਚ ਰਹਿੰਦੇ ਹੋ ਇੰਨੀ ਦੂਰ ਸਾਨੂੰ ਇਜਾਜ਼ਤ ਨਹੀਂ ਹੈ।''
ਅਸੀਂ ਸੋਚ ਰਹੇ ਸਾਂ ਕਿ ਕਿੰਨਾ ਚੰਗਾ ਹੁੰਦਾ ਜੇ ਇਹ ਕੇਬਲ ਸਾਡੇ ਘਰਾਂ ਤਕ ਅੰਡਰਗਰਾਊਡ ਹੀ ਆ ਜਾਂਦੀ। ਉਪਰ ਤਾਂ ਖਰਾਬ ਹੋਣ ਦਾ ਜ਼ਿਆਦਾ ਝੰਜਟ ਰਹੇਗਾ। ਜਦੋਂ ਇਹ ਗੱਲ ਹੋ ਰਹੀ ਸੀ ਤਾਂ ਸਾਕਿਬ ਵੀ ਕੋਲ ਹੀ ਸੀ।
ਮੈਂ ਠੇਕੇਦਾਰ ਨੂੰ ਕਿਹਾ, ‘‘ਥੋੜ੍ਹੀ ਜਿਹੀ ਹੈ ਤੁਸੀਂ ਪਾ ਦਿਓ।'' ਉਹ ਨਾ ਮੰਨਿਆ ਤਾਂ ਮੈਂ ਵੀ ਖਿਆਲ ਛੱਡ ਦਿੱਤਾ।
ਸਾਡੇ ਪਿੰਡ ਕੇਬਲ ਵਿਛਾ ਦਿੱਤੀ ਗਈ। ਮਜ਼ਦੂਰ ਅਗਲੇ ਪਿੰਡ ਚਲੇ ਗਏ। ਫੇਰ ਉਥੋਂ ਹੋਰ ਅੱਗੇ, ਹਰਿਆਣੇ ਦੀ ਹੱਦ ਤਕ। ਤਕਰੀਬਨ ਦਸ ਬਾਰਾਂ ਕਿਲੋਮੀਟਰ ਤਕ ਚਾਰ ਪੰਜ ਪਿੰਡਾਂ ਵਿਚ। ਫਿਰ ਉਹ ਦੋਵੇਂ ਸਾਕਿਬ ਤੇ ਉਸ ਦੇ ਸਾਥੀ ਸਵੇਰੇ ਸ਼ਾਮ ਰੋਟੀ ਖਾਣ ਘਰ ਹੀ ਆਉਂਦੇ ਰਹੇ। ਉਹ ਨੇਮ ਨਾਲ ਵੇਲੇ ਸਿਰ ਆ ਜਾਂਦੈ। ਹੋਰ ਕਿਤੋਂ ਰੋਟੀ ਨਾ ਮੰਗਦੇ। ਉਹ ਦੋਵੇਂ ਹੀ ਆਉਂਦੈ, ਹੋਰ ਰੋਟੀ ਮੰਗਣ ਵੀ ਕੋਈ ਨਾ ਆਉਂਦਾ। ਸ਼ਾਇਦ ਉਨ੍ਹਾਂ ਨੇ ਰੋਕ ਦਿੱਤਾ ਹੋਵੇ।
ਬਾਕੀ ਮਜ਼ਦੂਰ ਉਸੇ ਤਰ੍ਹਾਂ ਹੋਰ ਘਰਾਂ ਜਾਂ ਪਿੰਡਾਂ ਵਿੱਚੋਂ ਰੋਟੀ ਮੰਗ ਕੇ ਖਾਂਦੇ ਰਹੇ ਸਨ। ਉਹ ਦੋਵੇਂ ਕੰਮ ਤੋਂ ਸ਼ਾਮ ਤੋਂ ਸਾਡੇ ਪਿੰਡ ਆ ਜਾਂਦੇ। ਰਾਤ ਏਥੇ ਹੀ ਬੱਸ ਅੱਡੇ 'ਤੇ ਸੌਂ ਰਹਿੰਦੇ। ਸਵੇਰੇ ਰੋਟੀ ਖਾ ਕੇ ਪੈਦਲ ਹੀ ਕੰਮ 'ਤੇ ਚਲੇ ਜਾਂਦੇ। ਭਰ ਗਰਮੀ ਦਾ ਮੌਸਮ ਸੀ। ਉਨ੍ਹਾਂ ਦੇ ਦੂਜੇ ਸਾਥੀ ਵੀ ਇਸੇ ਤਰ੍ਹਾਂ ਕਿਤੇ ਨਾ ਕਿਤੇ ਰੈਣ ਬਸੇਰਾ ਕਰ ਲੈਂਦੇ ਹੋਣਗੇ।
ਜਦੋਂ ਉਹ ਸਾਡੇ ਘਰ ਰੋਟੀ ਖਾ ਰਹੇ ਹੁੰਦੇ ਤਾਂ ਕੋਈ ਨਾ ਕੋਈ ਪਿੰਡ ਦਾ ਬੰਦਾ ਜਾਂ ਰਿਸ਼ਤੇਦਾਰ ਵੀ ਆਇਆ ਹੁੰਦਾ। ਉਹ ਇਨ੍ਹਾਂ ਨੂੰ ਵੇਖ ਕੇ ਭਾਂਤ-ਭਾਂਤ ਦੀਆਂ ਗੱਲਾਂ ਕਰਦੇ। ਸਾਨੂੰ ਉਨ੍ਹਾਂ ਤੋਂ ਸਾਵਧਾਨ ਕਰਦੇ ਆਖਦੇ, ‘‘ਇਨ੍ਹਾਂ ਨੂੰ ਘਰ ਨਾ ਵੜਨ ਦਿਆ ਕਰੋ। ਇਹ ਬਹੁਤ ਬਦਮਾਸ਼ ਲੋਕ ਨੇ। ਤੁਹਾਨੂੰ ਰੋਟੀ ਖਵਾਈ ਮਹਿੰਗੀ ਪੈ ਸਕਦੀ ਹੈ। ਨਮਕ ਹਰਾਮ ਲੋਕ ਨੇ ਇਹ। ਕਸ਼ਮੀਰ ਵਿਚ ਅਤਿਵਾਦ ਇਨ੍ਹਾਂ ਦਾ ਕੀ ਵਿਗਾੜ ਲਓਗੇ।''
ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੱਸ ਦੇਂਦਾ, ‘‘ਛੱਡੋ ਯਾਰ, ਇਹ ਗਰੀਬੀ ਮਾਰੇ ਮਾਸੂਮ ਚਿਹਰੇ ਚੋਰ ਜਾਂ ਅਤਿਵਾਦੀ ਹੋ ਸਕਦੇ ਹਨ? ਬਿਲਕੁਲ ਨਹੀਂ। ਮੈਨੂੰ ਇਹ ਰੱਬ ਦੇ ਬੰੰਦੇ ਲੱਗਦੇ ਹਨ। ਵੇਖੋ ਇਨ੍ਹਾਂ ਦੇ ਚਿਹਰਿਆਂ ਉੱਤੇ ਕੋਈ ਬਦਮਾਸ਼ਾਂ ਵਾਲਾ ਲੱਛਣ ਦਿਸਦਾ ਹੈਂ?''
ਉਹ ਕਹਿੰਦੇ, ‘‘ਤੁਹਾਡੇ ਭਲੇ ਲਈ ਹੀ ਕਹਿੰਦੇ ਹਾਂ। ਨਾ ਜਾਣੀਏਂ.. ਇਸ ਕੌਮ ਦਾ ਕੀ ਭਰੋਸਾ?''
‘‘ਓ ਭਾਈ,ਜੇ ਇਹ ਡਾਕੂ ਬਦਮਾਸ਼ ਹੁੰਦੇ ਤਾਂ ਏਥੇ ਪ੍ਰਦੇਸ ਵਿਚ ਕਹਿਰਾਂ ਦੀ ਗਰਮੀ ਵਿਚ ਥੋੜ੍ਹੀ ਮਜ਼ਦੂਰੀ ਲਈ ਨਾ ਭੁੱਜਦੇ ਫਿਰਦੇ। ਡਾਕੇ ਮਾਰਨ ਨੂੰ ਓਧਰ ਦੁਨੀਆਂ ਨਹੀਂ ਵੱਸਦੀ?'' ਇਹ ਆਖ ਕੇ ਮੈਂ ਉਨ੍ਹਾਂ ਨੂੰ ਹੱਸ ਕੇ ਟਾਲ ਦਿੰਦਾ।
ਭਰ ਹਾੜ ਦੀ ਦੁਪਹਿਰ ਵੇਲੇ ਜਦੋਂ ਮੈਂ ਉਨ੍ਹਾਂ ਨੂੰ ਖਾਈ ਪੁੱਟਦਿਆਂ ਵੇਖਦਾ ਤਾਂ ਮੈਨੂੰ ਤਰਸ ਆਉਂਦਾ। ਅਸੀਂ ਜਿਸ ਧੁੱਪ ਵਿਚ ਇਕ ਪਲ ਵੀ ਬਾਹਰ ਨਿਕਲਣਾ ਨਹੀਂ ਚਾਹੁੰਦੇ, ਉਹ ਉਸ ਤਪਦੀ ਦੁਪਹਿਰ ਵਿਚ ਵੀ ਬਿਨ੍ਹਾਂ ਦੋ ਪਲ ਆਰਾਮ ਕੀਤਿਆਂ ਪਸੀਨੇ ਨਾਲ ਨੁੱਚੜਦੇ ਹੋਏ ਕੰਮ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਪੈਸੇ ਦਿਹਾੜੀ ਦੇ ਹਿਸਾਬ ਨਾਲ ਨਹੀਂ, ਖਾਈ ਦੀ ਮਿਣਤੀ ਦੇ ਹਿਸਾਬ ਨਾਲ ਮਿਲਦੇ ਸਨ। ਇਸ ਲਈ ਸਾਰਾ ਦਿਨ ਬਿਨ੍ਹਾਂ ਰੁਕੇ ਕੰਮ ਕਰਦੇ ਤਾਂ ਜੋ ਵੱਧ ਪੈਸੇ ਕਮਾ ਸਕਣ।
ਕਈ ਦਿਨ ਰੋਟੀ ਖਾਂਦਿਆਂ ਨੂੰ ਹੋ ਗਏ ਸਨ। ਕਦੇ ਉਨ੍ਹਾਂ ਨੇ ਐਸੀ ਵੈਸੀ ਹਰਕਤ ਵੀ ਨਹੀਂ ਸੀ ਕੀਤੀ ਸਗੋਂ ਉਹ ਤਾਂ ਨਜ਼ਰ ਉਠਾ ਕੇ ਚਲੇ ਜਾਂਦੇ। ਉਨ੍ਹਾਂ ਨੂੰ ਇਕ ਮਹੀਨਾ ਹੋ ਗਿਆ ਸੀ। ਇਕ ਸ਼ਾਮ ਰੋਟੀ ਖਾ ਕੇ ਸਾਕਿਬ ਬੋਲਿਆ, ‘‘ਸਵੇਰੇ ਸਭ ਚਲੇ ਜਾਏਗੇ ਸਿਰਦਾਰ ਜੀ। ਬੱਸ ਕਾਮ ਖਤਮ ਹੋ ਗਿਆ ਹੈ। ਅਬ ਵਤਨ ਵਾਪਿਸ ਜਾਏਂਗੇ।''
‘‘ਸੁਬ੍ਹਾ ਖਾਣਾ ਖਾਉਗੇ?'' ਮੈਂ ਪੁੱਛਿਆਂ ਤਾਂ ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਰੋਟੀ ਖਾ ਕੇ ਉਹ ਚਲੇ ਗਏ।
ਸਵੇਰੇ ਦੋਵੇਂ ਆਏ, ਰੋਟੀ ਖਾਧੀ ਤੇ ਚੁੱਪਚਾਪ ਉੱਠ ਕੇ ਚਲੇ ਗਏ। ਮੈਂ ਵੀ ਸੋਚਿਆ ਕਿ ਉਹ ਬੱਸ ਚੜ੍ਹ ਕੇ ਸਰਸੇ ਚਲੇ ਜਾਣਗੇ, ਜਿਥੇ ਉਹ ਕਹਿੰਦਾ ਸੀ ਕਿ ਸਾਰਿਆਂ ਨੇ ਇਕੱਠੇ ਹੋ ਕੇ ਰੇਲ ਫੜਨੀ ਹੈ।
ਗਰਮੀ ਬਹੁਤ ਸੀ। ਮੈਂ ਵੀ ਰੋਟੀ ਖਾ ਕੇ ਅੰਦਰ ਲੰਮਾ ਪੈ ਗਿਆ। ਘਰ ਦੇ ਹੋਰ ਜੀਅ ਵੀ ਸੜਕ ਵੱਲ ਨਹੀਂ ਗਏ। ਕੁਦਰਤੀ ਮੈਂ ਦੁਪਹਿਰੇ ਬਾਹਰ ਨਿਕਲਿਆ ਤਾਂ ਅੱਗੋਂ ਤੱਤੀ ਲੂਅ ਨੇ ਮੇਰਾ ਸਵਾਗਤ ਕੀਤਾ। ਮੈਂ ਪਿੰਡ ਦੀ ਦੁਕਾਨ ਤੋਂ ਕੋਈ ਜ਼ਰੂਰੀ ਸੌਦਾ ਲੈਣ ਜਾਣਾ ਸੀ। ਬਾਹਰ ਕਾਂ ਅੱਖ ਨਿਕਲ ਰਹੀ ਸੀ। ਪਹਿਲਾਂ ਜੀਅ ਕੀਤਾ ਕਿ ਘਰ ਪਰਤ ਕੇ ਅੰਦਰ ਹੀ ਪੱਖੇ ਥੱਲੇ ਬਹਿ ਜਾਵਾਂ, ਪਰ ਫੇਰ ਮਨ ਕਰੜਾ ਕਰ ਕੇ ਤੁਰ ਪਿਆ। ਘਰ ਤੋਂ ਬਾਹਰ ਸੜਕ ਵੱਲ ਗਿਆ ਤਾਂ ਵੇਖਿਆ ਕਿ ਕੋਈ ਆਦਮੀ ਸਿਖਰ ਦੁਪਹਿਰੇ ਸਾਡੇ ਘਰ ਵੱਲ ਖਾਈ ਪੁੱਟ ਰਿਹਾ ਹੈ। ਇਕੱਲਾ ਹੀ ਬਿਨ੍ਹਾਂ ਕਿਸੇ ਸਾਥੀ ਦੇ।
ਮੈਂ ਨੇੜੇ ਜਾ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ। ਇਹ ਸਾਕਿਬ ਸੀ। ਲੂੰਹਦੀ ਗਰਮੀ ਵਿਚ ਪਸੀਨੇ ਨਾਲ ਤਰ-ਬ-ਤਰ ਆਪਣੀ ਧੁਨ ਵਿਚ ਖਾਈ ਪੁੱਟੀ ਜਾ ਰਿਹਾ ਸੀ। ਮੈਂ ਸੋਚਿਆ ਸੀ ਕਿ ਉਹ ਚਲਿਆ ਗਿਆ ਹੋਵੇਗਾ, ਪਰ ਵੇਖਿਆ ਕਿ ਅੱਜ ਉਸ ਦੇ ਹੱਥ ਪਹਿਲਾਂ ਨਾਲੋਂ ਤੇਜ਼ ਚੱਲ ਰਹੇ ਸਨ।
‘‘ਅਰੇ ਸਾਕਿਬ ਤੁਮ? ਠੇਕੇਦਾਰ ਮਾਨ ਗਿਆ ਕਿਆ?''
ਮੈਂ ਲਗਾਤਾਰ ਦੋ ਸਵਾਲ ਦਾਗ ਦਿੱਤੇ।
‘‘ਨਹੀਂ ਸਿਰਦਾਰ ਜੀ,'' ਥੋੜ੍ਹਾ ਰੁਕ ਕੇ ਕਿਹਾ ਤੇ ਫੇਰ ਮੇਰੇ ਅਗਲੇ ਸਵਾਲ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਕੰਮ ਵਿਚ ਰੁੱਝ ਗਿਆ।
‘‘ਫਿਰ ਆਪ ਕਿਊਂ ਖੋਦ ਰਹੇ ਹੋ?''
‘‘ਆਪ ਕੇ ਘਰ ਤਕ ਤਾਰ ਬਿਛਾ ਕਰ ਜਾਏਗੇ।''
‘‘ਹਮਾਰੇ ਘਰ ਤਕ?''
‘‘ਤਾਰ ਕਹਾਂ ਸੇ ਆਏਗੀ?'' ਮੈਂ ਅਚੰਭੇ ਨਾਲ ਪੁੱਛਿਆ ਕਿਉਂਕਿ ਠੇਕੇਦਾਰ ਨੇ ਮੈਨੂੰ ਸਾਫ ਮਨ੍ਹਾਂ ਕਰ ਦਿੱਤਾ ਸੀ।
‘‘ਮੈਨੇ ਏਕ ਟੁਕੜਾ ਕਾਟ ਕਰ ਰੱਖ ਲੀਆ ਥਾ, ਜਿਤਨਾ ਆਪ ਕੇ ਘਰ ਤਕ ਡਾਲਨਾ ਹੈ। ਠੇਕੇਦਾਰ ਸੇ ਚੋਰੀ।''
‘‘ਠੇਕੇਦਾਰ ਆਜ ਕੀ ਮਜ਼ਦੂਰੀ ਦੇਗਾ?''
‘‘ਨਹੀਂ।''
‘‘ਤੋ ਤੁਮ ਨੇ ਯੇ ਕਿਊਂ ਕੀਆ? ਠੇਕੇਦਾਰ ਖਫਾ ਹੋਗਾ ਤੁਮ ਪਰ।''
‘‘ਕਿਊਂ ਖਫਾ ਹੋਗਾ, ਤਾਰ ਕੋਈ ਠੇਕੇਦਾਰ ਕੀ ਹੈ?''
‘‘ਓ ਹੋ,'' ਮੇਰੇ ਮੰੂਹੋਂ ਅਚਾਨਕ ਨਿਕਲਿਆ। ਉਹ ਬੋਲਿਆ, ‘‘ਸਿਰਦਾਰ ਜੀ, ਮਹੀਨਾ ਭਰ ਆਪ ਕਾ ਨਮਕ ਖਾਇਆ ਹੈ। ਅਗਰ ਹਮ ਆਪ ਕਾ ਇਤਨਾ ਕਾਮ ਭੀ ਨਾ ਕਰਤੇ ਤੋ ਨਮਕ ਹਰਾਮ ਨਹੀਂ ਕਹਿਲਾਤੇ!''
ਏਨਾ ਕਹਿ ਕੇ ਪਸੀਨੇ ਨਾਲ ਲਥਪਥ ਸਾਕਿਬ ਫੇਰ ਖਾਈ ਪੁੱਟਣ ਲੱਗਾ, ਕਿਉਂਕਿ ਉਸ ਨੇ ਇਹ ਕੰਮ ਛੇਤੀ ਨਿਬੇੜ ਕੇ ਸ਼ਾਮ ਨੂੰ ਸਰਸੇ ਪਹੰੁਚਣਾ ਸੀ ਤਾਂ ਕਿ ਦੂਜੇ ਸਾਥੀਆਂ ਨਾਲ ਰਲ ਕੇ ਰੇਲ ਫੜ ਸਕੇ।
ਮੈਂ ਘਰ ਗਿਆ। ਮੈਨੂੰ ਭੁੱਲ ਗਿਆ ਕਿ ਮੈਂ ਹੱਟੀਓਂ ਕੋਈ ਸੌਦਾ ਲੈਣ ਜਾ ਰਿਹਾ ਸਾਂ। ਘਰ ਆਇਆ, ਫਰਿੱਜ ਵਿਚੋਂ ਠੰਢੇ ਪਾਣੀ ਦੀ ਬੋਤਲ ਕੱਢੀ ਤੇ ਦੌੜ ਕੇ ਉਸ ਕੋਲ ਗਿਆ। ਉਸ ਨੂੰ ਪਾਣੀ ਪਿਆਇਆ ਤੇ ਫੇਰ ਚਾਹ ਲਿਜਾ ਕੇ ਪਿਆਈ। ਦੁਪਹਿਰ ਦੀ ਰੋਟੀ ਜਿਹੜੀ ਉਹ ਕਦੇ ਨਹੀਂ ਸੀ ਖਾਂਦਾ, ਬਦੋਬਦੀ ਨਾਲ ਖਵਾਈ ਕਿਉਂਕਿ ਉਹ ਰੁਕਣਾ ਨਹੀਂ ਸੀ ਚਾਹੁੰਦਾ। ਉਸ ਨੂੰ ਖਦਸ਼ਾ ਸੀ ਕਿ ਰੁਕ ਗਿਆ ਤਾਂ ਸ਼ਾਇਦ ਕੰਮ ਸ਼ਾਮ ਤਕ ਸਿਰੇ ਨਾ ਚੜ੍ਹੇ, ਮਤੇ ਆਖਰੀ ਬੱਸ ਨਿਕਲ ਜਾਵੇ। ਫੇਰ ਉਹ ਸਰਸੇ ਸਾਥੀਆਂ ਨਾਲ ਕਿਵੇਂ ਰਲੇਗਾ।
ਖਾਈ ਪੁੱਟਣ ਦਾ ਕੰਮ ਸ਼ਾਮ ਤਕ ਪੂਰਾ ਹੋ ਗਿਆ ਸੀ। ਗਰਮੀ ਕੁਝ ਘਟ ਗਈ ਸੀ। ਮੈਂ ਆਪਣੇ ਆਦਮੀ ਨਾਲ ਲਾ ਕੇ ਤਾਰ ਵਿਛਾ ਕੇ ਉਸ ਨਾਲ ਮਿੱਟੀ ਪੁਆ ਦਿੱਤੀ। ਅਸੀਂ ਜਿੱਥੋਂ ਤਕ ਚਾਹੁੰਦੇ ਸਾਂ, ਤਾਰ ਵਿਛ ਗਈ ਸੀ। ਉਹ ਮਿੱਟੀ ਦਾ ਆਖਰੀ ਟੱਪਾ ਸੁੱਟ ਕੇ ਕਹੀ ਮੋਢੇ `ਤੇ ਰੱਖ ਕੇ ਤੁਰਨ ਲੱਗਾ। ਸਾਨੂੰ ਪੈਰੀਂ ਹੱਥ ਲਾਉਣ ਨੂੰ ਅੱਗੇ ਵਧਿਆ। ਮੈਂ ਉਸ ਦੇ ਦੋਵੇਂ ਹੱਥ ਫੜ੍ਹ ਲਏ ਤੇ ਕਿਹਾ, ‘‘ਸਾਕਿਬ, ਖਾਨਾ ਖਾ ਕਰ ਜਾਨਾ।''
‘‘ਨਹੀਂ ਸਿਰਦਾਰ ਜੀ, ਹਮ ਲੇਟ ਹੋ ਜਾਏਗਾ। ਆਖਰੀ ਬੱਸ ਨਿਕਲ ਗਈ ਤੋ ਸਰਸਾ ਕੈਸੇ ਪਹੁੰਚ ਪਾਊਂਗਾ। ਸੁਬ੍ਹਾ ਗਾੜੀ ਪਕੜਨੀ ਹੈ।'' ਇਹ ਕਹਿ ਕੇ ਉਹ ਦੋਵੇਂ ਹੱਥ ਜੋੜ ਕੇ ਇੰਜ ਵਾਪਸ ਮੁੜਿਆ, ਜਿਵੇ ਅਜੇ ਵੀ ਸਾਡਾ ਅਹਿਸਾਨ ਉਸ ਦੇ ਸਿਰ ਹੋਵੇ। ਫਿਰ ਵੀ ਉਸ ਦੇ ਚਿਹਰੇ `ਤੇ ਇਕ ਚਮਕ ਸੀ। ਉਸ ਨੇ ਸਾਡਾ ਨਮਕ ਜੁ ਹਲਾਲ ਕਰ ਦਿੱਤਾ ਸੀ।
ਅਸੀਂ ਵੇਖ ਰਹੇ ਸਾਂ, ਉਹ ਸੜਕ `ਤੇ ਪਹੁੰਚਿਆ। ਏਨੇ ਨੂੰ ਬੱਸ ਆ ਗਈ। ਉਸ ਨੇ ਪਿੱਛੇ ਭਉਂ ਕੇ ਵੇਖਿਆ ਤੇ ਭੱਜ ਕੇ ਬੱਸ ਚੜ੍ਹ ਗਿਆ।
ਅਸੀਂ ਜਾਂਦੀ ਬੱਸ ਨੂੰ ਇਸ ਤਰ੍ਹਾਂ ਵੇਖ ਰਹੇ ਸਾਂ ਜਿਵੇਂ ਕੋਈ ਆਪਣਾ ਵਿਛੜ ਕੇ ਗਿਆ ਹੋਵੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ