ਚੰਡੀਗੜ੍ਹ, 9 ਦਸੰਬਰ (ਪੋਸਟ ਬਿਊਰੋ): ਕਿਸਾਨ ਭਵਨ, ਸੈਕਟਰ 35, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਸਿਲਕ ਮਾਰਕ ਐਕਸਪੋ 2024 ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਸਬੰਧੀ ਕਰਵਾਏ ਸਮਾਪਤੀ ਸਮਾਰੋਹ ਵਿੱਚ ਨਵਦੀਪ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਟਾਲਾਂ ਦਾ ਦੌਰਾ ਵੀ ਕੀਤਾ ਅਤੇ ਕਾਰੀਗਰਾਂ ਦੀ ਉਨ੍ਹਾਂ ਦੀ ਸ਼ਿਲਪਕਾਰੀ ਲਈ ਸ਼ਲਾਘਾ ਕੀਤੀ।
ਇਸ ਸਿਲਕ ਮਾਰਕ ਐਕਸਪੋ ਦਾ ਉਦਘਾਟਨ 4 ਦਸੰਬਰ ਨੂੰ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਵੱਲੋਂ ਕੀਤਾ ਗਿਆ ਸੀ। ਇਸ ਐਕਸਪੋ ਵਿੱਚ ਲੋਕਾਂ ਦੀ ਰਿਕਾਰਡ ਤੋੜ ਭੀੜ ਨੇ ਹਾਜ਼ਰੀ ਭਰੀ। ਇਸ ਵਿੱਚ ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਅਤੇ ਪੱਛਮੀ ਬੰਗਾਲ ਸਮੇਤ ਸਾਰੇ ਸੂਬਿਆਂ ਵੱਲੋਂ ਸਟਾਲ ਲਗਾਈਆਂ ਗਈਆਂ ਜਿਸ ਵਿੱਚ ਸਾੜ੍ਹੀਆਂ, ਸਟੋਲ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਵਰਗੇ ਸ਼ਾਨਦਾਰ ਰੇਸ਼ਮ ਉਤਪਾਦਾਂ ਦੀ ਪੇਸ਼ਕਸ਼ ਕੀਤੀ ਗਈ।
ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ਼ੈਲੇਂਦਰ ਕੌਰ ਨੇ ਕਿਹਾ ਕਿ ਪ੍ਰੀਮੀਅਮ ਰੇਸ਼ਮ ਉਤਪਾਦਾਂ ਲਈ ਉਪਭੋਗਤਾਵਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ ਰੇਸ਼ਮ ਦੇ ਉਤਪਾਦਨ ਲਈ ਵੱਧ ਰਹੀ ਜਾਗਰੂਕਤਾ ਅਤੇ ਮੰਗ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਐਰੀ, ਤਸਰ ਅਤੇ ਮਲਬੇਰੀ ਦੀ ਖੇਤੀ ਕੀਤੀ ਜਾ ਰਹੀ ਹੈ। ਇਹ ਪ੍ਰਾਪਤੀ ਸਾਨੂੰ ਸੂਬੇ ਭਰ ਵਿੱਚ ਰੇਸ਼ਮ ਦੇ ਉਤਪਾਦਨ ਸਬੰਧੀ ਪਹਿਲਕਦਮੀਆਂ ਦਾ ਹੋਰ ਵਿਸਤਾਰ ਕਰਨ ਲਈ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਇਸ ਐਕਸਪੋ ਦੀ ਸਫ਼ਲਤਾ ਵਿੱਚ ਪ੍ਰਦਰਸ਼ਕਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਵੀ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਡੀ.ਐਚ.-ਕਮ-ਨੋਡਲ ਅਫ਼ਸਰ ਪੰਜਾਬ ਸੇਰੀਕਲਚਰ ਡਾ. ਦਲਬੀਰ ਸਿੰਘ, ਸੀਨੀਅਰ ਫੀਲਡ ਅਸਿਸਟੈਂਟ ਆਰ.ਓ., ਨਵੀਂ ਦਿੱਲੀ ਵਿਕਾਸ ਮਿਸ਼ਰੀ, ਸਹਾਇਕ ਨੋਡਲ ਅਫ਼ਸਰ ਮਿਸ ਮੀਨੂੰ, ਬਾਗਬਾਨੀ ਵਿਭਾਗ ਦੇ ਏ.ਆਈ.ਐਫ ਸਕੀਮ ਦੇ ਸਲਾਹਕਾਰ ਯੁਵਰਾਜ ਔਲਖ ਮੌਜੂਦ ਸਨ।