ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ): ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਜੰਮੂ-ਕਸ਼ਮੀਰ ’ਚ ਇੱਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕੀਤੀ ਗਈ ਟਿਪਣੀ ਨੂੰ ‘ਬੇਹੱਦ ਖ਼ਰਾਬ ਅਤੇ ਅਪਮਾਨਜਨਕ’ ਕਰਾਰ ਦਿੱਤਾ। ਪਾਰਟੀ ਨੇ ਇਹ ਵੀ ਕਿਹਾ ਕਿ ਮੋਦੀ ਕਾਂਗਰਸ ਪ੍ਰਧਾਨ ਦੀ ਕ੍ਰਿਪਾ ਨਾਲ ਨਹੀਂ, ਬਲਕਿ ਲੋਕਾਂ ਦੇ ਫਤਵੇ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ।
ਜਿ਼ਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਜਸਰੋਟਾ ’ਚ ਇਕ ਰੈਲੀ ਦੌਰਾਨ ਬੇਹੋਸ਼ ਹੋ ਗਏ ਪਰ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਅਪਣਾ ਭਾਸ਼ਣ ਜਾਰੀ ਰੱਖਿਆ ਅਤੇ ਸੱਤਾਧਾਰੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਤੋਂ ਪਹਿਲਾਂ ਉਹ ਨਹੀਂ ਮਰਨਗੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਖੜਗੇ ਦੀ ਟਿਪਣੀ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੱਲ੍ਹ ਅਪਣੇ ਭਾਸ਼ਣ ’ਚ ‘ਬਹੁਤ ਖ਼ਰਾਬ ਅਤੇ ਅਪਮਾਨਜਨਕ ਵਿਵਹਾਰ’ ਕੀਤਾ। ਨਫ਼ਰਤ ਵਿਖਾਉਂਦਿਆਂ ਉਨ੍ਹਾਂ ਨੇ ਅਪਣੀ ਨਿੱਜੀ ਸਿਹਤ ਦੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਬੇਲੋੜਾ ਬੋਲਿਆ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਤੋਂ ਪਹਿਲਾਂ ਨਹੀਂ ਮਰਨਗੇ। ਖੜਗੇ ਦੀ ਟਿਪਣੀ ਦਰਸਾਉਂਦੀ ਹੈ ਕਿ ਕਾਂਗਰਸੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਕਿੰਨੀ ਨਫ਼ਰਤ ਅਤੇ ਡਰ ਹੈ ਅਤੇ ਉਹ ਲਗਾਤਾਰ ਉਨ੍ਹਾਂ ਬਾਰੇ ਸੋਚਦੇ ਹਨ।
ਉਨ੍ਹਾਂ ਅੱਗੇ ਲਿਖਿਆ ਕਿ ਜਿੱਥੋਂ ਤਕ ਖੜਗੇ ਜੀ ਦੀ ਸਿਹਤ ਦਾ ਸਵਾਲ ਹੈ, ਮੋਦੀ ਜੀ, ਮੈਂ ਅਤੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਲੰਬੀ ਅਤੇ ਸਿਹਤਮੰਦ ਜਿ਼ੰਦਗੀ ਜਿਉਣ। ਉਹ ਕਈ ਸਾਲਾਂ ਤੱਕ ਜਿਉਂਦੇ ਰਹਿਣ। ਉਹ 2047 ਤੱਕ ਵਿਕਸਤ ਹੋਏ ਭਾਰਤ ਨੂੰ ਵੇਖਣ ਲਈ ਜਿਉਂਦੇ ਰਹਿਣ।