Welcome to Canadian Punjabi Post
Follow us on

29

June 2024
 
ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

June 26, 2024 02:12 PM

-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਮਰਿਆਦਾ ਦਾ ਰੱਖੇ ਖਿਆਲ : ਗਿਆਨੀ ਰਘਬੀਰ ਸਿੰਘ
-ਸਿੱਖ ਧਰਮ ਅੰਦਰ ਮੀਰੀ ਪੀਰੀ ਦਾ ਸਿਧਾਂਤ ਅਤਿ ਅਹਿਮ- ਐਡਵੋਕੇਟ ਧਾਮੀ


ਅੰਮ੍ਰਿਤਸਰ, 26 ਜੂਨ (ਗਿਆਨ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਪੰਥ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਇਸ ਕਰਕੇ ਕੀਤੀ ਸੀ ਕਿ ਰੂਹਾਨੀਅਤ ਦੇ ਰਾਹ ਤੁਰਨ ਵਾਲਾ ਸਿੱਖ ਰਾਜਨੀਤਕ ਪੱਖੋਂ ਕਿਸੇ ਦੂਜੇ ਦਾ ਮੁਥਾਜ ਨਾ ਹੋਵੇ। ਉਨ੍ਹਾਂ ਕਿਹਾ ਕਿ ਸਿੱਖ ਨੇ ਆਪਣੇ ਧਰਮ ਅਤੇ ਰਾਜਨੀਤੀ ਨੂੰ ਇਕ ਅਕਾਲ ਪੁਰਖ ਦੇ ਓਟ-ਆਸਰੇ ਅਤੇ ਆਸਥਾ ਵਿਚ ਹੀ ਨਿਭਾਉਣਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਇਸੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਹੀ ਦੁਨਿਆਵੀ ਤਖ਼ਤਾਂ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਮੇਂ ਦੇ ਹੁਕਮਰਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਕਰਨ ਲਈ ਹਮਲੇ ਕੀਤੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅੱਜ ਵੀ ਬਰਕਰਾਰ ਹੈ ਪਰ ਹਮਲਾਵਰਾਂ ਦਾ ਮਾੜਾ ਹਸ਼ਰ ਦੁਨੀਆ ਨੇ ਵੇਖਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਸਿੱਖ ਆਪਣੇ ਰਾਜ-ਭਾਗ ਦੇ ਮਾਲਕ ਬਣੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਚਾਲੀ ਸਾਲ ਰਾਜ ਕਰਕੇ ਦੁਨੀਆ ਨੂੰ ਇਕ ਹਲੇਮੀ ਰਾਜ ਵਰਗਾ ਰਾਜ ਸ਼ਾਸਨ ਦਿੱਤਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਦੁਨੀਆ ਦੇ ਹਰ ਖੇਤਰ ਵਿਚ ਵਿਚਰਦਿਆਂ ਹਮੇਸ਼ਾ ਆਪਣਾ ਮੂੰਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਰੱਖਦੇ ਰਹੇ ਹਨ, ਪਰ ਦੇ ਰਾਜਨੀਤਕ ਲੋਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਦਿੱਲੀ ਵੱਲ ਮੂੰਹ ਕੀਤਾ ਹੋਇਆ ਹੈ, ਜਿਸ ਕਾਰਨ ਸਿੱਖਾਂ ਦੀ ਆਪਣੀ ਰਾਜਨੀਤੀ ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੜ ਸਿੱਖ ਰਾਜਨੀਤਕ ਲੋਕ ਆਪਣਾ ਮੂੰਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਕਰ ਲੈਣ ਤਾਂ ਸਿੱਖ ਮੁੜ ਰਾਜ ਭਾਗ ਦੇ ਮਾਲਕ ਜ਼ਰੂਰ ਬਣਨਗੇ। ਉਨ੍ਹਾਂ ਸਿੱਖ ਸਿਧਾਂਤਾਂ, ਪਰੰਪਰਾਵਾਂ ਤੇ ਮਰਿਆਦਾ ’ਤੇ ਪਹਿਰਾ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਜਦੋਂ ਅਸੀਂ ਸਿਧਾਂਤਕ ਤੌਰ ’ਤੇ ਪਰਪੱਕ ਹੋਵਾਂਗੇ ਤਾਂ ਅਕਾਲ ਪੁਰਖ ਦਾ ਹਥ ਸਾਡੇ ਸੀਸ ’ਤੇ ਰਹੇਗਾ। ਸਾਨੂੰ ਅੱਜ ਕੌਮੀ ਤੌਰ ’ਤੇ ਖੁਆਰੀਆਂ ਵਿਚੋਂ ਨਿਕਲਣ ਲਈ ਗੁਰੂ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਸਾਇਆ ਹੇਠ ਇਕੱਤਰ ਹੋਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਵਿਚਰਦਿਆਂ ਮਰਿਆਦਾ ਦਾ ਖਿਆਲ ਰੱਖਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮਰਿਆਦਾ ਨੂੰ ਮੁੱਖ ਰੱਖਦਿਆਂ ਆਪਣੇ ਫੋਨ ਬੰਦ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਖਾਸ ਤੌਰ ’ਤੇ ਇਹ ਵੀ ਕਿਹਾ ਕਿ ਇੱਥੇ ਨਤਮਸਤਕ ਹੋਣ ਵਾਲੇ ਕਲਾਕਾਰ ਇਸ ਪਾਵਨ ਅਸਥਾਨ ਨੂੰ ਫਿਲਮਾਂ ਦੀ ਪ੍ਰਮੋਸ਼ਨ ਲਈ ਨਾ ਵਰਤਣ ਬਲਕਿ ਇੱਥੋਂ ਆਤਮਿਕ ਸ਼ਕਤੀ ਹਾਸਲ ਕਰਨ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਅਰਦਾਸ ਵੇਲੇ ਵੀ ਸੰਗਤਾਂ ਨੂੰ ਇਕਾਗਰਚਿਤ ਹੋ ਕੇ ਖੜ੍ਹੇ ਹੋਣ ਦੀ ਤਾਕੀਦ ਕੀਤੀ ਤਾਂ ਜੋ ਪੁਰਾਤਨ ਮਰਿਆਦਾ ਕਾਇਮ ਰਹਿ ਸਕੇ।
ਇਸੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਅੰਦਰ ਮੀਰੀ-ਪੀਰੀ ਦੇ ਸਿਧਾਂਤ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਭਾਰਿਆ ਜਿਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ ਨਾਲ-ਨਾਲ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਿੱਖ ਜੀਵਨ ਜਾਚ ਦਾ ਇੱਕ ਅਹਿਮ ਹਿੱਸਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖੀ ਅੰਦਰ ਧਰਮ ਅਤੇ ਰਾਜਨੀਤੀ ਦਾ ਸੁਮੇਲ ਅਤਿ ਅਹਿਮ ਹੈ ਜਿਸ ਵਿੱਚ ਧਰਮ ਨੂੰ ਪ੍ਰਮੁੱਖਤਾ ਹੈ। ਐਡਵੋਕੇਟ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਨਾਲ ਜੁੜ ਕੇ ਪੰਥਕ ਸ਼ਕਤੀ ਨੂੰ ਮਜਬੂਤ ਕੀਤਾ ਜਾਵੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮੇਂ-ਸਮੇਂ ਜਰਵਾਣਿਆਂ ਵੱਲੋਂ ਕੀਤੇ ਗਏ ਹਮਲਿਆਂ ਦੀ ਗੱਲ ਕਰਦਿਆਂ ਆਖਿਆ ਕਿ ਇਹ ਅਕਾਲ ਦਾ ਤਖ਼ਤ ਹੈ ਜਿਸ ਨੂੰ ਢਾਹੁਣ ਦੇ ਮਕਸਦ ਨਾਲ ਆਏ ਲੋਕਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਜਦਕਿ ਅਕਾਲ ਦੇ ਇਸ ਸੱਚੇ ਤਖ਼ਤ ਦੀ ਹੋਂਦ-ਹਸਤੀ ਸਦੀਵੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਪ੍ਰੀਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪ੍ਰਿਟੈਂਡੈਂਟ ਸ. ਨਿਸ਼ਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਜਗਤਾਰ ਸਿੰਘ, ਸ. ਜਸਪਾਲ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਬਿਕਰਮਜੀਤ ਸਿੰਘ ਝੰਗੀ, ਸ. ਯੁਵਰਾਗ ਸਿੰਘ, ਸ. ਗੁਰਤਿੰਦਰਪਾਲ ਸਿੰਘ, ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ ਅਤੇ ਸੰਗਤਾਂ ਮੌਜੂਦ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ : ਮੁੱਖ ਮੰਤਰੀ ਅਕਾਲੀ ਦਲ ਨੇ ਨਿਰਾਸ਼ ਤੱਤਾਂ ਨੂੰ ਆਪਣੇ ਵਿਚਾਰ ਪ੍ਰਗਟਾਵੇ ਲਈ ਪਾਰਟੀ ਪਲੇਟਫਾਰਮ ਦੀ ਵਰਤੋਂ ਕਰਨ ਦੀ ਕੀਤੀ ਅਪੀਲ ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ, ਤਿੰਨ ਸ਼ੂਟਰ ਗ੍ਰਿਫ਼ਤਾਰ ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ ਪੰਜਾਬ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ, ਐੱਨ.ਆਰ.ਆਈ., ਸਰਕਾਰੀ ਪੈਨਸ਼ਨਰਜ਼ ਆਦਿ ਲਾਭਪਾਤਰੀਆਂ ਤੋਂ 44.34 ਕਰੋੜ ਦੀ ਰਿਕਵਰੀ : ਡਾ. ਬਲਜੀਤ ਕੌਰ ਪੀ.ਐੱਸ.ਪੀ.ਸੀ.ਐੱਲ. ਵੱਲੋਂ 26 ਜੂਨ ਨੂੰ ਹੁਣ ਤੱਕ ਦੀ ਸਭ ਤੋਂ ਵੱਧ 3563 ਲੱਖ ਯੂਨਿਟ ਦੀ ਬਿਜਲੀ ਮੰਗ ਪੂਰੀ ਕੀਤੀ ਗਈ : ਹਰਭਜਨ ਸਿੰਘ ਈ.ਟੀ.ਓ ਸ਼ੀਤਲ ਅੰਗੂਰਾਲ ਨੇ ਜਲੰਧਰ ਦੇ ਲੋਕਾਂ ਤੋਂ ਵਿਕਾਸ ਦਾ ਹੱਕ ਖੋਇਆ, ਉਹ ਇੱਕ ਗ਼ੱਦਾਰ ਹੈ : ਆਪ ਅਜੀਤ ਸਿੰਘ ਬਾਰੀ ਅਤੇ ਇੰਜੀ. ਰਣਜੀਤ ਸਿੰਘ ਨੂੰ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਬਾਵਾ ਨੇ ਭੇਂਟ ਕੀਤੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਦੀ ਖੱਜਲ-ਖੁਆਰੀ ਤੁਰੰਤ ਬੰਦ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਾੜਨਾ ਰੁਪਿੰਦਰ ਸਿੰਘ ਰਿੰਕੂ ਨੂੰ ਜਿ਼ਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਬਣੇ ਮੈਂਬਰ