-"ਸ਼ਬਦ ਪ੍ਰਕਾਸ਼ ਅਜਾਇਬ ਘਰ" ਸਾਨੂੰ ਸਾਡੇ ਗੌਰਮਈ ਇਤਿਹਾਸ ਨਾਲ ਜੋੜਦਾ ਹੈ- ਬਾਰੀ
ਮੁੱਲਾਂਪੁਰ ਦਾਖਾ, 27 ਜੂਨ (ਗਿਆਨ ਸਿੰਘ): ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਕਲਕੱਤੇ ਦੇ ਉੱਘੇ ਟਰਾਂਸਪੋਰਟਰ ਅਜੀਤ ਸਿੰਘ ਬਾਰੀ ਅਤੇ ਪੰਚਾਇਤੀ ਰਾਜ ਦੇ ਐਕਸੀਅਨ ਰਣਜੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਫਾਊਂਡੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ ਅਤੇ ਸਰਪੰਚ ਬਲਵੀਰ ਸਿੰਘ ਮੁੱਲਾਂਪੁਰ ਨੇ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਜਦਕਿ ਇਸ ਸਮੇਂ ਬਲਵਿੰਦਰ ਸਿੰਘ ਐੱਸ.ਡੀ.ਓ. ਅਤੇ ਇੰਜੀ. ਜਗਦੀਪ ਸਿੰਘ ਨੂੰ ਵੀ ਯਾਦਗਾਰੀ ਨਿਸ਼ਾਨੀ ਭੇਂਟ ਕੀਤੀ ਗਈ।
ਇਸ ਸਮੇਂ ਅਜੀਤ ਸਿੰਘ ਬਾਰੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਵੀ ਹਨ, ਉਹਨਾਂ ਕਿਹਾ ਕਿ "ਸ਼ਬਦ ਪ੍ਰਕਾਸ਼ ਅਜਾਇਬ ਘਰ" ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦਾ ਹੈ। ਉਹਨਾਂ ਇਸ ਸਮੇਂ ਬਾਵਾ ਅਤੇ ਸਾਥੀਆਂ ਵੱਲੋਂ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪਰਿਵਾਰ ਦੇ ਮੁਖੀ ਉੱਘੇ ਟਰਾਂਸਪੋਰਟਰ ਮੇਹਰ ਸਿੰਘ ਗਰੀਬ ਦੇ ਪਾਏ ਪਦ ਚਿੰਨਾਂ 'ਤੇ ਚੱਲ ਕੇ ਅਜੀਤ ਸਿੰਘ ਬਾਰੀ ਵਿੱਦਿਆ ਸਿਹਤ ਅਤੇ ਇਤਿਹਾਸ ਨੂੰ ਸਾਂਭਣ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਪੰਜਾਬੀਆਂ ਵਿੱਚੋਂ ਮੋਹਰੀ ਪੰਜਾਬੀ ਹਨ, ਜਿਨਾਂ 'ਤੇ ਪੰਜਾਬੀਆਂ ਨੂੰ ਮਾਣ ਹੈ।