ਸ੍ਰੀ ਮੁਕਤਸਰ ਸਾਹਿਬ, 26 ਜੂਨ (ਗਿਆਨ ਸਿੰਘ): ਪੰਜਾਬ ਸਰਕਾਰ ਵਲੋਂ ਪੰਚਾਇਤੀ ਜਮੀਨਾ ਤੇ ਹੋਏ ਕਬਜ਼ੇ ਨੂੰ ਲਗਾਤਾਰ ਛੁਡਵਾਇਆ ਜਾ ਰਿਹਾ ਹੈ, ਇਸ ਮੁਹਿੰਮ ਦੇ ਤਹਿਤ ਲਾਲਜੀਤ ਸਿੰਘ ਭੁੱਲਰ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ, ਮੁਕਤਸਰ ਸਾਹਿਬ, ਭਾਗੀਰਥ ਸਿੰਘ ਮੀਨਾ, ਸੀਨੀਅਰ ਕਪਤਾਨ ਪੁਲਿਸ, ਮੁਕਤਸਰ ਸਾਹਿਬ ਦੇ ਯਤਨਾਂ ਸਦਕਾ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਗਰਾਮ ਪੰਚਾਇਤ ਦਬੜਾ ਬਲਾਕ ਮਲੋਟ ਦੀ 4 ਏਕੜ 2 ਕਨਾਲ 10 ਮਰਲੇ ਸ਼ਾਮਲਾਤ ਜ਼ਮੀਨ ਜੋ ਕਿ ਪਿਛਲੇ ਲੰਬੇ ਸਮੇਂ ਤੋ ਨਜਾਇਜ਼ ਕਬਜਾ ਹੇਠ ਸੀ,ਨੂੰ ਜਿ਼ਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਛੁਡਵਾਇਆ ਗਿਆ।
ਇਹ ਜਾਣਕਾਰੀ ਦਿੰਦਿਆ ਸੁਰਿੰਦਰ ਸਿੰਘ ਢਿੱਲੋਂ ਜਿ਼ਲਾ ਵਿਕਾਸ ਅਤੇ ਪੰਚਾਇਤ ਅਫਸਰ, ਮੁਕਤਸਰ ਸਾਹਿਬ ਨੇ ਦੱਸਿਆ ਕਿ ਮਲੋਟ ਬਲਾਕ ਦੇ ਪਿੰਡ ਦਬੜਾ ਦੀ ਸ਼ਾਮਲਾਤ ਜਮੀਨ ਤੇ ਲੰਬੇ ਸਮੇਂ ਤੋਂ ਨਜਾਇਜ ਕਬਜਾ ਕੀਤਾ ਹੋਇਆ ਸੀ, ਇਸ 4 ਏਕੜ 2 ਕਨਾਲ 10 ਮਰਲੇ ਸ਼ਾਮਲਾਤ ਜ਼ਮੀਨ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਹ ਕਬਜਾ ਛੁਡਵਾ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹਵਾਲੇ ਹੋ ਗਿਆ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਮਲੋਟ ਅਤੇ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਮੁਕਤਸਰ ਸਾਹਿਬ ਵੀ ਮੌਜੂਦ ਸਨ।