-ਪੰਜਾਬ ਪੁਲਿਸ, ਬੀਐਸਐਫ ਅਤੇ ਐਨਸੀਬੀ ਨੇ ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਅਤੇ ਡਰੋਨ ਅਪ੍ਰੇਸ਼ਨ ਨੂੰ ਠੱਲ੍ਹ ਪਾਉਣ ਲਈ ਘੜੀ ਰਣਨੀਤੀ
- ਚੋਣਾਂ ਦੌਰਾਨ ਤਾਇਨਾਤੀ ਲਈ ਪੰਜਾਬ ਪੁਲਿਸ ਵੱਲੋਂ 75 ਫੀਸਦ ਜ਼ਿਲ੍ਹਾ ਪੁਲਿਸ ਅਤੇ 50 ਫੀਸਦ ਹੋਰਨਾਂ ਯੁਨਿਟਾਂ ਦੇ ਪੁਲਿਸ ਬਲ ਦੀ ਤਾਇਨਾਤੀ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 4 ਅਪ੍ਰੈਲ (ਪੋਸਟ ਬਿਊਰੋ): ਆਗਾਮੀ ਆਮ ਚੋਣਾਂ 2024 ਨੂੰ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ, ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਵੀਰਵਾਰ ਨੂੰ ਸੀਮਾ ਸੁਰੱਖਿਆ ਬਲ ਨਾਲ ਰਣਨੀਤੀ ਤਿਆਰ ਕੀਤੀ ਤਾਂ ਜੋ ਸੁਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਲੜੀ ਨੂੰ ਪੂਰੀ ਤਰ੍ਹਾਂ ਠੱਲ੍ਹਿਆ ਜਾ ਸਕੇ।
ਸਪੈਸ਼ਲ ਡੀਜੀਪੀ ਦੇ ਨਾਲ ਆਈ.ਜੀ. ਫਰੰਟੀਅਰ ਹੈੱਡਕੁਆਰਟਰ, ਬੀ.ਐਸ.ਐਫ. ਜਲੰਧਰ ਡਾ: ਅਤੁਲ ਫੁਲਜ਼ੇਲੇ ਨੇ ਸਰਹੱਦ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਤੇ ਆਗਾਮੀ ਸੰਸਦੀ ਚੋਣਾਂ 2024 ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਲਈ ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਆਈਟੀਬੀਪੀ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਾਂਝੀ ਤਾਲਮੇਲ ਮੀਟਿੰਗ ਕੀਤੀ। ਮੀਟਿੰਗ ਵਿੱਚ ਜ਼ੋਨਲ ਡਾਇਰੈਕਟਰ ਐਨ.ਸੀ.ਬੀ., ਏਡੀਜੀਪੀ ਸਟੇਟ ਆਰਮਡ ਪੁਲਿਸ (ਐਸ.ਏ.ਪੀ.) ਐਮ.ਐਫ. ਫਾਰੂਕੀ, ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਅਤੇ ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਬੀਐਸਐਫ ਅਤੇ ਪੰਜਾਬ ਪੁਲਿਸ ਦਰਮਿਆਨ ਵਧੇਰੇ ਤਾਲਮੇਲ ਅਤੇ ਇੱਕਜੁਟਤਾ ਦਾ ਸੱਦਾ ਦਿੰਦੇ ਹੋਏ, ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਰਹੱਦੀ ਰਾਜ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਦੋਵਾਂ ਫੋਰਸਾਂ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਸੁਰੱਖਿਆ ਦੀ ਮੋਹਰਲੀ ਕਤਾਰ ਵਿੱਚ ਤਾਇਨਾਤ ਹੋਣ ਕਰਕੇ ਬੀਐਸਐਫ ਨੂੰ ਅਤਿਵਾਦੀਆਂ, ਦਹਿਸ਼ਤਗਰਦਾਂ ਜਾਂ ਤਸਕਰਾਂ ਵੱਲੋਂ ਤਸਕਰੀ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਵਧੇਰੇ ਚੌਕਸ ਤੇ ਮੁਸਤੈਦ ਰਹਿਣ ਦੀ ਲੋੜ ਹੈ। ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ’ਤੇ ਰਾਤ ਦੀ ਗਸ਼ਤ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਵਧਾਉਣ ਦੇ ਵੀ ਹੁਕਮ ਦਿੱਤੇ।
ਸਪੈਸ਼ਲ ਡੀਜੀਪੀ ਨੇ ਬੀਐਸਐਫ ਨੂੰ ਪੰਜਾਬ ਦੀਆਂ ਸਰਹੱਦਾਂ ’ਤੇ ਡਰੋਨ ਅਪਰੇਸ਼ਨਾਂ, ਜੋ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਂਦੇ ਹਨ, ਦਾ ਮੁਕਾਬਲਾ ਕਰਨ ਲਈ ਡਰੋਨ ਡੀਟੈਕਸ਼ਨ ਤਕਨਾਲੋਜੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐਸਐਸਪੀਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਗ੍ਰਾਮੀਣ ਪੱਧਰੀ ਸੁਰੱਖਿਆ ਕਮੇਟੀ (ਵੀਐਲਡੀਸੀ) ਦੇ ਮੈਂਬਰਾਂ ਨਾਲ ਨਿਯਮਤ ਮੀਟਿੰਗਾਂ ਕਰਨ ਅਤੇ ਫੀਲਡ ਸਟਾਫ਼ ਅਤੇ ਵੀਐਲਡੀਸੀ ਮੈਂਬਰਾਂ ਨੂੰ ਡਰੋਨਾਂ ਦੀ ਆਵਾਜਾਈ ’ਤੇ ਸਖ਼ਤ ਨਜ਼ਰ ਰੱਖਣ ਲਈ ਜਾਗਰੂਕ ਕਰਨ।
ਜਾਣਕਾਰੀ ਅਨੁਸਾਰ 2023 ਵਿੱਚ ਸਰਹੱਦ ’ਤੇ 325 ਡਰੋਨ ਦੇਖੇ ਗਏ, ਜਿਨ੍ਹਾਂ ਵਿੱਚੋਂ 118 ਡਰੋਨ ਸਫ਼ਲਤਾਪੂਰਵਕ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 2024 ਵਿੱਚ ਹੁਣ ਤੱਕ 26 ਡਰੋਨ ਬਰਾਮਦ ਕੀਤੇ ਜਾ ਚੁੱਕੇ ਹਨ।
ਆਗਾਮੀ ਲੋਕ ਸਭਾ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਪੁਲੀਸ ਨੇ ਚੋਣਾਂ ਦੌਰਾਨ ਤਾਇਨਾਤੀ ਲਈ 75 ਫੀਸਦ ਜ਼ਿਲ੍ਹਾ ਪੁਲੀਸ ਅਤੇ 50 ਫੀਸਦ ਹੋਰ ਯੂਨਿਟਾਂ ਤੋਂ ਪੁਲਿਸ ਬਲ ਤਾਇਨਾਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸ਼ਰਾਬ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸੂਬੇ ਦੇ 10 ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਸੀਲਿੰਗ ਪੁਆਇੰਟਾਂ ’ਤੇ ਪਹਿਲਾਂ ਹੀ ਸੁਚੱਜੇ ਤਾਲਮੇਲ ਵਾਲੇ ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਹਨ। 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਆਮ ਲੋਕਾਂ ਵਿੱਚ ਪੁਲਿਸ ਦਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਰਾਜ ਵਿੱਚ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਦਬਦਬਾ ਬਣਾਇਆ ਜਾ ਸਕੇ। 25 ਕੰਪਨੀਆਂ ਵਿੱਚ ਕੇਂਦਰੀ ਰਿਜ਼ਰਵਡ ਪੁਲਿਸ ਬਲਾਂ (ਸੀਆਰਪੀਐਫ) ਦੀਆਂ ਪੰਜ ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 15 ਕੰਪਨੀਆਂ ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 5 ਕੰਪਨੀਆਂ ਸ਼ਾਮਲ ਹਨ।