ਟੋਰਾਂਟੋ, 20 ਮਾਰਚ (ਪੋਸਟ ਬਿਊਰੋ) : ਯੌਰਕ ਰੀਜਨ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਕਥਿਤ ਤੌਰ ਉੱਤੇ 40 ਕਿੱਲੋਗ੍ਰਾਮ ਦੇ ਗੈਰਕਾਨੂੰਨੀ ਨਸ਼ੇ ਤੇ ਹਥਿਆਰਾਂ ਦੇ ਨਾਲ ਨਾਲ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਈ ਥਾਂਵਾਂ ਉੱਤੇ ਰੇਡ ਕਰਕੇ ਇਨ੍ਹਾਂ ਵਿਅਕਤੀਆਂ ਕੋਲੋਂ ਇਹ ਸਾਰਾ ਸਮਾਨ ਬਰਾਮਦ ਕੀਤਾ ਗਿਆ।
ਯੌਰਕ ਰੀਜਨਲ ਪੁਲਿਸ ਦੀ ਅਗਵਾਈ ਵਾਲੀ ਗੰਨਜ਼, ਗੈਂਗਜ਼ ਤੇ ਡਰੱਗ ਐਨਫੋਰਸਮੈਂਟ ਯੂਨਿਟ ਵੱਲੋਂ ਸ਼ੱਕੀ ਡਰੱਗ ਸਮਗਲਰਜ਼ ਦੇ ਸੰਗਠਿਤ ਗਰੁੱਪ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਜਨਵਰੀ ਤੋਂ ਮਾਰਚ ਤੱਕ ਚੱਲੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਕਿੱਲੋਗ੍ਰਾਮ ਕੋਕੀਨ, 34 ਕਿੱਲੋਗ੍ਰਾਮ ਮੈਰੀਯੁਆਨਾ, 263 ਗ੍ਰਾਮ ਐਮਡੀਐਮਏ, 900 ਮਿਲੀਮੀਟਰ ਕੋਡੀਨ ਦੇ ਨਾਲ ਨਾਲ ਦੋ ਭਰੀਆਂ ਹੋਈਆਂ ਹੈਂਡਗੰਨਜ਼ ਤੇ ਹੋਰ ਗੋਲੀ ਸਿੱਕਾ ਮਿਲਿਆ ਹੈ।ਇਨ੍ਹਾਂ ਤੋਂ ਇਲਾਵਾ ਦੋ ਕੰਡਕਟਿਡ ਐਨਰਜੀ ਹਥਿਆਰ ਤੇ ਬ੍ਰਾਸ ਦੇ ਨੱਕਲਜ਼ ਵੀ ਬਰਾਮਦ ਹੋਏ ਹਨ।
ਟੋਰਾਂਟੋ, ਯੌਰਕ ਤੇ ਦਰਹਾਮ ਰੀਜਨਜ਼ ਦੇ ਪੰਜ ਘਰਾਂ ਦੀ ਤਲਾਸ਼ੀ ਲਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਟੋਰਾਂਟੋ ਦੇ 22 ਸਾਲਾ ਜੈਕ ਹੋਲਮਨ, 27 ਸਾਲਾ ਅਲੈਗਜੈ਼ਂਡਰ ਖੱਟੜਾ, ਵ੍ਹਿਟਬੀ ਦੇ 28 ਸਾਲਾ ਰਾਗਵਨ ਰਵੀਨਥਿਰਨ ਤੇ ਰਿਚਮੰਡ ਹਿੱਲ ਦੇ 18 ਸਾਲਾ ਨੋਆਹ ਬਜੋ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈ।