ਓਟਵਾ, 12 ਮਾਰਚ (ਪੋਸਟ ਬਿਊਰੋ) : ਹਾਇਤੀ ਵਿੱਚ ਜਾਰੀ ਮਨੁੱਖਤਾਵਾਦੀ ਸੰਕਟ, ਸਕਿਊਰਿਟੀ ਤੇ ਸਿਆਸੀ ਸੰਕਟ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।
ਸੋਮਵਾਰ ਨੂੰ ਪੀਐਮਓ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਹਾਇਤੀ ਦੇ ਹਾਲਾਤ ਬਾਰੇ ਟਰੂਡੋ ਨੇ ਏਰੀਅਲ ਹੈਨਰੀ ਨਾਲ ਚਿੰਤਾ ਸਾਂਝੀ ਕੀਤੀ ਤੇ ਹਾਇਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਦਾ ਭਰੋਸਾ ਵੀ ਦਿਵਾਇਆ। ਜਿ਼ਕਰਯੋਗ ਹੈ ਕਿ ਹੈਨਰੀ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਇੱਕ ਵਾਰੀ ਹਾਇਤੀ ਵਿੱਚ ਪ੍ਰੈਜ਼ੀਡੈਂਸ਼ੀਅਲ ਕਾਊਂਸਲ ਕਾਇਮ ਹੋ ਜਾਵੇਗੀ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਆਪਣੇ ਦੇਸ਼ ਤੋਂ ਬਾਹਰ ਦੌਰੇ ਉੱਤੇ ਨਿਕਲੇ ਹੈਨਰੀ ਨੂੰ ਹੁਣ ਦੇਸ਼ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ। ਕ੍ਰਿਮੀਨਲ ਗੈਂਗਜ਼ ਵੱਲੋਂ ਹਾਇਤੀ ਵਿੱਚ ਹਿੰਸਾ ਦਾ ਨੰਗਾ ਨਾਚ ਖੇਡਿਆ ਜਾ ਰਿਹਾ ਹੈ ਤੇ ਸਾਰੇ ਦੇਸ਼ ਵਿੱਚ ਉਥਲ ਪੁਥਲ ਚੱਲ ਰਹੀ ਹੈ। ਰਾਜਧਾਨੀ ਉੱਤੇ ਵੀ ਗੈਂਗਜ਼ ਦਾ ਹੀ ਕਬਜਾ ਹੈ ਤੇ ਸਾਰੇ ਇੰਟਰਨੈਸ਼ਨਲ ਏਅਰਪੋਰਟਸ ਵੀ ਬੰਦ ਕਰ ਦਿੱਤੇ ਗਏ ਹਨ। ਕਈ ਕੈਰੇਬੀਆਈ ਆਗੂਆਂ, ਕੈਨੇਡਾ ਦੇ ਸੰਯੁਕਤ ਰਾਸ਼ਟਰ ਸਥਿਤ ਅੰਬੈਸਡਰ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਹਾਇਤੀ ਦੇ ਇਸ ਸੰਕਟ ਦਾ ਹੱਲ ਕੱਢਣ ਲਈ ਜਮਾਇਕਾ ਵਿੱਚ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਹੈਨਰੀ ਪਿਓਰਟੋਰਿਕੋ ਵਿੱਚ ਰੁਕੇ ਹੋਏ ਸਨ।
ਹੈਨਰੀ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਹਾਇਤੀ ਦੇ ਸਟੇਕਹੋਲਡਰਜ਼ ਦਰਮਿਆਨ ਸਿਆਸੀ ਸਮਝੌਤੇ ਦੀ ਲੋੜ ਉੱਤੇ ਜ਼ੋਰ ਦਿੱਤਾ ਤੇ ਉੱਥੇ ਚੋਣਾਂ ਕਰਵਾ ਕੇ ਜਮਹੂਰੀਅਤ ਬਹਾਲ ਕਰਨ ਦੀ ਗੱਲ ਵੀ ਆਖੀ।