ਮਾਛੀਵਾੜਾ, 20 ਫਰਵਰੀ (ਪੋਸਟ ਬਿਊਰੋ) : ਸਿਆਸੀ ਤੇ ਸਮਾਜਕ ਖੇਤਰਾਂ ਵਿੱਚ ਲੰਮੇਂ ਸਮੇਂ ਤੋਂ ਸਰਗਰਮ ਮਾਛੀਵਾੜੇ ਤੋਂ ਅਕਾਲੀ ਦਲ ਦੇ ਸਾਬਕਾ ਜਥੇਬੰਧਕ ਸਕੱਤਰ ਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਮਾਛੀਵਾੜਾ ਦੇ ਪ੍ਰਧਾਨ ਸ·ਮਨਮੋਹਨ ਸਿੰਘ ਖੇੜਾ ਵੱਖ ਵੱਖ ਸਿਆਸੀ ਮੁੱਦਿਆਂ ਉੱਤੇ ਚਰਚਾ ਕਰਦੇ ਰਹਿੰਦੇ ਹਨ। ਇਸ ਵਾਰੀ ਉਨ੍ਹਾਂ ਵੱਲੋਂ ਕਿਸਾਨਾਂ, ਅਧਿਆਪਕਾਂ ਤੇ ਟਰੱਕ ਯੂਨੀਅਨਾਂ ਵੱਲੋਂ ਚਲਾਏ ਜਾਣ ਵਾਲੇ ਅੰਦੋਲਨਾਂ ਨੂੰ ਸਿਆਸੀ ਅੰਦੋਲਨ ਦੱਸਣ ਵਾਲਿਆਂ ਉੱਤੇ ਕਿੰਤੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈਵੀਐਮ ਦੀ ਹੋਣ ਵਾਲੀ ਦੁਰਵਰਤੋਂ ਨੂੰ ਲੈ ਕੇ ਵੀ ਉਹ ਕਾਫੀ ਚਿੰਤਤ ਹਨ।
ਉਨ੍ਹਾਂ ਵੱਲੋਂ ਕਿਸਾਨਾਂ, ਆਮ ਲੋਕਾਂ ਤੇ ਟਰੱਕ ਯੂਨੀਅਨਾਂ ਵੱਲੋਂ ਚਲਾਏ ਜਾਣ ਵਾਲੇ ਅੰਦੋਲਨਾਂ ਨੂੰ ਸਿਆਸੀ ਰੰਗਤ ਦੇਣ ਵਾਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਾ ਨੂੰ ਆਪਣੀ ਸੋਚ ਤੋਂ ਕੰਮ ਲੈਣ ਦੀ ਬੇਨਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪੰਜਾਬੀ ਪੋਸਟ ਨਾਲ ਕੀਤੀ ਗਈ ਚਰਚਾ ਵਿੱਚ ਆਖਿਆ ਗਿਆ ਕਿ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਸਿਆਸੀ ਨਹੀਂ ਹੈ ਤੇ ਨਾ ਹੀ ਟਰੱਕ ਵੀਰਾਂ ਵੱਲੋਂ ਚਲਾਇਆ ਜਾਣ ਵਾਲਾ ਕੋਈ ਵੀ ਅੰਦੋਲਨ ਸਿਆਸੀ ਹੁੰਦਾ ਹੈ।ਅਜਿਹੇ ਅੰਦੋਲਨ ਆਮ ਲੋਕਾਂ ਦੇ ਅੰਦੋਲਨ ਹੁੰਦੇ ਹਨ, ਜਨ ਅੰਦੋਲਨ ਹੁੰਦੇ ਹਨ ਇਨ੍ਹਾਂ ਨੂੰ ਸਿਆਸੀ ਅੰਦੋਲਨ ਆਖਣਾ ਵੱਡੀ ਗਲਤੀ ਹੈ। ਉਨ੍ਹਾਂ ਅੱਗੇ ਆਖਿਆ ਕਿ ਅਧਿਆਪਕਾਂ ਵੱਲੋਂ ਚਲਾਇਆ ਜਾਣ ਵਾਲਾ ਅੰਦੋਲਨ ਸਿਆਸੀ ਕਿਵੇਂ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਦੇ ਲੋਕਾਂ ਨੂੰ ਆਪਣੀ ਸਮਝ ਤੋਂ ਕੰਮ ਲੈਣ ਦੀ ਲੋੜ ਹੈ,ਉਨ੍ਹਾਂ ਨੂੰ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੁੱਝ ਵਕੀਲਾਂ ਵੱਲੋਂ ਈਵੀਐਮ(ਮਸ਼ੀਨਾਂ) ਦਾ ਮੁੱਦਾ ਸੁਪਰੀਮ ਕੋਰਟ ਲਿਜਾਣ ਦੀ ਗੱਲ ਵੀ ਕੀਤੀ ਗਈ। ਉਨ੍ਹਾਂ ਆਖਿਆ ਕਿ ਕੀ ਇਹ ਮੁੱਦਾ ਸਿਆਸੀ ਹੈ? ਕੀ ਇਹ ਸਾਰੇ ਵਕੀਲ ਸਿਆਸੀ ਹਨ? ਉਨ੍ਹਾਂ ਆਖਿਆ ਕਿ ਉਹ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਕਿਸਾਨ ਯੂਨੀਅਨ ਦੀਆਂ 37 ਜਥੇਬੰਦੀਆਂ ਦਾ ਈਵੀਐਮ ਮੁੱਦੇ ਉੱਤੇ ਕੀ ਸਟੈਂਡ ਹੈ? ਇਸ ਉੱਤੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਆਮ ਲੋਕਾਂ ਵਾਂਗ ਸਾਰੇ ਕਿਸਾਨ ਵੀ ਵੋਟ ਪਾਉਂਦੇ ਹਨ, ਜੇਕਰ ਆਮ ਵੋਟਰ ਦੀ ਪਾਈ ਹੋਈ ਵੋਟ ਈਵੀਐਮ ਦੀ ਗੜਬੜੀ ਕਰਕੇ ਕਿਸੇ ਹੋਰ ਪਾਰਟੀ ਨੂੰ ਜਾ ਪਵੇ ਤੇ ਕਿਸੇ ਗਲਤ ਨੇਤਾ ਦੀ ਚੋਣ ਹੋ ਜਾਵੇ, ਜਿਹੜੇ ਲੋਕਾਂ ਲਈ ਘਾਤਕ ਹਨ ਤਾਂ ਦੇਸ਼ ਦਾ ਕੀ ਹਾਲ ਹੋਵੇਗਾ। ਉਨ੍ਹਾਂ ਆਖਿਆ ਕਿ ਸਾਰੀਆਂ ਪਾਰਟੀਆਂ ਨੂੰ ਈਵੀਐਮ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ ਤਾਂ ਕਿ ਇਸ ਬਾਰੇ ਆਮ ਰਾਇ ਬਣ ਸਕੇ।