- ਵਾਪਸ ਪਰਤਣ ਉੱਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਖਿਡਾਰਨ ਦਾ ਸ਼ਾਨਦਾਰ ਸਵਾਗਤ
- ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ, ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ
- ਖੁਸ਼ਪ੍ਰੀਤ ਹੋਰ ਖਿਡਾਰੀਆਂ ਲਈ ਵੀ ਬਣੇਗੀ ਪ੍ਰੇਰਨਾਸ੍ਰੋਤ - ਕੁਲਵੰਤ ਸਿੰਘ ਡਿਪਟੀ ਕਮਿਸ਼ਨਰ
ਮੋਗਾ, 30 ਨਵੰਬਰ (ਗਿਆਨ ਸਿੰਘ): ਪੁਰਤਗਾਲ ਵਿਖੇ ਖੇਡੀ ਗਈ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿਲ੍ਹਾ ਮੋਗਾ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਤਮਗਾ ਜਿੱਤਣ ਉਪਰੰਤ ਅੱਜ ਜ਼ਿਲ੍ਹਾ ਮੋਗਾ ਪਹੁੰਚਣ ਉੱਤੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਪ੍ਰੇਮੀਆਂ ਵੱਲੋਂ ਖੁਸ਼ਪ੍ਰੀਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ੍ਰੀ ਦੀਪਕ ਅਰੋੜਾ, ਮੇਅਰ ਨਗਰ ਨਿਗਮ ਮੋਗਾ ਸ੍ਰ ਬਲਜੀਤ ਸਿੰਘ ਚਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਮਤਾ ਬਜਾਜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਖਿਡਾਰਨ ਦੇ ਪਰਿਵਾਰ ਵਾਲੇ ਹਾਜ਼ਰ ਸਨ।
ਦੱਸਣਯੋਗ ਹੈ ਕਿ ਖੁਸ਼ਪ੍ਰੀਤ ਨੇ ਅੰਡਰ 50 ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਆਪਣੇ ਆਖਰੀ ਮੁਕਾਬਲੇ ਵਿੱਚ ਅਰਜਨਟੀਨਾ ਦੀ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸਨੇ ਤਜ਼ਾਕਿਸਤਾਨ, ਸਲਵੇਨੀਆ ਅਤੇ ਤੁਰਕੀ ਦੀਆਂ ਖਿਡਾਰਨਾਂ ਨੂੰ ਹਰਾਇਆ।
ਚੈਂਪੀਅਨਸ਼ਿਪ ਵਿਚ 102 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਭਾਰਤ ਵੱਲੋਂ ਖੇਡਣ ਗਏ 45 ਖਿਡਾਰੀਆਂ ਵੱਲੋਂ ਇਕੱਲੀ ਖੁਸ਼ਪ੍ਰੀਤ ਨੇ ਇਕਮਾਤਰ ਤਮਗਾ ਜਿੱਤਿਆ। 19 ਸਾਲ ਉਮਰ ਦੀ ਖੁਸ਼ਪ੍ਰੀਤ ਇਸ ਚੈਂਪੀਅਨਸ਼ਿਪ ਵਿੱਚ ਸਭ ਤੋਂ ਛੋਟੀ ਖਿਡਾਰਨ ਵਜੋਂ ਭਾਗ ਲੈਣ ਵਾਲੀ ਖਿਡਾਰਨ ਦਾ ਮਾਣ ਵੀ ਹਾਸਿਲ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਸ਼ਪ੍ਰੀਤ ਨੂੰ ਜਿੱਤ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਖਿਡਾਰਨ ਹੋਰਨਾਂ ਖਿਡਾਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ। ਉਹਨਾਂ ਨੇ ਹੁਣ ਤੱਕ ਖੁਸ਼ਪ੍ਰੀਤ ਨੂੰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਖਾਤੇ ਵਿੱਚੋਂ ਪਹਿਲਾਂ 75 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਸੀ। ਉਹਨਾਂ ਅੱਜ ਵੀ 21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਸਦੀ ਹਰ ਸੰਭਵ ਮਦਦ ਕੀਤੀ ਜਾਏਗੀ।
ਇਸ ਮੌਕੇ ਖੁਸ਼ਪ੍ਰੀਤ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਦਿੱਤੀ ਹੱਲਾਸ਼ੇਰੀ ਲਈ ਧੰਨਵਾਦ ਕੀਤਾ।