Welcome to Canadian Punjabi Post
Follow us on

21

January 2025
 
ਸੰਪਾਦਕੀ

ਵਿਸ਼ਵ ਗੁਰੂ ਬਣਨ ਦੇ ਸੁਫਨੇ ਲੈਂਦੇ ਦੇਸ਼ ਨੂੰ ਦੁਨੀਆ ਦੀਆਂ ਨਜ਼ਰਾਂ ਦੇ ਹਾਣ ਦਾ ਸਾਬਤ ਹੋਣਾ ਪਵੇਗਾ

August 01, 2023 03:52 AM

-ਜਤਿੰਦਰ ਪਨੂੰ
ਅਜੇ ਬਹੁਤੇ ਸਾਲ ਨਹੀਂ ਹੋਏ ਹੋਣੇ, ਜਦੋਂ ਇੱਕ ਪੰਜਾਬੀ ਗਾਇਕ ਦਾ ਗਾਇਆ ਗੀਤ ‘ਮੇਲਾ ਵੇਖਦੀਏ ਮੁਟਿਆਰੇ, ਮੇਲਾ ਤੈਨੂੰ ਵੇਖਦਾ’ ਸੁਣਿਆ ਸੀ। ਉਹ ਗੱਲ ਪਿੱਛੇ ਰਹਿ ਗਈ, ਅੱਜ ਦੀ ਘੜੀ ਇਹੋ ਗੱਲ ਉਸ ਭਾਰਤ ਦੇਸ਼ ਬਾਰੇ ਕਹਿਣ ਵਿੱਚ ਝਿਜਕ ਨਹੀਂ ਲੱਗਦੀ, ਜਿਸ ਦਾ ਪ੍ਰਧਾਨ ਮੰਤਰੀ ਆਏ ਦਿਨ ਆਪਣੇ ਲੋਕਾਂ ਨੂੰ ਸੁਫਨਾ ਵਿਖਾਉਂਦਾ ਹੈ ਕਿ ਦੇਸ਼ ਛੇਤੀ ਹੀ ‘ਵਿਸ਼ਵ ਗੁਰੂ’ ਹੋਣ ਦਾ ਮਾਣ ਹਾਸਲ ਕਰ ਲਵੇਗਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਵਾਲੇ ਸੁਫਨੇ ਵੀ ਵਿਖਾਏ ਹਨ ਤੇ ਇਸ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਸੰਸਾਰ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਵਰਗੇ ਸੁਫਨੇ ਨਾਲ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਮੌਕੇ ਵੋਟਾਂ ਦੇਣ ਲਈ ਸੱਦਾ ਵੀ ਦੇ ਦਿੱਤਾ ਹੈ। ਉਨ੍ਹਾਂ ਕੋਲ ਸਮੱਰਥਕਾਂ ਤੇ ਪ੍ਰਸੰਸਕਾਂ ਵਾਲੀ ਇੱਕ ਵੱਡੀ ਫੌਜ ਹੈ, ਜਿਹੜੀ ਕਦੀ ਫੌਜ ਵਾਂਗ ਕੰਮ ਕਰਦੀ ਜਾਪਦੀ ਹੈ, ਕਦੀ ਕਿਸੇ ਧਾੜ ਵਾਂਗ ਅਗੇਤੀ ਉਲੀਕੀ ਹੋਈ ਸਰਗਰਮੀ ਦੇ ਰਾਹ ਉੱਤੇ ਚੱਲਦੀ ਜਾਪਦੀ ਹੈ। ਇਹ ਫੌਜ ਹਰ ਵੇਲੇ ਆਪਣੇ ਆਗੂ ਦੇ ਇਸ਼ਾਰੇ ਉੱਤੇ ਹਰ ਹੱਦ ਤੱਕ ਜਾਣ ਨੂੰ ਤਿਆਰ ਜਾਪਦੀ ਹੈ ਤੇ ਉਸ ਫੌਜ ਦਾ ਨਿਸ਼ਾਨਾ ਇੱਕੋ ਨਜ਼ਰ ਆਉਂਦਾ ਹੈ ਕਿ ਜਿਹੜੀ ਗੱਲ ਆਗੂ ਨੇ ਮੂੰਹੋਂ ਕੱਢੀ ਹੈ, ਕਿਸੇ ਵੀ ਸੂਰਤ ਵਿੱਚ ਉਹ ਆਮ ਲੋਕਾਂ ਦੇ ਪੱਧਰ ਉੱਤੇ ਅਮਲ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ।
ਇਹ ਹਕੀਕੀ ਸਥਿਤੀ ਦਾ ਪਹਿਲਾ ਪੱਖ ਹੈ ਕਿ ਭਾਰਤ ਦੇਸ਼ ਇਸ ਵਕਤ ਵਿਸ਼ਵ ਗੁਰੂ ਬਣ ਕੇ ਮੇਲਾ ਲੁੱਟਣ ਵਾਲੇ ਸੁਫਨੇ ਵੇਖਦਾ ਹੈ। ਦੂਸਰਾ ਪੱਖ ਇਹ ਹੈ ਕਿ ਜਦੋਂ ਵਿਸ਼ਵ ਦਾ ਗੁਰੂ ਬਣਨ ਦੇ ਸੁਫਨੇ ਵੇਖੇ ਜਾ ਰਹੇ ਹਨ, ਮੂਹਰੇ ਵਿਸ਼ਵਵੀ ਇਸ ਦੇਸ਼ ਵੱਲ ਅਤੇ ਇਸ ਵਿੱਚ ਵਾਪਰਦੇ ਹਰ ਚੰਗੇ-ਮੰਦੇ ਵੱਲ ਵੇਖਦਾ ਅਤੇ ਆਪਣੇ ਪ੍ਰਤੀਕਰਮ ਕਦੀ ਸਿੱਧੇ ਬੋਲਾਂ ਵਿੱਚ ਅਤੇ ਕਦੀ ਵਲ-ਵਲਾਵਾਂ ਪਾ ਕੇ ਪੇਸ਼ ਕਰਦਾ ਹੈ। ਉਸ ਦੇ ਵਲ-ਵਲਾਵੇਂ ਵਾਲੇ ਪ੍ਰਤੀਕਰਮ ਦਾ ਭਾਰਤ ਵਿੱਚ ਰਾਜ ਕਰਦੀ ਧਿਰ ਦੇ ਲੋਕ ਬਹੁਤਾ ਬੁਰਾ ਨਹੀਂ ਮਨਾਉਂਦੇ ਅਤੇ ਉਸ ਨੂੰ ਅਣਗੌਲਿਆ ਕਰਨ ਦਾ ਯਤਨ ਕਰਦੇ ਹਨ, ਪਰ ਜਦੋਂ ਕਦੀ ਇਸ ਦੇਸ਼ ਬਾਰੇ ਕਿਸੇ ਪਾਸਿਉਂ ਕੋਈ ਸਿੱਧਾ ਅਤੇ ਕੁਝ ਕੌੜਾ-ਕੁਸੈਲਾ ਪ੍ਰਤੀਕਰਮ ਆਉਂਦਾ ਹੈ, ਸੰਸਾਰ ਭਾਈਚਾਰੇ ਦੇ ਹਰ ਨਿਯਮ ਤੇ ਹਰ ਅਸੂਲ ਨੂੰ ਅੱਖੋਂ ਪਰੋਖਾ ਕਰ ਕੇ ਮਿਹਣੇ ਤੇ ਛਿੱਬੀਆਂ ਦੇਣ ਵਾਂਗ ਮੋੜਵਾਂ ਪ੍ਰਤੀਕਰਮ ਦਿੱਤਾ ਜਾਂਦਾ ਹੈ। ਭਾਰਤ ਦੇ ਲੋਕਾਂ ਨੂੰ ਦੂਸਰਿਆਂ ਦੇ ਹਰ ਪ੍ਰਤੀਕਰਮ ਦੀ ਸਿੱਧੀ-ਗੁੱਝੀ ਰਮਜ਼ ਪੱਲੇ ਪੈਂਦੀ ਹੈ ਤਾਂ ਸਾਡੇ ਲੋਕਾਂ ਵੱਲੋਂ ਦਿੱਤੇ ਗਏ ਹਰ ਪ੍ਰਤੀਕਰਮ, ਜਿਹੜਾ ਆਮ ਕਰ ਕੇ ਗੁੱਝਾਂ ਹੋਣ ਦੀ ਬਜਾਏ ਸਿੱਧਾ ਵਾਰ ਕਰਨ ਵਾਂਗ ਹੁੰਦਾ ਹੈ, ਦੀ ਸਾਰੀ ਸਮਝ ਅਗਲਿਆਂ ਨੂੰ ਵੀ ਖੜੇ ਪੈਰ ਲੱਗ ਜਾਂਦੀ ਹੈ। ਇਸ ਨਾਲ ਪ੍ਰਤੀਕਰਮਾਂ ਦੇ ਵਟਾਂਦਰੇ ਦਾ ਸਿਲਸਿਲਾ ਚੱਲ ਪੈਂਦਾ ਹੈ।
ਸੰਸਾਰ ਕੂਟਨੀਤੀ ਵਿੱਚ ਇੱਕ ਸਮਾਂ ਉਹ ਵੀ ਸੀ, ਜਦੋਂ ਦੋ ਵੱਡੀਆਂ ਧਿਰਾਂ: ਅਮਰੀਕਾ ਦੀ ਅਗਵਾਈ ਹੇਠਲਾ ਨਾਟੋ ਬਲਾਕ ਤੇ ਰੂਸ ਦੀ ਅਗਵਾਈ ਵਾਲਾ ਕਮਿਊਨਿਸਟ ਧੜਾ ਹਰ ਗੱਲ ਵਿੱਚ ਆਹਮੋ ਸਾਹਮਣੇ ਹੋਣ ਨੂੰ ਤਿਆਰ ਹੁੰਦੇ ਸਨ। ਅੱਜ ਇਹੋ ਜਿਹੀ ਕੋਈ ਸਥਿਤੀ ਨਹੀਂ। ਉਸ ਦੁਵੱਲੀ ਖਿੱਚੋਤਾਣ ਦੀ ਸਥਿਤੀ ਵਿੱਚ ਜਦੋਂ ਇੱਕ ਵਾਰ ਗੁੱਟ ਨਿਰਪੱਖ ਦੇਸ਼ਾਂ ਦਾ ਧੜਾ ਉੱਭਰਿਆ ਤਾਂ ਭਾਰਤ ਉਸ ਦੇ ਮੋਹਰੀ ਤਿੰਨ ਦੇਸ਼ਾਂ ਵਿੱਚੋਂ ਇੱਕ ਸੀ ਤੇ ਉਸ ਦੌਰ ਵਿੱਚ ਇਸ ਦੀ ਇੱਜ਼ਤ ਸੰਸਾਰ ਦੇ ਦੇਸ਼ਾਂ ਵਿੱਚ ਏਨੀ ਵੱਡੀ ਸੀ ਕਿ ਵਿਸ਼ਵ-ਗੁਰੂ ਹੋਣ ਦਾ ਦਾਅਵਾ ਕੀਤੇ ਬਗੈਰ ਵੀ ਦੁਨੀਆ ਭਰ ਦੇ ਦੇਸ਼ ਲਗਭਗ ਹਰ ਗੱਲ ਵਿੱਚ ਇਸ ਦੀ ਰਾਏ ਆਉਣ ਬਾਰੇ ਉਡੀਕ ਕਰਦੇ ਹੁੰਦੇ ਸਨ। ਹਾਲਾਤ ਬਦਲ ਗਏ ਤਾਂ ਰੂਸ ਦੀ ਸਰਦਾਰੀ ਵਾਲਾ ਕਮਿਊਨਿਸਟ ਬਲਾਕ ਨਾ ਰਹਿ ਜਾਣ ਦੇ ਬਾਅਦ ਅਮਰੀਕਾ ਨੇ ਸੰਸਾਰ ਰਾਜਨੀਤੀ ਦੀ ਇਕਲੌਤੀ ਮਹਾਂ ਸ਼ਕਤੀ ਹੋਣ ਦਾ ਏਦਾਂ ਵਿਖਾਲਾ ਕਰਨ ਦਾ ਰਾਹ ਫੜਿਆ ਕਿ ਉਸ ਦੇ ਸਾਥੀ ਦੇਸ਼ ਵੀ ਉਸ ਦੀ ਵੱਡ-ਤਾਕਤੀ ਧੌਂਸ ਤੋਂ ਤ੍ਰਹਿਕਦੇ ਸਨ, ਪਰ ਉਹ ਉਸ ਅੱਗੇ ਸਿਰ ਚੁੱਕਣ ਜੋਗੇ ਨਹੀਂ ਸਨ ਰਹਿ ਗਏ। ਐਨ ਉਸ ਮੌਕੇ ਇੱਕ ਵਾਰ ਫਿਰ ਰੂਸ ਉੱਭਰਿਆ ਅਤੇ ਉਸ ਨੇ ਅਮਰੀਕਾ ਦੇ ਇਕਲੌਤੀ ਮਹਾਂ-ਸ਼ਕਤੀ ਦੇ ਭਰਮ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਹ ਅਸਲ ਵਿੱਚ ਭਾਰਤ ਲਈ ਢੁਕਵਾਂ ਮੌਕਾ ਸੀ ਕਿ ਉਹ ਇੱਕ ਵਾਰ ਫਿਰ ਦੋ ਵੱਡੀਆਂ ਧਿਰਾਂ ਦੇ ਮੁਕਾਬਲੇ ਤੀਸਰੇ ਗੁੱਟ-ਨਿਰਪੱਖਤਾ ਦੇ ਪੈਂਤੜੇ ਉੱਤੇ ਆ ਜਾਂਦਾ ਅਤੇ ਸੰਸਾਰ ਦੇ ਮੱਧ-ਮਾਰਗੀ ਦੇਸ਼ ਇਸ ਨਾਲ ਜੁੜ ਸਕਦੇ ਸਨ, ਪਰ ਭਾਰਤ ਖੁੰਝ ਗਿਆ।
ਪਹਿਲਾਂ ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਸਮੇਂ ਨੂੰ ਸਮਝਣ ਅਤੇ ਵਰਤਣ ਤੋਂ ਖੁੰਝ ਕੇ ਅਮਰੀਕਾ ਨਾਲ ਜੁੜਨ ਦੀ ਕਾਹਲੀ ਵਿਖਾਉਣ ਲੱਗ ਪਈ। ਇਹੋ ਸਮਾਂ ਸੀ, ਜਦੋਂ ਅਫਗਾਨਿਸਤਾਨ ਦੀ ਜੰਗ ਲੜਨ ਨੂੰ ਨਿਕਲ ਚੁੱਕੇ ਅਮਰੀਕਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਾਜਪਾਈ ਨੇ ਹਰ ਤਰ੍ਹਾਂ ਦੀ ਮਦਦ ਦੀ ਅਣਮੰਗੀ ਪੇਸ਼ਕਸ਼ ਕਰ ਕੇ ਕਿਹਾ ਸੀ ਕਿ ‘ਭਾਰਤ ਦਾ ਬੱਚਾ-ਬੱਚਾ ਤੁਹਾਡੇ ਨਾਲ’ ਹੈ। ਅੱਗੋਂ ਅਮਰੀਕੀਆਂ ਨੇ ਭਾਰਤ ਦੀ ਇਹ ਪੇਸ਼ਕਸ਼ ਠੁਕਰਾ ਕੇ ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣਾ ਪਿਛਲੱਗ ਬਣਾਇਆਤੇ ਉਸ ਦੇਸ਼ ਦੀਆਂ ਫੌਜੀ ਛਾਉਣੀਆਂ ਅਤੇ ਫੌਜੀ ਹਵਾਈ ਅੱਡੇ ਆਪਣੀ ਫੌਜ ਲਈ ਵਰਤਣ ਦਾ ਹੱਕ ਲੈ ਲਿਆ ਅਤੇ ਵਾਜਪਾਈ ਸਾਹਿਬ ਦੇ ਪੱਲੇ ਨਿਰਾਸ਼ਾ ਪਈ ਸੀ। ਦੂਸਰਾ ਮੌਕਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਦੂਸਰੇ ਨੂੰ ਇਹ ਕਹਿਣ ਵਿੱਚ ਵੀਮਨਮੋਹਨ ਸਿੰਘ ਨੇ ਢਿੱਲ ਨਹੀਂ ਸੀ ਕੀਤੀ ਕਿ ‘ਸਾਰੇ ਭਾਰਤ ਦੇ ਲੋਕ ਤੁਹਾਡਾ ਸਤਿਕਾਰ ਕਰਦੇ ਹਨ।’ ਭਾਰਤ ਨੇ ਐਟਮੀ ਸਮਝੌਤਾ ਕਰਨਾ ਸੀ, ਕਰ ਲਿਆ, ਹੋਰ ਅੱਗੇ ਵਧਣ ਅਤੇ ਅਮਰੀਕਾ ਮੂਹਰੇ ਲਿਫਦੇ ਜਾਣ ਦੀ ਲੋੜ ਨਹੀਂ ਸੀ, ਪਰ ਉਹ ਲਿਫਦੇ ਗਏ ਅਤੇ ਹੌਲੀ-ਹੌਲੀ ਅਮਰੀਕੀ ਦਬਾਅ ਹੇਠ ਦੋ ਵੱਡੀਆਂ ਸ਼ਕਤੀਆਂ ਅਮਰੀਕਾ ਅਤੇ ਰੂਸ ਵਿਚਾਲੇ ਸੰਤੁਲਨ ਬਣਾਉਣ ਦੀ ਬਜਾਏ ਅਮਰੀਕੀ ਪਾਸੇ ਵੱਲ ਝੁਕ ਗਏ। ਇਸ ਤਰ੍ਹਾਂ ਝੁਕਦੇ ਜਾਣ ਦਾ ਹੋਰ ਧਿਰਾਂ ਨੇ ਤਾਂ ਵਿਰੋਧ ਕਰਨਾਸੀ, ਆਪਣੇ ਜਨਮ ਤੋਂ ਇੰਗਲੈਂਡ ਤੇ ਅਮਰੀਕਾ ਵੱਲ ਨਰਮੀ ਰੱਖਦੇ ਰਹੇ ਆਰ ਐੱਸ ਐੱਸ ਵਾਲਿਆਂ ਨੇ ਵੀ ਇਹ ਕਹਿਣ ਵਿੱਚ ਵਕਤ ਨਹੀਂ ਸੀ ਗੁਆਇਆ ਕਿ ਸੰਬੰਧ ਜਿੱਦਾਂ ਦੇ ਵੀ ਸਰਕਾਰ ਰੱਖ ਲਵੇ, ਪਰ ਦੇਸ਼ ਦੇ ਸਵੈ-ਮਾਣ ਦਾ ਖਿਆਲ ਜ਼ਰੂਰ ਰੱਖ ਲੈਣਾ ਚਾਹੀਦਾ ਹੈ।ਉਸ ਮੌਕੇ ਵੀ ਭਾਰਤ ਵਕਤੋਂ ਖੁੰਝ ਗਿਆ ਸੀ।
ਨਰਿੰਦਰ ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਨੇ ਬੇਸ਼ੱਕ ਕੁਝ ਮੌਕਿਆਂ ਉੱਤੇ, ਜਿਵੇਂ ਯੂਕਰੇਨ ਦੀ ਜੰਗ ਦੇ ਸਵਾਲ ਉੱਤੇ ਅਮਰੀਕਾ ਨਾਲ ਖੁੱਲ੍ਹ ਕੇ ਖੜੋਣ ਤੋਂ ਝਿਜਕ ਵਿਖਾਈ ਅਤੇ ਫਾਸਲਾ ਰੱਖਿਆ ਹੈ, ਪਰ ਹਥਿਆਰ ਸੌਦਿਆਂ ਦੇ ਚੱਕਰ ਵਿੱਚ ਉਹ ਵੀ ਸੰਤੁਲਨ ਦਾ ਚੇਤਾ ਨਹੀਂ ਰੱਖ ਸਕੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂੰਅਲ ਮੈਕਰੋਂ ਦਾ ਭਾਰਤ ਨੂੰ ਨਾਟੋ ਦੇ ਬਹੁਤ ਨੇੜੇ ਦਾ ਦੇਸ਼ ਦੱਸਣ ਦਾ ਹੌਸਲਾ ਇਸ ਲਈ ਪੈ ਗਿਆ ਕਿ ਭਾਰਤ ਸਰਕਾਰ ਨੇ ਪਿਛਲੇ ਸਮੇਂ ਵਿੱਚ ਅਮਰੀਕਾ ਨਾਲ ਹੋਰ ਕਈ ਗੱਲਾਂ ਦੇ ਨਾਲ ਫੌਜੀ ਪੱਖੋਂ ਚੋਖਾ ਨੇੜ ਕਰ ਲਿਆ ਹੈ। ਦੋਵਾਂ ਧਿਰਾਂ ਨੇ ਆਪਸੀ ਸਮਝੌਤੇ ਕੁਝ ਏਦਾਂ ਦੇ ਕੀਤੇ ਹਨ ਕਿ ਕੁਝ ਲੋਕ ਪੰਜਾਹ ਕੁ ਸਾਲ ਪਹਿਲਾਂ ਭਾਰਤ ਤੇ ਕਮਿਊਨਿਸਟ ਰੂਸ ਦੀ ਸਰਕਾਰ ਵਿੱਚ ਹੋਏ ਸਮਝੌਤਿਆਂ ਨਾਲ ਬਰਾਬਰ ਤੋਲਣ ਜਾਂ ਉਸ ਤੋਂ ਵੱਧ ਵਜ਼ਨਦਾਰ ਦੱਸਣ ਲੱਗੇ ਹਨ। ਕੁਝ ਹੱਦ ਤੱਕ ਇਹ ਗੱਲ ਸੱਚੀ ਕਹੀ ਜਾ ਸਕਦੀ ਹੈ, ਪਰ ਭਾਰਤ ਲਈ ਉਹ ਮੋੜ ਅਜੇ ਨਹੀਂ ਆਇਆ, ਜਿੱਥੋਂ ਮੋੜਾ ਕੱਟਣ ਦੀ ਗੁੰਜਾਇਸ਼ ਨਾ ਰਹਿ ਜਾਵੇ।
ਤੀਸਰਾ ਪੱਖ ਇਹ ਹੈ ਕਿ ਭਾਰਤ ਵਿੱਚ ਲੋਕਤੰਤਰੀ ਰਿਵਾਇਤਾਂ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਰਾਜਸੀ ਲੋੜਾਂ ਵੇਖ ਕੇ ਸੰਭਾਲਣ ਜਾਂ ਅਣਗੌਲੇ ਕਰਨ ਦੀ ਚਰਚਾ ਸੰਸਾਰ ਭਰ ਵਿੱਚ ਛਿੜੀ ਪਈ ਹੈ। ਯੂਰਪੀ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਵਿੱਚ ਇਸ ਦੀ ਚਰਚਾ ਹੁੰਦੀ ਹੈ, ਯੂਰਪ ਦੇ ਕਈ ਦੇਸ਼ਾਂ ਦੇ ਚੁਣੇ ਅਦਾਰਿਆਂ ਵਿਚ ਭਾਰਤ ਅੰਦਰ ਬਣੇ ਹਾਲਾਤ, ਖਾਸ ਕਰ ਕੇ ਮਨੀਪੁਰ ਮੁੱਦੇ ਉੱਤੇ ਟਿਪਣੀਆਂ ਹੋਈ ਜਾਂਦੀਆਂ ਹਨ। ਅਸੀਂ ਮਨੀਪੁਰ ਜਾਂ ਇਹੋ ਜਿਹੇ ਕਿਸੇ ਹੋਰ ਰਾਜ ਦੇ ਹਾਲਾਤ ਦੀ ਨਮੋਸ਼ੀ ਤੋਂ ਗਵਾਂਢੀ ਪਾਕਿਸਤਾਨ ਅੰਦਰਲੇ ਹਾਲਾਤ ਤੇ ਅੱਤਵਾਦ ਬਾਰੇ ਚਰਚਾ ਕਰ ਕੇ ਖਹਿੜਾ ਨਹੀਂ ਛੁਡਾ ਸਕਦੇ। ਉਨ੍ਹਾਂ ਦੇਸ਼ਾਂ ਬਾਰੇ ਅਤੇ ਖਾਸ ਕਰ ਕੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਚਾਲਾਂ ਬਾਰੇ ਸੰਸਾਰ ਦੇ ਹਰ ਮੰਚ ਉੱਤੇ ਖੋਲ੍ਹ ਕੇ ਗੱਲ ਕਰਨੀ ਅਤੇ ਉਸ ਨੂੰ ਠਿੱਠ ਕਰਨਾ ਆਪਣੀ ਥਾਂ ਜਾਇਜ਼ ਹੈ ਤੇ ਇਸ ਕੰਮ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ, ਪਰ ਆਪਣੇ ਕਿਸੇ ਮਨੀਪੁਰ ਵਰਗੇ ਰਾਜ ਦੇ ਹਾਲਾਤ ਏਨੇ ਵਿਗੜ ਜਾਣ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਬਾਰੇ ਖਾਮੋਸ਼ੀ ਸੌ ਮੁੱਦਿਆਂ ਦਾ ਮੁੱਦਾ ਬਣੀ ਨਜ਼ਰ ਆਉਣ ਲੱਗ ਪਵੇ, ਇਸ ਨਾਲ ਭਾਰਤ ਦੀ ਦਿੱਖ ਵਿਗੜਦੀ ਹੈ। ਭਾਰਤ ਸਰਕਾਰ ਆਪਣੇ ਲੋਕਾਂ ਨੂੰ ਇਹ ਦੱਸ ਕੇ ਖੁਸ਼ ਹੋ ਸਕਦੀ ਹੈ ਕਿ ਅਮਰੀਕਾ ਅਤੇ ਹੋਰ ਐਨੇ ਦੇਸ਼ਾਂ ਨੇ ਮਨੀਪੁਰ ਦੇ ਹਾਲਾਤ ਸੰਭਾਲਣ ਲਈ ਭਾਰਤ ਸਰਕਾਰ ਦੀ ਭੂਮਿਕਾ ਉੱਤੇ ਤਸੱਲੀ ਪ੍ਰਗਟ ਕੀਤੀ ਹੈ, ਪਰ ਇਹਵੇਖਣਾ ਪਊਗਾ ਕਿ ਐਨੇ ਹੋਰਨਾਂ ਦੇਸ਼ਾਂ ਨੇ ਇਸ ਦੀ ਭੂਮਿਕਾ ਉੱਤੇ ਤਸੱਲੀ ਪ੍ਰਗਟ ਨਹੀਂ ਵੀ ਕੀਤੀ, ਸਗੋਂ ਕਈ ਦੇਸ਼ ਇਸ ਦੀ ਨੁਕਤਾਚੀਨੀ ਕਰਦੇ ਪਏ ਹਨ। ਜਦੋਂ ਭਾਰਤ ਸੰਸਾਰ ਦੇ ਦੇਸ਼ਾਂ ਨੂੰ ਵੇਖਦਾ ਹੈ ਤਾਂ ਸਾਰਾ ਸੰਸਾਰ ‘ਮੇਲਾ ਵੇਖਦੀਏ ਮੁਟਿਆਰੇ, ਮੇਲਾ ਤੈਨੂੰ ਵੇਖਦਾ’ ਦੇ ਗੀਤ ਦੀ ਤੱਕਣੀ ਨਾਲ ਉਸ ਦੇਸ਼ ਵੱਲ ਵੇਖਦਾ ਹੈ, ਜਿਹੜਾ ਸੰਸਾਰ ਮੂਹਰੇ ਅਗਲੇ ਸਮਿਆਂ ਵਿੱਚ ‘ਵਿਸ਼ਵ-ਗੁਰੂ’ ਦੇ ਰੂਪ ਵਿੱਚ ਇੱਕ ਨਵੀਂ ਭੂਮਿਕਾ ਦੇ ਸੁਫਨੇ ਲੈ ਰਿਹਾ ਹੈ। ਸੁਫਨੇ ਲੈਣੇ ਹਨ ਤਾਂ ਉਨ੍ਹਾਂ ਸੁਫਨਿਆਂ ਦੇ ਹਾਣ ਦਾ ਬਣਨਾ ਹੋਵੇਗਾ। ਦੇਸ਼ ਦੇ ਕਿਸੇ ਇੱਕ ਵੀ ਰਾਜ ਵਿੱਚ ਲੋਕ ਰੋਂਦੇ ਹੋਣ ਤਾਂ ਵਿਸ਼ਵ-ਗੁਰੂ ਬਣਨ ਦੇ ਸੁਫਨੇ ਮਜ਼ਾਕ ਬਣ ਕੇ ਰਹਿ ਜਾਣਗੇ ਅਤੇ ਉਹ ਮਜ਼ਾਕੀਆਵਕਤ ਸਿਰਫ ਇਸ ਦੇਸ਼ ਦੇ ਹਾਕਮਾਂ ਲਈ ਨਹੀਂ, ਸਾਰੇ ਦੇਸ਼ ਵਾਸੀਆਂ ਲਈ ਸੁਖਾਵਾਂ ਨਹੀਂ ਹੋਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ